Share on Facebook

Main News Page

ਢਕੌਂਜ ਸੇਵਾ ਦਾ, ਲੁੱਟ ਪੰਜਾਬ ਦੀ

ਸ਼੍ਰੋਮਣੀ ਅਕਾਲੀ ਦਲ ਦੇ ਸੁਪਰੀਮੋ ਅਤੇ ਪੰਜਵੀਂ ਵਾਰ ਪੰਜਾਬ ਦੇ ਮੁੱਖ ਮੰਤਰੀ ਵਜੋਂ ਰਾਜ ਭਾਗ ਦਾ ਆਨੰਦ ਲੈ ਰਹੇ ਸ. ਪ੍ਰਕਾਸ਼ ਸਿੰਘ ਬਾਦਲ ਕੀ ਸੱਚਮੁਚ ਸਿਆਸਤਦਾਨ ਹਨ ਜਾਂ ਉਨ੍ਹਾਂ ਨੇ ਆਪਣੇ ਦੂਜੇ ਕਾਰੋਬਾਰਾਂ ਨੂੰ ਚਮਕਾਉਣ ਲਈ ਸਿਆਸੀ ਬਾਣਾ ਪਾਇਆ ਹੋਇਆ ਹੈ? ਇਹ ਸੁਆਲ ਹੁਣ ਪੰਜਾਬ ਵਿਚ ਬਹੁਤ ਹੀ ਬੇਬਾਕ ਤਰੀਕੇ ਨਾਲ ਉਠਾਇਆ ਜਾਣ ਲੱਗਿਆ ਹੈ। ਚੰਡੀਗੜ੍ਹ ਦੇ ਇਕ ਅਖਬਾਰ ਨੇ ਹਾਲ ਵਿੱਚ ਹੀ ਬਾਦਲ ਪਰਿਵਾਰ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦੁਆਰਾ ਸੱਤਾ ਦੀ ਦੁਰਵਰਤੋਂ ਕਰਦੇ ਹੋਏ ਨਿਯਮਾਂ ਨੂੰ ਤੋੜ ਮਰੋੜ ਕੇ ਕਰੋੜਾਂ ਰੁਪਏ ਕਮਾਉਣ ਬਾਰੇ ਜੋ ਖੁਲਾਸੇ ਕੀਤੇ ਹਨ, ਉਸ ਨਾਲ ਇਹ ਸੱਚ ਨੰਗੇ-ਚਿੱਟੇ ਰੂਪ ਵਿਚ ਸਾਹਮਣੇ ਆ ਗਿਆ ਹੈ ਕਿ ਪੰਜਾਬ ਵਿਚ ਪਿਛਲੇ ਕਰੀਬ ਛੇ ਦਹਾਕਿਆਂ ਤੋਂ ਸਿੱਖ ਪੰਥ ਦੀ ਰਾਖੀ ਦਾ ਨਾਅਰਾ ਦੇ ਕੇ ਸਿਆਸਤ ਕਰਨ ਵਾਲਾ ‘ਪਰਕਾਸ਼’ ਬਾਦਲ ਅਸਲੀਅਤ ਵਿਚ ਲੋਕਾਂ ਨੂੰ ਹਨੇਰੇ ਵੱਲ ਧੱਕ ਰਿਹਾ ਹੈ। ਉਸ ਦਾ ਮੁੱਖ ਉਦੇਸ਼ ਸਿਆਸਤ ਨਹੀਂ ਕਾਰੋਬਾਰ ਰਿਹਾ ਹੈ।

ਇਹੀ ਕਾਰਣ ਹੈ ਕਿ ਜਿਸ ਵੀ ਸਿਆਸੀ ਅਤੇ ਧਾਰਮਿਕ ਸੰਸਥਾ ਉੱਪਰ ਬਾਦਲ ਦਾ ਗਲਬਾ ਹੋਇਆ, ਉਸ ਨੇ ਉਸ ਸੰਸਥਾ ਦਾ ਸਰੂਪ ਅਤੇ ਉਦੇਸ਼ ਹੀ ਬਦਲ ਦਿੱਤਾ। ਇਹ ਚਾਹੇ ਸ਼੍ਰੋਮਣੀ ਅਕਾਲੀ ਦਲ ਨਾਂ ਦੀ ਸਿਆਸੀ ਪਾਰਟੀ ਹੋਵੇ ਜਾਂ ਫਿਰ ਸਿੱਖ ਸੰਸਥਾਵਾਂ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲਣ ਵਾਲੀ ਅਤੇ ਸਿੱਖਾਂ ਦੀ ਧਾਰਮਿਕ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ, ਬਾਦਲ ਦੇ ਖੰਭਾਂ ਥੱਲੇ ਆ ਕੇ ਇਹ ਦੋਵੇਂ ਸੰਸਥਾਵਾਂ ਆਪਣਾ ਅਸਲਾ ਹੀ ਗੁਆ ਬੈਠੀਆਂ।

ਸਭ ਤੋਂ ਅਫਸੋਸਨਾਕ ਪਹਿਲੂ ਇਹ ਹੈ ਕਿ ਜਿਸ ਅਰਸੇ ਦੌਰਾਨ ਪੰਜਾਬ ਦੇ ਲੋਕਾਂ ਦੀ ਆਰਥਿਕ ਪੱਖੋਂ ਹਾਲਤ ਸਭ ਤੋਂ ਵੱਧ ਤਰਸਯੋਗ ਹੋਈ ਹੈ, ਉਸੇ ਅਰਸੇ ਦੌਰਾਨ ਬਾਦਲ ਪਰਿਵਾਰ ਅਤੇ ਉਹਨਾਂ ਦੇ ਨੇੜਲੇ ਰਿਸ਼ਤੇਦਾਰਾਂ ਨੇ ਮੋਟੀਆਂ ਕਮਾਈਆਂ ਕਰਦਿਆਂ ਅਪਣੇ ਕਾਰੋਬਾਰਾਂ ਦੀ ‘ਦਿਨ ਦੁਗਣੀ ਰਾਤ ਚੌਗੁਣੀ’ ਤਰੱਕੀ ਕੀਤੀ ਹੈ। ਉੱਤੋਂ ਢੀਠਤਾਈ ਦੀ ਹੱਦ ਵੇਖੋ ਕਿ ਸ. ਬਾਦਲ ਅਤੇ ਉਹਨਾਂ ਦੇ ਪੁੱਤਰ ਉਪ ਮੁੱਖ ਮੰਤਰੀ, ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੇ ਮੌਜੂਦਾ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਇਸ ਆਰਿਥਕ ਮੰਦਹਾਲੀ ਦਾ ਸਾਰਾ ਠੀਕਰਾ ਕੇਂਦਰ ਦੀ ਯੂਪੀਏ ਸਰਕਾਰ ਸਿਰ ਭੰਨਿਆ ਹੈ।

ਤਾਜ਼ਾ ਖੁਲਾਸਿਆਂ ਤੋਂ ਪਤਾ ਲੱਗਿਆ ਹੈ ਕਿ ਬਾਦਲ ਪਰਿਵਾਰ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਵਪਾਰ ਵਿਚ ਵੱਡਾ ਵਾਧਾ ਸੰਨ 2007 ਵਿਚ ਸ. ਬਾਦਲ ਦੇ ਪੰਜਵੀਂ ਵਾਰ ਮੁੱਖ ਮੰਤਰੀ ਬਣਨ ਤੋਂ ਬਾਅਦ ਸ਼ੁਰੂ ਹੋਇਆ। ਇਕ ਮੋਟੇ ਅੰਦਾਜ਼ੇ ਮੁਤਾਬਿਕ 2009 ਵਿਚ ਸੁਖਬੀਰ ਬਾਦਲ ਅਤੇ ਉਸ ਦੀ ਪਤਨੀ ਹਰਸਿਮਰਤ ਬਾਦਲ ਦੀ ਜਾਇਦਾਦ 60.31 ਕਰੋੜ ਸੀ, ਜੋ 2014 ਵਿਚ ਵਧ ਕੇ 108 ਕਰੋੜ ਹੋ ਗਈ। ਇਸ ਜਾਇਦਾਦ ਨੂੰ ਵਧਾਉਣ ਲਈ ਕਿਵੇਂ ਨਿਯਮਾਂ ਨੂੰ ਤੋੜਿਆ ਮਰੋੜਿਆ ਗਿਆ, ਇਹ ਕਾਫੀ ਦਿਲਚਸਪ ਕਹਾਣੀ ਹੈ।ਪਹਿਲੀ ਗੱਲ ਸਭ ਤੋਂ ਵੱਧ ਕਮਾਈ ਵਾਲੇ ਮਹਿਕਮੇ ਬਾਦਲ ਪਰਿਵਾਰ ਨੇ ਆਪਣੇ ਕੋਲ ਰੱਖੇ ਹੋਏ ਹਨ।

ਮਿਸਾਲ ਵਜੋਂ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਆਦੇਸ਼ ਪ੍ਰਤਾਪ ਸਿੰਘ ਕੈਰੋਂ ਅਤੇ ਬਿਕਰਮਜੀਤ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਵਿਚ 27 ਕੰਮਾਂ (ਵਿਭਾਗਾਂ) ਦਾ ਕਾਰਜਭਾਰ ਸੰਭਾਲਿਆ ਹੋਇਆ ਹੈ। ਟਰਾਂਸਪੋਰਟ ਵਿਚ ਬਾਦਲ ਪਰਿਵਾਰ ਦੀਆਂ ਕੰਪਨੀਆਂ ਵੇਖਦੇ ਹੀ ਵੇਖਦੇ ਦੋ ਤੋਂ ਚਾਰ ਹੋ ਗਈਆਂ। ਆਪਣੇ ਲਗਜ਼ਰੀ ਬੱਸਾਂ ਦੇ ਕਾਰੋਬਾਰ ਨੂੰ ਵਧਾਉਣ ਲਈ ਸ. ਬਾਦਲ ਨੇ ਖੁਦ ਚੰਡੀਗੜ੍ਹ ਦੇ ਪ੍ਰਸਾਸ਼ਕ ਨੂੰ ਚਿੱਠੀ ਲ਼ਿਖ ਕੇ ਸ਼ਹਿਰ ਅੰਦਰ ਪ੍ਰਾਈਵੇਟ ਬੱਸਾਂ ਦੇ ਦਾਖਲੇ ਦੀ ਮੰਗ ਕੀਤੀ ਸੀ ਅਤੇ ਇਜ਼ਾਜਤ ਮਿਲਣ ਮਗਰੋਂ ਸਭ ਤੋਂ ਜ਼ਿਆਦਾ ਫਾਇਦਾ ਵੀ ਬਾਦਲ ਪਰਿਵਾਰ ਨੂੰ ਹੀ ਹੋਇਆ। ਭਾਰਤ ਸਰਕਾਰ ਦੇ ਕਾਰਪੋਰੇਟ ਮੰਤਰਾਲੇ ਤੋਂ ਪ੍ਰਾਪਤ ਦਸਤਾਵੇਜ਼ਾਂ ਮੁਤਾਬਿਕ ਬਾਦਲ ਪਰਿਵਾਰ ਦੀਆਂ 12 ਤੋਂ ਵੱਧ ਕੰਪਨੀਆਂ ਵਿਚ ਅਜਿਹੇ ਵਿਅਕਤੀਆਂ ਦੀ ਹਿੱਸੇਦਾਰੀ ਹੈ, ਜਾਂ ਉਹ ਡਾਇਰੈਕਟਰ ਹਨ, ਜਿਹੜੇ ਇਸ ਪਰਿਵਾਰ ਦੇ ਇਰਦ ਗਿਰਦ ਹੀ ਰਹਿੰਦੇ ਹਨ। ਇਨ੍ਹਾਂ ਵਿਚ ਬਠਿੰਡਾ ਦੇ ਮੁਹੰਮਦ ਜਮੀਲ ਅਤੇ ਮੁਹੰਮਦ ਰਫੀਕ ਹਿੱਸੇਦਾਰ ਬਣ ਕੇ ਜਾਂ ਡਾਇਰੈਕਟਰ ਬਣ ਕੇ ਬਾਦਲ ਪਰਿਵਾਰ ਦੀਆਂ ਕੰਪਨੀਆਂ ਨੂੰ ਚਲਾ ਰਹੇ ਹਨ।

ਬਾਦਲ ਪਰਿਵਾਰ ਨੇ ‘ਸੱਤਾ ਦੀ ਮਲਾਈ’ ਆਪਣੇ ਰਿਸ਼ਤੇਦਾਰਾਂ ਨੂੰ ਵੀ ਰੱਜ ਕੇ ਵੰਡੀ ਹੈ। ਮਿਸਾਲ ਵਜੋਂ ਬਾਦਲ ਦੀ ਧੀ ਪਰਨੀਤ ਕੌਰ ਅਤੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਕੰਪਨੀ ਸ਼ਿਵਾਲਿਕ ਟੈਲੀਕਾਮ ਲਿਮਟਿਡ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਅਕਸਰ ਨੇਮਾਂ ਨੂੰ ਤੋੜ ਕੇ ਸਭ ਤੋਂ ਵੱਧ ਕੰਮ ਅਲਾਟ ਕੀਤੇ ਜਾਂਦੇ ਰਹੇ ਹਨ। ਬਿਜਲੀ ਵਿਭਾਗ ਮੁੱਖ ਮੰਤਰੀ ਕੋਲ ਹੋਣ ਕਰ ਕੇ ਉਪਰੋਕਤ ਅਦਾਰੇ ਵੱਲੋਂ ਕੈਰੋਂ ਦੀ ਕੰਪਨੀ ਨੂੰ 400 ਕਰੋੜ ਰੁਪਏ ਦੇ ਕੰਮ ਅਲਾਟ ਕੀਤੇ ਗਏ ਸਨ।

ਕੈਰੋਂ ਪਰਿਵਾਰ ਤੋਂ ਬਾਅਦ ਬਾਦਲ ਸਰਕਾਰ ਆਪਣੇ ਦੂਜੇ ਨੇੜਲੇ ਰਿਸ਼ਤੇਦਾਰ ਮਜੀਠੀਆ ਪਰਿਵਾਰ ਉੱਤੇ ਵੀ ਰੱਜ ਕੇ ਮਿਹਰਬਾਨ ਰਹੀ ਹੈ। ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਸਰਕਾਰ ਦੇ ਕਈ ਪ੍ਰਾਜੈਕਟਾਂ ਤੋਂ ਸਿੱਧਾ ਫਾਇਦਾ ਲਿਆ ਹੈ। ਮਜੀਠੀਆ ਦੀ ਕੰਪਨੀ ਸਰਾਇਆ ਇੰਡਸਟਰੀਜ਼ ਲਿਮਟਿਡ ਨੇ ਦਸੰਬਰ 2008 ਵਿਚ ਪੰਜਾਬ ਸਰਕਾਰ ਨਾਲ ਇਕ ਸਮਝੌਤਾ ਸਹੀਬੰਦ ਕਰਕੇ ਕੋ-ਜਨਰੇਸ਼ਨ ਦਾ ਪ੍ਰਾਜੈਕਟ ਲਿਆ ਸੀ, ਜਿਸ ਦਾ ਮਕਸਦ ਖੇਤੀ ਦੀ ਰਹਿੰਦ-ਖੂੰਹਦ ਖਾਸ ਕਰਕੇ ਗੰਨੇ ਦੀ ਖੋਈ ਤੋਂ ਬਿਜਲੀ ਪੈਦਾ ਕਰਨਾ ਸੀ। ਇਹ ਸਮਝੌਤਾ ਭਾਵੇਂ ਰਸਮੀ ਤੌਰ ਤੇ ਸਹੀਬੰਦ ਪੰਜਾਬ ਕੋਆਪਰੇਸ਼ਨ ਵਿਭਾਗ ਨੇ ਕੀਤਾ ਸੀ, ਪਰ ਇਸ ਦੀ ਰੂਪ ਰੇਖਾ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਨੇ ਬਣਾਈ ਸੀ, ਜਿਹੜੀ ਆਪਣੇ ਹਰ ਕੰਮ ਲਈ ਮਜੀਠੀਆ ਨੂੰ ਰਿਪੋਰਟ ਕਰਦੀ ਸੀ।

ਇਸ ਤਰ੍ਹਾਂ ਟਰਾਂਸਪੋਰਟ ਤੋਂ ਲੈ ਕੇ ਮੀਡੀਆ, ਪ੍ਰਾਹੁਣਚਾਰੀ, ਸਿਵਲ ਏਵੀਏਸ਼ਨ, ਗੈਰ ਰਵਾਇਤੀ ਊਰਜਾ, ਬਿਜਲੀ ਅਤੇ ਖੇਤੀਬਾੜੀ ਸੈਕਟਰਾਂ ਵਿਚ ਬਾਦਲ ਪਰਿਵਾਰ ਅਤੇ ਨੇੜਲੇ ਰਿਸ਼ਤੇਦਾਰਾਂ ਦੁਆਰਾ ਮੋਟੀਆਂ ਕਮਾਈਆਂ ਕੀਤੀਆਂ ਜਾ ਰਹੀਆਂ ਹਨ। ਇਹ ਸਭ ਕੁਝ ‘ਰਾਜ ਨਹੀਂ ਸੇਵਾ’ ਦੇ ਨਾਅਰੇ ਹੇਠ ਹੋ ਰਿਹਾ ਹੈ। ਹੁਣ ਲੋੜ ਇਹ ਸੋਚਣ ਦੀ ਹੈ ਕਿ ਇਕ ਹੀ ਪਰਿਵਾਰ ਪਿਛਲੇ 60 ਸਾਲਾਂ ਤੋਂ ਸਾਨੂੰ ਇਹ ਕਹਿ ਕੇ ਲੁੱਟ ਰਿਹਾ ਹੈ ਕਿ ਉਹ ਸਿੱਖ ਪੰਥ ਦੀ ਸੇਵਾ ਕਰ ਰਿਹਾ ਹੈ ਅਤੇ ਅਸੀਂ ਉਸ ਦੀ ਸੇਵਾ ਪਿਛਲੇ ਕਾਰੋਬਾਰ ਨੂੰ ਨਜ਼ਰਅੰਦਾਜ਼ ਕਰਕੇ ਮੁੜ ਮੁੜ ਉਹਦੇ ਅੱਗੇ ਕੁਰਸੀ ਪਰੋਸੀ ਜਾਂਦੇ ਹਾਂ। ਦੂਜੇ ਪਾਸੇ ਪੰਜਾਬ ਦੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ, ਨੌਜਵਾਨ ਨਸ਼ਿਆਂ ਦੇ ਖੂਹ ਵਿਚ ਡਿੱਗ ਰਹੇ ਨੇ ਅਤੇ ਲੋਕਾਂ ਨੂੰ ਬੇਇੰਨਸਾਫੀ ਵਿਰੁੱਧ ਸਿਆਸੀ ਤੌਰ ਤੇ ਜਾਗਰੂਕ ਕਰਨ ਵਾਲੀਆਂ ਜਥੇਬੰਦੀਆਂ ਹਾਸ਼ੀਏ ਤੇ ਚਲੀਆਂ ਗਈਆਂ ਹਨ। ਸਿਆਸਤ ਵਿਚ ਸਾਰੇ ਕਾਰੋਬਾਰੀ ਲੋਕ ਭਾਰੂ ਹੋ ਗਏ ਹਨ, ਇਸ ਕਰਕੇ ਚੋਣਾਂ ਵਿਚ ਲੋਕ-ਮਸਲਿਆਂ ਦੀ ਥਾਂ ਸਿਆਸੀ ਲੋਕਾਂ ਦੀਆਂ ਨਿੱਜੀ-ਦੁਸ਼ਮਣੀਆਂ ਬਾਰੇ ਚਰਚਾ ਭਾਰੂ ਰਹਿਣ ਲੱਗ ਪਈ ਹੈ।

ਹਾਲਾਤ ਬਹੁਤ ਨਾਜ਼ੁਕ ਹਨ, ਸਿਆਸਤ ਤੋਂ ਕਾਰੋਬਾਰੀਆਂ ਦਾ ਗਲਬਾ ਹਟਾ ਕੇ ਕਾਬਿਲ ਆਗੂਆਂ ਨੂੰ ਅੱਗੇ ਲਿਆਉਣ ਦੀ ਲੋੜ ਹੈ, ਤਾਂ ਕਿ ਨਾ ਤਾਂ ਸਿਆਸਤ ਕਾਰੋਬਾਰ ਬਣੇ ਅਤੇ ਨਾ ਹੀ ਕਾਰੋਬਾਰਾਂ ਦੀ ਆੜ ਵਿਚ ਕੋਈ ਸਿਆਸਤ ਕਰ ਸਕੇ। ਇਸ ਵਾਰ ਦੀਆਂ ਚੋਣਾਂ ਵਿੱਚ ਆਮ ਆਦਮੀ ਸ਼ਾਇਦ ਬਾਦਲਾਂ ਜਿਹੇ "ਢਕੌਂਜੀ ਸਿਆਸਤਦਾਨਾਂ" ਨੂੰ ਸਬਕ ਸਿਖਾਏਗਾ।

(ਧੰਨਵਾਦ ਸਾਹਿਤ ਅੰਮ੍ਰਿਤਸਰ ਟਾਈਮਜ਼ ਵਿੱਚੋਂ)


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top