Share on Facebook

Main News Page

ਕੈਨੇਡਾ ਦੇ ਬਹੁਤੇ ਐਨ.ਆਰ.ਆਈਜ਼ ਅਕਾਲੀ-ਬੀ ਜੇ ਪੀ ਅਤੇ ਬਾਦਲਾਂ ਬਾਰੇ, ਖ਼ਾਸ ਕਰਕੇ ਮੀਡੀਏ 'ਤੇ ਗੱਲ ਸੁਣਨ ਨੂੰ ਵੀ ਤਿਆਰ ਨਹੀਂ
-: ਬਲਜੀਤ ਬੱਲੀ

* ਪਹਿਲਾਂ ਸਿਮਰਨਜੀਤ ਮਾਨ, ਫੇਰ ਅਮਰਿੰਦਰ, ਫੇਰ ਮਨਪ੍ਰੀਤ ਤੇ ਹੁਣ ਕੇਜ਼ਰੀਵਾਲ... ਅਕਸਰ ਇਕੋ ਪਾਸੇ ਉਲਾਰ ਹੁੰਦੇ ਰਹੇ ਨੇ ਪਰਦੇਸੀ ਪੰਜਾਬੀ

03 ਮਈ 2014 ਸ਼ੁੱਕਰਵਾਰ ਸ਼ਾਮੀਂ ਕੈਨੇਡਾ ਦੇ ਇੱਕ ਪੱਤਰਕਾਰ ਦੋਸਤ ਦਾ ਫ਼ੋਨ ਆਇਆ। ਲੋਕ ਸਭਾ ਚੋਣਾ ਬਾਰੇ ਹਾਲ ਚਾਲ ਪੁੱਛਣ ਲੱਗਾ ਕਿ ਨਤੀਜੇ ਕਿਹੋ ਜਿਹੇ ਹੋਣਗੇ। ਮੈਂ ਕਿਹਾ ਕਿ ਨਤੀਜਿਆਂ ਬਾਰੇ ਬਹੁਤ ਭੰਬਲਭੂਸਾ ਹੈ ਕਿਉਂਕਿ ਆਮ ਆਦਮੀ ਪਾਰਟੀ ਨੂੰ ਮਿਲੇ ਜ਼ੋਰਦਾਰ ਹੁੰਗਾਰੇ ਨੇ ਸਭ ਗਿਣਤੀਆਂ ਮਿਣਤੀਆਂ ਬੇਹਿਸਾਬੀਆਂ ਬਣਾ ਦਿੱਤੀਆਂ ਨੇ। ਮੇਰਾ ਦੋਸਤ ਪੱਤਰਕਾਰ ਕਹਿਣ ਲੱਗਾ ਕਿ ਵਿਦੇਸ਼ੀ ਅਤੇ ਖ਼ਾਸ ਕਰਕੇ ਕੈਨੇਡਾ ਵੱਸੇ ਐਨ ਆਰ ਆਈਜ਼ ਦੀ ਵੱਡੀ ਬਹੁਗਿਣਤੀ ਵੀ ਆਮ ਆਦਮੀ ਪਾਰਟੀ ਦੀ ਜ਼ੋਰਦਾਰ ਹਿਮਾਇਤੀ ਹੋ ਗਏ। ਉਹ ਝੂਰ ਰਿਹਾ ਸੀ ਕਿ ਅਕਾਲੀ -ਬੀ ਜੇ ਪੀ ਅਤੇ ਬਾਦਲਾਂ ਬਾਰੇ ਤਾਂ ਇਥੇ ਬਹੁਤੇ ਲੋਕੀਂ ਅਤੇ ਖ਼ਾਸ ਕਰਕੇ ਮੀਡੀਏ ਗੱਲ ਸੁਣਨ ਨੂੰ ਵੀ ਤਿਆਰ ਨਹੀਂ ਸੀ। ਪਤਾ ਨਹੀਂ ਕੀ ਖ਼ਬਤ ਹੋਇਆ ਸੀ ਸਭ ਨੂੰ ਕੇਜਰੀਵਾਲ ਦੀ ਪਾਰਟੀ ਦਾ। ਕੈਨੇਡਾ ਅਮਰੀਕਾ ਦੇ ਹੋਰਨਾ ਪੱਤਰਕਾਰਾਂ ਅਤੇ ਦੋਸਤਾਂ ਮਿੱਤਰਾਂ ਦੇ ਅਜਿਹੇ ਹੀ ਪ੍ਰਭਾਵ ਪਹਿਲਾ ਵੀ ਸਾਂਝੇ ਹੋ ਚੁੱਕੇ ਸਨ। ਸੁੱਤੇ ਸਿੱਧ ਹੀ ਮੇਰਾ ਧਿਆਨ ਪਿਛੋਕੜ ਵੱਲ ਚਲਾ ਗਿਆ।

ਮੈ ਸੋਚ ਰਿਹਾ ਸੀ ਕਿ ਖਾਲਿਸਤਾਨੀ ਖਾੜਕੂਵਾਦ ਅਤੇ ਦਹਿਸ਼ਤਵਾਦ ਦੇ ਦੌਰ ਬਾਅਦ ਪਾਰਲੀਮਾਨੀ ਰਾਜਨੀਤੀ ਪਖੋਂ ਕੋਈ ਵੇਲਾ ਸੀ ਜਦੋਂ ਕਨੇਡਾ, ਅਮਰੀਕਾ ਤੇ ਵਿਦੇਸ਼ਾਂ ਵਿਚ ਵਸੇ ਪੰਜਾਬੀ ਅਕਾਲੀ ਦਲ (ਅੰਮ੍ਰਿਤਸਰ) ਦੇ ਨੇਤਾ ਸਿਮਰਨਜੀਤ ਸਿੰਘ ਮਾਨ ਦੇ ਪੂਰੇ ਸਮਰਥਕ ਸਨ। ਉਨ੍ਹਾਂ ਦਿਨਾਂ ਵਿਚ ਜਦੋਂ ਮੈਂ ਕੈਨੇਡਾ ਜਾਂਦਾ ਸੀ ਤਾਂ ਸਾਰੇ ਵਾਰ – ਵਾਰ ਸਿਮਰਨਜੀਤ ਸਿੰਘ ਮਾਨ ਬਾਰੇ ਹੀ ਸਵਾਲ ਪੁੱਛਦੇ ਸਨ। ਹਰੇਕ ਇਹ ਉਮੀਦ ਰੱਖਦਾ ਸੀ ਕਿ ਬਾਦਲ ਦਲ ਦੇ ਮੁਕਾਬਲੇ ਮਾਨ ਦਲ ਹੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਇੱਕ ਤੀਜਾ ਸਿਆਸੀ ਬਦਲ ਬਣੇਗਾ, ਉਦੋਂ ਬਹੁਤੇ ਐਨ ਆਰ ਆਈ ਪੰਜਾਬੀ ਖ਼ਬਤ ਦੇ ਹੱਦ ਤੱਕ ਮਾਨ ਹਮਾਇਤੀ ਸਨ। ਮਾਇਆ ਦੇ ਗੱਫੇ ਵੀ ਇਸੇ ਦਲ, ਇਸਦੇ ਨੇਤਾਵਾਂ ਅਤੇ ਉਮੀਦਵਾਰਾਂ ਨੂੰ ਭੇਜਦੇ ਸਨ। ਕਾਂਗਰਸ ਉਨ੍ਹਾਂ ਦੇ ਵੱਡੇ ਹਿੱਸੇ ਲਈ ਅਛੂਤੀ ਸੀ।

ਪਰ 2002 ਤੋਂ ਬਾਅਦ ਜਦੋਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਬਣੇ ਅਤੇ ਉਨ੍ਹਾਂ ਨੇ ਬਾਦਲ ਪਰਿਵਾਰ ਤੇ ਬਾਦਲ ਦਲ ਦੇ ਆਗੂਆਂ ਦੇ ਖ਼ਿਲਾਫ਼ ਵਿਜੀਲੈਂਸ ਦਾ ਡੰਡਾ ਚਾੜ੍ਹਿਆ ਤੇ ਦਰਿਆਈ ਪਾਣੀਆਂ ਦੇ ਸਮਝੌਤੇ ਨੂੰ ਰੱਦ ਕਰਨ ਦਾ ਮਤਾ ਵਿਧਾਨ ਸਭਾ ਵਿੱਚੋਂ ਕਰਾਇਆ ਤਾਂ ਅਮਰਿੰਦਰ ਸਿੰਘ ਉਨ੍ਹਾਂ ਹੀ ਪਰਦੇਸੀ ਪੰਜਾਬੀਆਂ ਦੇ ਹੀਰੋ ਬਣ ਗਏ। ਉਸ ਵੇਲੇ ਅਮਰਿੰਦਰ ਹੀ ਉਨ੍ਹਾਂ ਲਈ ਸੱਚੇ ਸਿੱਖ ਸਨ, ਉਹੀ ਪੰਜਾਬ ਦੇ ਮਸੀਹਾ ਸਮਝੇ ਜਾਣ ਲੱਗੇ ਸਨ। ਵਿਦੇਸ਼ੀ ਵਸੇ ਬਹੁਗਿਣਤੀ ਗਰਮ ਖ਼ਿਆਲੀ ਸਿੱਖ ਵੀ ਉਨ੍ਹਾਂ ਦੇ ਭਗਤ ਬਣੇ ਲਗਦੇ ਸਨ।

2005 ਵਿਚ ਮੁੱਖ ਮੰਤਰੀ ਵਜੋਂ ਕੈਪਟਨ ਅਮਰਿੰਦਰ ਸਿੰਘ ਕੈਨੇਡਾ ਫੇਰੀ ਤੇ ਗਏ ਤਾਂ ਉਥੇ ਵਸੇ ਸਿੱਖਾਂ ਜਾਂ ਗ਼ੈਰ ਸਿੱਖ ਪੰਜਾਬੀਆਂ ਦੇ ਵੱਡੇ ਹਿੱਸੇ ਨੇ ਉਨ੍ਹਾਂ ਨੂੰ ਹੱਥਾਂ ਤੇ ਚੁੱਕੀ ਰੱਖਿਆ।ਤੇ ਫੇਰ ਹੌਲੀ ਹੌਲੀ ਅਮਰਿੰਦਰ ਸਿੰਘ ਦਾ ਪ੍ਰਭਾਵ ਵਿਦੇਸ਼ਾਂ ਵਿਚ ਘਟਦਾ ਗਿਆ।

ਮਨ ਅਤੇ ਧਨ ਨਾਲ ਖ਼ੂਬ ਸੇਵਾ ਕੀਤੀ। ਇੱਥੋਂ ਤੱਕ ਕਿ ਉਨ੍ਹਾਂ ਵਿੱਚੋਂ ਕਾਫ਼ੀ ਗਿਣਤੀ ਵਿਚ ਆਪਣੇ ਮੁਲਕਾਂ ਦੇ ਕੰਮ ਧੰਦੇ ਛੱਡਕੇ ਸਿੱਧੇ ਤੌਰ ਪੰਜਾਬ ਦੀ ਚੋਣ ਮੁਹਿੰਮ ਵਿਚ ਸਰਗਰਮੀ ਨਾਲ ਸ਼ਾਮਲ ਵੀ ਹੋਏ। ਪਰ ਵਿਧਾਨ ਸਭਾ ਚੋਣ ਨਤੀਜਿਆਂ ਨੇ ਉਨ੍ਹਾਂ ਨਿਰਾਸ਼ ਕਰ ਦਿੱਤਾ। ਬਾਦਲਾਂ ਨੂੰ ਰਾਜ ਗੱਦੀ ਤੋਂ ਲਾਹੁਣ ਦੇ ਉਨ੍ਹਾਂ ਦੇ ਸੁਪਨੇ ਚੂਰ ਚੂਰ ਹੋ ਗਏ।

ਪੀਪਲਜ਼ ਪਾਰਟੀ ਦੇ ਹੌਲੀ ਹੌਲੀ ਹੋਏ ਖਿੰਡਾਅ ਤੋਂ ਬਾਅਦ ਵਿਦੇਸ਼ੀ ਵੱਸੇ ਪੰਜਾਬੀਆਂ ਦਾ ਮਨਪ੍ਰੀਤ ਬਾਦਲ ਤੋਂ ਮੋਹ ਭੰਗ ਹੁੰਦਾ ਗਿਆ। ਇਸ ਖਲਾਅ ਦੀ ਪੂਰਤੀ ਕੀਤੀ ਅਰਵਿੰਦ ਕੇਜਰੀਵਾਲ ਅਤੇ ਉਸਦੀ ਆਮ ਆਦਮੀ ਪਾਰਟੀ ਨੇ। ਜਦੋਂ ਦਾ ਕੇਜਰੀਵਾਲ ਭਾਰਤ ਦੀ ਰਾਜਨੀਤੀ ਦੇ ਨਕਸ਼ੇ ਤੇ ਉੱਭਰਿਆ ਹੈ, ਉਦੋਂ ਫੇਰ ਉਨ੍ਹਾਂ ਹੀ ਪਰਦੇਸੀ ਪੰਜਾਬੀਆਂ ਦਾ ਰੁੱਖ ਉਧਰ ਨੂੰ ਮੁੜ ਗਿਆ। ਮੈਨੂੰ ਯਾਦ ਹੈ ਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾ ਤੋਂ ਪਹਿਲਾਂ ਅਤੇ ਬਾਅਦ ਵਿਚ ਕੈਨੇਡਾ, ਅਮਰੀਕਾ ਅਤੇ ਆਸਟ੍ਰੇਲੀਆ ਆਦਿਕ ਮੁਲਕਾਂ ਦੇ ਪੰਜਾਬੀ ਮੀਡੀਏ ਲਈ ਦਰਜਨ ਤੋਂ ਵੱਧ ਵਾਰ ਸਿਰਫ਼ ਕੇਜਰੀਵਾਲ ਤੇ ਹੀ ਕਮੈਂਟਰੀ ਦੇਣੀ ਪਈ। ਜਿਉਂ-ਜਿਉਂ ਲੋਕ ਸਭਾ ਚੋਣ ਨੇੜੇ ਆਉਂਦੀ ਗਈ, ਕੇਜਰੀਵਾਲ ਦੇ ਝਾੜੂ ਦੇ ਹਿਮਾਇਤੀ ਐਨ.ਆਰ.ਆਈਜ਼ ਦਾ ਘੇਰਾ ਫੈਲਦਾ ਗਿਆ। ਉਨ੍ਹਾਂ ਵਿਚ ਜੋ ਜਜ਼ਬਾ ਅਤੇ ਜੋਸ਼- ਖਰੋਸ਼ ਤੇ ਜਨੂਨ ਪਹਿਲੇ ਨੇਤਾਵਾਂ ਬਾਰੇ ਸੀ, ਉਹੀ ਪੰਜਾਬ ਵਿਚ ਤਾਜ਼ਾ ਲੋਕ ਸਭਾ ਚੋਣਾ ਦੌਰਾਨ ਕੇਜਰੀਵਾਲ ਪਾਰਟੀ ਪ੍ਰਤੀ ਦਿਖਾਈ ਦਿੱਤਾ।

ਟਰਾਂਟੋ ਤੋਂ ਮੇਰੇ ਇੱਕ ਦੋਸਤ ਨੇ ਦੱਸਿਆ ਕਿ ਕਿਸੇ ਜਗਾ ਕੁੱਝ ਪ੍ਰਵਾਸੀ ਬੈਠੇ ਸੀ, ਤੇ ਮਿੰਟਾਂ ਵਿਚ 5 ਹਜ਼ਾਰ ਡਾਲਰ ਆਮ ਆਦਮੀ ਪਾਰਟੀ ਦੇ ਫ਼ੰਡ ਲਈ ਇੱਕਠੇ ਹੋ ਗਏ।ਜਿਵੇਂ ਮਨਪ੍ਰੀਤ ਬਾਦਲ ਦੀ ਪਾਰਟੀ ਦੀ ਚੋਣ ਮੁਹਿੰਮ ਲਈ ਪਰਦੇਸੀ ਪੰਜਾਬੀਆਂ ਦੇ ਕੁਝ ਗਰੁੱਪ ਆਏ ਸਨ, ਉਸੇ ਤਰ੍ਹਾਂ ਹੁਣ ਵੀ ਉਨ੍ਹਾਂ ਦੀ ਕੁਝ ਗਿਣਤੀ ਇਨ੍ਹਾ ਚੋਣਾ ਦੌਰਾਨ ਪੰਜਾਬ ਵਿਚ ਸਰਗਰਮ ਦਿਖੀ ਹਾਲਾਂਕਿ ਇਹ ਮੌਸਮ ਅਤੇ ਮਹੀਨੇ ਪ੍ਰਵਾਸੀ ਪੰਜਾਬੀਆਂ ਦੀ ਸੁਭਾਵਕ ਆਮਦ ਵਾਲੇ ਨਹੀਂ ਹਨ। ਇਥੋਂ ਤੱਕ ਕਿ ਕੇਜਰੀਵਾਲ ਹਿਮਾਇਤੀ ਪਰਦੇਸੀਆਂ ਨੇ ਪੰਜਾਬ ਵਿਚਲੇ ਆਪਣੇ ਪਰਿਵਾਰਾਂ, ਰਿਸ਼ਤੇਦਾਰਾਂ ਅਤੇ ਦੋਸਤਾਂ-ਮਿੱਤਰਾਂ ਨੂੰ ਵੀ ਝਾੜੂ ਫੇਰਨ ਲਈ ਪ੍ਰੇਰਨ ਦਾ ਯਤਨ ਕੀਤਾ। ਉਨ੍ਹਾਂ ਦੀਆਂ ਹਨ ਢੇਰ ਸਾਰੀਆਂ ਆਸਾਂ ਤੇ ਉਮੀਦਾਂ ਕੇਜਰੀਵਾਲ ਤੇ ਉਸਦੀ ਪਾਰਟੀ ਤੇ ਹਨ । ਹੁਣ ਦੇਖਣਾ ਹੈ ਕਿ ਪੰਜਾਬ ਵਿਚਲੇ ਲੋਕ ਸਭਾ ਚੋਣ ਨਤੀਜੇ ਕੀ ਨਿਕਲਦੇ ਨੇ ਅਤੇ ਫੇਰ ਆਮ ਆਦਮੀ ਪਾਰਟੀ ਉਨ੍ਹਾਂ ਦੇ ਪੈਮਾਨੇ ਤੇ ਖਰੀ ਉੱਤਰਦੀ ਹੈ ਕਿ ਨਹੀਂ।

ਇੱਕ ਗੱਲ ਮੈਂ ਸਪੱਸ਼ਟ ਕਰ ਦਿਆਂ ਕਿ ਇਸ ਦਾ ਮਤਲਬ ਇਹ ਨਹੀਂ ਕਾਂਗਰਸ ਪਾਰਟੀ ਜਾਂ ਅਕਾਲੀ ਦਲ ਦੇ ਯੂਨਿਟ ਵਿਦੇਸ਼ ਨਹੀਂ ਜਾ ਇਨ੍ਹਾ ਪਾਰਟੀਆਂ ਦੇ ਵਰਕਰ ਜਾਂ ਮੱਦਦਗਾਰ ਉੱਥੇ ਮੌਜੂਦ ਨਹੀਂ। ਇਨ੍ਹਾ ਪਾਰਟੀਆਂ ਦੇ ਯੂਨਿਟ ਅਤੇ ਅਹੁਦੇਦਾਰ ਵੀ ਬਿਆਨਬਾਜ਼ੀ ਤੇ ਇਸ਼ਤਿਹਾਰ ਬਾਜ਼ੀ ਕਰਦੇ ਰਹੇ, ਮਨਪ੍ਰੀਤ ਇਆਲ਼ੀ ਵਰਗੇ ਉਮੀਦਵਾਰਾਂ ਦੇ ਕੁਝ ਸਮਰਥਕਾਂ ਨੇ ਆਪਣਾ ਯੋਗਦਾਨ ਵੀ ਪਾਇਆ ਇਨ੍ਹਾਂ ਪਾਰਟੀਆਂ ਦੇ ਹਿਮਾਇਤੀ ਵੀ ਆਪੋ-ਆਪਣੀਆਂ ਪਾਰਟੀਆਂ ਅਤੇ ਉਮੀਦਵਾਰਾਂ ਦੇ ਹੱਕ ਵਿਚ ਕਿਸੇ ਨਾ ਕਿਸੇ ਰੂਪ ਵਿਚ ਸਰਗਰਮ ਸਨ ਅਤੇ ਕੁਝ ਤਾਂ ਇੰਨੀ ਦਿਨੀਂ ਪੰਜਾਬ ਦੀ ਚੋਣ ਮੁਹਿੰਮ ਵਿਚ ਵੀ ਸ਼ਾਮਲ ਹੋਏ, ਪਰ ਮੈਂ ਐਨ.ਆਰ.ਆਈ ਪੰਜਾਬੀਆਂ ਗ਼ੈਰ ਪਾਰਟੀ ਵਰਗਾਂ ਦੇ ਆਮ ਰੁਝਾਨ ਦੀ ਚਰਚਾ ਕਰ ਰਿਹਾ ਹਾਂ।

ਇੱਕ ਪਹਿਲੂ ਨੋਟ ਕਰਨ ਵਾਲਾ ਹੈ ਕਿ ਪਰਦੇਸੀ ਪੰਜਾਬੀਆਂ ਨੂੰ ਕਾਂਗਰਸ ਅਤੇ ਅਕਾਲੀ-ਬੀ ਜੇ ਪੀ ਗੱਠਜੋੜ ਦੇ ਖ਼ਿਲਾਫ਼ ਖੜ੍ਹਾ ਕਰਨ ਅਤੇ ਆਮ ਆਦਮੀ ਪਾਰਟੀ ਵੱਲ ਖਿੱਚਣ ਅਤੇ ਮੋੜਵੇਂ ਰੂਪ ਵਿਚ ਉਨ੍ਹਾਂ ਦੇ ਸਥਾਪਤੀ-ਵਿਰੋਧੀ ਰੌਂਅ ਦੇ ਇਜ਼ਹਾਰ ਲਈ ਸਪਿਕਲ ਨੈਟਵਰਕ ਮੀਡੀਏ ਨੇ ਸਭ ਤੋਂ ਵੱਧ ਅਹਿਮ ਭੂਮਿਕਾ ਨਿਭਾਈ ਹੈ।

ਤੇ ਆਖ਼ਰੀ ਗੱਲ ਇਹ ਕਿ ਅਕਾਲੀ – ਬੀ ਜੇ ਪੀ ਸਰਕਾਰ ਅਤੇ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਇਹ ਅੰਦਰ-ਝਾਤੀ ਮਾਰਨੀ ਪਵੇਗੀ, ਕਿ ਐਨ ਆਰ ਆਈਜ਼ ਦੀ ਭਲਾਈ, ਬਿਹਤਰੀ ਅਤੇ ਉਨ੍ਹਾਂ ਦੀ ਖ਼ਾਤਰਦਾਰੀ ਲਈ ਬਾਦਲ ਸਰਕਾਰ ਵੱਲੋਂ ਕਾਫ਼ੀ ਅਹਿਮ ਫ਼ੈਸਲੇ ਲਏ ਵੀ ਗਏ ਤੇ ਲਾਗੂ ਵੀ ਕੀਤੇ ਗਏ, ਉਨ੍ਹਾਂ ਲਈ ਵਿਸ਼ੇਸ਼ ਰਿਆਇਤਾਂ-ਸਹੂਲਤਾਂ ਵੀ ਸ਼ੁਰੂ ਕੀਤੀਆਂ ਗਈਆਂ, ਐਨ ਆਰ ਆਈ ਸੰਮੇਲਨ ਵੀ ਕਰਾਏ ਗਏ ਪਰ ਫਿਰ ਵੀ ਪਰਦੇਸੀ ਪੰਜਾਬੀਆਂ ਦਾ ਇੱਕ ਤਕੜਾ ਹਿੱਸਾ-ਅਕਾਲੀ-ਬੀ ਜੇ ਪੀ ਗੱਠਜੋੜ ਵਿਰੋਧੀ ਰਾਜਨੀਤੀ ਵੱਲ ਹੀ ਆਕਰਸ਼ਿਤ ਕਿਓਂ ਹੋ ਰਿਹਾ ਹੈ?

ਇਹ ਸਵਾਲ ਬਹੁਤ ਗੁੰਝਲਦਾਰ ਹੈ, ਜਿਸ ਦਾ ਜਵਾਬ ਸ਼ਾਇਦ ਕੋਈ ਸਿੱਧ ਪੱਧਰਾ ਨਹੀਂ ਹੋ ਸਕਦਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰੁਮਤ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top