Share on Facebook

Main News Page

ਬਿਕਰਮ ਸਿੰਘ ਮਜੀਠੀਆ ਨੇ ਧਾੜਵੀ ਬਣ ਕੇ ਦੋ ਤਖਤਾਂ ‘ਤੇ ਕੀਤੀ ਸੇਵਾ !!!

ਅੰਮ੍ਰਿਤਸਰ 7 ਮਈ (ਜਸਬੀਰ ਸਿੰਘ ਪੱਟੀ) ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਸਕੱਤਰ ਹਰਬੀਰ ਸਿੰਘ ਸੰਧੂ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਨੇ ‘ਦੇਹ ਸ਼ਿਵਾ ਬਰਮੋਹੇ ਇਹੈ’ ਦੀ ਤੁਕ ਨੂੰ ਵਿਗਾੜ ਕੇ ਭਾਜਪਾ ਦੇ ਆਗੂ ਅਰੁਨ ਜੇਤਲੀ ਦੇ ਨਾਮ ਨਾਲ ਜੋੜ ਕੇ ਜਿਹੜੀ ਨਾ ਮੁਆਫੀਯੋਗ ਗਲਤੀ ਕੀਤੀ ਹੈ, ਉਸ ਗਲਤੀ ਦੀ ਸ੍ਰੀ ਅਕਾਲ ਤਖਤ ਸਾਹਿਬ ਤੋ ਲੱਗੀ ਤਨਖਾਹ (ਧਾਰਮਿਕ ਸਜਾ) ਨੂੰ ਪੂਰਾ ਕਰਨ ਲਈ ਬੀਤੇ ਕਲ੍ਹ ਬਿਕਰਮ ਮਜੀਠੀਆ ਨੇ ਇੱਕੋ ਦਿਨ ਦੋ ਤਖਤਾਂ ‘ਤੇ ਧਾੜਵੀਆਂ ਦੀ ਤਰ੍ਹਾਂ ਜਾ ਕੇ ਸੇਵਾ ਕਰਨ ਦਾ ਜਿਹੜਾ ਪਾਖੰਡ ਰਚਿਆ ਹੈ, ਉਹ ਵੀ ਕਾਫੀ ਨਿੰਦਣਯੋਗ ਹੈ ਅਤੇ ਸਿੱਖ ਪੰਥ ਦੀਆ ਪਰੰਪਰਾ ਤੇ ਸਿਧਾਤਾਂ ਦੇ ਬਿਲਕੁਲ ਉਲਟ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸ੍ਰ. ਸੰਧੂ ਨੇ ਕਿਹਾ ਕਿ ਬਿਕਰਮ ਸਿੰਘ ਨੂੰ ਆਪਣੀ ਕੀਤੀ ਗਲਤੀ ਦਾ ਕੋਈ ਪਛਤਾਵਾ ਨਹੀਂ ਹੈ ਅਤੇ ਉਹ ਅੱਜ ਵੀ ਸੇਵਾ ਕਰਨ ਵੇਲੇ ਵੀ ਹੈਂਕੜ ਦਿਖਾ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਬਿਕਰਮ ਸਿੰਘ ਮਜੀਠੀਏ ਨੂੰ ਤਨਖਾਹ ਲਗਾਈ ਗਈ ਸੀ ਤਾਂ ਉਸ ਸਮੇਂ ਜਥੇਦਾਰ ਨੇ ਚਾਰ ਤਖਤਾਂ ਤੇ ਇੱਕ ਇੱਕ ਦਿਨ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਤਿੰਨ ਦਿਨ ਸੇਵਾ ਕਰਨ ਦੀ ਤਨਖਾਹ ਲਗਾਈ ਸੀ, ਪਰ ਬਿਕਰਮ ਸਿੰਘ ਮਜੀਠੀਆ ਨੇ ਇੱਕੋ ਦਿਨ ਦੋ ਤਖਤਾਂ 'ਤੇ ਤਨਖਾਹ ਦਾ ਫਸਤਾ ਵੱਢਦਿਆਂ ਇਸ ਨੂੰ ਨਿਮਾਣੇ ਸਿੱਖ ਵਾਂਗ ਨਹੀਂ, ਧਾੜਵੀਆਂ ਦੀਆਂ ਹਮਲਾਵਰ ਹੋ ਕੇ ਖਤਮ ਕਰਨ ਦੀ ਪ੍ਰੀਕਿਰਿਆ ਅਪਨਾਈ ਹੈ।

ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਤਨਖਾਹੀਏ ਤਨਖਾਹ ਭੁਗਤਣ ਵੇਲੇ ਨੰਗੇ ਪੈਰੀ ਜਾਂਦੇ ਸਨ, ਪਰ ਬਿਕਰਮ ਸਿੰਘ ਮਜੀਠੀਆ ਦਾ ਜਹਾਜ ਤਾਂ ਤਖਤ ਸਾਹਿਬ ਦੇ ਕੋਲ ਹੀ ਉਤਰਿਆ, ਜੋ ਧਾੜਵੀ ਹੋਣ ਦਾ ਪੈਗਾਮ ਦਿੰਦਾ ਹੈ। ਉਹਨਾਂ ਕਿਹਾ ਕਿ ਬਿਕਰਮ ਮਜੀਠੀਏ ਦੀਆ ਅਖਬਾਰਾਂ ਵਿੱਚ ਛੱਪੀਆਂ ਫੋਟੋਆਂ ਤੋਂ ਇੰਜ ਲੱਗ ਰਿਹਾ ਹੈ, ਜਿਵੇਂ ਕਲਯੁਗੀ ਮਲਕ ਭਾਗੋ ਸੇਵਾ ਕਰਨ ਦਾ ਪਾਖੰਡ ਰਚ ਰਿਹਾ ਹੋਵੇ। ਉਹਨਾਂ ਕਿਹਾ ਕਿ ਸੇਵਾ ਨਿਮਰਤਾ ਨਾਲ ਹੁੰਦੀ ਹੈ, ਪਰ ਇਹ ਧਾੜਵੀ ਬਣ ਕੇ ਕਰ ਰਿਹਾ ਹੈ ਅਤੇ ਇਸ ਦੀ ਫੌਜ ਜੂਠੇ ਬਰਤਨ ਸਾਫ ਕਰਕੇ, ਇਸ ਦੇ ਅੱਗੇ ਕਰੀ ਜਾ ਰਹੀ ਹੈ, ਤੇ ਇਹ ਉਹਨਾਂ ਵੱਲ ਵੇਖ ਮੁਸਕਰਾਉਂਦਾ ਵਿਖਾਈ ਦੇ ਰਿਹਾ ਹੈ, ਜਦ ਕਿ ਸੇਵਾ ਗੁਰਬਾਣੀ ਦਾ ਸਿਮਰਨ ਕਰਦਿਆਂ ਕੀਤੀ ਜਾਂਦੀ ਹੈ। ਉਹਨਾਂ ਕਿਹਾ ਕਿ ਮਜੀਠੀਆ ਨੇ ਵਧੇਰੇ ਕਰਕੇ ਸਮਾਂ ਤਖਤ ਸਾਹਿਬ ਦੇ ਦਫਤਰ ਵਿੱਚ ਹੀ ਗੁਜ਼ਾਰਿਆ, ਸੇਵਾ ਤਾਂ ਸਿਰਫ ਇੱਕ ਤਸਵੀਰ ਲੁਹਾਉਣ ਤੱਕ ਹੀ ਸੀਮਤ ਸੀ।

ਉਹਨਾਂ ਕਿਹਾ ਕਿ ਰਹਿਤਨਾਮੇ ਵਿੱਚ ਲਿਖਿਆ ਹੈ ਕਿ ਕਿਸੇ ਵੀ ਤਨਖਾਹੀਏ ਦੀ ਉਨਾ ਚਿਰ ਤੱਕ ਕੋਈ ਵੀ ਅਰਦਾਸ ਨਹੀਂ ਹੋ ਸਕਦੀ, ਜਿੰਨਾਂ ਚਿਰ ਤੱਕ ਉਹ ਲੱਗੀ ਤਨਖਾਹ ਦੀ ਸੇਵਾ ਪੂਰੀ ਕਰਕੇ, ਸ੍ਰੀ ਅਕਾਲ ਤਖਤ ਸਾਹਿਬ ਤੋਂ ਖਿਮਾਂ ਯਾਚਨਾ ਦੀ ਅਰਦਾਸ ਨਹੀਂ ਹੋ ਜਾਂਦੀ, ਪਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਨੇ ਇੱਕ ਤਨਖਾਹੀਏ ਬਿਕਰਮ ਸਿੰਘ ਦੀ ਅਰਦਾਸ ਕਰਕੇ ਨਿਯਮਾਂ ਤੇ ਪਰੰਪਰਾ ਦੀ ਉਲੰਘਣਾ ਕੀਤੀ ਹੈ, ਜਿਸ ਦਾ ਵੀ ਸਿੱਖ ਸੰਗਤਾਂ ਵੱਲੋ ਗੰਭੀਰ ਨੋਟਿਸ ਲਿਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਤਨਖਾਹੀਏ ਬਿਕਰਮ ਸਿੰਘ ਮਜੀਠੀਏ ਦੀ ਗਿਆਨੀ ਮੱਲ ਸਿੰਘ ਨੇ ਅਰਦਾਸ ਕਰਕੇ ਨਵੀ ਪਿਰਤ ਹੀ ਨਹੀਂ ਪਾਈ, ਸਗੋਂ ਬਿਕਰਮ ਨੂੰ ਹੋਰ ਗਲਤੀਆਂ ਕਰਨ ਦੀ ਸ਼ਹਿ ਵੀ ਦਿੱਤੀ ਹੈ। ਉਹਨਾਂ ਕਿਹਾ ਕਿ ਜਿਸ ਦਿਨ ਬਿਕਰਮ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋ ਤਨਖਾਹ ਲਗਾਈ ਗਈ ਸੀ ਉਸ ਦਿਨ ਵੀ ਗਿਆਨੀ ਮੱਲ ਸਿੰਘ ਨੇ ਇੱਕ ਤਨਖਾਹੀਏ ਨੂੰ ਸਰਦਾਰ ਬਿਕਰਮ ਸਿੰਘ ਮਜੀਠੀਆ ਕਹਿ ਕੇ ਸੰਬੋਧਨ ਕੀਤਾ ਸੀ, ਜੋ ਰਹਿਤਨਾਮੇ ਅਨੁਸਾਰ ਗਲਤ ਹੈ। ਉਹਨਾਂ ਕਿਹਾ ਕਿ ਸਿੱਖ ਸੰਗਤਾਂ ਦੇ ਘੇਰੇ ਵਿੱਚ ਧਾੜਵੀ ਬਿਕਰਮ ਸਿੰਘ ਮਜੀਠੀਏ ਦੇ ਨਾਲ ਨਾਲ ਗਿਆਨੀ ਮੱਲ ਸਿੰਘ ਵੀ ਮਰਿਆਦਾ ਦੇ ਘੇਰੇ ਵਿੱਚ ਆ ਗਏ ਹਨ। ਉਹਨਾਂ ਕਿਹਾ ਕਿ ਬਿਕਰਮ ਸਿੰਘ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ, ਕਿ ਉਸ ਦਾ ਪੰਥ ਵਿਰੋਧੀ ਕਿਰਦਾਰ ਸਮਾਂ ਆਉਣ 'ਤੇ ਇਤਿਹਾਸ ਦੀਆਂ ਗਹਿਰਾਈਆਂ ਵਿੱਚ ਗਵਾਚ ਜਾਵੇਗਾ ਅਤੇ ਉਹਨਾਂ ਨੂੰ ਸੰਗਤਾਂ ਕਦੇ ਵੀ ਮੁਆਫ ਨਹੀਂ ਕਰਨਗੀਆਂ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰੁਮਤ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top