Share on Facebook

Main News Page

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਅਨੰਦਪੁਰ ਸਾਹਿਬ ਵਿਚਲੇ ਚਾਰ ਕਿਲ੍ਹਿਆਂ ਦੀ ‘ਪੁਰਾਤਨਤਾ’ ਨੂੰ ਨਵੀਨੀਕਰਨ ਦੀ ਤਬਾਹੀ ਦੇਵੇਗੀ !
-: ਡਾ. ਅਮਰਜੀਤ ਸਿੰਘ

* ਕਸ਼ਮੀਰ ਸਬੰਧੀ ਪਾਕਿਸਤਾਨੀ ਫੌਜੀ ਮੁਖੀ ਦੇ ਸਧਾਰਨ ਬਿਆਨ ‘ਤੇ ਭਾਰਤੀ ਲੀਡਰਾਂ ਦੀ ਹਾਹਾਕਾਰ ਦੱਸਦੀ ਹੈ ਕਿ ‘ਹਿੰਦੂ ਮਾਨਸਿਕਤਾ’ ਦਾ ਮਤਲਬ ਕੀ ਹੈ!
* ਨਵਜੋਤ ਸਿੱਧੂ ਨੇ ਆਪਣੇ ਘਰ ਵਿੱਚ ਢਾਈ ਕਰੋੜ ਰੁਪਈਏ ਦਾ ‘ਸ਼ਿਵ ਲਿੰਗ’ ਸਥਾਪਤ ਕਰਕੇ ਦੱਸਿਆ, ਕਿ ਭਾਰਤ ਵਿੱਚ ਹਿੰਦੂਆਂ ਨੂੰ ਖੁਸ਼ ਕਰਨ ਲਈ ਘੱਟਗਿਣਤੀਆਂ ਨੂੰ ਕੀ ਕਰਨਾ ਚਾਹੀਦਾ ਹੈ!

ਵਾਸ਼ਿੰਗਟਨ, ਡੀ. ਸੀ. (7 ਮਈ, 2014) - ਬਹੁਤ ਵਾਰ ਜਦੋਂ ਅਸੀਂ ਆਪਣੀਆਂ ਲਿਖਤਾਂ, ਭਾਸ਼ਣਾਂ ਜਾਂ ਟੀ. ਵੀ., ਰੇਡੀਓ ਇੰਟਰਵਿਊਆਂ ਵਿੱਚ ਵਾਰ-ਵਾਰ ਇਹ ਕਹਿੰਦੇ ਹਾਂ ਕਿ ਹਿੰਦੂ ਮਾਨਸਿਕਤਾ ਵਿੱਚ 1000 ਸਾਲ ਦੀ ਗੁਲਾਮੀ ਵੜੀ ਹੋਈ ਹੈ ਅਤੇ ਉਹ ਪਾਕਿਸਤਾਨ, ਮੁਸਲਮਾਨਾਂ, ਸਿੱਖਾਂ, ਬੋਧੀਆਂ ਦੀ ‘ਅੱਡਰੀ ਹੋਂਦ’ ਨੂੰ ਕਿਸੇ ਵੀ ਕੀਮਤ ‘ਤੇ ਸਹਿਣ ਕਰਨ ਨੂੰ ਤਿਆਰ ਨਹੀਂ, ਤਾਂ ਸਾਨੂੰ ‘ਇੱਕ ਪਾਸੜ ਸੋਚ ਵਾਲੇ’ ਦੱਸਿਆ ਜਾਂਦਾ ਹੈ। ਬਹੁਤ ਵਾਰੀ ਹਿੰਦੂ ਵੀਰਾਂ ਨੂੰ ਕੁਝ ਕਰਨ ਦੀ ਲੋੜ ਨਹੀਂ ਪੈਂਦੀ, ਅਖੌਤੀ ‘ਅਗਾਂਹਵਧੂ’ (ਕਮਿਊਨਿਸਟ) ਅਤੇ ਨਵੇਂ-ਨਵੇਂ ਬ੍ਰਹਮ ਗਿਆਨੀ ਬਣੇ ਅਧਿਆਤਮਵਾਦੀ ਹੀ, ਹਿੰਦੂ ਰੱਖਿਅਕ ਬਣ ਕੇ ਸੀਨੇ ਮੂਹਰੇ ਤਾਣ ਦਿੰਦੇ ਹਨ। ਅਖੰਡ ਭਾਰਤ ਦੇ ਪ੍ਰਭਾਵ ਵਾਲੀ ਵਿਚਾਰਧਾਰਾ, ਭਾਰਤ ਤੇ ਪਾਕਿਸਤਾਨ ਨੂੰ ਦੋਹਾਂ ਜਰਮਨਾਂ ਜਾਂ ਦੋਹਾਂ ਵੀਅਤਨਾਮਾਂ ਵਾਂਗ ਇੱਕ ਜਰਮਨ, ਇੱਕ ਵੀਅਤਨਾਮ ਵਾਂਗ, ਇੱਕ ‘ਪੁਰਾਤਨ ਆਰੀਆਵਰਤ ਦੇਸ਼-ਭਾਰਤ’ ਦੇ ਰੂਪ ਵਿੱਚ ਵੇਖਣਾ ਚਾਹੁੰਦੀ ਹੈ। ਪਰ ਇਸ ‘ਅਖੰਡ ਭਾਰਤ’ ਦੀ ਵਿਚਾਰਧਾਰਾ ਵਾਲਿਆਂ ਵਿੱਚ ਪਾਕਿਸਤਾਨ ਪ੍ਰਤੀ ਕਿੰਨੀ ਨਫਰਤ ਭਰੀ ਹੋਈ ਹੈ, ਇਸ ਦੀ ਇੱਕ ਛੇਕੜਲੀ ਉਦਾਹਰਣ ਪਾਕਿਸਤਾਨ ਦੇ ਫੌਜੀ ਮੁਖੀ ਜਨਰਲ ਰਹੀਲ ਸ਼ਰੀਫ ਵਲੋਂ ਕਸ਼ਮੀਰ ਸਬੰਧੀ ਦਿੱਤੇ ਗਏ ਬਿਆਨ ‘ਤੇ, ਭਾਰਤੀ ਲੀਡਰਾਂ ਵਲੋਂ ਦਿੱਤੀ ਗਈ ਪ੍ਰਤੀਕਿਰਿਆ ‘ਚੋਂ ਸਾਹਮਣੇ ਆਉਂਦੀ ਹੈ।

ਜਨਰਲ ਸ਼ਰੀਫ ਨੇ ਇੱਕ ਬਿਆਨ ਵਿੱਚ ਕਿਹਾ ਸੀ, ‘ਕਸ਼ਮੀਰ, ਪਾਕਿਸਤਾਨ ਦੀ ਸ਼ਾਹ-ਰਗ ਹੈ। ਕਸ਼ਮੀਰ ਮਸਲੇ ਦਾ ਹੱਲ ਕਸ਼ਮੀਰੀ ਲੋਕਾਂ ਦੀਆਂ ਰਾਜਸੀ ਉਮੰਗਾਂ ਅਤੇ ਯੂਨਾਇਟਿਡ ਨੇਸ਼ਨਜ਼ ਸੁਰੱਖਿਆ ਕੌਂਸਲ ਦੇ ਮਤਿਆਂ ਦੀ ਰੌਸ਼ਨੀ ਵਿੱਚ ਹੋਣਾ ਚਾਹੀਦਾ ਹੈ। ਇਸ ਖਿੱਤੇ ਵਿੱਚ ਸਦੀਵੀ ਅਮਨ ਤੇ ਸ਼ਾਂਤੀ ਲਈ, ਕਸ਼ਮੀਰ ਮਸਲੇ ਦਾ ਹੱਲ ਲੱਭਣਾ ਬਹੁਤ ਜ਼ਰੂਰੀ ਹੈ।’

ਜਨਰਲ ਸ਼ਰੀਫ ਦਾ ਇਹ ਬਿਆਨ ਪਾਕਿਸਤਾਨ ਵਲੋਂ ਪਿਛਲੇ 65 ਸਾਲ ਤੋਂ ਲਏ ਗਏ ਸਟੈਂਡ ‘ਤੇ ਅਧਾਰਤ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਭਾਰਤ ਹੀ, ਕਸ਼ਮੀਰ ਦੇ ਮੁੱਦੇ ਨੂੰ ਯੂ. ਐਨ. ਸੁਰੱਖਿਆ ਕੌਂਸਲ ਵਿੱਚ ਲੈ ਕੇ ਗਿਆ ਸੀ। ਇਸ ਕੌਂਸਲ ਦੇ ਲਗਭਗ 17 ਮਤੇ, ਕਸ਼ਮੀਰੀ ਲੋਕਾਂ ਦੀ ਇੱਛਾ ਅਨੁਸਾਰ (ਰਾਏ-ਸ਼ੁਮਾਰੀ) ਇਸ ਮਸਲੇ ਦਾ ਹੱਲ ਕਰਨ ਦੀ ਤਰਜ਼ਮਾਨੀ ਕਰਦੇ ਹਨ। ਇਸ ਬਿਆਨ ਤੋਂ ਬਾਅਦ, ਭਾਰਤ ਦੇ ਵਿੱਤ ਮੰਤਰੀ ਪੀ. ਚਿਦੰਬਰਮ ਨੇ ਕਿਹਾ, ‘ਕਸ਼ਮੀਰ, ਭਾਰਤ ਦਾ ਇੱਕ ਅਨਿੱਖੜਵਾਂ ਅੰਗ ਹੈ ਅਤੇ ਰਹੇਗਾ।’

ਭਾਰਤ ਦੇ ਸੂਚਨਾ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਕਿਹਾ, ‘ਅਸਲੀ ਮੁੱਦਾ ਹੈ ਪਾਕਿਸਤਾਨੀ ਕਬਜ਼ੇ ਹੇਠਲੇ ਕਸ਼ਮੀਰ ਨੂੰ, ਪਾਕਿਸਤਾਨ ਤੋਂ ਮੁਕਤ ਕਰਵਾਉਣਾ।’ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਤਾਂ ਭਲਮਾਣਸੀ ਦੇ ਸਾਰੇ ਪੈਮਾਨਿਆਂ ਨੂੰ ਦਰ-ਕਿਨਾਰ ਕਰਦਿਆਂ ਰੱਜ ਕੇ ਜ਼ਹਿਰ ਉਗਲੀ। ਮੋਦੀ ਨੇ ਤਾਂ ਪਾਕਿਸਤਾਨ ਤੋਂ ਦਾਊਦ ਇਬਰਾਹੀਮ ਨੂੰ ਕੰਨੋਂ ਫੜ ਕੇ, ਭਾਰਤ ਲਿਆਉਣ ਦੀ ‘ਪ੍ਰਤਿੱਗਿਆ’ ਲਈ । ਵੇਖਣ ਵਾਲੀ ਗੱਲ ਇਹ ਹੈ ਕਿ ਇਸ ਹਿੰਦੂ-ਮਾਨਸਿਕਤਾ ਨਾਲ ਸਿੱਖਾਂ, ਮੁਸਲਮਾਨਾਂ, ਈਸਾਈਆਂ, ਬੌਧੀਆਂ, ਦਲਿਤਾਂ ਆਦਿ-ਵਾਸੀਆਂ ਨੇ ਕਿਵੇਂ ਨਿੱਬੜਨਾ ਹੈ? ਜੇ ਮੋਦੀ ਤਾਕਤ ਵਿੱਚ ਆਉਂਦਾ ਹੈ ਤਾਂ ਸਾਊਥ-ਏਸ਼ੀਆ ਵਿੱਚ ਹੀਰੋਸ਼ੀਮਾ-ਨਾਗਾਸਾਕੀ ਦੋਹਰਾਇਆ ਜਾਵੇਗਾ ਕਿ ਨਹੀਂ?

ਮੀਡੀਆ ਰਿਪੋਰਟਾਂ ਅਨੁਸਾਰ, ਅੰਮ੍ਰਿਤਸਰ ਤੋਂ ਬੀ. ਜੇ.ਪੀ. ਦੇ ਐਮ. ਪੀ. ਨਵਜੋਤ ਸਿੱਧੂ ਨੇ, ਅੰਮ੍ਰਿਤਸਰ ਵਿੱਚ ਆਪਣੇ ਗ੍ਰਹਿ-ਪ੍ਰਵੇਸ਼ ਦੌਰਾਨ, ਹਵਨ-ਯੱਗ ਕਰਵਾਇਆ। ਘਰ ਵਿੱਚ ਇੱਕ ਵਿਸ਼ੇਸ਼ ਥਾਂ ‘ਤੇ ਸ਼ਿਵਲਿੰਗ ਦੀ ਸਥਾਪਨਾ ਵੀ ਕੀਤੀ ਗਈ, ਜਿਸ ਦੀ ਕੀਮਤ ਢਾਈ ਕਰੋੜ ਰੁਪੱਈਏ ਦੇ ਲਗਭਗ ਹੈ ਅਤੇ ਇਸ ਨੂੰ ਵਿਸ਼ੇਸ਼ ਤੌਰ ‘ਤੇ ਸਿੰਘਾਪੁਰ ਤੋਂ ਬਣਵਾ ਕੇ ਲਿਆਂਦਾ ਗਿਆ ਹੈ। ਇਸ ਸ਼ਿਵਲਿੰਗ ਦੇ ਸਾਹਮਣੇ, ਦੋਵੇਂ ਪਤੀ-ਪਤਨੀ ਬੈਠੇ ਹਨ ਅਤੇ ਸਿਰ-ਨੰਗਿਆਂ ਦੇ ਇਕੱਠ ਵਿੱਚ, ਕੁਝ ਪੱਗਾਂ ਵਾਲੇ ਵੀ ਵੇਖੇ ਜਾ ਸਕਦੇ ਹਨ। ਨਵਜੋਤ ਸਿੱਧੂ ਵਲੋਂ ਆਪਣੇ ਆਪ ਨੂੰ ‘ਹਿੰਦੂ’ ਸਾਬਤ ਕਰਨ ਵਾਲੀ ਇਹ ਪਹਿਲੀ ਘਟਨਾ ਨਹੀਂ ਹੈ। ਅਸਲ ਵਿੱਚ, ਨਵਜੋਤ ਸਿੱਧੂ ਉਸ ‘ਜਾਅਲੀ ਸਿੱਖ’ ਦਾ ਮਾਡਲ ਹੈ, ਜਿਹੜਾ ਕਿ ਬੀ. ਜੇ. ਪੀ. ਦੀਆਂ ਹਿੰਦੂਤਵੀ ਐਨਕਾਂ ਵਿੱਚ, ਭਾਰਤੀ ਸਿੱਖਾਂ ਤੇ ਮੁਸਲਮਾਨਾਂ ਦੀ ‘ਆਸਥਾ’ ਦਾ ਪ੍ਰਵਾਣਿਤ ‘ਪ੍ਰਤੀਕ ਮਾਡਲ’ ਹੈ। ਇਸ ਤੋਂ ਬਿਨ੍ਹਾਂ ਸਭ ‘ਦੇਸ਼-ਧ੍ਰੋਹੀ’ ਹਨ ਅਤੇ ਹਿਟਲਰ ਦੇ ‘ਅਖੀਰਲੇ ਹੱਲ’ (ਫਾਈਨਲ ਸੋਲਿਊਸ਼ਨ) ਰਾਹੀਂ ਮਾਰੇ ਜਾਣ ਦੇ ਅਧਿਕਾਰੀ ਹਨ। ਬਾਦਲ ਟੱਬਰ ਵੀ ਇਸ ‘ਜਾਅਲੀ ਸਿੱਖ ਮਾਡਲ’ ਟੈਸਟ ਨੂੰ ਪਾਸ ਕਰ ਚੁੱਕਾ ਹੈ, ਇਸ ਲਈ ਹਿੰਦੂਤਵੀਆਂ ਦਾ ਡਾਰਲਿੰਗ ਹੈ

ਮੀਡੀਆ ਰਿਪੋਰਟਾਂ ਅਨੁਸਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ, ਦਸਵੇਂ ਪਾਤਸ਼ਾਹ ਵਲੋਂ ਸ੍ਰੀ ਅਨੰਦਪੁਰ ਸਾਹਿਬ ਦੀ ਰਾਖੀ ਲਈ ਬਣਵਾਏ ਗਏ 4 ਕਿਲ੍ਹਿਆਂ- ਫਤਹਿਗੜ੍ਹ ਸਾਹਿਬ, ਹੋਲਗੜ੍ਹ ਸਾਹਿਬ, ਲੋਹਗੜ੍ਹ ਸਾਹਿਬ ਅਤੇ ਤਾਰਾਗੜ੍ਹ ਸਾਹਿਬ ਦੇ ‘ਨਵੀਨੀਕਰਨ’ (ਭਾਵ ਪੁਰਾਤਨਤਾ ਤਬਾਹ ਕਰਨ) ਦੀ ਕਾਰ-ਸੇਵਾ ਕ੍ਰਮਵਾਰ ਬਾਬਾ ਬਚਨ ਸਿੰਘ ਦਿੱਲੀ ਵਾਲੇ, ਬਾਬਾ ਅਮਰੀਕ ਸਿੰਘ ਪਟਿਆਲੇ ਵਾਲੇ, ਬਾਬਾ ਜੋਗਿੰਦਰ ਸਿੰਘ ਡੁਮੇਲੀ ਵਾਲੇ ਅਤੇ ਬਾਬਾ ਦਿਲਬਾਗ ਸਿੰਘ ਅਨੰਦਪੁਰ ਸਾਹਿਬ ਵਾਲਿਆਂ ਨੂੰ ਦਿੱਤੀ ਹੈ।

ਇਸ ਕਾਰ ਸੇਵਾ ਨੂੰ ‘ਪੁਰਾਤਨ ਕਿਲ੍ਹਿਆਂ ਦੇ ਨਵੀਨੀਕਰਨ’ ਦਾ ਨਾਂ ਦਿੱਤਾ ਗਿਆ ਹੈ। ਯਾਦ ਰਹੇ, ਸ਼੍ਰੋਮਣੀ ਕਮੇਟੀ ਨੇ ਪਿਛਲੇ ਕਈ ਦਹਾਕਿਆਂ ਦੀ ਆਪਣੀ ਕਾਰਗੁਜ਼ਾਰੀ ਵਿੱਚ ਬਹੁਤ ਸਾਰੇ ਇਤਿਹਾਸਕ ਗੁਰਦੁਆਰਿਆਂ ਦੀਆਂ ਮੂਲ-ਇਮਾਰਤਾਂ, ਇਤਿਹਾਸਕ ਸਥਾਨਾਂ, ਇਤਿਹਾਸਕ ਵਸਤੂਆਂ ਨੂੰ ਮੂਲੋਂ ਹੀ ਮਿਟਾ ਕੇ ਰੱਖ ਦਿੱਤਾ ਹੈ। ਸਿੱਖਾਂ ਦੇ ਅਰਬਾਂ ਰੁਪਈਆਂ ਦੀ ਭੇਟਾ ਨਾਲ ਸ਼੍ਰੋਮਣੀ ਕਮੇਟੀ ਦੇ ਠੇਕੇਦਾਰਾਂ (ਅਖੌਤੀ ਕਾਰ-ਸੇਵਾ ਵਾਲੇ ਬਾਬਿਆਂ) ਨੇ, ਇਤਿਹਾਸਕਤਾ ਤਬਾਹ ਕਰਕੇ ਉਥੇ ਵੱਡੇ-ਵੱਡੇ ਸੰਗਮਰਮਰ ਦੇ ਢਾਂਚੇ ਖ਼ੜ੍ਹੇ ਕਰ ਦਿੱਤੇ ਹਨ। ਵਰਤਮਾਨ ਤੇ ਭਵਿੱਖ ਦੀਆਂ ਪੀੜ੍ਹੀਆਂ, ਇਨ੍ਹਾਂ ‘ਸੰਗਮਰਮਰੀ ਢਾਂਚਿਆਂ’ ‘ਚੋਂ ਗੁਰੂ ਕਾਲ ਦੀ ਆਤਮਿਕ -ਇਤਿਹਾਸਕ ਸੰਵੇਦਨਾ ਨੂੰ ਮਹਿਸੂਸ ਕਰਨ ਤੋਂ ਪੂਰੀ ਤਰ੍ਹਾਂ ਅਸਮਰੱਥ ਹੋਣਗੀਆਂ। ਕਈ ਹਲਕਿਆਂ ਵਲੋਂ, ਇਨ੍ਹਾਂ ਇਤਿਹਾਸਕ ਇਮਾਰਤਾਂ ਦੇ ਇਤਿਹਾਸ ‘ਤੇ ਹੀ ਸਵਾਲੀਆ-ਚਿੰਨ੍ਹ ਲਗਾਇਆ ਜਾਵੇਗਾ। ਇੱਕ ਸਿੱਖ ਸਕਾਲਰ ਨੇ ਸਿੱਖਾਂ ਦੇ ਬੌਧਿਕ-ਦੀਵਾਲੀਏਪਣ ਨੂੰ ਬਿਆਨਦਿਆਂ ਲਿਖਿਆ ਸੀ – ‘ਦੁਨੀਆ ਦੀਆਂ ਸੱਭਿਅਕ ਤੇ ਜਾਗਰੂਕ ਕੌਮਾਂ, ਕਰੋੜਾਂ ਡਾਲਰ ਖਰਚ ਕੇ ਆਪਣੇ ਇਤਿਹਾਸ ਤੇ ਵਿਰਸੇ ਨੂੰ ਸੰਭਾਲਣ (ਪਰੀਜ਼ਰਵ ਕਰਨ) ਦੇ ਆਹਰ ਵਿੱਚ ਲੱਗੀਆਂ ਹੋਈਆਂ ਹਨ। ਪਰ ਵਾਰੇ-ਵਾਰੇ ਜਾਈਏ ਸਿੱਖ ਕੌਮ ਦੇ, ਜਿਹੜੀ ਕਰੋੜਾਂ ਡਾਲਰ, ਆਪਣੇ ਇਤਿਹਾਸ ਤੇ ਵਿਰਸੇ ਨੂੰ ਤਬਾਹ ਕਰਨ ਲਈ, ਇਨ੍ਹਾਂ ਕਾਰ-ਸੇਵਾ ਵਾਲੇ ਬਾਬਿਆਂ ਦੇ ਹਵਾਲੇ ਕਰ ਰਹੀ ਹੈ। ਜੇ ਇਹ ਸਿਲਸਿਲਾ ਕੁਝ ਹੋਰ ਵਰ੍ਹੇ ਇਵੇਂ ਹੀ ਜਾਰੀ ਰਿਹਾ ਤਾਂ, ਸਿੱਖਾਂ ਦੇ ਗੁਰਦੁਆਰਿਆਂ ਵਿੱਚ ਗੁਰੂਆਂ ਦੇ ਸੰਗਮਰਮਰੀ ਬੁੱਤ ਤਾਂ ਲੱਗ ਜਾਣਗੇ, ਪਰ ਸਿੱਖ ਇਤਿਹਾਸ ਦੀ ਕੋਈ ਨਿਸ਼ਾਨੀ ਬਾਕੀ ਨਹੀਂ ਬਚੇਗੀ।’

ਸਾਨੂੰ ਲੱਗਦਾ ਹੈ, ਸ਼੍ਰੋਮਣੀ ਕਮੇਟੀ (ਆਰ. ਐਸ. ਐਸ. ਦੀ ਸਲਾਹ ‘ਤੇ) ਜਾਗਰੂਕ ਸਿੱਖਾਂ ਤੋਂ 100 ਕਦਮ ਅੱਗੇ ਹੋ ਕੇ ਵਿਚਰਦੀ ਹੈ। ਸਿੱਖ ਜਗਤ ਵਿੱਚ, ਸ੍ਰੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓਢੀ ਦੇ ਮੂਲ-ਦਰਵਾਜ਼ਿਆਂ (ਜਿਨ੍ਹਾਂ ਨੂੰ ਸੋਮਨਾਥ ਮੰਦਰ ਦੇ ਦਰਵਾਜ਼ੇ ਮੰਨਿਆ ਜਾਂਦਾ ਹੈ, ਜਿਹੜਾ ਕਿ ਮਹਿਮੂਦ ਗਜ਼ਨਵੀ ਲੁੱਟ ਕੇ ਗਜ਼ਨੀ ਲੈ ਗਿਆ ਸੀ ਅਤੇ 18ਵੀਂ ਤੇ 19ਵੀਂ ਸਦੀ ਦੇ ਸਿੱਖ ਯੋਧਿਆਂ ਨੇ ਵਾਪਸ ਲਿਆਂਦੇ ਸਨ) ਨੂੰ ਮੁੜ ਸਥਾਪਤ ਕਰਵਾਉਣ ਦੀ ਲਹਿਰ ਜ਼ੋਰ ਫੜ ਰਹੀ ਹੈ ਅਤੇ ਇਨ੍ਹਾਂ ਨੇ ਅਨੰਦਪੁਰ ਸਾਹਿਬ ਦੇ ਚਾਰ ਕਿਲ੍ਹਿਆਂ ਦੀ ਪੁਰਾਤਨਤਾ ਦਾ ‘ਭੋਗ ਪਾਉਣ’ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਯਾਦ ਰਹੇ, ਇੱਕ ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਜਦੋਂਕਿ ਦਰਸ਼ਨੀ -ਡਿਉਢੀ ਦੇ ਇਨ੍ਹਾਂ ਦਰਵਾਜ਼ਿਆਂ ਨੂੰ ਲਾਹ ਕੇ, ਕਿਸੇ ਭੂਰੀ ਵਾਲੇ ਸਾਧ ਦੇ ਹਵਾਲੇ ਕੀਤਾ ਗਿਆ ਸੀ। ਉਦੋਂ ਜਥੇਦਾਰ ਅਕਾਲ ਤਖਤ ਸਾਹਿਬ ਵਲੋਂ ਇਹ ਕਿਹਾ ਗਿਆ ਸੀ ਕਿ ਦੋ ਮਹੀਨੇ ਦੇ ਵਿੱਚ-ਵਿੱਚ ਇਨ੍ਹਾਂ ਦੀ ‘ਮੁਰੰਮਤ’ ਕਰਕੇ, ਇਨ੍ਹਾਂ ਨੂੰ ਮੁੜ ਸਥਾਪਤ ਕੀਤਾ ਜਾਵੇਗਾ। ਪਰ ਇੱਕ ਸਾਲ ਤੋਂ ਜ਼ਿਆਦਾ ਸਮਾਂ ਬੀਤ ਗਿਆ ਹੈ ਅਤੇ ਇਨ੍ਹਾਂ ਦਰਵਾਜ਼ਿਆਂ ਦੀ ਕੋਈ ਉੱਘ-ਸੁੱਘ ਨਹੀਂ ਹੈ। ਜਥੇਦਾਰ ਅਕਾਲ ਤਖਤ ਜਾਂ ਪ੍ਰਧਾਨ ਸ਼੍ਰੋਮਣੀ ਕਮੇਟੀ ਵਲੋਂ ਇਸ ਸਬੰਧੀ ਕੋਈ ਵੀ ਸਪੱਸ਼ਟ ਜਵਾਬ ਨਹੀਂ ਦਿੱਤਾ ਜਾਂਦਾ।

ਅਸੀਂ ਸਮਝਦੇ ਹਾਂ ਕਿ ਪੰਥ ਨੂੰ ਪਿਆਰ ਕਰਨ ਵਾਲੇ ਜਾਗਰੂਕ ਸਿੱਖਾਂ ਵਲੋਂ, ਅਨੰਦਪੁਰ ਸਾਹਿਬ ਦੇ ਇਤਿਹਾਸਕ ਕਿਲ੍ਹਿਆਂ ਦੀ ਹੋਣ ਜਾ ਰਹੀ ਤਬਾਹੀ ਨੂੰ ਰੋਕਣ ਲਈ ਕੋਈ ਕਾਰਗਰ -ਚਾਰਾਜੋਈ ਕਰਨੀ ਚਾਹੀਦੀ ਹੈ। ਬਿਕ੍ਰਮ ਮਜੀਠੀਏ ਦੇ ‘ਜੇਤਲੀ ਪ੍ਰਸੰਨਤਾ ਮੰਤਰ’ ਦੀ ਖ਼ਬਰ ਦੀ ਅਜੇ ਸਿਆਹੀ ਵੀ ਨਹੀਂ ਸੁੱਕੀ ਕਿ ਇਹ ਇਤਿਹਾਸਕ ਤਬਾਹੀ ਦੀ ਖਬਰ ਵੇਖਣ ਨੂੰ ਮਿਲੀ ਹੈ। 30 ਮਿਲੀਅਨ ਸਿੱਖ ਕੌਮ ਕਦੋਂ ਤੱਕ ਮੂਕ ਦਰਸ਼ਕ ਬਣ ਕੇ ਆਪਣੇ ਧਰਮ, ਗੁਰਬਾਣੀ, ਇਤਿਹਾਸ, ਵਿਰਾਸਤੀ ਵਸਤੂਆਂ ਦੀ ਹੁੰਦੀ ਤਬਾਹੀ ਨੂੰ ਵੇਖਦੀ ਰਹੇਗੀ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰੁਮਤ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top