Share on Facebook

Main News Page

ਕਰਤਾਰਪੁਰੀ ਬੀੜ ਦਾ ਸੱਚ
-: ਡਾ. ਇਕਬਾਲ ਸਿੰਘ ਢਿੱਲੋਂ, ਚੰਡੀਗੜ੍ਹ 17 July 2011


ਪਾਠਕਾਂ ਦੀ ਵੀਚਾਰ ਗੋਚਰ ਲਈ ਇਹ ਲੇਖ ਪਾਇਆ ਗਿਆ, ਖ਼ਾਲਸਾ ਨਿਊਜ਼ ਇਸ ਲੇਖ ਨਾਲ ਸਹਿਮਤ ਨਹੀਂ
ਲੇਖ ਪਾਉਣ ਦਾ ਮਕਸਦ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਹੋ ਰਹੇ ਹਮਲਿਆਂ ਬਾਰੇ ਸਿੱਖਾਂ ਨੂੰ ਸੁਚੇਤ ਕਰਨਾ ਹੈ। - ਸੰਪਾਦਕ ਖ਼ਾਲਸਾ ਨਿਊਜ਼


ਸਿੱਖਾਂ ਦੀ ਇੱਕੋ-ਇਕ ਧਾਰਮਿਕ ਪੁਸਤਕ (Scripture) ਸ੍ਰੀ ਗ੍ਰੰਥ ਜੀ ਹ, ਜਿਸ ਵਿੱਚ ਦਰਜ ਰਚਨਾਂ ਸਿੱਖ ਕੌਮ ਲਈ ਦਸਵੇਂ ਗੁਰੂ ਸਾਹਿਬ ਤੋਂ ਅਗਲੇ ਸਮੇਂ ਵਿੱਚ ਅਗਵਾਈ ਦਾ ਇੱਕੋ-ਇਕ ਸਰੋਤ ਹੈ। ਸ੍ਰੀ ਗ੍ਰੰਥ ਜੀ ਵਿੱਚ ਸ਼ਾਮਲ ਛੇ ਗੁਰੂ ਸਾਹਿਬਾਨ ਅਤੇ ਇਕੱਤੀ ਹੋਰ ਸੰਤਾਂ-ਭਗਤਾਂ ਦੀ ਸਮੁੱਚੀ ਰਚਨਾਂ ਨੂੰ ਗੁਰਬਾਣੀ ਦਾ ਦਰਜਾ ਪ੍ਰਾਪਤ ਹੈ। ਜਿੱਥੇ ਇੱਕ ਪਾਸੇ ਸਿੱਖ ਕੌਮ ਲੰਬੇ ਸਮੇਂ ਤੋਂ ਸ੍ਰੀ ਗ੍ਰੰਥ ਜੀ ਦੀਆਂ ਮੌਲਿਕ ਬੀੜਾਂ ਦੀ ਗੈਰਮੌਜੂਦਗੀ ਦਾ ਸੰਤਾਪ ਝਲਦੀ ਆ ਰਹੀ ਹੈ, ਉਥੇ ਉਪਲਭਦ ਬੀੜਾਂ ਵਿੱਚ ਦਰਜ ਰਚਨਾਵਾਂ ਦੀ ਤਰਤੀਬ ਅਤੇ ਇਹਨਾਂ ਰਚਨਾਵਾਂ ਵਿਚੋਂ ਕੁੱਝ ਕੁ ਦੀ ਪ੍ਰਮਾਣਿਕਤਾ ਬਾਰੇ ਸ਼ੰਕੇ ਸਿੱਖ ਭਾਈਚਾਰੇ ਲਈ ਗੰਭੀਰ ਮਸਲੇ ਬਣੇ ਹੋਏ ਹਨ। ‘ਕਰਤਾਰਪੁਰੀਦੇ ਨਾਮ ਨਾਲ ਜਾਣੀ ਜਾਂਦੀ ਬੀੜ ਇੱਕ ਅਜਿਹੀ ਬੀੜ ਹੈ ਜੋ ਪਿਛਲੇ ਸਾਢੇ ਤਿੰਨ ਸੌ ਸਾਲਾਂ ਤੋਂ ਅਜਿਹੇ ਮਸਲਿਆਂ ਦਾ ਅਧਾਰ ਬਣੀ ਆ ਰਹੀ ਹੈ

ਕਰਤਾਰਪੁਰੀ ਬੀੜ ਉਹ ਬੀੜ ਹੈ, ਜਿਸ ਬਾਰੇ ਕਰਤਾਰਪੁਰ (ਜਲੰਧਰ ਨੇੜੇ) ਦਾ ਸੋਢੀ ਪਰਿਵਾਰ (ਸੱਤਵੇਂ ਗੁਰੂ ਸ੍ਰੀ ਗੁਰੂ ਹਰ ਰਾਇ ਜੀ ਦੇ ਵੱਡੇ ਭਰਾ ਧੀਰਮੱਲ ਜੀ ਦੇ ਵੰਸ਼ਜ) ਦਾਵਾ ਕਰਦਾ ਆ ਰਿਹਾ ਹੈ ਕਿ ਇਹ ਬੀੜ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਭਾਈ ਗੁਰਦਾਸ ਜੀ ਦੇ ਹੱਥੀਂ ਲਿਖਵਾਇਆ ਹੋਇਆ ਮੁੱਢਲਾ ਗ੍ਰੰਥ (ਪੋਥੀ ਸਾਹਿਬ) ਹੈ। ਪਰੰਤੂ ਵੀਹਵੀਂ ਸਦੀ ਦੇ ਅਰੰਭ ਤੋਂ ਲੈਕੇ ਵਿਦਵਾਨ ਸੋਢੀ ਪਰਿਵਾਰ ਦੇ ਉਪਰੋਕਤ ਦਾਵੇ ਨੂੰ ਸਹੀ ਨਹੀਂ ਮੰਨਦੇ ਆ ਰਹੇ।

ਸਿੱਖਾਂ ਦੀ ਧਾਰਮਿਕ ਪੁਸਤਕ ਸਬੰਧੀ ਇਤਹਾਸਿਕ ਕਾਰਨਾਂ ਕਰਕੇ ਉਪਜੇ ਮਹੱਤਵਪੂਰਨ ਮਸਲਿਆਂ ਉਤੇ ਆਪਸੀ ਵਿਚਾਰ-ਚਰਚਾ ਕੀਤੇ ਜਾਣ ਅਤੇ ਪੁਰਾਣੀਆਂ ਹੱਥ-ਲਿਖਤ ਬੀੜਾਂ, ਪੋਥੀਆਂ ਅਤੇ ਹੋਰ ਸਮੱਗਰੀ ਦੇ ਡੂੰਘੇ ਅਧਿਐਨ ਦੀ ਲੋੜ ਸਦਾ ਹੀ ਸ਼ਿਦਤ ਨਾਲ ਮਹਿਸੂਸ ਕੀਤੀ ਜਾਂਦੀ ਰਹੀ ਹੈ।

ਇਸੇ ਸੰਦਰਭ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਟੀ, ਅੰਮ੍ਰਿਤਸਰ ਨੇ 1987 ਈਸਵੀ ਵਿੱਚ ਪ੍ਰਾਚੀਨ ਹੱਥ-ਲਿਖਤ ਪੋਥੀਆਂ ਅਤੇ ਬੀੜਾਂ ਦੇ ਵਿਸ਼ੇ ਤੇ ਖੋਜ ਕਰਨ ਲਈ ਪ੍ਰਸਿਧ ਵਿਦਵਾਨ ਅਤੇ ਇਸੇ ਹੀ ਯੂਨੀਵਰਸਟੀ ਤੋਂ ਸੇਵਾ-ਮੁਕਤ ਪ੍ਰੋਫੈਸਰ ਪਿਆਰ ਸਿੰਘ (ਡਾਕਟਰ) ਨੂੰ ਯੋਗ ਸਮਝਦੇ ਹੋਏ ਉਸ ਨੂੰ “ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗਹਨ ਅਧਿਐਨ” ਨਾਮ ਦੀ ਖੋਜ-ਯੋਜਨਾ ਚਲਾਉਣ ਦੀ ਜ਼ਿੰਮੇਵਾਰੀ ਸੌਂਪੀ। ਇਸ ਖੋਜ-ਜ਼ੋਜਨਾ ਤਹਿਤ ਵਿਸ਼ਾ-ਚੋਣ ਕਰਕੇ ਪਿਆਰ ਸਿੰਘ ਨੇ ਪਹਿਲਾਂ ਖੁਦ ਹੀ “ਬਾਣੀ ਦੇ ਸੰਕਲਨ ਅਤੇ ਸ੍ਰੀ ਆਦਿ ਬੀੜ” ਸਬੰਧੀ ਖੋਜ ਕਰਕੇ ਇੱਕ ਸ਼ੋਧ-ਗ੍ਰੰਥ ਤਿਆਰ ਕੀਤਾ। ਪਿਆਰ ਸਿੰਘ ਵੱਲੋਂ ਇਸ ਵਿਸ਼ੇ ਤੇ ਵਿੱਢੇ ਖੋਜ-ਕਾਰਜ ਦਾ ਮੁੱਖ ਪ੍ਰਯੋਜਨ ਇਸ ਪ੍ਰਕਾਰ ਸੀ:

1. ਦੋ ਖੇਤਰਾਂ ਬਾਰੇ ਜਾਣਕਾਰੀ ਇਕੱਤਰ ਕਰਨੀ, ਜੋ ਹੇਠ ਦਿੱਤੇ ਅਨੁਸਾਰ ਹਨ:

ੳ. ਬਾਣੀ ਦਾ ਸੰਕਲਨ (compilation)
ਅ. ਸ੍ਰੀ ਆਦਿ ਗ੍ਰੰਥ ਦੀ ਬੀੜ ਦੇ ਸੰਪਾਦਨ ਦੀ ਪ੍ਰੀਕਿਰਿਆ

2. ਉਪਰੋਕਤ ਦੱਸੀ ਜਾਣਕਾਰੀ ਦੇ ਵਿਸ਼ਲੇਸ਼ਣਾਤਮਕ ਅਧਿਐਨ ਰਾਹੀਂ ਨਿਰਨੇ ਸੁਝਾਉਣਾ

ਉੱਪਰ ਦੱਸੇ ਦੋਹਾਂ ਨਿਸ਼ਾਨਿਆਂ ਨੂੰ ਲੈ ਕੇ ਪਿਆਰ ਸਿੰਘ ਵੱਲੋਂ ਨਿਭਾਏ ਗਏ ਖੋਜ-ਕਾਰਜ ਰਾਹੀਂ ਤਿਆਰ ਹੋਏ ਸ਼ੋਧ-ਪੱਤਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਟੀ ਵੱਲੋਂ 1992 ਈਸਵੀ ਵਿੱਚ ‘ਗਾਥਾ ਸ੍ਰੀ ਆਦਿ ਗ੍ਰੰਥ’ ਦੇ ਨਾਮ ਹੇਠ ਛਪਵਾਇਆ ਗਿਆ ਜਿਸ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਕੁੱਝ ਸਵਾਰਥੀ ਤੱਤਾਂ ਵੱਲੋਂ ‘ਅਕਾਲ-ਤਖਤ’ ਤੋਂ ਜਾਰੀ ਕਰਵਾਏ ਗਏ ਹੁਕਮਨਾਮੇ ਰਾਹੀਂ ਜ਼ਬਤ ਕਰਵਾ ਦਿੱਤਾ ਗਿਆ। (ਭਾਵੇਂ ਕਿ ਇਹ ਪੁਸਤਕ ਪੜ੍ਹਨ ਲਈ ਆਮ ਹੀ ਉਪਲਭਦ ਹੈ।)

ਕੁੱਲ 582 ਸਫਿਆਂ ਦੀ ਪੁਸਤਕ ‘ਗਾਥਾ ਸ੍ਰੀ ਆਦਿ ਗ੍ਰੰਥ’ ਨੂੰ ਚਾਰ ਮੁੱਖ ਭਾਗਾਂ (ਪ੍ਰਕਰਣਾਂ) ਵਿੱਚ ਵੰਡਿਆ ਗਿਆ ਹੋਇਆ ਹੈ, ਜੋ ਹੇਠ ਲਿਖੇ ਅਨੁਸਾਰ ਹਨ:

  1. ਪ੍ਰਕਰਣ ਪਹਲਾ: ਸ੍ਰੀ ਆਦਿ ਗ੍ਰੰਥ ਦੇ ਹੋਂਦ ਵਿੱਚ ਆਉਣ ਬਾਰੇ ਪਰਚਲਤ ਸਾਖੀਆਂ।

  2. ਪ੍ਰਕਰਣ ਦੂਜਾ: ਪ੍ਰਾਚੀਨ ਪੋਥੀਆਂ ਅਤੇ ਬੀੜਾਂ ਸਬੰਧੀ 1990 ਈਸਵੀ ਤਕ ਹੋਏ ਖੋਜ-ਕਾਰਜ ਦਾ ਵੇਰਵਾ।

  3. ਪ੍ਰਕਰਣ ਤੀਜਾ: ਉਪਲਭਦ ਪੋਥੀਆਂ ਅਤੇ ਬੀੜਾਂ ਬਾਰੇ ਜਾਣਕਾਰੀ। (ਇਥੇ ਪੰਤਾਲੀ ਪੋਥੀਆਂ/ਬੀੜਾਂ ਬਾਰੇ ਜਾਣਕਾਰੀ ਦਿੱਤੀ ਹੋਈ ਮਿਲਦੀ ਹੈ। ਇਹਨਾਂ ਵਿੱਚ ਕਰਤਾਰਪੁਰੀ ਬੀੜ ਵੀ ਸ਼ਾਮਲ ਹੈ।)

  4. ਪ੍ਰਕਰਣ ਚੌਥਾ: ਵਿਵੇਚਨ (ਇਥੇ ਪ੍ਰਾਪਤ ਤੱਥਾਂ ਦੇ ਅਧਾਰ 'ਤੇ ਨਿਕਲਦੇ ਨਿਰਨੇ ਅੰਕਿਤ ਕੀਤੇ ਗਏ ਹੋਏ ਹਨ।)

ਪੁਸਤਕ ਦੇ ਅਰੰਭ ਵਾਲੇ ਹਿੱਸੇ ਵਿੱਚ ਅਠੱਤੀ ਦੁਰਲੱਭ ਚਿਤਰ ਵੀ ਪੇਸ਼ ਕੀਤੇ ਹੋਏ ਮਿਲਦੇ ਹਨ।

ਰਵਾਇਤ ਅਨੁਸਾਰ ਸ੍ਰੀ ਆਦਿ ਗ੍ਰੰਥ (ਪਹਿਲਾ ਨਾਮ ‘ਪੋਥੀ ਸਾਹਿਬ’) ਮੁੱਢਲੇ ਤੌਰ 'ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਉੱਦਮ ਨਾਲ ਸਿਖ ਮੱਤ ਦਾ ਆਪਣਾ ਧਾਰਮਿਕ ਗ੍ਰੰਥ (scripture) ਤਿਆਰ ਕਰਨ ਅਤੇ ਸਮੁੱਚੀ ਗੁਰਬਾਣੀ ਦੇ ਸੰਦੇਸ਼ ਨੂੰ ਪ੍ਰੀਭਾਸ਼ਤ ਕਰਨ ਦੇ ਮਕਸਦ ਨਾਲ ਹੋਂਦ ਵਿੱਚ ਆਇਆ ਸੀ, ਭਾਵੇਂ ਕਿ ਸੰਕਲਣ ਅਤੇ ਸੰਪਾਦਨ ਦੀ ਪ੍ਰੀਕਿਰਿਆ ਰਾਹੀਂ ਇਹ ਇੱਕ ਅਦੁੱਤੀ ਗ੍ਰੰਥ ਬਣ ਕੇ ਸਾਹਮਣੇ ਆਇਆ। ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਸ੍ਰੀ ਆਦਿ ਗ੍ਰੰਥ ਦੇ ਕੋਈ ਹੂਬਹੂ ਉਤਾਰੇ ਕਰਵਾਏ ਗਏ ਹੋਣ ਇਸ ਦਾ ਇਤਹਾਸ ਵਿੱਚ ਕੋਈ ਹਵਾਲਾ ਨਹੀਂ ਮਿਲਦਾ। ਨਾ ਹੀ ਇਸ ਗ੍ਰੰਥ ਦਾ ਬਾਦ ਵਿੱਚ ਕਿਸੇ ਵੇਲੇ ਕੀਤਾ ਗਿਆ ਕੋਈ ਉਤਾਰਾ ਹੀ ਮੌਜੂਦ ਹੈ।

 

 ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਮੇਂ ਸ੍ਰੀ ਆਦਿ ਗ੍ਰੰਥ ਜਾਂ ਇਸਦੇ ਕਿਸੇ ਹੂਬਹੂ ਉਤਾਰੇ ਦੇ ਉਪਲਭਦ ਨਾ ਹੋਣ ਦੀ ਸਥਿਤੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਸ਼ਾਮਲ ਕਰਕੇ ਨਵੀਂ ਬੀੜ ਤਿਆਰ ਕਰਵਾਈ, ਜਿਸ ਨੂੰ ਦਮਦਮੀ ਬੀੜ ਕਿਹਾ ਗਿਆ ਦਮਦਮੀ ਬੀੜ ਨੂੰ ਹੀ ਸਾਹਮਣੇ ਰੱਖ ਕੇ 1708 ਈਸਵੀ ਵਿੱਚ ਦੱਸਵੇਂ ਗੁਰੂ ਜੀ ਨੇ ਨੰਦੇੜ ਵਿਖੇ ਗੁਰਬਾਣੀ ਨੂੰ ਗੁਰਗੱਦੀ ਸੌਂਪੀਇਹ ਬੀੜ ਅਠਾਰ੍ਹਵੀਂ ਸਦੀ ਈਸਵੀ ਵਿੱਚ ਸਿੱਖਾਂ ਦੇ ਬਦੇਸ਼ੀ ਹਮਲਾਵਰਾਂ ਨਾਲ ਹੋਏ ਜੰਗਾਂ-ਯੁਧਾਂ ਵਿੱਚ ਨਸ਼ਟ ਹੋ ਗਈ ਦੱਸੀ ਜਾਂਦੀ ਹੈ। ਇਸ ਬੀੜ ਦਾ ਵੀ ਕੋਈ ਹੂਬਹੂ ਉਤਾਰਾ ਉਪਲਭਦ ਨਹੀਂ

ਇਹ ਸੋਚਣਾ ਬਣਦਾ ਹੈ ਕਿ ਸ੍ਰੀ ਆਦਿ ਗ੍ਰੰਥ ਦੀ ਬੀੜ ਦਾ ਪਰਕਾਸ਼ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ 1604 ਈਸਵੀ ਵਿੱਚ ਕਰਵਾਇਆ ਸੀ, ਪਰੰਤੂ ਇਹ ਬੀੜ ਕਿਹੜੇ ਹਾਲਾਤ ਕਰਕੇ ਕਰਤਾਰਪੁਰ (ਜਲੰਧਰ ਨੇੜੇ) ਚਲੀ ਗਈ। ਬਾਬਾ ਬੁੱਢਾ ਜੀ ਲਗ-ਭਗ 25 ਸਾਲ ਦਰਬਾਰ ਸਾਹਿਬ ਵਿੱਚ ਸੇਵਾਦਾਰ ਰਹੇ। ਫਿਰ ਭਾਈ ਗੁਰਦਾਸ ਜੀ ਕਰੀਬ ਪੰਜ ਸਾਲਾਂ ਲਈ ਦਰਬਾਰ ਸਾਹਿਬ ਵਿੱਚ ਸੇਵਾਦਾਰ ਰਹੇ ਦੱਸੇ ਜਾਂਦੇ ਹਨ। ਸ੍ਰੀ ਗੁਰੂ ਹਰਿਗੋਬਿੰਦ ਜੀ 1635 ਤੋਂ ਲੈ ਕੇ ਜੋਤੀ ਜੋਤ ਸਮਾਉਣ ਦੇ ਸਮੇਂ ਤਕ ਕੀਰਤਪੁਰ ਸਾਹਿਬ ਵਿੱਚ ਹੀ ਰਹੇ। ਧੀਰਮੱਲ ਜੀ ਨੇ 1644 ਈਸਵੀ ਵਿੱਚ ਆਪਣੇ ਛੋਟੇ ਭਰਾ ਸ੍ਰੀ ਹਰ ਰਾਇ ਜੀ ਨੂੰ ਸੱਤਵੇਂ ਗੁਰੂ ਦੇ ਤੌਰ ਤੇ ਗੁਰਗੱਦੀ ਦਿੱਤੇ ਜਾਣ ਤੋਂ ਨਰਾਜ਼ ਹੋ ਕੇ ਸ੍ਰੀ ਆਦਿ ਗ੍ਰੰਥ ਦੀ ਬੀੜ ਆਪਣੇ ਕਬਜ਼ੇ ਵਿੱਚ ਕਰ ਲਈ ਅਤੇ ਉਸ ਨੂੰ ਕਰਤਾਰਪੁਰ ਲੈ ਆਂਦਾ।

ਕੁੱਝ ਧਿਰਾਂ ਦਾ ਇਹ ਦਾਵਾ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਕਰਤਾਰਪੁਰ ਵਿਖੇ ਨਿਵਾਸ ਰੱਖਣ ਸਮੇਂ ਖੁਦ ਹੀ ਸ੍ਰੀ ਆਦਿ ਗ੍ਰੰਥ ਦੀ ਬੀੜ ਧੀਰਮੱਲ ਜੀ ਨੂੰ ਕਰਤਾਰਪੁਰ ਵਿਖੇ ਆਪਣੇ ਕੋਲ ਰੱਖ ਲੈਣ ਲਈ ਸੌਂਪ ਛੱਡੀ ਸੀ। ਪਰੰਤੂ ਇਹ ਦਾਵਾ ਸਹੀ ਨਹੀਂ ਭਾਸਦਾ ਕਿਉਂਕਿ ਬਾਬਾ ਬੁੱਢਾ ਜੀ ਉਹਨੀਂ ਦਿਨੀਂ ਹਾਲੇ ਅੰਮ੍ਰਿਤਸਰ ਵਿੱਚ ਮੌਜੂਦ ਸਨ ਅਤੇ ਭਾਈ ਗੁਰਦਾਸ ਜੀ ਵੀ ਉਥੇ ਹੀ ਸਨ, ਗੁਰੂ ਜੀ ਇਹ ਬੀੜ ਬਾਬਾ ਬੁੱਢਾ ਜੀ ਕੋਲੋਂ ਲੈਕੇ ਧੀਰਮੱਲ ਜੀ ਨੂੰ ਨਹੀਂ ਸੌਂਪਣ ਲੱਗੇ ਸਨ।

ਇੱਕ ਹੋਰ ਦਾਵੇ ਅਨੁਸਾਰ ਨੌਵੇਂ ਗੁਰੂ ਜੀ ਵਜੋਂ ਗੁਰਗੱਦੀ ਗ੍ਰਹਿਣ ਲੈਣ ਉਪਰੰਤ ਸ੍ਰੀ ਗੁਰੂ ਤੇਗ ਬਹਾਦਰ ਜੀ ਵੱਲੋਂ ਇਸ ਬੀੜ ਦੀ ਮੰਗ ਕਰਨ ਤੇ ਜਦ ਸੋਢੀ ਪਰਿਵਾਰ ਕਰਕੇ ਜਾਣੇ ਜਾਂਦੇ ਧੀਰਮੱਲ ਜੀ ਦੇ ਵੰਸ਼ਜਾਂ ਨੇ ਇਹ ਬੀੜ ਗੁਰੂ ਘਰ ਨੂੰ ਸੌਂਪਣ ਤੋਂ ਨਾਂਹ ਕਰ ਦਿੱਤੀ, ਤਾਂ ਸਿੱਖ ਸ਼ਰਧਾਲੂ ਰੋਹ ਵਿੱਚ ਆ ਕੇ ਇਹ ਬੀੜ ਉਹਨਾਂ ਤੋਂ ਖੋਹ ਕੇ ਨੌਵੇਂ ਗੁਰੁ ਜੀ ਪਾਸ ਲੈ ਆਏ। ਪਰੰਤੂ ਨੌਵੇਂ ਗੁਰੂ ਜੀ ਨੇ ਇਹ ਬੀੜ ਲੈਣ ਤੋਂ ਇਸ ਕਰਕੇ ਨਾਂਹ ਕਰ ਦਿੱਤੀ, ਕਿ ਜਿਸ ਢੰਗ ਨਾਲ ਇਹ ਬੀੜ ਲਿਆਂਦੀ ਗਈ ਸੀ ਉਹ ਜ਼ੋਰ- ਜ਼ਬਰਦਸਤੀ ਵਾਲਾ ਸੀ। ਇਸ ਲਈ ਗੁਰੂ ਜੀ ਨੇ ਸਿੱਖਾਂ ਨੂੰ ਹਦਾਇਤ ਕੀਤੀ ਕਿ ਇਹ ਬੀੜ ਧੀਰਮੱਲ ਜੀ ਦੇ ਪਰਿਵਾਰ ਨੂੰ ਵਾਪਸ ਕਰ ਦਿੱਤੀ ਜਾਵੇ। ਇਸ ਉਪਰੰਤ ਸਿੱਖਾਂ ਨੇ ਇਹ ਬੀੜ ਬਿਆਸ ਦਰਿਆ ਦੀ ਰੇਤ ਵਿੱਚ ਦੱਬ ਦਿੱਤੀ ਅਤੇ ਸੋਢੀ ਪਰਿਵਾਰ ਨੂੰ ਇਤਲਾਹ ਕਰ ਦਿੱਤੀ ਕਿ ਉਹ ਬੀੜ ਨੂੰ ਲੱਭ ਲਵੇ। ਪਰੰਤੂ ਇਹ ਬੀੜ ਸੋਢੀ ਪਰਿਵਾਰ ਦੇ ਕਿਸੇ ਵਿਅਕਤੀ ਦੇ ਕਦੀ ਹੱਥ ਨਾ ਆਈ। ਸ੍ਰੀ ਆਦਿ ਗ੍ਰੰਥ ਦੇ ਨਸ਼ਟ ਹੋ ਜਾਣ ਦੀ ਇਹ ਕਹਾਣੀ 1665 ਈਸਵੀ ਦੇ ਲਗ-ਭਗ ਵਾਪਰੀ ਦੱਸੀ ਜਾਂਦੀ ਹੈ।

ਬਹੁਤ ਸਮਾਂ ਪਿੱਛੋਂ ਸੋਢੀ ਪਰਿਵਾਰ ਦੇ ਵੰਸ਼ਜ ਸੋਢੀ ਨਿਰੰਜਨ ਰਾਇ ਜੀ ਦੇ ਸਮੇਂ 1750 ਈਸਵੀ ਦੇ ਲਗ-ਭਗ ਇਹ ਕਹਾਣੀ ਘੜ ਲਈ ਗਈ ਕਿ ਸ੍ਰੀ ਆਦਿ ਗ੍ਰੰਥ ਦੀ ਬੀੜ ਬਿਆਸ ਦਰਿਆ ਵਿੱਚੋਂ ਕਰਾਮਾਤੀ ਢੰਗ ਨਾਲ ਪਰਗਟ ਹੋ ਗਈ ਹੈ। ਹੋ ਸਕਦਾ ਹੈ ਕਿ ਸ੍ਰੀ ਆਦਿ ਗ੍ਰੰਥ ਦੀ ਬੀੜ ਦੇ ਬਿਆਸ ਦਰਿਆ ਦੀ ਰੇਤ ਵਿੱਚ ਦੱਬ ਦਿੱਤੇ ਜਾਣ ਅਤੇ ਇਸ ਬੀੜ ਦੀ ਦਰਿਆ ਦੇ ਵਿੱਚੋਂ ਆਪਣੇ ਆਪ ਪਰਗਟ ਹੋਣ ਵਾਲੀ ਕਹਾਣੀ ਸੋਢੀ ਨਿਰੰਜਨ ਰਾਇ ਜੀ ਦੇ ਸਮੇਂ ਇਸ ਲਈ ਘੜੀ ਅਤੇ ਪਰਚਾਰੀ ਗਈ ਹੋਵੇ, ਕਿ ਕਿਸੇ ਨਕਲੀ ਬੀੜ ਨੂੰ ਸ੍ਰੀ ਆਦਿ ਗ੍ਰੰਥ ਦੀ ਅਸਲੀ ਬੀੜ ਵਜੋਂ ਦਰਸਾ ਕੇ ਜਗੀਰਾਂ ਅਤੇ ਹੋਰ ਪਦਾਰਥਕ ਲਾਭ ਹਾਸਲ ਕੀਤੇ ਜਾ ਸਕਣ1757 ਈਸਵੀ ਵਿੱਚ ਕਰਤਾਰਪੁਰ ਵਿਖੇ ਲੱਗੀ ਅੱਗ ਵਿੱਚ ਕਰਤਾਰਪੁਰੀ ਬੀੜ ਦੇ ਸੜ ਜਾਣ ਬਾਰੇ ਵੀ ਦਾਵਾ ਕੀਤਾ ਜਾਂਦਾ ਹੈ। ਇਸ ਦਾਵੇ ਦੀ ਖਾਸ ਮਹੱਤਤਾ ਨਹੀਂ ਬਣਦੀ, ਕਿਉਂਕਿ ਇਸ ਅੱਗ ਵਿੱਚ ਭਾਵੇਂ ਅਸਲੀ ਬੀੜ ਸੜੀ ਭਾਵੇਂ ਪਹਿਲਾਂ ਤੋਂ ਹੀ ਰੱਖੀ ਹੋਈ ਕੋਈ ਨਕਲੀ ਬੀੜ, ਕਰਤਾਰਪੁਰੀ ਬੀੜ ਦੇ ਅਸਲੀ ਹੋਣ ਦੀ ਹਕੀਕਤ ਦੀ ਪੁਸ਼ਟੀ ਤਾਂ ਅਜ ਵੀ ਕਰਤਾਰਪੁਰ (ਜਲੰਧਰ ਨੇੜੇ) ਜਾਕੇ ਕੀਤੀ ਜਾ ਸਕਦੀ ਹੈ ਅਤੇ ਕੀਤੀ ਵੀ ਜਾਣੀ ਚਾਹੀਦੀ ਹੈ। ਹੱਥ ਕੰਗਣ ਨੂੰ ਆਰਸੀ ਕੀ। (ਉਧਰ ਸੋਢੀ ਪਰਿਵਾਰ ਕਿਸੇ ਨੂੰ ਇਹ ਬੀੜ ਵੇਖਣ ਦੀ ਇਜਾਜ਼ਤ ਹੀ ਨਹੀਂ ਦਿੰਦਾ। ਇਸ ਇਨਕਾਰ ਵਿੱਚੋਂ ਹੀ ਅਸਲੀਅਤ ਜ਼ਾਹਰ ਹੋ ਜਾਂਦੀ ਹੈ।)

ਵਿਦਵਾਨ ਪਿਆਰ ਸਿੰਘ ਨੇ ਵਿਗਿਆਨਕ ਢੰਗ ਅਪਣਾਉਂਦੇ ਹੋਏ ਕਰਤਾਰਪੁਰੀ ਬੀੜ ਵਿੱਚ ਸ਼ਾਮਲ ਦੱਸੇ ਜਾਂਦੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਿਸਾਣੁ (ਗੁਰੂ ਜੀ ਦੇ ਆਪਣੇ ਹੱਥੀਂ ਲਿਖਿਆ ਮੂਲ-ਮੰਤਰ) ਦੀ ਲਿਖਤ ਦੇ ਸਰੂਪ ਵਜੋਂ ਇਸ ਨੂੰ (ਇਸ ਬੀੜ ਦੇ ਅੰਤ ਤੇ ਦਰਜ ਰਾਗਮਾਲਾ ਦੀਆਂ ਪੰਕਤੀਆਂ ਸਮੇਤ) ਆਪਣੇ ਖੋਜ-ਕਾਰਜ ਦੇ ਅਧਾਰ ਤੇ ਛਪੀ ਪੁਸਤਕ ‘ਗਾਥਾ ਸ੍ਰੀ ਆਦਿ ਗ੍ਰੰਥ’ ਵਿੱਚ ਚਿਤਰ 34 – ਪਲੇਟ 37 ਰਾਹੀਂ ਦਰਸਾਇਆ ਹੈ ਤਾਂ ਕਿ ਇਸ ਦੀ ਲਿਖਾਈ ਦੇ ਪੈਟਰਨ ਦਾ ਮੁਕਾਬਲਾ ਸ੍ਰੀ ਆਦਿ ਗ੍ਰੰਥ ਲਿਖਣ ਦੇ ਸਮੇਂ (ਬਾਬਾ ਮੋਹਨ ਜੀ ਦੇ ਸਮੇਂ) ਦੀ ਚਿਤਰ 1 – ਪਲੇਟ 1 ਵਿੱਚ ਦਰਸਾਈ ਲਿਖਾਈ ਦੇ ਪੈਟਰਨ ਨਾਲ ਕੀਤਾ ਜਾ ਸਕੇ। ਅਜਿਹਾ ਕਰਨ ਪਿੱਛੇ ਪਿਆਰ ਸਿੰਘ ਦਾ ਮਨਸ਼ਾ ਪਾਠਕਾਂ ਨੂੰ ਇਹ ਸਮਝਾਉਣ ਦਾ ਹੈ ਕਿ ਕਰਤਾਰਪੁਰ ਵਾਲੀ ਬੀੜ ਵਿੱਚ ਪੇਸ਼ ਕੀਤੇ ਗਏ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਿਸਾਣੁ ਦੀ ਲਿਖਾਈ ਦੇ ਪੈਟਰਨ ਦੀ ਪਰਖ ਕਰਨ ਤੇ ਇਹ ਪਤਾ ਲਗਦਾ ਹੈ ਕਿ ਇਹ ਲਿਖਾਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਤੋਂ ਵੀ ਬਾਦ ਦੇ ਪੈਟਰਨ ਨਾਲ ਜਾ ਮਿਲਦੀ ਹੈ। ਇਸ ਤਰ੍ਹਾਂ ਇਹ ਨਿਸਾਣੁ ਗੁਰੂ ਅਰਜਨ ਦੇਵ ਜੀ ਦੇ ਕਰ ਕਮਲਾਂ ਦਾ ਲਿਖਿਆ ਹੋਇਆ ਨਹੀਂ ਬਣਦਾ ਅਤੇ ਕਰਤਾਰਪੁਰੀ ਬੀੜ ਪੰਜਵੇਂ ਗੁਰੂ ਸਾਹਿਬ ਜੀ ਦੀ ਲਿਖਵਾਈ ਹੋਈ ਸਾਬਤ ਨਹੀਂ ਹੁੰਦੀ ਕਿਉਂਕਿ ਸ੍ਰੀ ਆਦਿ ਗ੍ਰੰਥ ਵਿੱਚ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਨਿਸਾਣੁ ਮੌਜੂਦ ਹੀ ਸੀ। ਉਂਜ ਵੀ ਇਸ ਨਿਸਾਣੁ ਵਾਲਾ ਪਤੱਰਾ ਕਿਤੋਂ ਬਾਹਰੋਂ ਲੈ ਕੇ ਕਰਤਾਰਪੁਰੀ ਬੀੜ ਵਿੱਚ ਪੰਨਾਂ 45 ਉਤੇ ਚਮੋੜਿਆ ਹੋਇਆ ਹੈ ਜਦੋਂ ਕਿ ਤਤਕਰੇ ਵਿੱਚ ਨਿਸਾਣੁ ਵਾਲੇ ਪਤੱਰੇ ਦਾ ਪੰਨਾਂ 29 ਦਰਜ ਹੈ।

ਹੁਣ ਜੇਕਰ ਨਿਸਾਣੁ ਅਸਲੀ ਵੀ ਹੈ ਤਾਂ ਬੀੜ ਅਸਲੀ ਨਹੀਂ ਬਣਦੀ ਕਿਉਂਕਿ ਉਸ ਸਥਿਤੀ ਵਿੱਚ ਪਤੱਰਾ ਬਾਹਰੋਂ ਲੈ ਕੇ ਚਮੋੜਨ ਦੀ ਲੋੜ ਨਹੀਂ ਸੀ ਪੈਣੀ (ਉਹ ਵੀ ਤਤਕਰੇ ਵਿੱਚ ਵਿਖਾਏ ਪੰਨੇਂ ਦੀ ਬਜਾਏ ਕਿਸੇ ਹੋਰ ਪੰਨੇਂ ਤੇ) ਅਤੇ ਜੇਕਰ ਨਿਸਾਣੁ ਹੀ ਨਕਲੀ ਹੈ (ਜਿਵੇਂ ਕਿ ਲਿਖਾਈ ਦੀ ਪਰਖ ਰਾਹੀਂ ਸਾਬਤ ਹੋ ਜਾਂਦਾ ਹੈ) ਤਾਂ ਵੀ ਬੀੜ ਅਸਲੀ ਨਹੀਂ ਰਹਿੰਦੀ। ਕੁੱਝ ਅਜਿਹੀ ਹੀ ਸਥਿਤੀ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਨਿਸਾਣੁ ਬਾਰੇ ਹੈ। ਇਸ ਨਿਸਾਣੁ (ਭਾਵੇਂ ਇਹ ਨਕਲੀ ਹੈ ਜਾਂ ਅਸਲੀ) ਦਾ ਬੀੜ ਵਿੱਚ ਮੌਜੂਦ ਹੋਣਾ ਇਹ ਸਾਬਤ ਕਰਦਾ ਹੈ ਕਿ ਇਹ ਬੀੜ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਸਮੇਂ ਜਾਂ ਉਸ ਤੋਂ ਪਿੱਛੋਂ ਤਿਆਰ ਕੀਤੀ ਗਈ ਹੋਵੇਗੀ। ਇਸ ਤਰ੍ਹਾਂ ਕਰਤਾਰਪੁਰੀ ਬੀੜ ਕਦਾਚਿਤ ਸ੍ਰੀ ਗੁਰੂ ਅਰਜਨ ਦੇਵ ਜੀ ਵੱਲੋਂ ਭਾਈ ਗੁਰਦਾਸ ਜੀ ਦੀ ਹੱਥੀਂ ਲਿਖਵਾਈ ਅਸਲੀ ਬੀੜ ਨਹੀਂ ਰਹਿੰਦੀ।

ਪਿਆਰ ਸਿੰਘ ਵੱਲੋਂ ਆਪਣੇ ਅਧਿਐਨ ਰਾਹੀਂ ਕਰਤਾਰਪੁਰੀ ਬੀੜ ਬਾਰੇ ਕੱਢੇ ਗਏ ਨਿਰਨੇ ਵਿਸ਼ੇਸ਼ ਕਰਕੇ ਉਹਨਾਂ ਦੀ ਪੁਸਤਕ ‘ਗਾਥਾ ਸ੍ਰੀ ਆਦਿ ਗ੍ਰੰਥ’ ਦੇ ਪ੍ਰਕਰਣ ਚੌਥਾ ਦੇ ਭਾਗ 8 ਅਤੇ ਭਾਗ 9 ਵਿੱਚ (ਪੰਨਾਂ 450 ਤੋਂ ਪੰਨਾਂ 456 'ਤੇ) ਦਰਜ ਕੀਤੇ ਗਏ ਮਿਲਦੇ ਹਨ। ਇਹਨਾਂ ਨਿਰਨਿਆਂ ਦੇ ਅਧਾਰ 'ਤੇ ਕਰਤਾਰਪੁਰੀ ਬੀੜ ਦੀ ਤਸਵੀਰ ਹੇਠ ਦਿੱਤੇ ਅਨੁਸਾਰ ਬਣਦੀ ਹੈ:

  1. ਕਰਤਾਰਪੁਰੀ ਬੀੜ ਇੱਕ ਸੁਤੰਤਰ ਸੰਕਲਨ ਹੈ, ਭਾਵ ਇਹ ਬੀੜ ਸੀ ਗੁਰੂ ਅਰਜਨ ਦੇਵ ਜੀ ਵੱਲੋਂ ਭਾਈ ਗੁਰਦਾਸ ਜੀ ਦੇ ਹੱਥੀਂ ਲਿਖਵਾਈ ਹੋਈ ਬੀੜ ਨਹੀਂ, ਸਗੋਂ ਕਾਫੀ ਸਮਾਂ ਬੀਤ ਜਾਣ ਪਿੱਛੋਂ ਕਿਸੇ ਹੋਰ ਵਿਅਕਤੀ ਵੱਲੋਂ ਕਿਸੇ ਹੋਰ ਢੰਗ ਨਾਲ ਤਿਆਰ ਕੀਤਾ ਹੋਇਆ ਕੋਈ ਵੱਖਰੀ ਲਿਖਤ ਹੈ।

  2. ਇਸ ਲਿਖਤ ਨੂੰ ਬਾਦ ਵਿੱਚ ਭਾਵ ਇਸ ਦੇ ਤਿਆਰ ਹੋਣ ਤੋਂ ਪਿੱਛੋਂ ਕੁੱਝ ਅਰਸਾ ਪੈ ਜਾਣ ਤੇ ਅੱਗੇ ਇਸ ਢੰਗ ਨਾਲ ਸੋਧਣ ਦਾ ਯਤਨ ਕੀਤਾ ਗਿਆ ਕਿ ਇਸਦੀ ਦਿੱਖ ਸ੍ਰੀ ਆਦਿ ਗ੍ਰੰਥ ਵਰਗੀ ਹੋ ਜਾਵੇ।

  3. ਉਪਰੋਕਤ ਮਨੋਰਥ ਦੀ ਪਰਾਪਤੀ ਹਿਤ ਇਸ ਲਿਖਤ ਦੇ ਪਾਠ, ਬਣਤਰ ਅਤੇ ਕਾਗਜ਼ ਵਿੱਚ ਵਾਧੇ ਘਾਟੇ ਕਰਕੇ ਹਰ ਹੁੰਦੀਆਂ ਤਬਦੀਲੀਆਂ (tamperings) ਕਰ ਲਈਆਂ ਗਈਆਂ ਹਨ।

ਇਸ ਤਰ੍ਹਾਂ ਪਿਆਰ ਸਿੰਘ ਵੱਲੋਂ ਡੂੰਘੇ ਅਧਿਐਨ ਰਾਹੀਂ ਕੱਢੇ ਸਿਟਿੱਆਂ ਅਨੁਸਾਰ ਕਰਤਾਰਪੁਰੀ ਬੀੜ ਸ੍ਰੀ ਆਦਿ ਗ੍ਰੰਥ ਨਹੀਂ ਬਣਦਾ ਸਗੋਂ ਇਹ ਕਿਸੇ ਵੱਖਰੀ ਲਿਖਤ (ਜੋ ਕਿ ਇੱਕ ਨਕਲ ਦਰ ਨਕਲ ਵੀ ਹੋ ਸਕਦੀ ਹੈ) ਦਾ ਅੱਗੋਂ ਵਿਗਾੜਿਆ ਹੋਇਆ ਰੂਪ ਹੈ।

ਕਰਤਾਰਪੁਰੀ ਬੀੜ ਦਾ ਅਧਿਐਨ ਕਰਦੇ ਹੋਏ ਪਿਆਰ ਸਿੰਘ ਨੇ ਵਿਸ਼ੇਸ਼ ਤੌਰ ਤੇ ਜਿਹਨਾਂ ਵਿਦਵਾਨਾਂ ਦੇ ਖੋਜ-ਕਾਰਜ ਨੂੰ ਧਿਆਨ ਵਿੱਚ ਰਖਿੱਆ ਹੈ ਉਹਨਾਂ ਦੇ ਨਾਮ ਹੇਠ ਦਿੱਤੇ ਅਨੁਸਾਰ ਹਨ:

  1. ਸ੍ਰੀ ਜੀ. ਬੀ. ਸਿੰਘ

  2. ਭਾਈ ਕਾਹਨ ਸਿੰਘ ਨਾਭਾ

  3. ਭਾਈ ਜੋਧ ਸਿੰਘ

  4. ਗਿਆਨੀ ਈਸ਼ਰ ਸਿੰਘ ਅਤੇ ਭਾਈ ਨਰੈਣ ਸਿੰਘ (ਟੀਮ ਦੇ ਤੌਰ ਤੇ)

  5. ਭਾਈ ਮੰਨਾ ਸਿੰਘ

  6. ਸੰਤ ਗੁਰਬਚਨ ਸਿੰਘ ਖਾਲਸਾ (ਭਿੰਡਰਾਂਵਾਲੇ)

  7. ਭਾਈ ਰਣਧੀਰ ਸਿੰਘ

  8. ਸਵਾਮੀ ਹਰਨਾਮਦਾਸ ਉਦਾਸੀਨ

ਪਿਆਰ ਸਿੰਘ ਨੇ ਇਹਨਾਂ ਵਿਦਵਾਨਾਂ ਦੇ ਖੋਜ ਕਾਰਜ ਵਿੱਚੋਂ ਭਰਪੂਰ ਹਵਾਲੇ ਦਿੱਤੇ ਹਨ। ਇਹਨਾਂ ਵਿਦਵਾਨਾਂ ਵਿੱਚੋਂ ਕੇਵਲ ਸ੍ਰੀ ਜੀ. ਬੀ. ਸਿੰਘ ਹੀ ਐਸਾ ਵਿਅਕਤੀ ਹੈ ਜਿਸ ਨੇ ਕਰਤਾਰਪੁਰੀ ਬੀੜ ਖੁਦ ਨਹੀਂ ਸੀ ਦਰਸੀ ਪਰਸੀ। ਭਾਈ ਜੋਧ ਸਿੰਘ ਨੂੰ ਛੱਡ ਕੇ ਉਪਰੋਕਤ ਵਿੱਚੋਂ ਸਾਰਿਆਂ ਨੇ ਹੀ ਇਹ ਸਿੱਟਾ ਕਢਿਆ ਹੈ ਕਿ ਕਰਤਾਰਪੁਰੀ ਬੀੜ ਭਾਈ ਗੁਰਦਾਸ ਜੀ ਦੇ ਹੱਥੀਂ ਲਿਖਿਆ ਹੋਇਆ ਅਸਲੀ ਸ੍ਰੀ ਆਦਿ ਗ੍ਰੰਥ ਸਾਬਤ ਨਹੀਂ ਹੁੰਦਾ। ਉਹਨਾਂ ਸਭਨਾਂ ਨੇ ਆਪਣੀਆਂ ਦਲੀਲਾਂ ਦੇ ਹੱਕ ਵਿੱਚ ਇਸ ਬੀੜ ਵਿੱਚੋਂ ਆਪਣੇ ਹੱਥੀਂ ਲਏ ਨੋਟਸ ਦੇ ਹਵਾਲੇ ਦਿੱਤੇ ਹਨ ਜਿਹਨਾਂ ਨੂੰ ਅੱਗੇ ਪਿਆਰ ਸਿੰਘ ਨੇ ਆਪਣੇ ਨਿਰਨੇ ਕੱਢਣ ਲਈ ਅਧਾਰ ਬਣਾਇਆ ਹੈ।

ਪਿਆਰ ਸਿੰਘ ਅਨੁਸਾਰ ‘ਕਰਤਾਰਪੁਰੀ ਬੀੜ ਦੇ ਦਰਸ਼ਨ’ ਨਾਮੀ ਆਪਣੀ ਪੁਸਤਕ ਵਿੱਚ ਭਾਈ ਜੋਧ ਸਿੰਘ ਇਹ ਮਿਥ ਕੇ ਚਲਦਾ ਹੈ ਕਿ “ਕਰਤਾਰਪੁਰ ਦੇ ਸੋਢੀਆਂ ਪਾਸ ਸੁਰੱਖਿਅਤ ਆਦਿ ਬੀੜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਭਾਈ ਗੁਰਦਾਸ ਪਾਸੋਂ ਲਿਖਵਾਈ ਅਸਲੀ ਅਤੇ ਮੁਢੱਲੀ ਬੀੜ ਹੈ” (‘ਗਾਥਾ ਸ੍ਰੀ ਆਦਿ ਗ੍ਰੰਥ’ ਪੰਨਾਂ 48)। ਭਾਈ ਜੋਧ ਸਿੰਘ ਜਾਣ-ਬੁੱਝ ਕੇ ਕਰਤਾਰਪੁਰੀ ਬੀੜ ਦਾ ਉਸਦੇ ਆਪਣੇ ਵੇਲੇ ਦੇ ਪ੍ਰੈਸ ਦੇ ਸ੍ਰੀ ਗ੍ਰੰਥ ਜੀ ਦੇ ਅਨੁਸਾਰੀ ਹੋਣ ਨੂੰ ਇਸਦੇ ਅਸਲੀ ਆਦਿ ਗ੍ਰੰਥ ਹੋਣ ਦੇ ਸਬੂਤ ਦੇ ਤੌਰ ਤੇ ਪੇਸ਼ ਕਰਦਾ ਹੈ, ਜਦ ਕਿ “ਸ੍ਰੀ ਗੁਰੂ ਗ੍ਰੰਥ ਸਾਹਿਬ ਭਾਈ ਜੋਧ ਸਿੰਘ ਦੇ ਲਿਖਣ ਦੇ ਸਮੇਂ ਤਕ ਕਰਤਾਰਪੁਰੀ ਬੀੜ ਨਾਲ ਮੇਲ ਕੇ ਛਾਪਿਆ ਜਾ ਚੁੱਕਾ ਸੀ” (‘ਗਾਥਾ ਸ੍ਰੀ ਆਦਿ ਗ੍ਰੰਥ’ ਪੰਨਾਂ 185)। ਕਰਤਾਰਪੁਰੀ ਬੀੜ ਨੂੰ ਅਸਲੀ ਸ੍ਰੀ ਆਦਿ ਗ੍ਰੰਥ ਸਾਬਤ ਕਰਨ ਦੇ ਆਪਣੇ ਪਹਿਲਾਂ ਮਿੱਥੇ ਟੀਚੇ ਨੂੰ ਪੂਰਾ ਕਰਨ ਹਿਤ ਭਾਈ ਜੋਧ ਸਿੰਘ ਕਰਤਾਰਪੁਰੀ ਬੀੜ ਦੀਆਂ ਸਾਰੀਆਂ ਘਾਟਾਂ, ਤਰੁੱਟੀਆਂ, ਉਕਾਈਆਂ, ਭੁੱਲਾਂ, ਗਲਤੀਆਂ, ਅਸ਼ੁਧੀਆਂ ਅਤੇ ਖਿੱਲਾਂ ਨੂੰ ਨਜ਼ਰਅੰਦਾਜ਼ ਕਰਨਾ ਲੋਚਦਾ ਹੈ ਜਿਹਨਾਂ ਦੀ ਗਿਣਤੀ ਇਕ-ਦੋ ਜਾਂ ਪੰਜਾਹ-ਸੌ ਨਹੀਂ ਸਗੋਂ ਹਜ਼ਾਰਾਂ ਤੇ ਜਾ ਪਹੁੰਚਦੀ ਹੈ। ਇਸ ਸਬੰਧੀ ਵਿਸਥਾਰ ਲਈ ‘ਗਾਥਾ ਸ੍ਰੀ ਆਦਿ ਗ੍ਰੰਥ’ ਦੇ ਪ੍ਰਕਰਣ ਤੀਜਾ ਦਾ ਕਰਤਾਰਪੁਰੀ ਬੀੜ ਵਾਲਾ ਭਾਗ (ਪੰਨਾਂ 174 ਤੋਂ ਪੰਨਾਂ 209 ਤਕ) ਵੇਖਿਆ ਜਾ ਸਕਦਾ ਹੈ। ਇਸ ਤਰ੍ਹਾਂ ਭਾਈ ਜੋਧ ਸਿੰਘ ਕਰਤਾਰਪੁਰੀ ਬੀੜ ਬਾਰੇ ਬੜੀ ਹੀ ਤਰਕਹੀਣ ਸਥਿਤੀ ਪੇਸ਼ ਕਰਦਾ ਹੈ ਜਦੋਂ ਉਹ ਆਪਣੇ ਵੇਲੇ ਦੇ ਛਾਪੇ ਦੇ ਸ੍ਰੀ ਗ੍ਰੰਥ ਜੀ ਨੂੰ ਕਰਤਾਰਪੁਰੀ ਬੀੜ ਦੇ ਪ੍ਰਮਾਣਿਕ ਆਦਿ ਗ੍ਰੰਥ ਹੋਣ ਦੇ ਪੈਮਾਨੇ ਦੇ ਤੌਰ ਤੇ ਦਰਸਾਉਂਦਾ ਹੈ ਜਦੋਂ ਕਿ ਛਾਪੇ ਦਾ ਗ੍ਰੰਥ ਖੁਦ ਹੀ ਜਾਣੇ-ਅਣਜਾਣੇ ਕਾਫੀ ਹੱਦ ਤਕ ਦੋਸ਼ਪੂਰਣ ਕਰਤਾਰਪੁਰੀ ਬੀੜ ਤੇ ਅਧਾਰਿਤ ਕੀਤਾ ਗਿਆ ਹੋਇਆ ਹੈ। ਕਰਤਾਰਪੁਰੀ ਬੀੜ ਦੀ ਅਜਿਹੀ ਤਸਵੀਰ ਪੇਸ਼ ਕਰਨ ਨਾਲ ਭਾਈ ਜੋਧ ਸਿੰਘ ਦੀ ਭੂਮਿਕਾ ਸ਼ੱਕੀ ਹੀ ਨਹੀਂ ਸਗੋਂ ਨਾਂਹਪੱਖੀ ਅਤੇ ਗੁਮਰਾਹਕੁਨ ਵੀ ਬਣ ਜਾਂਦੀ ਹੈ।

ਜਿਵੇਂ ਕਿ ਪਹਿਲਾਂ ਵੀ ਦਸਿੱਆ ਜਾ ਚੁੱਕਾ ਹੈ ਅਜ ਤਕ ਆਦਿ ਗ੍ਰੰਥ ਦਾ ਕੋਈ ਵੀ ਹੂਬਹੂ ਉਤਾਰਾ ਮਿਲ ਨਹੀਂ ਸਕਿਆ। ਇਹ ਦਾਵਾ ਵੀ ਕੀਤਾ ਜਾਂਦਾ ਹੈ ਕਿ ਕਰਤਾਰਪੁਰ ਵਿਖੇ ਸੋਢੀ ਪਰਿਵਾਰ ਕੋਲ ਕੁੱਝ ਅਜਿਹੇ ਉਤਾਰੇ ਮੌਜੂਦ ਹਨ ਪਰੰਤੂ ਕਿਸੇ ਨੇ ਵੀ ਅਜੇ ਤਕ ਸੋਢੀ ਪਰਿਵਾਰ ਕੋਲ ਪਹੁੰਚ ਕਰਕੇ ਇਸ ਸਬੰਧੀ ਕੋਈ ਵਾਜਬ ਪੁੱਛ-ਪੜਤਾਲ ਨਹੀਂ ਕੀਤੀ ਜਦ ਕਿ ਅਸਲੀਅਤ ਇਹ ਹੈ ਕਿ ਇਹ ਉਤਾਰੇ ਭਾਈ ਬੰਨੋਂ ਵਾਲੀ ਬੀੜ ਦੇ ਕਈ ਕਿਸਮ ਦੇ ਉਤਾਰਿਆਂ ਦੇ ਅੱਗੋਂ ਕੀਤੇ ਗਏ ਉਤਾਰੇ ਹੀ ਹੋ ਸਕਦੇ ਹਨ ਕਿਉਂਕਿ ਪਿਆਰ ਸਿੰਘ ਦੀ ਖੋਜ ਦਾ ਸਪਸ਼ਟ ਸਿੱਟਾ ਇਹ ਹੈ ਕਿ ਕਰਤਾਰਪੁਰੀ ਬੀੜ ਦਾ ਅਸਲੀ ਸਰੋਤ ਭਾਈ ਬੰਨੋ ਵਾਲੀ ਬੀੜ ਹੈ। ਭਾਈ ਬੰਨੋ ਵਾਲੀ ਬੀੜ ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਉਤਾਰਾ ਹੈ, ਜੋ ਸ੍ਰੀ ਗੁਰੁ ਅਰਜਨ ਦੇਵ ਜੀ ਦੇ ਸਮੇਂ ਹੀ ਕਰ ਲਿਆ ਗਿਆ ਸੀ। ਇਸ ਉਤਾਰੇ ਬਾਰੇ ਵਿਸ਼ੇਸ਼ ਗੱਲ ਇਹ ਹੈ ਕਿ ਇਸ ਵਿੱਚ ਦੋ ਫਾਲਤੂ ਸ਼ਬਦ ਵੀ ਸ਼ਾਮਲ ਕਰ ਲਏ ਗਏ ਸਨ ਜੋ ਹੇਠ ਦਿੱਤੇ ਅਨੁਸਾਰ ਹਨ:

1. ਸੂਰਦਾਸ (ਪਹਿਲਾ) ਦਾ ਸ਼ਬਦ “ਛਾਡਿ ਮਨ ਹਰਿ ਬੇਮੁਖਨ ਕੋ ਸੰਗ
2. ਮੀਰਾਬਾਈ ਦਾ ਸ਼ਬਦ “ਮਨ ਹਮਾਰਾ ਬਾਧਿਓ ਮਾਈ

ਇਸ ਤਰ੍ਹਾਂ ਇਹ ਬੀੜ ਅਸ਼ੁੱਧ ਅਤੇ ਗੈਰਪ੍ਰਮਾਣਿਕ ਹੀ ਮੰਨੀਂ ਗਈ ਅਤੇ ਸਮਾਂ ਪਾ ਕੇ ਇਹ ਬੀੜ ਉਪਲਭਦ ਵੀ ਨਹੀਂ ਰਹੀ ਭਾਵੇਂ ਕਿ ਇਸ ਬੀੜ ਦੇ ਗੁੰਮ ਹੋ ਜਾਣ ਦੇ ਹਾਲਾਤ ਬਾਰੇ ਸਥਿਤੀ ਸਪਸ਼ਟ ਨਹੀਂ। ਭਾਈ ਬੰਨੋ ਵਾਲੀ ਬੀੜ ਦੇ ਅੱਗੇ ਕੁੱਝ ਉਤਾਰੇ ਜ਼ਰੂਰ ਹੋਏ ਹਨ ਪਰੰਤੂ, ਜਿਹਾ ਕਿ ਹਮੇਸ਼ਾ ਹੀ ਵਾਪਰਦਾ ਰਿਹਾ ਹੈ, ਲਿਖਾਰੀਆਂ ਵੱਲੋਂ ਹਰ ਉਤਾਰੇ ਵਿੱਚ ਮੂਲ ਨਾਲੋਂ ਕੁੱਝ ਨਾ ਕੁੱਝ ਫਰਕ ਜ਼ਰੂਰ ਪਾ ਦਿੱਤਾ ਜਾਂਦਾ ਰਿਹਾ ਹੈ। ਭਾਈ ਬੰਨੋ ਵਾਲੀ ਬੀੜ ਦਾ ਸੰਨ 1699 ਈਸਵੀ ਵਿੱਚ ਹੋਇਆ ਇੱਕ ਉਤਾਰਾ ਗੁਰਦੁਆਰਾ ਭਾਈ ਬੰਨੋ ਸਾਹਿਬ, ਜਵਾਹਰ ਨਗਰ, ਕਾਨ੍ਹਪੁਰ ਵਿੱਚ ਮੌਜੂਦ ਹੈ। ਹੋਰਨਾਂ ਵਖਰੇਵਿਆਂ ਦੇ ਨਾਲ-ਨਾਲ ਇਸ ਉਤਾਰੇ ਦਾ ਭਾਈ ਬੰਨੋ ਵਾਲੀ ਬੀੜ ਨਾਲੋਂ ਜੋ ਪਰਮੁੱਖ ਫਰਕ ਹੈ ਉਹ ਇਹ ਹੈ ਕਿ ਇਸ ਵਿੱਚ ਕਾਫੀ ਸਾਰੀ ਫਾਲਤੂ ਬਾਣੀ ਸ਼ਾਮਲ ਹੈ। ਸੂਰਦਾਸ ਅਤੇ ਮੀਰਾਬਾਈ ਦੇ ਇਕ-ਇਕ ਸ਼ਬਦ ਤੋਂ ਇਲਾਵਾ ਇਸ ਵਿੱਚ ਵਿਸ਼ੇਸ਼ ਕਰਕੇ ਹੇਠ ਲਿਖੇ ਵਾਧੂ ਸ਼ਬਦ ਵੀ ਸ਼ਾਮਲ ਦੱਸੇ ਜਾਂਦੇ ਹਨ:

  1. ਕਬੀਰ ਜੀ ਦਾ ਸ਼ਬਦ “ਅਉਧ ਸੋ ਜੋਗੀ ਗੁਰੁ ਮੇਰਾ”

  2. ਮਹੱਲਾ ਪੰਜਵਾਂ ਦਾ ਛੰਤ “ਰੁਣ ਝੁੰਝਨੜਾ ਗਾਉ ਸਖੀ”

  3. ਜਿਤੁ ਦਰਿ ਲਖ ਮੁਹੰਮਦਾ – ਤਿੰਨ ਸਲੋਕ

  4. ਬਾਇ ਆਤਿਸ਼ ਆਬ – ਇੱਕ ਸਲੋਕ

  5. ਆਲਮ ਕਵਿ ਰਚਿਤ ਰਾਗਮਾਲਾ

  6. ਰਤਨਮਾਲਾ – ਪੱਚੀ ਸਲੋਕ

  7. ਹਕੀਕਤ ਰਾਹ ਮੁਕਾਮ (ਵਾਰਤਕ)

  8. ਸਿਆਹੀ ਕੀ ਬਿਧੀ

ਇਥੇ ਇਹ ਗੱਲ ਵਿਸ਼ੇਸ਼ ਤੌਰ 'ਤੇ ਧਿਆਨ ਦੇਣ ਵਾਲੀ ਹੈ ਕਿ ਭਾਈ ਬੰਨੋ ਵਾਲੀ ਬੀੜ ਦੇ ਅਧਿਐਨ ਖਾਤਰ ਵਿਦਵਾਨ ਲੋਕ ਸ਼ੁਰੂ ਤੋਂ ਹੀ ਕਾਨ੍ਹਪੁਰ ਵਾਲੇ ਉਤਾਰੇ ਨੂੰ ਅਧਾਰ ਬਣਾਉਂਦੇ ਆ ਰਹੇ ਹਨ।

ਦੂਸਰੇ ਪਾਸੇ ਇਹ ਤੱਥ ਵੀ ਉਤਨਾ ਹੀ ਮਹੱਤਵਪੂਰਨ ਹੈ ਕਿ ਬਹੁਤੀਆਂ ਪੁਰਾਤਨ ਬੀੜਾਂ ਜਿਹਨਾਂ ਬਾਰੇ ਆਦਿ ਗ੍ਰੰਥ ਦੇ ਉਤਾਰੇ ਹੋਣ ਦਾ ਦਾਵਾ ਕੀਤਾ ਜਾਂਦਾ ਹੈ, ਅਸਲ ਵਿੱਚ ਭਾਈ ਬੰਨੋ ਵਾਲੀ ਬੀੜ ਦੇ ਉਤਾਰਿਆਂ ਤੇ ਹੀ ਅਧਾਰਿਤ ਹਨ ਅਤੇ ਕਰਤਾਰਪੁਰੀ ਬੀੜ ਨੂੰ ਵੀ ਭਾਈ ਬੰਨੋ ਵਾਲੀ ਬੀੜ ਦੇ ਕਿਸੇ ਦੂਸਰੇ ਥਾਂ ਹੋਏ ਉਤਾਰੇ ਦਾ ਅੱਗੇ ਕੀਤਾ ਗਿਆ ਉਤਾਰਾ ਮੰਨਿਆਂ ਜਾਂਦਾ ਹੈ। ਭਾਈ ਕਾਹਨ ਸਿੰਘ ਨਾਭਾ ਨੇ ਕਰਤਾਰਪੁਰੀ ਬੀੜ ਦੀ ਅਸਲੀਅਤ ਜ਼ਾਹਰ ਕਰਨ ਹਿਤ ਇੱਕ ਪੁਸਤਕ ‘ਗੁਰੂ ਗਿਰਾ ਕਸੌਟੀ’ ਤਿਆਰ ਕਰ ਲਈ ਸੀ ਜੋ ਕਿਸੇ ਕਾਰਨ ਉਹਨਾਂ ਦੇ ਜੀਵਨ-ਕਾਲ ਵਿੱਚ ਛਪ ਨਾ ਸਕੀ ਅਤੇ ਬਾਦ ਵਿੱਚ ਇਸਦਾ ਖਰੜਾ ਖੁਰਦ-ਬੁਰਦ ਹੋ ਗਿਆ (‘ਗੁਰੂ ਗਿਰਾ ਕਸੌਟੀ’ ਰਾਹੀਂ ਕਰਤਾਰਪੁਰੀ ਬੀੜ ਦੀ ਅਸਲੀਅਤ ਨੂੰ ਨੰਗਿਆਂ ਕਰਨ ਦਾ ਦਾਵਾ ਭਾਈ ਕਾਹਨ ਸਿੰਘ ਨਾਭਾ ਨੇ ਖੁਦ ਹੀ ਪੇਸ਼ ਕੀਤਾ ਸੀ)। ਇਸ ਸਥਿਤੀ ਵਿੱਚ ਕਰਤਾਰਪੁਰੀ ਬੀੜ ਸਬੰਧੀ ਭਾਈ ਜੋਧ ਸਿੰਘ ਦਾ ਪੈਦਾ ਕੀਤਾ ਹੋਇਆ ਭੰਬਲਭੂਸਾ ਕਾਮਯਾਬ ਹੋ ਗਿਆ, ਭਾਵੇਂ ਕਿ ਪੁਸਤਕ ‘ਗੁਰੂ ਗਿਰਾ ਕਸੌਟੀ’ ਦੇ ਲੋਪ ਹੋਣ ਨਾਲ ਪਿਆ ਘਾਟਾ ਪਿਆਰ ਸਿੰਘ ਦੀ ਪੁਸਤਕ ‘ਗਾਥਾ ਸ੍ਰੀ ਆਦਿ ਗ੍ਰੰਥ’ ਦੇ ਆ ਜਾਣ ਨਾਲ ਭਲੀ-ਭਾਂਤ ਪੂਰਾ ਹੋ ਜਾਂਦਾ ਹੈ।

ਇੱਥੇ ਇਹ ਤੱਥ ਵੀ ਧਿਆਨ ਦੇਣ ਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਗਮਾਲਾ ਦੀ ਪ੍ਰਮਾਣਿਕਤਾ ਬਾਰੇ ਫੈਸਲਾ ਲੈਣ ਲਈ ਜੋ ਉਪ-ਕਮੇਟੀ ਬਣਾਈ ਸੀ ਉਸ ਵਿੱਚ ਭਾਈ ਜੋਧ ਸਿੰਘ ਨੂੰ ਵੀ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਅਤੇ ਭਾਈ ਜੋਧ ਸਿੰਘ ਵੱਲੋਂ ਪੇਸ਼ ਕੀਤੀ ਗਈ ਇਸ ਦਲੀਲ ਕਿ ਰਾਗਮਾਲਾ ਕਰਤਾਰਪੁਰੀ ਬੀੜ ਵਿੱਚ (ਉਪਰੋਕਤ ਦੱਸੇ ਅਨੁਸਾਰ) ਸ਼ਾਮਲ ਹੈ, ਦੇ ਅਧਾਰ 'ਤੇ ਉਸ ਉਪ-ਕਮੇਟੀ ਨੇ ਇਹ ਸਿਫਾਰਸ਼ ਕਰ ਦਿੱਤੀ ਕਿ ਰਾਗਮਾਲਾ ਸ੍ਰੀ ਗ੍ਰੰਥ ਜੀ ਦਾ ਹਿੱਸਾ ਬਣੀ ਰਹਿਣੀ ਚਾਹੀਦੀ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਸਿਫਾਰਸ਼ ਨੂੰ ਮੰਨਜ਼ੂਰੀ ਦੇ ਦਿੱਤੀ। ਇਸ ਤਰ੍ਹਾਂ ਰਾਗਮਾਲਾ ਦਾ ਸ੍ਰੀ ਗ੍ਰੰਥ ਜੀ ਦੀ ਅਜੋਕੀ ਪਰਚਲਤ ਬੀੜ ਵਿੱਚ ਸ਼ਾਮਲ ਹੋਣਾ ਵੀ ਭਾਈ ਜੋਧ ਸਿੰਘ ਦੀ ਹੀ ‘ਦੇਣ’ ਹੈ

ਉਨ੍ਹੀਵੀਂ ਸਦੀ ਵਿੱਚ ਸ੍ਰੀ ਗ੍ਰੰਥ ਜੀ ਦੀਆਂ ਹੱਥ-ਲਿਖਤ ਬੀੜਾਂ ਦੇ ਤਿਆਰ ਹੋਣ ਦੀ ਪ੍ਰੀਕਿਰਿਆ ਨੂੰ ਉਪਰੋਕਤ ਦਰਸਾਏ ਪਰਿਪੇਖ ਵਿੱਚ ਵੇਖਣਾ ਬਣਦਾ ਹੈ। ਮੁੱਢਲੀਆਂ ਬੀੜਾਂ (ਸ੍ਰੀ ਆਦਿ ਗ੍ਰੰਥ ਅਤੇ ਦਮਦਮੀ ਬੀੜ) ਦੀ ਗੈਰਮੌਜੂਦਗੀ ਵਿੱਚ ਸ੍ਰੀ ਗ੍ਰੰਥ ਜੀ ਦੀਆਂ ਜੋ ਬੀੜਾਂ ਉਨ੍ਹੀਵੀਂ ਸਦੀ ਵਿੱਚ ਤਿਆਰ ਹੁੰਦੀਆਂ ਰਹੀਆਂ, ਅਗਿਆਨਤਾ ਵਸ ਉਹਨਾਂ ਵਿੱਚੋਂ ਕੁੱਝ ਕੁ ਉਪਰੋਕਤ ਦੱਸੀ ਕਰਤਾਰਪੁਰੀ ਬੀੜ ਨਾਲ ਵੀ ਸੋਧੀਆਂ ਗਈਆਂ। ਪਰੰਤੂ ਇਸ ਬੀੜ ਦੇ ਨਕਲੀ ਹੋਣ ਕਾਰਨ, ਇਸ ਵਿਚਲੇ ਬਹੁਤ ਸਾਰੇ ਦੋਸ਼ ਹੱਥ-ਲਿਖਤ ਬੀੜਾਂ ਵਿੱਚ ਵੀ ਸ਼ਾਮਲ ਹੋ ਗਏ ਅਤੇ ਇਹ ਦੋਸ਼ਪੂਰਣ ਹੱਥ-ਲਿਖਤ ਬੀੜਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਜਾਣ ਵਾਲੇ ਮੌਜੂਦਾ ਪਰਚਲਤ ਰੂਪ ਦਾ ਅਧਾਰ ਬਣ ਗਈਆਂਇਹੀ ਵੱਡਾ ਕਾਰਨ ਹੈ ਕਿ ਸਮੇਂ-ਸਮੇਂ 'ਤੇ ਸ੍ਰੀ ਗ੍ਰੰਥ ਜੀ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੇ ਜਾ ਰਹੇ ਮੌਜੂਦਾ ਪਰਚਲਤ ਰੂਪ ਦੇ ਕਈ ਪਹਿਲੂਆਂ ਬਾਰੇ ਵਿਵਾਦ ਭਖਦਾ ਰਹਿੰਦਾ ਹੈ

ਉੱਪਰ ਦਿੱਤੇ ਵਿਸਥਾਰ ਵਿੱਚੋਂ ਸਿੱਟਾ ਇਹੀ ਨਿਕਲਦਾ ਹੈ ਕਿ ਕਰਤਾਰਪੁਰੀ ਬੀੜ ਦੀ ਅਸਲੀਅਤ ਨੂੰ ਚੰਗੀ ਤਰ੍ਹਾਂ ਸਮਝ ਲੈਣ ਨਾਲ ਹੀ, ਸ੍ਰੀ ਗ੍ਰੰਥ ਜੀ ਦੇ ਮੌਜੂਦਾ ਪਰਚਲਤ ਰੂਪ ਸਬੰਧੀ ਉਠ ਰਹੇ ਵਿਵਾਦਾਂ ਨੂੰ ਹਲ ਕੀਤਾ ਜਾ ਸਕਦਾ ਹੈ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰੁਮਤ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top