ਕੌਮ ਦੀ ਮੌਜੂਦਾ ਹਾਲਤ ਨੂੰ ਵੇਖ ਕੇ ਕਿਸੇ ਸ਼ਾਇਰ ਦਾ ਲਿਖਿਆ ਇਹ
ਸ਼ੇਰ ਯਾਦ ਆ ਜਾਂਦਾ ਹੈ - "ਮੰਝਧਾਰ ਮੇਂ ਨਈਆ ਡੋਲੇ, ਉਸੇ ਮਾਝੀ
ਪਾਰ ਲਗਾਏ। ਮਾਝੀ ਜੋ ਨਾਵ ਡੁਬੋਏ, ਉਸੇ ਕੌਨ ਬਚਾਏ?" ਕੌਮ ਦੀ ਮੌਜੂਦਾ ਹਾਲਤ ਇਕ
ਡੁਬਦੀ ਹੋਈ ਬੇੜੀ ਦੀ ਤਰ੍ਹਾਂ ਹੈ, ਜਿਸ ਨੂੰ ਡੋਬਣ ਵਾਲਾ ਕੋਈ ਹੋਰ ਨਹੀਂ ਉਸ ਦਾ "ਸੁਚੇਤ
ਅਤੇ ਜਾਗਰੂਕ" ਤਬਕਾ ਹੀ ਜਿੰਮੇਵਾਰ ਹੈ। ਇਹ ਤਬਕਾ ਇਸ ਕਦਰ ਦਿਸ਼ਾਹੀਣ ਹੋ ਚੁਕਿਆ ਹੈ ਕਿ,
ਉਸ ਡੁਬਦੀ ਹੋਈ ਬੇੜੀ ਨੂੰ ਬਾਹਰ ਕੱਢਣ ਦੀ ਬਜਾਏ, ਉਸ ਵਿੱਚ ਆਪ ਹੀ ਵੱਟੇ ਪਾਉਣ ਦਾ ਕੰਮ
ਕਰ ਰਿਹਾ ਹੈ। ਇਸ ਜਾਗਰੂਕ ਤਬਕੇ ਵਿੱਚ ਇਕ ਬਹੁਤ ਵੱਡਾ ਵਰਗ ਹੈ ਵਿਦਵਾਨਾਂ, ਲਿਖਾਰੀਆਂ
ਅਤੇ ਖੋਜੀਆਂ ਦਾ, ਜੋ ਲਗਦਾ ਹੈ ਪੂਰੀ ਤਰ੍ਹਾਂ ਭਟਕ ਚੁਕਾ ਹੈ।
ਪੁਰਾਨੀ
ਕਹਾਵਤ ਹੈ ਕੇ ਕਲਮਾਂ ਵਿੱਚ ਇੱਨੀ ਤਾਕਤ ਹੁੰਦੀ ਹੈ ਕਿ ਦੁਨੀਆਂ ਦੀ ਕਿਸੇ ਤਲਵਾਰ ਵਿੱਚ
ਉਨੀ ਤਾਕਤ ਨਹੀਂ ਹੁੰਦੀ। ਇਹ ਕਲਮਾਂ ਸਦੀਆਂ ਤੋਂ ਸੁੱਤੀਆਂ ਕੌਮਾਂ ਨੂੰ ਜਗਾ ਕੇ ਰੱਖ
ਦੇਂਦੀਆ ਰਹਿਆਂ ਨੇ। ਇਹ ਕਲਮਾਂ ਵੱਡੇ ਵੱਡੇ ਸੁਲਤਾਨਾਂ ਅਤੇ ਹਾਕਿਮਾਂ ਨੂੰ, ਸਿਰ ਝੁਕਾ
ਦੇਣ ਲਈ ਮਜਬੂਰ ਕਰ ਦੇਂਦੀਆਂ ਰਹਿਆਂ ਨੇ। ਇਹ ਕਲਮਾਂ ਵੱਡੀਆਂ ਵੱਡੀਆਂ ਰਿਆਸਤਾਂ ਦੇ ਤਖਤੇ
ਪਲਟ ਦੇਂਣ ਦਾ ਕਾਰਣ ਬਣੀਆਂ ਨੇ। ਇਨਾਂ ਕਲਮਾਂ ਵਿੱਚੋਂ ਨਿਕਲੀਆਂ ਵਾਰਾਂ ਅਤੇ ਕਵਿਤਾਵਾਂ
ਨੇ ਕੌਮ ਦੇ ਸੁੱਤੇ ਲੋਕਾਂ ਵਿੱਚ ਇਕ ਨਵੀਂ ਉਮੰਗ ਅਤੇ ਜੋਸ਼ ਭਰ ਦਿਤਾ ਹੈ।
ਕੌਮ ਦੇ ਵਿਦਵਾਨ ਅਤੇ ਲਿਖਾਰੀ ਕੌਮ ਦੇ ਨਿਘਾਰ ਦੇ ਵੇਲੇ ਇਕ ਯੋਧੇ
ਦੀ ਤਰ੍ਹਾਂ ਕੰਮ ਕਰਦੇ ਆਏ ਨੇ, ਅਤੇ ਉਨਾਂ ਦੀਆਂ ਕਲਮਾਂ, ਇਕ ਤਲਵਾਰ ਦਾ ਕੰਮ ਕਰਦੀਆਂ
ਰਹੀਆਂ ਨੇ। ਇਹ ਤਲਵਾਰਾਂ ਜਦੋਂ ਵੀ ਚਲੀਆਂ ਨੇ, ਸੁੱਤੀਆਂ ਕੌਮਾਂ ਵਿੱਚ ਇਕ ਨਵੀਂ ਕ੍ਰਾਂਤੀ
ਅਤੇ ਜਨ ਚੇਤਨਾਂ ਨੇ ਜਨਮ ਲਿਆ ਹੈ। ਲੇਕਿਨ ਅਫਸੋਸ ਦੀ ਗਲ ਇਹ
ਹੈ ਕਿ ਇਹ ਤਲਵਾਰਾਂ (ਕਲਮਾਂ) ਅੱਜ ਆਪਸ ਵਿੱਚ ਹੀ ਟਕਰਾ ਰਹੀਆਂ ਨੇ। ਇਨਾਂ
ਯੋਧਿਆਂ ਨੇ ਅਪਣੀਆਂ ਤਲਵਾਰਾਂ ਦਾ ਰੁੱਖ ਦੁਸ਼ਮਣ ਦੀ ਬਜਾਇ ਅਪਣੇ ਹੀ ਯੋਧਿਆਂ ਵਲ ਕਰ ਦਿਤਾ
ਹੈ, ਅਤੇ ਉਹ ਇਸ ਨਾਜੁਕ ਸਮੇਂ ਅੰਦਰ ਦਿਸ਼ਾ ਹੀਣ ਹੋਕੇ ਅਪਣਿਆਂ ਦਾ ਹੀ ਸਿਰ ਵਡ੍ਹਣ 'ਤੇ
ਉਤਾਰੂ ਹੋ ਚੁਕੀਆਂ ਨੇ।
ਸੋਚਿਆ ਤਾਂ ਇਹ ਸੀ ਕਿ ਹੁਣ ਕੁਝ ਦਿਨ, ਕੁਝ ਨਾਂ ਲਿਖਿਆ ਜਾਵੇ
ਅਤੇ ਚੁੱਪ ਰਹਿ ਕੇ ਹੀ ਇਨਾਂ ਕਲਮਾਂ ਦਾ ਸਹੀ ਰੁੱਖ ਅਖਤਿਆਰ ਕਰਨ ਦਾ ਇੰਤਜਾਰ ਕੀਤਾ ਜਾਵੇ,
ਲੇਕਿਨ ਉਹ ਕਲਮਾਂ ਹੀ ਕੀ, ਜੋ ਰੁਕ ਜਾਂਣ ਤੇ ਸੋਚ , ਡਰ ਕੇ ਤੁਰਨ ਅਤੇ ਮੌਕਾ ਪਰਸਤ ਹੋ
ਜਾਣ। ਅਪਣੇ ਲਈ ਲਿਖਣ ਜਾਂ ਦੂਜਿਆਂ ਨੂੰ ਨੀਵਾਂ ਦਿਖਾਣ ਲਈ ਤੁਰਨ। ਅਜ ਇਹੋ ਜਹੀਆ
ਕਲਮਾਂ ਦੀ ਬਹੁਤਾਤ ਹੈ ਜੋ "ਕਿਸੇ ਲਈ" ਲਿਖਦੀਆਂ ਹਨ, ਇਥੋਂ ਤਕ ਕਹਿਆ ਜਾ ਸਕਦਾ ਹੈ ਕੇ
ਭਾੜੇ 'ਤੇ ਚਲਦੀਆਂ ਹਨ ਅਤੇ ਬਿਨਾਂ ਭਾੜੇ ਦੇ ਉਹ ਰੁੱਕ ਜਾਂਦੀਆਂ ਹਨ, ਲਗਦਾ ਹੈ ਇਹ ਕਲਮਾਂ
ਨਹੀਂ ਟੈਕਸੀਆਂ ਹੋਣ। ਅਜ ਜੋ ਹਾਲਤ ਕੌਮ ਦੀ ਹੈ, ਉਸ ਲਈ ਇਨਾਂ ਲਿਖਾਰੀਆਂ ਅਤੇ ਵਿਦਵਾਨਾਂ
ਨੂੰ ਚਾਹੀਦਾ ਤਾਂ ਇਹ ਸੀ ਕਿ ਉਨਾਂ ਮੁੱਦਿਆਂ ਤੇ ਕੌਮ ਨੂੰ ਸੁਚੇਤ ਕਰਨ ਲਈ ਅਪਣੀਆਂ ਕਲਮਾਂ
ਦੀ ਧਾਰ ਨੂੰ ਤੇਜ ਕਰਨ ਅਤੇ ਵਰਤਨ, ਜਿਹੜੇ ਮੁੱਦੇ ਕੌਮ ਦੇ ਨਿਘਾਰ ਦਾ ਕਾਰਣ ਬਣ ਰਹੇ ਨੇ,
ਲੇਕਿਨ ਇਸ ਤਬਕੇ ਨੂੰ ਇਕ ਦੂਜੇ ਨਾਲ ਖਹਿਬਾਜੀ ਅਤੇ ਬਹਿਸ ਕਰਣ ਤੋਂ ਹੀ ਵੇਲ੍ਹ ਨਹੀਂ ਹੈ।
ਅਪਣੀ ਅਪਣੀ ਵਿਦਵਤਾ ਦਾ ਝੰਡਾ ਚੁਕੀ ਇਹ ਤੁਰੀ ਜਾ ਰਹੇ ਨੇ, ਇਨਾਂ ਨੂੰ ਸ਼ਾਇਦ ਇਸ ਗਲ ਦਾ
ਵੀ ਇਹਸਾਸ ਨਹੀਂ ਹੈ ਕਿ ਇਹ ਕਰ ਕੀ ਰਹੇ ਨੇ? ਹਾਂ ! ਜੋ ਭਾੜੇ
ਦੇ ਲਿਖਾਰੀ ਹਨ, ਉਹ ਜ਼ਰੂਰ ਨੀਤੀ ਦੇ ਨਾਲ ਅਪਣਾਂ ਕੰਮ ਕਰੀ ਜਾ ਰਹੇ ਨੇ ਅਤੇ ਉਹ ਸਭ ਕੁਝ
ਸੋਚ ਸਮਝ ਕੇ ਕਿਸੇ ਸਵਾਰਥ ਦੇ ਵਾਸਤੇ ਲਿਖ ਰਹੇ ਨੇ, "ਕਿਸੇ ਲਈ" ਲਿਖ ਰਹੇ ਨੇ।
ਸਿੱਖ ਕੌਮ ਵਿੱਚ ਕੁਝ ਬਹੁਤ ਹੀ ਨਾਜੁਕ ਅਤੇ ਸੰਵੇਦਨ ਸ਼ੀਲ ਵਿਸ਼ੈ ਹਨ , ਜਿਨਾਂ ਤੇ ਆਏ
ਦਿਨ ਕਿੰਤੂ ਖੜੇ ਕਰਕੇ ਕੌਮ ਨੂੰ ਅਸਥਿਰਤਾ ਅਤੇ ਭੰਬਲਭੁਸਿਆਂ ਵਿੱਚ ਖੜਾ ਕੀਤਾ ਜਾ ਰਿਹਾ
ਹੈ, ਤਾਂਕਿ ਕੌਮ ਦੀ ਹਾਲਤ ਦਿਨ ਬ ਦਿਨ ਬੱਦਤਰ ਹੁੰਦੀ ਜਾਵੇ। ਦੁਖਾਂਤ ਇਹ ਹੈ ਕਿ ਪੰਥ ਦੇ
ਦੁਸ਼ਮਣ ਜੋ ਚਾਹੁੰਦੇ ਹਨ, ਉਹ ਕੰਮ ਸਾਡੇ ਅਪਣੇ ਵਿਦਵਾਨ ਹੀ ਪੂਰਾ ਕਰੀ ਜਾ ਰਹੇ ਨੇ। ਇਨਾਂ
ਵਿਸ਼ਿਆਂ ਤੇ ਸਾਡੀਆਂ ਜਾਗਰੂਕ ਧਿਰਾਂ ਆਏ ਦਿਨ ਅਪਣੇ ਵੀਚਾਰ, ਚਰਚਾਵਾਂ ਅਤੇ ਸੰਵਾਦ ਨੂੰ
ਜਨਤਕ ਕਰਦੇ ਵੇਖੇ ਜਾ ਸਕਦੇ ਹਨ। ਸਿੱਖ ਵਿਰੋਧੀ ਤਾਕਤਾਂ ਦਾ ਸਿੱਖੀ ਨੂੰ ਖਤਮ ਕਰਨ ਦਾ
ਅਜੇਂਡਾ ਵੀ ਤਾਂ ਇਹ ਹੀ ਹੈ, ਜਿਸਨੂੰ ਜਾਣੇ ਅੰਨਜਾਣੇ ਸਾਡੇ ਵਿਦਵਾਨ ਹੀ ਪੂਰਾ ਕਰੀ ਜਾ
ਰਹੇ ਹਨ। ਉਹ ਸਾਨੂੰ ਅਪਣੇ ਮੱਤ ਵਿੱਚ ਜਜਬ ਕਰ ਲੈਣ ਲਈ, ਇਨਾਂ ਹੇਠ ਲਿਖੇ ਮੁਦਿਆਂ 'ਤੇ
ਹੀ ਕੰਮ ਕਰ ਰਿਹੇ ਹਨ, ਜਿਸਨੂੰ ਸਾਡੇ ਵਿਦਵਾਨ ਬਹਿਸਾਂ, ਚਰਚਾਵਾਂ ਅਤੇ ਕਿਤਾਬਾਂ ਦੇ
ਜਰਿਏ ਹੀ ਪੂਰਾ ਕਰੀ ਜਾ ਰਹੇ ਨੇ। ਇਨਾਂ ਵਿਚੋਂ ਕੁਝ
ਸੰਵੇਦਨਸ਼ੀਲ ਮੁੱਦੇ ਹਨ-
1- ਸਿੱਖਾਂ ਦੇ ਸ਼ਬਦ ਗੁਰੂ ਦਾ ਮੌਜੂਦਾ ਸਰੂਪ ਤੇ ਕਿੰਤੂ ਖੜੇ
ਕਰਨਾ।
2- ਅਕਾਲ ਤਖਤ ਦੇ ਸਤਕਾਰਤ ਅਦਾਰੇ ਦੇ ਸੰਦੇਸ਼ ਅਤੇ ਸਿਧਾਂਤ 'ਤੇ ਕਿੰਤੂ ਕਰਨਾ।
3- ਸਿੱਖੀ ਸਰੂਪ ਨਾਲ ਖਿਲਵਾੜ (ਸਹਿਜਧਾਰੀ ਸਿੱਖ ਦੇ ਨਾਮ 'ਤੇ)।
4- ਸਿੱਖ ਇਤਿਹਾਸ ਅਤੇ ਲਿਟਰੇਚਰ ਨੂੰ ਵਿਕ੍ਰਤ ਕਰਨਾ।
5- ਸਿੱਖੀ ਦੇ ਧਾਰਮਿਕ ਸੰਵਿਧਾਨ, ਸਿੱਖ ਰਹਿਤ ਮਰਿਯਾਦਾ ਨੂੰ ਸਿਰੇ ਤੋਂ ਰੱਦ ਕਰਨਾ।
ਪੰਥ ਵਿਰੋਧੀ ਤਾਕਤਾਂ ਅਤੇ ਉਨਾਂ ਦੇ ਖਰੀਦੇ ਭਾੜੇ ਦੇ ਇਹ ਅਖੌਤੀ
ਵਿਦਵਾਨ ਅਤੇ ਲਿਖਾਰੀ ਇਹ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਆਮ ਸਿੱਖਾਂ ਦੇ ਮਨ ਵਿੱਚ ਇਨਾਂ
ਵਿਸ਼ਿਆਂ ਤੇ ਕਿੰਤੂ ਪੈਦਾ ਕਰ ਦੇਣ ਦੀ ਸਾਜਿਸ਼ ਰੱਚ ਚੁਕੇ ਹਨ। ਸਾਡੇ ਲਿਖਾਰੀਆਂ ਅਤੇ
ਵਿਦਵਾਨਾਂ ਨੂੰ ਉਸ ਸਾਜਿਸ਼ ਦੇ ਅਧੀਨ ਆਪਸ ਵਿੱਚ ਹੀ ਉਲਝਾ ਕੇ ਰੱਖ ਦਿਤਾ ਗਇਆ ਹੈ। ਜਿਸਦਾ
ਇਨਾਂ ਨੂੰ ਇਹਸਾਸ ਤਕ ਨਹੀਂ ਹੈ। ਗਿਆਨ ਅਤੇ ਖੋਜ ਦੇ ਨਾਮ 'ਤੇ ਇਹ ਭਾੜੇ ਦੇ ਵਿਦਵਾਨ ਜਾਣ
ਬੂਝ ਕੇ ਅਤੇ ਇਕ ਸਾਜਿਸ਼ ਦੇ ਤਹਿਤ, ਇਨਾਂ ਨਾਜੁਕ ਵਿਸ਼ਿਆਂ 'ਤੇ ਜਨਤਕ ਰੂਪ ਵਿੱਚ ਚਰਚਾ
ਛੇੜਦੇ ਹਨ ਅਤੇ ਉਨਾਂ ਦੇ ਜਾਲ ਵਿੱਚ ਦੂਜੇ ਭੋਲੇ ਭਾਲੇ ਲਿਖਾਰੀ ੳਤੇ ਵਿਦਵਾਨ ਸਹਿਜੇ ਹੀ
ਫੱਸ ਜਾਂਦੇ ਹਨ, ਕਿਉਂਕਿ ਹਰ ਵਿਦਵਾਨ ਵਿੱਚ ਅਪਣੀ ਗਲ ਨੂੰ ਪ੍ਰਮੁਖਤਾ ਦੇਣ ਦੀ ਇਕ ਛੁੱਪੀ
ਹੋਈ ਕਮਜ਼ੋਰੀ ੳਰੂਰ ਹੁੰਦੀ ਹੈ।
ਇਸ ਜਾਲ ਵਿੱਚ ਦੂਜੇ ਲਿਖਾਰੀ ਤਾਂ ਫਸਦੇ ਹੀ ਹਨ ਉਨਾਂ ਦੀ ਅਪਸੀ ਬਹਿਸ ਬਾਜੀ ਦੇ ਫਾਇਦੇ
ਵੀ ਉਨਾਂ ਪੰਥ ਵੋਰੋਧੀ ਧਿਰਾਂ ਨੂੰ ਹੀ ਮਿਲਦੇ ਹਨ।
ਪਹਿਲਾ, ਇਹ ਕਲਮਾਂ ਆਪਸੀ ਮਾਰ
ਕੱਟ ਵਿੱਚ ਉਲਝ ਕੇ ਜਰੂਰੀ ਵਿਸ਼ਿਆਂ ਬਾਰੇ ਕੌਮ ਨੂੰ ਸੁਚੇਤ ਕਰਣ ਤੋਂ ਵਾਂਝੀਆਂ ਰਹਿ
ਜਾਂਦੀਆਂ ਨੇ, ਅਤੇ ਉਨਾਂ ਦੀ ਅਸਲੀ ਤਾਕਤ ਦਾ ਸਹੀ ਇਸਤੇਮਾਲ, ਜੋ ਕੌਮ ਦੀ ਚੜਦੀਕਲਾ ਅਤੇ
ਭਲਾਈ ਲਈ ਹੋ ਸਕਦਾ ਹੈ, ਉਹ ਖਰਾਬ ਕਰ ਦਿਤੀ ਜਾਂਦੀ ਹੈ।
ਦੂਜਾ, ਇਨਾਂ ਸੰਵੇਦਨਸ਼ੀਲ
ਮੁਦਿਆ ਨੂੰ ਪੜ੍ਹ ਕੇ ਕੱਚੀ ਸੋਚ ਵਾਲਾ ਪਾਠਕ, ਜੋ ਬਹੁਤ ਕੁਝ ਜਾਨਣ ਅਤੇ ਸਿੱਖਣ ਦਾ ਯਤਨ
ਕਰ ਰਿਹਾ ਹੁੰਦਾ ਹੈ, ਉਹ ਕਈ ਪ੍ਰਕਾਰ ਦੇ ਭੰਬਲ ਭੂਸਿਆਂ ਅਤੇ ਸ਼ੰਕਾਵਾਂ ਦਾ ਸ਼ਿਕਾਰ ਹੋ
ਜਾਂਦਾ ਹੈ। ਉਹ ਪਾਠਕ ਇਨਾਂ ਉਲਝ ਜਾਂਦਾ ਹੈ, ਕਿ ਕੌਣ ਸਹੀ ਲਿਖ ਰਿਹਾ ਹੈ ਅਤੇ ਕੌਣ ਗਲਤ
ਲਿਖ ਰਿਹਾ ਹੈ, ਇਸ ਗਲ ਦਾ ਫੈਸਲਾ ਵੀ ਉਹ ਨਹੀਂ ਕਰ ਪਾਉਂਦਾ।
ਇਹ ਵੀ ਉਨਾਂ ਦੀ ਉਸ ਸਾਜਿਸ਼ ਦਾ ਹੀ ਨਤੀਜਾ ਹੈ ਕਿ ਅਸੀਂ ਇਨ੍ਹਾਂ ਨਾਜੁਕ ਵਿਸ਼ਿਆਂ 'ਤੇ
ਹੀ ਆਪਸ ਵਿੱਚ ਜਨਤਕ ਰੂਪ ਵਿੱਚ ਬਹਿਸਬਾਜੀ ਕਰਦੇ ਅਕਸਰ ਨਜਰ ਆਂਉਦੇ ਹਾਂ।
ਕਈ ਵਾਰ ਮੇਰੀਆਂ ਲਿਖਤਾਂ ਵਿੱਚ ਪਾਠਕਾਂ ਨੂੰ ਕੁੱਝ ਗਲਾਂ ਔਖੀਆਂ ਅਤੇ ਕੌੜੀਆਂ ਜ਼ਰੂਰ
ਲਗਦੀਆਂ ਹਨ, ਅਤੇ ਮੈਨੂੰ ਅਕਸਰ ਇਨਾਂ ਗਲਾਂ ਲਈ ਅਪਣੇ ਇਸ ਜਾਗਰੂਕ ਤਬਕੇ ਕੋਲੋਂ ਵੀ
ਅਲੋਚਨਾ ਦਾ ਸ਼ਿਕਾਰ ਹੋਣਾ ਪੈਂਦਾ ਹੈ, ਲੇਕਿਨ ਕੀ ਕਰਾਂ? ਸੱਚ ਕਹਿਣਾ ਅਤੇ ਸੁਨਣਾ ਅਤੇ
ਉਸ ਨੂੰ ਪਚਾਣਾ ਬਹੁਤ ਹੀ ਔਖਾ ਹੁੰਦਾ ਹੈ, ਕਿਉਂਕਿ ਇਹ ਕੌੜਾ ਹੀ ਨਹੀਂ ਕਸੈਲਾ ਵੀ ਬਹੁਤ
ਹੁੰਦਾ ਹੈ।
ਅੱਜ ਤੁਸੀਂ ਕੀ ਸਮਝਦੇ ਹੋ, ਕਿ ਆਰ. ਐਸ. ਐਸ ਵਰਗੀ ਕਟੱਰ ਹਿੰਦੂ
ਰਾਸ਼ਟ੍ਰ ਦਾ ਨਕਸ਼ਾ ਉਲੀਕਣ ਵਾਲੀ ਸੰਸਥਾ ਦੇ ਹਜਾਰਾਂ ਵਰਕਰ ਬਾਗਾਂ ਅਤੇ ਪਾਰਕਾਂ ਵਿੱਚ
ਨਿਕਰਾਂ ਅਤੇ ਸੋਟੀਆਂ ਫੱੜ ਕੇ, ਹਰ ਰੋਜ਼ ਗਤਕਾ ਖੇਡਣ ਜਾਂ ਕਸਰਤ ਕਰਨ ਲਈ ਉਥੇ ਇਕੱਠੇ
ਹੁੰਦੇ ਹਨ? ਨਹੀਂ! ਉਹ ਚਾਲਾਕ ਚਾਣਕਿਆ ਦੇ ਚੇਲੇ ਹਨ। ਪਾਰਕਾਂ ਅਤੇ ਮੈਦਾਨਾਂ ਵਿੱਚ ਉਹ
ਨੀਤੀਆਂ ਬਣਾਉਣ ਲਈ ਇਕਠੇ ਹੁੰਦੇ ਹਣ ਅਤੇ ਆਪਣੀਆਂ ਭਵਿੱਖ ਦੀਆਂ ਨੀਤੀਆਂ ਨੂੰ ਲਾਗੂ ਕਰਣ
ਦੀਆਂ ਸਕੀਮਾਂ ਬਣਾਉਂਦੇ ਹਨ। ਇਨਾਂ ਪਾਰਕਾਂ ਅਤੇ ਮੈਦਾਨਾਂ ਤੋਂ ਵੱਧ ਮਹਫੂਜ ਅਤੇ ਏਕਾਂਤ
ਥਾਂ, ਹੋਰ ਕਿਹੜੀ ਹੋ ਸਕਦੀ ਹੈ? ਜਿਥੇ ਨਾਂ ਕੋਈ ਜਾਸੂਸ ਹੋਵੇ ਅਤੇ ਨਾਂ ਕੋਈ ਮਾਈਕ ਅਤੇ
ਸਪੀਕਰ ਹੋਵੇ, ਨਾ ਬਾਹਰ ਦਾ ਕੋਈ ਬੰਦਾ ਆ ਸਕੇ। ਇਨਾਂ ਗੁਪਤ ਮੀਟਿੰਗਾਂ ਵਿੱਚ ਬਹੁਤ ਕੁਝ
ਊਲੀਕਿਆ ਅਤੇ ਤੈਅ ਕੀਤਾ ਜਾਂਦਾ ਹੈ, ਜਿਸ ਦੀ ਕਿਸੇ ਨੂੰ ਖਬਰ ਤਕ ਨਹੀਂ ਲਗਦੀ।
ਦੂਜੇ ਪਾਸੇ ਇਕ ਅਸੀ ਹਾਂ ਕਿ
ਸਾਡੇ ਢਿਡ ਵਿੱਚ ਜੋ ਹੁੰਦਾ ਹੈ, ਉਹ ਦੂਜੇ ਦਿਨ ਪੂਰੀ ਦੁਨੀਆ ਦੇ ਸਾਮ੍ਹਣੇ ਆ ਜਾਂਦਾ ਹੈ।
ਸਾਨੂੰ ਅਪਣੀ ਵਿਦਵਤਾ ਦੇ ਝੰਡੇ ਗਡਣ ਲਈ ਮਾਈਕ ਵੀ ਚਾਹੀਦਾ ਹੈ, ਸਟੇਜ ਵੀ ਚਾਹੀਦੀ ਹੈ,
ਮੀਡੀਆ ਵੀ ਚਾਹੀਦਾ ਹੈ ਅਤੇ ਉਹ ਵੈਬਸਾਈਟਾਂ ਅਤੇ ਇੰਟਰਨੈਟ ਵੀ ਚਾਹੀਦਾ ਹੈ, ਜਿੱਥੇ ਅਸੀ
ਇਹ ਦਰਸਾ ਸਕੀਏ ਕੇ ਸਾਡੇ ਤੋਂ ਵੱਡਾ ਹੋਰ ਕੋਈ ਵਿਦਵਾਨ ਨਹੀਂ ਹੈ, ਭਾਂਵੇ ਦੁਸ਼ਮਣ ਤੁਹਾਡੀ
ਗਲ ਸੁਣ ਕੇ, ਤੁਹਾਡੇ ਤੋਂ ਪਹਿਲਾਂ ਹੀ, ਉਸ ਦੀ ਕਾਟ ਕੱਢ ਲੈਂਦਾ ਹੈ। ਅੱਜ ਉਨਾਂ ਵਿਚ
ਵੇਖੋ, ਕਿ ਕੰਮ ਕਰਨ ਵਾਲਿਆਂ ਦੀ ਕਿੰਨੀ ਵੱਡੀ ਗਿਣਤੀ ਹੈ, ਅਤੇ ਜਨਤਕ ਰੂਪ ਵਿੱਚ ਬਿਆਨ
ਦੇਣ ਵਾਲੇ ਕਿੰਨੇ ਹਨ? ਲੱਖਾਂ ਦੀ ਤਾਦਾਦ ਵਿੱਚ ਕੰਮ ਕਰਨ ਵਾਲੇ ਵਰਕਰ ਹਨ ਅਤੇ ਜਨਤਕ ਰੂਪ
ਵਿਚ ਬਿਆਨ ਦੇਣ ਵਾਲੇ ਗਿਣਤੀ ਦੇ ਲੀਡਰ ਹਨ। ਸਾਡੇ ਵਿਚ ਕੰਮ ਕਰਨ ਵਾਲਾ ਕੋਈ ਨਹੀਂ, ਤੇ
ਹਰ ਬੰਦਾ ਲੀਡਰ ਹੈ। ਹਰ ਵਿਦਵਾਨ ਨੇ ਅਪਣਾ ਅਪਣਾ ਝੰਡਾ ਫੜਿਆ ਹੋਇਆ ਹੈ। ਨਾ ਕਿਸੇ ਨੂੰ
ਅਗੇ ਲਗਣ ਦੇਣਾ ਹੈ ,ਅਤੇ ਨਾ ਕਿਸੇ ਦੇ ਪਿੱਛੇ ਲਗਣਾ ਹੈ, ਬਸ ਸਾਡੇ ਕੋਲ ਇਹ ਹੀ ਰਹਿ ਗਇਆ
ਹੈ। ਸਾਰੇ ਹੀ ਚੌਧਰੀ ਹਨ। ਜੇ ਕੋਈ ਕਹਿ ਦੇਵੇ ਉਹ ਹੀ ਪੱਥਰ ਦੀ ਲਕੀਰ ਬਣ ਜਾਵੇ। ਭਲਿਉ !
ਜੇ ਉਹ ਪਿੰਡ ਹੀ ਨਾ ਰਿਹਾ ਤੇ ਚੌਧਰੀ ਕਿਸ ਪਿੰਡ ਦੇ ਬਣੋਗੇ?
ਜ਼ਰਾ ਸੋਚੋ, ਤੇ ਪਹਿਲਾਂ ਉਸ ਪਿੰਡ ਦੀਆਂ ਹੱਦਾਂ ਦੀ ਨਿਗਰਾਨੀ ਕਰੋ, ਜਿਸ ਉੱਤੇ ਦੁਸ਼ਮਨ
ਦੀ ਮਾੜੀ ਨੀਯਤ ਅਤੇ ਪੈਨੀ ਨਿਗਾਹ ਲਗੀ ਹੋਈ ਹੈ। ਕੋਈ ਮਸਲਾ
ਆਇਆ ਨਹੀਂ ਕਿ ਦੂਜੇ ਦਿਨ ਹੀ ਉਹਦਾ ਬਿਆਨ ਵੀ ਲੈ, ਅਤੇ ਇਸਦਾ ਬਿਆਨ ਵੀ ਲੈ। ਇਕ ਕੁੱਝ
ਲਿਖ ਰਿਹਾ ਹੈ, ਦੂਜਾ ਕੁਝ ਕਹਿ ਰਿਹਾ ਹੈ। ਫਿਰ ਇਕ ਦੂਜੇ ਦੇ ਬਿਆਨਾਂ 'ਤੇ ਬਹਿਸ,
ਖਹਿਬਾਜੀ ਅਤੇ ਅੰਤ ਵਿੱਚ ਵਖਰੇਵਾਂ ਬਸ ਹੋਰ ਕੁਝ ਵੀ ਨਹੀਂ। ਦੁਸ਼ਮਨ ਸਾਡੇ 'ਤੇ ਹਸਦਾ ਹੈ।
ਉਨਾਂ ਦੇ ਖਰੀਦੇ ਹੋਏ ਭਾੜੇ ਦੇ ਲੋਕ ਸਾਡੇ 'ਤੇ ਹਸਦੇ ਹਨ ਕਿ ਸਾਡਾ ਪਾਇਆ ਜਾਲ ਸਹੀ ਥਾਂ
'ਤੇ ਪੈ ਰਿਹਾ ਹੈ। ਉਨਾਂ ਕੋਲ ਨੀਤੀ ਹੈ, ਸਾਨੂੰ ਪਤਾ ਨਹੀਂ, ਕਿ ਨੀਤੀ ਕੀ ਹੁੰਦੀ ਹੈ।
ਉਨਾਂ ਕੋਲ ਸੰਗਠਨ ਹੈ, ਸਾਡੇ ਕੋਲ ਵਖਰੇਵਾਂ ਹੈ। ਉਨਾਂ ਦਾ ਧਰਮ ਸਿਆਸਤ ਨੂੰ ਚਲਾਉਂਦਾ
ਹੈ, ਸਾਡੀ ਸਿਆਸਤ ਧਰਮ ਨੂੰ ਚਲਾਉਂਦੀ ਹੈ। ਵੀਰੋ, ਜਰਾ ਸਵੈ ਪੜਚੋਲ ਕਰੀਏ, ਕਿ ਅਸੀਂ ਕਿਥੇ
ਖੜੇ ਹਾਂ? ਸਾਡਾ ਕੀ ਹਸ਼ਰ ਹੋਣ ਵਾਲਾ ਹੈ? ਸਾਡੇ ਕੋਲ ਉਨਾਂ ਨਾਲ ਲੜਨ ਦੀ ਤਿਆਰੀ ਤਾਂ
ਦੂਰ ਦੀ ਗਲ ਹੈ, ਸਾਡੀ ਸੋਚ ਵੀ ਉਥੇ ਨਹੀਂ ਪੁੱਜੀ ਹੈ ।
ਇਕ ਵੀਰ ਦਾ ਫੋਨ ਆਇਆ, ਕਹਿਨ ਲਗਾ ਵੀਰ ਜੀ ਤੁਸੀਂ ਕਹਿੰਦੇ ਹੋ ਕੌਮ ਦੇ ਇਹ ਹੀ ਆਸਾਰ ਰਹੇ
ਤੇ ਕੌਮ ਨੇ ਮੁੱਕ ਜਾਣਾ ਹੈ, ਮੈ ਆਪ ਜੀ ਨਾਲ ਸਹਿਮਤ ਨਹੀਂ, ਸਿੱਖ ਕੌਮ ਕਦੀ ਵੀ ਮੁੱਕ ਨਹੀਂ
ਸਕਦੀ। ਮੈਂ ਉਸ ਨੂੰ ਜਵਾਬ ਦਿੱਤਾ, ਵੀਰਾ, ਤੇਰੇ ਵਰਗੇ ਕਈ ਹੋਰ ਵੀਰਾਂ ਨੇ ਵੀ ਇਹ
ਖੁਸ਼ਫਹਿਮੀ ਪਾਲੀ ਹੋਈ ਹੈ, ਤੂੰ ਵੀ ਸ਼ਾਇਦ ਉਸ ਖੁਸ਼ਫਹਿਮੀ ਦਾ ਹੀ ਸ਼ਿਕਾਰ ਹੈ । ਕੌਮ
ਮੁੱਕੇਗੀ ਨਹੀਂ, ਇਹ ਸੱਚ ਹੈ, ਲੇਕਿਨ ਰਹੇਗੀ ਵੀ ਨਹੀਂ। ਜੇ ਕਿਸੇ ਪਰਿਵਾਰ ਦੇ ਦਸ ਜੀਅ
ਹੋਣ ਤੇ ਉਸ ਵਿਚੋਂ ਹੌਲੀ ਹੌਲੀ ਕਰਕੇ ਨੌ ਮਰ ਜਾਂਣ ਤੇ ਉਸ ਇਕ ਜੀਅ ਨੂੰ ਕੀ ਤੂੰ ਪਰਿਵਾਰ
ਕਹੇਂਗਾ? ਅਜ ਅਸੀਂ ਇੱਕ ਇੱਕ ਕਰ ਕੇ ਮਰਦੇ ਜਾ ਰਹੇ ਹਾਂ। ਕੁੱਝ ਦਾ ਸਰੂਪ ਖਤਮ ਹੋ ਗਇਆ
ਹੈ , ਤੇ ਕੁੱਝ ਦਾ ਜ਼ਮੀਰ ਮਰ ਚੁਕਾ ਹੈ। ਕੁੱਝ ਅਧਿਆਤਮਕ ਪੱਖੋਂ ਮਰ ਗਏ ਹਨ, ਕੁਝ ਮਾਨਸਿਕ
ਪੱਖੋਂ ਮਰ ਚੁਕੇ ਹਨ। ਹਰ ਰੋਜ ਸਿੱਖੀ ਦੀ ਮੌਤ ਹੋ ਰਹੀ ਹੈ। ਬ੍ਰਾਹਮਣਵਾਦ ਸਾਡੇ 'ਤੇ ਹਾਵੀ
ਹੋ ਚੁਕਾ ਹੈ। ਬ੍ਰਾਹਮਣਵਾਦ ਕਿਸੇ ਵਿੱਚ ਘੱਟ ਅਤੇ ਕਿਸੇ ਵਿੱਚ ਬਹੁਤਾ ਜਰੂਰ ਹੋ ਸਕਦਾ
ਹੈ, ਲੇਕਿਨ ਉਹ ਸਾਡੇ ਅੰਦਰ ਵੜ ਕੇ ਸਾਡਾ ਗਲਾ ਘੋਟ ਰਿਹਾ ਹੈ। ਇਸ ਬ੍ਰਾਹਮਣ ਦੇ ਅਗੇ ਕੌਣ
ਕਿਸ ਵੇਲੇ ਮੱਥਾ ਟੇਕ ਦੇਵੇ, ਕੌਣ ਇਸ ਦੇ ਹੱਥ ਵਿਕ ਜਾਵੇ, ਇਹ ਕੁਝ ਨਹੀਂ ਕਹਿਆ ਜਾ ਸਕਦਾ
।
ਇਸ ਲੇਖ ਵਿੱਚ ਉਪਰ ਗਲ ਕੀਤੀ ਗਈ ਸੀ ਕੁਝ ਸੰਵੇਦਨ ਸ਼ੀਲ ਮੁੱਦਿਆਂ ਦੀ, ਜਿਨਾਂ ਤੇ ਸਾਡੇ
ਕੋਲੋਂ ਇਕ ਸਾਜਿਸ਼ ਦੇ ਤਹਿਤ ਬਹਿਸ ਕਰਵਾ ਕੇ ਕੌਮ ਵਿੱਚ ਕਈ ਪ੍ਰਕਾਰ ਦੀਆਂ ਦੁਬਿਧਾ ਖੜੀਆਂ
ਕੀਤੀਆਂ ਜਾ ਰਹਿਆਂ ਨੇ। ਭਾਵੇਂ ਮੇਰੀ ਇਸ ਗਲ ਨੂੰ ਕੁਝ ਲੋਕ ਕੋਰੀ ਕਲਪਨਾਂ ਜਾਂ ਮੇਰੇ ਮਨ
ਦਾ ਵਲੇਵਾਂ ਕਹਿ ਕਿ ਪਾਸਾ ਵੱਟ ਲੈਣਗੇ, ਇਹ ਮੈਂ ਚੰਗੀ ਤਰ੍ਹਾਂ ਜਾਂਣਦਾ ਹਾਂ, ਲੇਕਿਨ
ਮੈਂ ਇਹ ਵੀ ਚੰਗੀ ਤਰ੍ਹਾਂ ਜਾਂਣਦਾ ਹਾਂ ਕਿ ਉਨਾਂ ਕੋਲ ਇਸ ਗਲ ਦਾ ਵੀ ਕੋਈ ਜਵਾਬ ਨਹੀਂ
ਹੈ ਕਿ- ਕੀ ਇਨਾਂ ਸੰਵੇਦਨ ਸ਼ੀਲ ਮੁਦਿਆਂ 'ਤੇ ਜਨਤਕ ਰੂਪ ਵਿੱਚ ਪੰਥ ਦੋਖੀਆਂ ਦੇ ਸਾਮ੍ਹਣੇ
ਕੋਈ ਵੀ ਗਲ ਜਾਂ ਬਹਿਸ ਕਰਨੀ ਕੀ ਕੌਮ ਦੇ ਹਿੱਤ ਵਿਚ ਹੈ? ਜਾਂ ਇਸ ਦੇ ਕੋਈ ਉਸਾਰੂ ਸਿੱਟੇ
ਭਵਿੱਖ ਵਿੱਚ ਨਿਕਲ ਸਕਦੇ ਨੇ? ਇਸ ਗਲ ਨੂੰ ਪੰਥ ਦੀਆਂ ਕਈ ਜਾਗਰੂਕ ਧਿਰਾਂ ਅਤੇ ਵਿਦਵਾਨਾਂ
ਨੇ ਇਕ ਮੱਤ ਤੋਂ ਸਵੀਕਾਰ ਵੀ ਕੀਤਾ ਹੈ ਕਿ, ਪੰਥ ਦੇ ਕਿਸੇ ਵੀ ਸੰਵੇਦਨਸ਼ੀਲ ਮੁੱਦੇ 'ਤੇ
ਜਨਤਕ ਰੂਪ ਵਿੱਚ ਖੁੱਲੀ ਬਹਿਸ ਕਰਨਾ ਪੰਥ ਦੇ ਹਕ ਵਿੱਚ ਨਹੀਂ ਹੈ। ਦੂਜੇ ਪਾਸੇ ਇਹ ਹੀ
ਜਾਗਰੂਕ ਧਿਰਾਂ ਆਏ ਦਿਨ ਕੋਈ ਨਾਂ ਕੋਈ ਸੰਵੇਦਨਸ਼ੀਲ ਮੁੱਦਾ ਆਪ ਹੀ ਚੁਕ ਲੈਂਦੀਆਂ ਨੇ।
ਦਾਸ ਇਨਾਂ ਵਿਸ਼ਿਆਂ ਉਪਰ ਕਈ ਲੇਖ ਪਹਿਲਾਂ ਵੀ ਲਿੱਖ ਕੇ ਅਪਣੇ ਵੀਚਾਰ ਸਾਂਝੇ ਕਰ ਚੁਕਾ
ਹੈ। ਇਥੇ ਦਾਸ ਸਿਰਫ, ਇਕ ਦੋ ਵਿਸ਼ਿਆਂ 'ਤੇ ਸੰਖੇਪ ਵਿੱਚ ਪਾਠਕਾਂ ਨਾਲ ਵੀਚਾਰ ਸਾਂਝੇ
ਕਰੇਗਾ।
1- ਸਿੱਖਾਂ ਦੇ ਸ਼ਬਦ ਗੁਰੂ ਦੇ ਮੌਜੂਦਾ
ਸਰੂਪ 'ਤੇ ਕਿੰਤੂ।
ਸਭ ਤੋਂ ਵਡਾ ਅਤੇ ਸਭ ਤੋਂ ਸੰਵੇਦਨਸ਼ੀਲ ਮੁੱਦਾ ਸਿੱਖਾਂ ਦੇ ਸ਼ਬਦ ਗੁਰੂ, ਗੁਰੂ ਗ੍ਰੰਥ
ਸਾਹਿਬ ਜੀ ਦੇ ਮੌਜੂਦਾ ਸਰੂਪ ਬਾਰੇ ਵਾਰ ਵਾਰ ਉਠਾਇਆ ਜਾਂਦਾ ਹੈ ਅਤੇ ਉਸ ਉਪਰ ਬਹਿਸ ਅਤੇ
ਚਰਚਾ ਵੀ ਕਰਵਾਈ ਜਾਂਦੀ ਹੈ। ਗਿਆਨ ਅਤੇ ਖੋਜ ਦੇ ਨਾਮ ਤੇ ਸਭ ਤੋਂ ਵਡਾ ਮੂਰਖਤਾ ਭਰਿਆ ਇਹ
ਕੰਮ ਕੀਤਾ ਜਾ ਰਿਹਾ ਹੈ। ਗੁਰੂ ਦੇ ਸਰੂਪ 'ਤੇ ਹੀ ਕਿੰਤੂ ਕਰਨਾਂ। ਰਹੀ ਗਲ "ਰਾਗਮਾਲਾ"
ਦੀ ਉਸ ਨੂੰ ਕੋਈ ਵੀ ਸੁਚੇਤ ਸਿੱਖ ਗੁਰਬਾਣੀ ਨਹੀਂ ਮੰਨਦਾ ਅਤੇ ਜਦੋਂ ਉਸ ਬਾਰੇ ਸਿੱਖ
ਰਹਿਤ ਮਰਿਯਾਦਾ ਵਿੱਚ ਇਕ ਪੰਥਿਕ ਫੈਸਲਾ ਵੀ ਮੌਜੂਦ ਹੈ, ਫਿਰ ਵਾਰ ਵਾਰ ਉਸ ਦਾ ਬਖੇੜਾ
ਕਿਉਂ ਖੜਾ ਕੀਤਾ ਜਾਂਦਾ ਹੈ? ਇਹ ਉਹ ਲੋਕ ਵੀ ਜਾਣਦੇ ਹਨ ਕਿ ਕੌਮ ਹਲੀ ਉਨਾਂ ਹਾਲਾਤਾਂ
ਵਿੱਚ ਬਿਲਕੁਲ ਨਹੀਂ ਕਿ ਇਨਾਂ ਵਿਸ਼ਿਆਂ ਨੂੰ ਛੇਡ਼ਿਆ ਜਾਵੇ। ਪੰਥ ਵਿਰੋਧੀ ਤਾਕਤਾਂ ਵੀ
ਇਹ ਜਾਣਦੀਆਂ ਹਨ ਕਿ ਜੇ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਹੀ ਤੋੜ ਦਿੱਤਾ ਜਾਵੇ
ਜਾਂ ਉਸ ਤੇ ਹੀ ਕਿੰਤੂ ਖੜੇ ਕਰ ਦਿਤੇ ਜਾਣ ਤੇ ਸਿੱਖ ਨੇ ਆਪ ਹੀ ਮੁੱਕ ਜਾਣਾ ਹੈ।
ਦੂਜੀ ਗਲ ਉਨਾਂ ਵੀਰਾਂ ਕੋਲ ਕੀ ਗਾਰੰਟੀ ਹੈ, ਕਿ ਗੁਰੂ ਦੇ
ਮੌਜੂਦਾ ਸਰੂਪ ਵਿੱਚ ਛੇੜ ਛਾੜ ਕਰਨ ਵੇਲੇ ਕੀ ਉਹ ਪੰਥ ਵਿਰੋਧੀ ਤਾਕਤਾਂ ਉਭਰ ਕੇ ਫੇਰ
ਸਾਮ੍ਹਣੇ ਨਹੀਂ ਆ ਜਾਣਗੀਆਂ, ਜੋ ਇਸ ਸਰੂਪ ਦੀ ਬਾਂਇਡਿੰਗ Binding ਖੁਲਣ ਦੀ ਤਾਕ ਵਿੱਚ
ਪੱਬਾਂ ਭਾਰ ਖੜੀਆਂ ਹੋਈਆਂ ਨੇ।
ਅੱਜ ਇਨਾਂ ਵੀਰਾਂ ਕੋਲੋਂ ਮੈਂ ਇਕ ਸਵਾਲ ਪੁਛਦਾ ਹਾਂ, ਨਿਰਣਾਂ ਪਾਠਕ ਆਪ ਕਰ ਲੈਣਗੇ ਕਿ
ਅੱਜ ਇਕ ਸਾਜਿਸ਼ ਦਾ ਸ਼ਿਕਾਰ ਹੋਕੇ ਸਾਡੀ ਸਿੱਖੀ ਦਾ ਹੀ ਉਹ ਅੰਗ ਜਿਨਾਂ ਨੂੰ "ਰਵਿਦਾਸ
ਸਮਾਜ" ਦੇ ਨਾਮ ਤੇ ਸਾਡੇ ਤੋਂ ਵੱਖ ਕਰ ਦਿਤਾ ਗਇਆ। ਉਨਾਂ ਬਾਬਾ ਰਵਿਦਾਸ ਜੀ ਦੀ ਬਾਣੀ
ਨੂੰ ਵਖਰਾ ਕਰ ਕੇ ਇਕ ਵਖਰਾ ਗ੍ਰੰਥ ਬਣਾ ਲਿਆ ਹੈ, ਜਿਸ ਵਿੱਚ ਲੱਖਾਂ ਦੀ ਤਾਦਾਦ ਵਿੱਚ
ਲੋਕ ਇਕੱਠੇ ਹੋਏ। ਉਨਾਂ ਇਹ ਵੀ ਐਲਾਨ ਕਰ ਦਿਤਾ ਹੈ ਕਿ ਸਾਡਾ ਗੁਰੂ ਗ੍ਰੰਥ ਸਾਹਿਬ ਨਾਲ
ਕੋਈ ਲੈਣਾ ਦੇਣਾ ਨਹੀਂ ਹੈ। ਸਾਡੇ ਗੁਰੂ ਰਵਿਦਾਸ ਜੀ ਹਨ। ਇਹ ਵਿਦਵਾਨ ਉਸ ਵੇਲੇ ਕਿੱਥੇ
ਸਨ? ਜਿਸ ਵੇਲੇ ਇਹ ਪੰਥ ਵਿਰੋਧੀ ਤਾਕਤਾਂ ਇਨਾਂ ਵੀਰਾਂ ਨੂੰ, ਸਾਡੇ ਮੂਹੋਂ ਹੀ ਇਨਾਂ
ਸਿੱਖੀ ਦੇ ਹੀ ਇਕ ਅੰਗ ਨੂੰ "ਮਜ੍ਹਬੀ ਸਿੱਖ" ਕਹਿ ਕੇ ਬੁਲਾਂਦੀਆਂ ਰਹਿਆਂ ? ਇਨਾਂ ਵੀਰਾਂ
ਦੀ ਗਿਆਨ ਅਤੇ ਖੋਜ ਅਤੇ ਪੰਥ ਦਰਦ ਉਸ ਵੇਲੇ ਕਿਥੇ ਸੀ, ਜਦੋਂ ਇਕ ਵਖਰਾ ਗ੍ਰੰਥ ਉਸ ਵਿੱਚੋਂ
ਸਥਾਪਿਤ ਕੀਤਾ ਜਾ ਰਿਹਾ ਸੀ ? ਇਹ ਸਾਰੀ ਸਾਜਿਸ਼ ਇਕ ਦਿਨ ਵਿੱਚ ਮੁਕੱਮਲ ਨਹੀਂ ਹੋਈ। ਇਸ
ਕੰਮ ਵਿੱਚ ਵੀ ਭਾੜੇ ਦੇ ਉਹ ਵਿਦਵਾਨ ਕਈ ਵਰ੍ਹਿਆਂ ਤੋਂ ਲਗੇ ਹੋਏ ਸਨ, ਜੋ ਅੱਜ ਗੁਰੂ
ਗ੍ਰੰਥ ਸਾਹਿਬ ਦੇ ਸਰੂਪ ਨੂੰ "ਅਖੌਤੀ" ਅਤੇ "ਨਕਲੀ" ਕਹਿ ਕੇ ਆਏ ਦਿਨ ਉਸ ਉਪਰ ਹਮਲੇ ਕਰ
ਰਹੇ ਨੇ। ਜਿਸ ਵੇਲੇ ਇਹ ਰਾਗਮਾਲਾ ਨੂੰ ਕੱਢਣ ਦੀ ਗਲ ਕਰਨਗੇ, ਬਹੁਤ ਕੁੱਝ ਵੱਖ ਹੋ ਜਾਵੇਗਾ।
ਉਸ ਵੇਲੇ ਗੁਰੂ ਦੇ ਸਰੂਪ 'ਤੇ ਕਿੰਤੂ ਕਰਨ ਵਾਲੇ ਇਨਾਂ ਅਖੌਤੀ ਵਿਦਵਾਨਾਂ ਦੀ ਵਿੱਦਵਤਾ
ਕਿਸੇ ਕੰਮ ਨਹੀਂ ਆ ਸਕੇਗੀ। ਜਿਸ ਕੌਮ ਦੇ ਵਿਦਵਾਨ ਅਤੇ ਇਸ ਦਾ
ਬਹੁਤ ਜਾਗਰੂਕ ਤਬਕਾ ਧੂੰਦਾ ਸਾਹਿਬ ਨੂੰ "ਸਕਤਰੇਤ" ਵਿੱਚ ਪੇਸ਼ ਹੋਕੇ ਪੁਜਾਰੀਆਂ ਦੇ
ਸਾਮ੍ਹਣੇ ਗੋਡੇ ਟੇਕਣ ਨੂੰ "ਸਿਧਾਂਤਕ" ਜਾਂ "ਗੈਰ ਸਿਧਾਂਤਕ " ਸਾਬਿਤ ਨਹੀਂ ਕਰ ਸਕਿਆ,
ਉਹ ਸ਼ਬਦ ਗੁਰੂ ਦੇ ਮੌਜੂਦਾ ਸਰੂਪ ਵਿੱਚ ਛੇੜ ਛਾੜ ਨੂੰ ਕੀ ਰੋਕ ਸਕੇਗਾ ?
ਇਸ ਕਰਕੇ ਰੱਬ ਦਾ ਵਾਸਤਾ ਜੇ ਕਿ ਅਪਣੇ ਗੁਰੂ 'ਤੇ ਕਿਸੇ ਤਰ੍ਹਾਂ ਦੇ ਕਿੰਤੂ ਅਤੇ ਬਖੇੜੇ
ਖੜੇ ਨਾ ਕਰੋ। ਉਨਾਂ ਅਖੌਤੀ ਵਿਦਵਾਨਾਂ ਕੋਲੋਂ ਵੀ ਸਾਵਧਾਨ ਰਹੋ, ਜੋ ਸਾਡੇ ਵਿੱਚ ਘੁਸਪੈਠ
ਕਰਕੇ ਆਏ ਦਿਨ ਇਸ ਬਾਰੇ ਅਪਣੀ ਵਿਦਵਤਾ ਦੀ ਬੱਦਬੂ ਦਾਰ ਜੁਗਾਲੀ ਕਰਦੇ ਰਹਿੰਦੇ ਹਨ। ਗੁਰੂ
ਦੇ ਸਰੂਪ ਨੂੰ "ਨਕਲੀ" ਅਤੇ “ਅਖੋਤੀ" ਵਰਗੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਕੇ ਕੇ
ਸਿੱਖਾਂ ਦੇ ਮੰਨਾਂ ਨੂੰ ਵਲੂੰਧਰ ਰਹੇ ਨੇ।
2- ਅਕਾਲ ਤਖਤ ਦੇ ਸਤਕਾਰਤ ਅਦਾਰੇ ਦੇ
ਸੰਦੇਸ਼ ਅਤੇ ਸਿਧਾਂਤ 'ਤੇ ਕਿੰਤੂ।
ਕੁੱਝ ਬਹੁਤ ਸਿਆਣੇ ਅਖਵਾਉਣ ਵਾਲੇ ਅਤੇ ਦੂਜਿਆਂ ਨੂੰ ਗੁਰਮਤਿ ਸਮਝਾਉਣ ਵਾਲੇ ਲੋਕਾਂ ਦਾ
ਕਹਿਣਾ ਹੈ ਕਿ ਅਕਾਲ ਤਖਤ ਇਕ ਇੱਟਾਂ ਅਤੇ ਗਾਰੇ ਦੀ ਬਣੀ ਈਮਾਰਤ ਹੈ, ਉਸ ਦਾ ਸਤਕਾਰ ਕਰਣ
ਦੀ ਲੋੜ੍ਹ ਹੀ ਕੀ ਹੈ? ਉਹ ਇਹ ਵੀ ਪੁਛਦੇ ਨੇ ਕੇ ਕੀ ਤੁਸੀਂ ਇੱਟਾਂ ਅਤੇ ਗਾਰੇ ਦੀ ਬਣੀ
ਇਮਾਰਤ ਨੂੰ ਸਰਵਉੱਚ ਸਮਝਦੇ ਹੋ ਅਤੇ ਸਤਕਾਰ ਕਰਦੇ ਹੋ ?
ਅਕਾਲ ਤਖਤ ਸਿਰਫ ਇਕ ਸ਼ਰੀਰ (ਬਾਡੀ) ਜਾਂ ਈਮਾਰਤ ਮਾਰਤ ਹੀ ਨਹੀਂ ਹੈ, ਉਸ ਪਿਛੇ ਵੀ ਗੁਰੂ
ਦਾ ਦਿਤਾ ਇਕ "ਸੰਦੇਸ" ਹੈ, ਜੋ ਸਾਡੇ ਲਈ ਇਕ "ਸਿਧਾਂਤ" ਬਣ ਕੇ ਸਾਮ੍ਹਣੇ ਖਡ਼ਾ ਹੈ। ਇਹ
ਈਮਾਰਤ ਹੀ ਨਹੀਂ ਬਲਕਿ ਗੁਰੂ ਦਾ ਸਿਰਜਿਆ ਇਕ ਮੁਕੱਮਲ "ਸੰਸਥਾਨ"/ ਅਦਾਰਾ ਹੈ ਜੋ ਪੂਰੀ
ਦੁਨੀਆ ਨੂੰ ਇਹ ਦਸਦਾ ਹੈ ਕਿ ਸਿੱਖ ਕਿਸੇ ਵੀ ਬਾਹਰੀ ਹੁਕਮ ਦਾ ਮੋਹਤਾਜ ਨਹੀਂ। ਇਹ ਗਲ
ਹੋਰ ਹੈ ਕਿ ਅੱਜ ਉਸ 'ਤੇ ਵੀ ਸਿਆਸੀ ਮੁਹਰੇ ਕਾਬਿਜ ਹੋ ਚੁਕੇ ਹਨ, ਅਤੇ ਗੁਰੂ ਦੇ ਸਿਰਜੇ
ਉਸ ਸਿਧਾਂਤ ਨੂੰ ਖੋਰਾ ਲਾ ਚੁਕੇ ਹਨ।
ਇਨਾਂ ਅਖੌਤੀ ਵਿਦਵਾਨਾਂ ਦੀ ਖਰਵੀ ਬੁੱਧੀ ਨੂੰ ਇਹ ਇਹਸਾਸ ਨਹੀਂ ਕਿ ਗੁਰੂਆਂ ਨੇ ਅਪਣੇ
ਜੀਵਨ ਕਾਲ ਵਿੱਚ ਜੋ ਵੀ ਕੀਤਾ, ਜੋ ਵਰਤਿਆ, ਜੋ ਸਿਰਜਿਆ ਅਤੇ ਜੋ ਕਹਿਆ ਉਸ ਪਿੱਛੇ ਕੁਝ
ਨਾਂ ਕੁੱਝ ਮਕਸਦ ਜਾਂ ਕੋਈ ਸੰਦੇਸ਼ ਹੂੰਦਾ ਸੀ, ਉਹ ਇਕ ਸਿਧਾਂਤ ਬਣ ਜਾਂਦਾ ਸੀ, ਉਹ ਸਿੱਖਾਂ
ਲਈ ਸਤਕਾਰਤ ਆਦੇਸ਼ ਬਣ ਜਾਂਦਾ ਸੀ। ਇਹ ਅਖੌਤੀ ਵਿਦਵਾਨ ਤੇ ਇਹ ਵੀ ਕਹਿ ਦੇਣਗੇ ਕਿ ਗੁਰੂ
ਗੋਬਿੰਦ ਸਿੰਘ ਸਾਹਿਬ ਨੂੰ ਚਿੜੀਆਂ ਪਾਲਣ ਦਾ ਸ਼ੌਂਕ ਸੀ, ਇਸ ਲਈ ਉਨਾਂ ਬਾਜ ਪਾਲਿਆ ਹੋਇਆ
ਸੀ। ਬਾਜ ਦੀ ਥਾਂਵੇ ਉਹ ਤੋਤਾ ਜਾਂ ਕਬੂਤਰ ਵੀ ਰੱਖ ਸਕਦੇ ਸਨ। ਕੀ ਇਨਾ ਨਾਸਤਿਕ ਸੋਚ ਵਾਲੇ
ਵਿਦਵਾਨਾਂ ਕੋਲ ਇਸ ਦਾ ਜਵਾਬ ਹੈ, ਕਿ ਐਸਾ ਕਿਉਂ ਨਹੀਂ ਕੀਤਾ ? ਸਿਰਫ ਇਹ ਸੰਦੇਸ਼ ਦੇਣ
ਲਈ ਕਿ ਹਰ ਸਿੱਖ ਵਿੱਚ ਬਾਜ ਵਰਗੇ ਗੁਣ ਹੋਣ ਦੂਰ ਦ੍ਰਸ਼ਟੀ, ਸ਼ਿਕਾਰ (ਦੁਸ਼ਮਨ) ਦੀ ਸਟੀਕ
ਪਹਿਚਾਨ, ਮਜਬੂਤ ਪਕਵ ਅਤੇ ਅਚੂਕ ਵਾਰ। ਇਹ ਗੁਣ ਬਾਜ ਵਿੱਚ ਹੀ ਮੌਜੂਦ ਸਨ, ਕਿਸੇ ਹੋਰ
ਪਰਿੰਦੇ ਵਿੱਚ ਨਹੀਂ। ਉਨਾਂ ਬਾਜ ਨੂੰ ਇਹ ਸੰਦੇਸ਼ ਦੇਣ ਲਈ ਰਖਿਆ ਸੀ, ਪੂਜਣ ਲਈ ਨਹੀਂ।
ਇਸੇ ਤਰ੍ਹਾਂ ਸਿੱਖ ਉਸ ਅਕਾਲ ਬੂੰਗੇ ਨੂੰ ਸਤਕਾਰ ਦੀ ਨਜਰ ਨਾਲ ਵੇਖਦੇ ਨੇ, ਉਸ ਨੂੰ ਪੂਜਦੇ
ਨਹੀਂ। ਇਹ ਲੋਕ ਵਾਰ ਵਾਰ ਇਹ ਪੁਛਦੇ ਨੇ ਕਿ ਤੁਸੀ ਉਸ ਇਟਾਂ ਗਾਰੇ ਦੀ ਈਮਾਰਤ ਨੂੰ ਪੁਜਦੇ
ਹੋ ? ਇਨਾਂ ਨੂੰ ਸ਼ਾਇਦ ਇਨਾਂ ਵੀ ਪਤਾ ਨਹੀਂ ਕਿ "ਸਤਕਾਰ" ਕਰਨਾਂ ਤੇ "ਪੂਜਣਾ" ਇਸ ਵਿੱਚ
ਕਿਨਾਂ ਵਡਾ ਫਰਕ ਹੁੰਦਾ ਹੈ।
ਅਕਾਲ ਤਖਤ ਇਕ ਇੱਟਾਂ ਗਾਰੇ ਦੀ ਬਣੀ ਈਮਾਰਤ ਹੀ ਨਹੀਂ, ਸਗੋਂ
ਉਹ ਇਕ ਸਿੱਖ ਦੀ "ਵਖਰੀ ਹੋਂਦ" ਅਤੇ "ਪ੍ਰਭੂਸੱਤਾ" ਦਾ ਪ੍ਰਤੀਕ ਹੈ। ਜਦੋਂ ਵੀ
ਖਾਲਸੇ ਲਈ ਕਿਸੇ ਸੰਦੇਸ਼ ਜਾਂ ਅਪਣੇ ਕਾਨੂਨ ਨੂੰ ਸੋਧਣ ਜਾ ਜਾਰੀ ਕਰਨ ਦੀ ਲੋੜ ਪਵੇਗੀ,
ਖਾਲਸਾ ਇਸੇ "ਅਦਾਰੇ" ਤੋਂ ਜਾਰੀ ਕਰੇਗਾ। ਇਸ ਲਈ ਇਸ ਦੀ ਸਥਾਪਨਾ ਗੁਰੂ ਸਾਹਿਬ ਜੀ ਨੇ ਆਪ
ਕੀਤੀ ਅਤੇ ਕੌਮ ਲਈ "ਸੰਦੇਸ਼" ਜਾਰੀ ਕੀਤੇ ਜਾਂਦੇ ਰਹੇ।
ਲੇਕਿਨ ਅੱਜ ਬੁਰਛਾਗਰਦਾਂ ਨੇ ਉਸ "ਕਾਨੂਨ ਅਤੇ ਸੰਵਿਧਾਨ" ਬਣਾਉਣ ਅਤੇ ਜਾਰੀ ਕਰਨ ਵਾਲੀ "ਪਾਰਲਿਆਮੇਂਟ"
ਨੂੰ ਇਕ "ਕਚਹਿਰੀ ਜਾ ਥਾਣਾ " ਬਣਾ ਕੇ ਰੱਖ ਦਿਤਾ ਹੈ। ਅਜ ਕੁੱਝ ਲੋਕੀਂ ਇਸ ਨੂੰ ਸਿੱਖਾਂ
ਦੀ "ਸੁਪ੍ਰੀਮ ਕੋਰਟ" ਕਹਿ ਕੇ ਵੀ ਇਸ ਦੇ ਰੁਤਬੇ ਨੂੰ ਘੱਟ ਕਰ ਦੇਂਦੇ ਨੇ ਅਤੇ ਉਨਾਂ
ਬੁਰਛਾਗਰਦਾਂ ਦੇ ਰੁਤਬੇ ਨੂੰ ਹੋਰ ਵਧਾ ਦੇਂਦੇ ਨੇ, ਜੋ ਇਸ ਸੰਸ਼ਥਾਨ ਤੇ ਕਬਜਾ ਕਰਕੇ ਸਭਤੋਂ
ਵੱਡੇ "ਹਾਕਿਮ" ਬਣ ਬੈਠੇ ਨੇ। ਕਿਸੇ "ਕੋਰਟ" ਤੋਂ "ਫੈਸਲੇ ਅਤੇ ਸਜਾਵਾਂ" ਦਿੱਤੀਆਂ
ਜਾਂਦੀਆਂ ਨੇ, ਕਾਨੂੰਨ ਨਹੀਂ ਸਿਰਜੇ ਜਾਂਦੇ। ਲੇਕਿਨ "ਪਾਰਲੀਆਮੇਂਟ" ਤੋਂ ਕਾਨੂੰਨ ਬਣਦੇ
ਅਤੇ ਜਾਰੀ ਹੁੰਦੇ ਨੇ। ਜਿਸ ਕੰਮ ਲਈ ਇਸ "ਪਾਰਲਿਆਮੇਂਟ" ਦੀ ਸਿਰਜਨਾਂ ਹੋਈ ਸੀ, ਉਸ ਲਈ
ਤੇ ਅਸੀਂ ਅੱਜ ਤਕ ਇਸਨੂੰ ਨਹੀਂ ਵਰਤਿਆ, ਪਰ ਹਾਂ ਉਸ ਨੂੰ ਅੱਜ ਇਨਾਂ ਕੇਸਾਧਾਰੀ ਬ੍ਰਾਹਮਣਾਂ
ਅਤੇ ਕਾਮਰੇਡੀ ਵੀਚਾਰਧਾਰਾ ਵਾਲੇ ਕੁੱਝ ਕੁ ਸਿੱਖਾਂ ਨੇ ਇਸ ਅਦਾਰੇ ਨੂੰ ਅੱਜ ਕਚਹਿਰੀ ਅਤੇ
ਥਾਣਾ ਜਰੂਰ ਬਣਾ ਕੇ ਰੱਖ ਦਿਤਾ ਹੈ। ਇਨਾਂ ਹੀ ਨਹੀਂ ਉਸ ਨੂੰ "ਇੱਟਾਂ ਅਤੇ ਗਾਰੇ" ਦੀ
ਸਾਧਾਰਣ ਈਮਾਰਤ ਜਾਂ ਥੜ੍ਹਾ ਐਲਾਨ ਕੇ, ਸਿੱਖਾਂ ਦੇ ਮਨ ਵਿੱਚੋਂ ਇਸ ਦੇ ਸਤਿਕਾਰ ਨੂੰ
ਤਹਿਸ ਨਹਿਸ ਕਰ ਦੇਣ ਲਈ, ਇਹ ਲੋਕ ਪੱਬਾਂ ਭਾਰ ਖੜੇ ਹਨ। ਇਕ ਅਖੌਤੀ ਵਿਦਵਾਨ ਨੇ ਤਾਂ ਇਸ
ਮੁਕੱਦਸ ਅਦਾਰੇ ਨੂੰ "ਮੜ੍ਹੀ ਅਤੇ ਮਕਬਰਾ" ਕਹਿ ਕੇ ਵੀ ਸੰਬੋਧਿਤ ਕਰ ਦਿਤਾ।
ਅਕਾਲ ਤਖਤ ਨੂੰ "ਇੱਟਾਂ ਅਤੇ ਗਾਰੇ" ਦੀ ਬਣੀ ਇਮਾਰਤ ਕਹਿਣ ਵਾਲਿਆਂ ਦੀ ਸਾਜਿਸ਼ ਕਦੀ ਵੀ
ਕਾਮਯਾਬ ਨਹੀਂ ਹੋਣ ਦਿਤੀ ਜਾਵੇਗੀ।
ਕਿਉਂਕਿ ਇਹ ਉਹ ਹੀ ਕਾਮਰੇਡੀ ਵਿਚਾਰ ਧਾਰਾ ਦੇ ਲੋਗ ਹਨ, ਜੋ ਗੁਰੂ ਗ੍ਰੰਥ ਸਾਹਿਬ ਦੇ
ਸਰੂਪ 'ਤੇ ਵੀ ਕਿੰਤੂ ਕਰ ਚੁਕੇ ਹਨ। ਇਨਾਂ ਕੋਲੋਂ ਸਾਨੂੰ ਸਾਵਧਾਨ ਰਹਿਣ ਦੀ ਬਹੁਤ ਜਰੂਰਤ
ਹੈ। ਕਿਉਂਕਿ ਇਨਾਂ ਨੇ ਤਾਂ ਕੱਲ ਇਸੇ ਤਰ੍ਹਾਂ ਕਹਿ ਦੇਣਾਂ ਹੈ ਕੇ "ਕਾਗਜ ਅਤੇ
ਗੱਤੇ" ਦੇ ਬਣੇ ਉਸ ਗ੍ਰੰਥ ਨੂੰ ਗੁਰੂ ਕਿਉਂ ਮੰਨਦੇ ਹੋ ? ਮੱਥਾ ਕਿਉਂ ਟੇਕਦੇ ਹੋ ? ਇਹ
ਅਪਣੇ ਗੁਰੂ ਨਾਲੋਂ ਵੀ ਸਿਆਣੇ ਹੋ ਗਏ ਨੇ ਅਤੇ ਗੁਰੂ ਦੇ ਸਰੂਪ 'ਤੇ ਹੀ ਕਿੰਤੂ ਕਰ ਰਹੇ
ਨੇ। ਇਕ ਸਿੱਖ ਦਾ ਸਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਡੀ (ਸ਼ਰੀਰ) ਅਗੇ ਨਹੀਂ ਝੁਕਦਾ,
ਬਲਕਿ ਉਸ ਵਿਚ ਦਰਜ "ਗੁਰੂ ਸ਼ਬਦਾਂ" ਦੇ ਸਤਕਾਰ ਅਤੇ ਸਮਰਪਣ ਲਈ ਝੁਕਦਾ ਹੈ ।
ਉਸੇ ਤਰ੍ਹਾਂ ਅਕਾਲ ਤਖਤ "ਇੱਟਾਂ ਗਾਰੇ ਦੀ ਬਣੀ ਇਮਾਰਤ" ਨਹੀਂ! ਉਸ ਦੇ ਸਿਧਾਂਤ ਅਗੇ
ਸਿੱਖ ਅਪਣਾ ਸਿਰ ਝੁਕਾਂਦੇ ਨੇ। ਜਿਸ ਨੂੰ ਇਤਰਾਜ ਹੈ, ਉਹ ਨਾ ਕਰੇ ਸਤਕਾਰ, ਲੇਕਿਨ ਉਸ
ਨੂੰ ਕੋਈ ਹਕ ਨਹੀਂ ਕਿ ਉਹ ਦੂਜਿਆ ਕੋਲੋਂ ਇਹ ਸਵਾਲ ਪੁਛੇ ਕੇ ਅਕਾਲ ਤਖਤ ਅਗੇ ਸਿਰ ਕਿਉਂ
ਝੁਕਾਉਂਦੇ ਹੋ? ਇਨਾਂ "ਸਕਤਰੇਤ" ਵਿੱਚ ਮੱਥਾ ਟੇਕਣ ਵਾਲਿਆਂ ਨੂੰ ਕੀ ਪਤਾ ਕਿ ਅਕਾਲ ਤਖਤ
ਦੀ ਇਹ ਈਮਾਰਤ ਹਮੇਸ਼ਾਂ ਸਿੱਖ ਨੂੰ ਇਹ ਅਹਿਸਾਸ ਦੁਆਂਦੀ ਹੈ ਕਿ
"ਖਾਲਸੇ ਦੀ ਵਖਰੀ ਹੋਂਦ ਹੈ", "ਖਾਲਸਾ ਨਿਆਰਾ ਹੈ", "ਖਾਲਸਾ ਆਜਾਦ ਹਸਤੀ ਦਾ ਮਾਲਕ ਹੈ"
"ਖਾਲਸਾ ਅਪਣੇ ਫੈਸਲੇ ਆਪ ਕਰਦਾ ਹੈ"
"ਖਾਲਸੇ ਦਾ ਅਪਣਾਂ ਸੰਵਿਧਾਨ ਅਤੇ ਕਾਨੂੰਨ ਹੈ", "ਖਾਲਸਾ ਮੀਰੀ ਅਤੇ ਪੀਰੀ" ਦੇ ਸਿਧਾਂਤ
ਦਾ ਧਾਰਣੀ ਹੈ", ਖਾਲਸੇ ਦੀ (SOVEREIGNTY) ਦੇ ਪ੍ਰਤੀਕ "ਖਾਲਸੇ ਦੇ
ਬੁੰਗੇ ਅਤੇ
ਨਿਸ਼ਾਨ ਜੁਗੋ ਜੁਗ ਅਟੱਲ ਹਨ", ਇਸ ਤਰ੍ਹਾਂ ਉਹ ਇੱਟਾਂ ਅਤੇ ਗਾਰੇ ਦੀ ਈਮਾਰਤ ਸਿੱਖਾਂ ਲਈ
ਗੁਰੂ ਦਾ ਇਕ ਸੰਦੇਸ਼ ਅਤੇ ਸਿਧਾਂਤ ਬਣ ਕੇ ਖੜੀ ਹੈ।
ਸਕਤਰੇਤ ਅਗੇ ਮੱਥਾ ਰਗਣਨ ਵਾਲੇ ਇਹ ਕੀ ਸਮਝਣਗੇ ਕਿ ਅਕਾਲ ਤਖਤ
ਦਾ ਸਿੱਖੀ ਵਿੱਚ ਕਿਨਾਂ ਵੱਡਾ ਰੁਤਬਾ ਅਤੇ ਸਤਕਾਰ ਹੈ। ਅੱਜ ਜਰੂਰਤ ਹੈ ਇਸ ਦੇ
ਉਸ ਸਤਕਾਰ ਨੂੰ ਬਹਾਲ ਕਰਨ ਦੀ। ਇਹੋ ਜਹੇ ਨਾਸਤਿਕ ਸੋਚ ਵਾਲੇ ਅਤੇ ਕੇਸਾਧਾਰੀ ਬ੍ਰਾਂਹਮਣਾ
ਤੋਂ ਇਸ ਅਦਾਰੇ ਨੂੰ ਆਜ਼ਾਦ ਕਰਵਾੳਣ ਦੀ। ਜੋ ਅਖੌਤੀ ਵਿਦਵਾਨ ਇਸ ਅਦਾਰੇ ਤੋਂ ਸਿੱਖਾਂ ਨੂੰ
ਖਹਿੜਾ ਛੁਡ਼ਾ ਲੈਣ ਦੇ ਲੇਖ ਲਿਖ ਰਹੇ ਨੇ, ਜੇ ਉਨਾਂ ਵਿੱਚ ਜ਼ਰਾ ਵੀ ਜ਼ਮੀਰ ਬਾਕੀ ਬਚੀ ਹੈ
ਤੇ ਸਿੱਖਾਂ ਨੂੰ ਇਹ ਹਲੂਣਾਂ ਦੇਣ ਕੇ ਇਨਾਂ ਅਦਾਰਿਆਂ 'ਤੇ ਕਾਬਿਜ ਬੁਰਛਾਗਰਦਾਂ ਤੋਂ ਜਲਦੀ
ਤੋਂ ਜਲਦੀ ਖਹਿੜਾ ਛੁਡ਼ਾ ਕੇ ਅਪਣੇ ਧਾਰਮਿਕ ਅਦਾਰਿਆਂ ਦਾ ਸਤਕਾਰ ਬਹਾਲ ਕਰਨ ਅਤੇ ਕੌਮ
ਨੂੰ ਚੜ੍ਹਦੀ ਕਲਾ ਵਲ ਲੈ ਜਾਣ।