Share on Facebook

Main News Page

ਆਮ ਆਦਮੀ ਪਾਰਟੀ ਦੇ ਡਾਕਟਰ ਧਰਮਵੀਰ ਗਾਂਧੀ ’ਤੇ ਅਕਾਲੀ ਕੌਂਸਲਰ ਵੱਲੋਂ ਕੀਤੇ ਗਏ ਹਮਲੇ ਦੇ ਰੋਸ ਵਜੋਂ ਭੁੱਖ ਹੜਤਾਲ ਸ਼ੁਰੂ

ਪਟਿਆਲਾ,1 ਮਈ 2014) :-  ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ’ਤੇ ਅਕਾਲੀ ਕੌਂਸਲਰ ਅਤੇ ਵਰਕਰਾਂ ਵੱਲੋਂ ਕੀਤੇ ਗਏ ਹਮਲੇ ਦੇ ਰੋਸ ਵਜੋਂ ਪਾਰਟੀ ਵਰਕਰਾਂ ਨੇ ਅੱਜ ਡੀਸੀ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ‘ਆਪ’ ਦੀਆਂ ਮੰਗਾਂ ‘ਤੇ ਕੋਈ ਵਿਚਾਰ ਨਾ ਹੋਇਆ ਤਾਂ ਉਨ੍ਹਾਂ ਮੌਕੇ ’ਤੇ ਹੀ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਧਰਨੇ ਦੌਰਾਨ ‘ਆਪ’ ਦੇ ਪੰਜ ਉਮੀਦਵਾਰ ਅਤੇ ਹੋਰ ਵਰਕਰ ਹਾਜ਼ਰ ਸਨ।

ਆਮ ਆਦਮੀ ਪਾਰਟੀ ਦੇ ਸੂਬਾਈ ਆਗੂ ਪ੍ਰੋ. ਸੁਮੇਲ ਸਿੰਘ ਸਿੱਧੂ ਦੀ ਅਗਵਾਈ ਹੇਠ ਦਿੱਤੇ ਗਏ ਧਰਨੇ ਦੌਰਾਨ ਬੁਲਾਰਿਆਂ ਨੇ ਬੁੱਧਵਾਰ ਨੂੰ ਪਟਿਆਲਾ ਤੋਂ ਪਾਰਟੀ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ’ਤੇ ਅਕਾਲੀ ਕਾਰਕੁਨਾਂ ਵੱਲੋਂ ਕੀਤੇ ਗਏ ਹਮਲੇ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਮੁਲਜ਼ਮਾਂ ਖ਼ਿਲਾਫ਼ ਇਰਾਦਾ ਕਤਲ ਦੀ ਧਾਰਾ 307 ਅਧੀਨ ਕੇਸ ਦਰਜ ਕਰਨ ਦੀ ਮੰਗ ਕੀਤੀ।

ਉਨ੍ਹਾਂ ਮਾਰ ਕੁੱਟ ਵਾਲੀਆਂ ਥਾਵਾਂ ’ਤੇ ਦੁਬਾਰਾ ਵੋਟਾਂ ਪਵਾਉਣ ਸਮੇਤ ਜ਼ਿੰਮੇਵਾਰ ਪੁਲੀਸ ਅਧਿਕਾਰੀਆਂ ਦੀ ਬਦਲੀ ’ਤੇ ਵੀ ਜ਼ੋਰ ਦਿੱਤਾ। ਬਾਅਦ ’ਚ ਡੀਸੀ ਨੂੰ ਮੰਗ ਪੱਤਰ ਸੌਂਪਿਆ ਗਿਆ ਅਤੇ ਨਿਰਧਾਰਿਤ ਸਮੇਂ ਅੰਦਰ ਕਾਰਵਾਈ ਦਾ ਭਰੋਸਾ ਮੰਗਿਆ। ਡੀਸੀ ਨੇ ਮੰਗ ਪੱਤਰ ਲੈਂਦਿਆਂ ਅਗਲੀ ਪੜਤਾਲ ਲਈ ਡੀਆਈਜੀ ਨੂੰ ਭੇਜ ਦਿੱਤਾ। ਡੀਸੀ ਵੱਲੋਂ ਜਾਂਚ ਦਾ ਸਮਾਂ ਤੈਅ ਨਾ ਕਰਨ ਦੇ ਰੋਸ ਵਜੋਂ ਡਾਕਟਰ ਧਰਮਵੀਰ ਗਾਂਧੀ ਦੀ ਚੋਣ ਮੁਹਿੰਮ ਦੇ ਇੰਚਾਰਜ ਡਾਕਟਰ ਬਲਬੀਰ ਸਿੰਘ ਦੀ ਅਗਵਾਈ ਹੇਠ ਪੰਜ ਜਣੇ ਇਥੇ ਹੀ ਭੁੱਖ ਹੜਤਾਲ ’ਤੇ ਬੈਠ ਗਏ।

ਹਮਲੇ ’ਚ ਡਾਕਟਰ ਗਾਂਧੀ ਦੇ ਨੱਕ ਦੀ ਹੱਡੀ ਟੁੱਟ ਗਈ ਹੈ। ਉਨ੍ਹਾਂ ਰਸੂਲਪੁਰ ਸੈਦਾਂ ਦੇ ਇਕ ਬੂਥ ’ਤੇ ਅਕਾਲੀ ਦਲ ਦੇ ਕੌਂਸਲਰ ਰਾਜਿੰਦਰ ਸਿੰਘ ਵਿਰਕ ਵੱਲੋਂ ਹਮਲਾ ਕਰਨ ਦਾ ਦੋਸ਼ ਲਾਇਆ ਹੈ। ਪੁਲੀਸ ਨੇ ਗੰਨਮੈਨ ਦੀ ਸ਼ਿਕਾਇਤ ਦੇ ਆਧਾਰ ’ਤੇ ਦੋ ਦਰਜਨ ਦੇ ਕਰੀਬ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਕੌਂਸਲਰ ਵਿਰਕ ਨੂੰ ਰਾਤ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਸੀ। ਹਾਲਾਂਕਿ ਵਿਰਕ ਨੇ ਹਮਲੇ ਦੇ ਦੋਸ਼ਾਂ ਦਾ ਖੰਡਨ ਕੀਤਾ ਹੈ।

ਡੀ.ਸੀ. ਦਫ਼ਤਰ ਦੇ ਬਾਹਰ ਧਰਨਾ ਦੇਣ ਵਾਲਿਆਂ ’ਚ ਡਾਕਟਰ ਧਰਮਵੀਰ ਗਾਂਧੀ, ਭਗਵੰਤ ਮਾਨ, ਐਡਵੋਕੇਟ ਐਚ ਐਸ ਫੂਲਕਾ, ਜੱਸੀ ਜਸਰਾਜ ਅਤੇ ਹਿੰਮਤ ਸਿੰਘ ਸ਼ੇਰਗਿੱਲ ਵੀ ਸ਼ਾਮਲ ਸਨ। ਇਨ੍ਹਾਂ ਆਗੂਆਂ ਨੇ ਡਾਕਟਰ ਗਾਂਧੀ ‘ਤੇ ਹਮਲੇ ਦੀ ਘਟਨਾ ਨੂੰ ਲੋਕਤੰਤਰ ਦਾ ਕਤਲ ਕਰਨ ਦੇ ਤੁੱਲ ਦੱਸਿਆ। ਭਗਵੰਤ ਮਾਨ ਨੇ ਆਪਣੇ ਹੀ ਅੰਦਾਜ਼ ਵਿੱਚ ਅਕਾਲੀਆਂ ਅਤੇ ਕਾਂਗਰਸੀਆਂ ’ਤੇ ਖੂਬ ਤਵੇ ਲਾਏ।

ਭਗਵੰਤ ਮਾਨ ਦੀ ਤਕਰੀਰ ਨੇ ‘ਆਪ’ ਦੇ ਵਰਕਰਾਂ ਨੂੰ ਇਸ ਕਦਰ ਬੰਨ੍ਹ ਕੇ ਰੱਖ ਦਿੱਤਾ ਕਿ ਊਹ ਕੜਕਦੀ ਧੁੱਪ ਵਿੱਚ ਵੀ ਬੈਠੇ ਰਹੇ। ਧਰਨੇ ’ਚ ਹਰਜੀਤ ਸਿੰਘ ਅਦਾਲਤੀਵਾਲਾ, ਅਵਤਾਰ ਸਿੰਘ ਹਰਪਾਲਪੁਰ, ਗੁਰਪ੍ਰੀਤ ਸਿੰਘ ਧਮੌਲੀ ਅਤੇ ਜਰਨੈਲ ਸਿੰਘ ਮਨੂੰ ਆਦਿ ਵੀ ਹਾਜ਼ਰ ਸਨ। ਕਾਂਗਰਸ ਦੀ ਉਮੀਦਵਾਰ ਪ੍ਰਨੀਤ ਕੌਰ ਸ਼ਾਮ ਨੂੰ ਡਾਕਟਰ ਧਰਮਵੀਰ ਗਾਂਧੀ ਦੇ ਘਰ ਗਏ ਅਤੇ ਉਨ੍ਹਾਂ ਦਾ ਹਾਲ ਚਾਲ ਪੁੱਛਿਆ।

ਵਿਰਕ ਨੂੰ ਜੇਲ੍ਹ ਭੇਜਿਆ:

ਡਾਕਟਰ ਧਰਮਵੀਰ ਗਾਂਧੀ ’ਤੇ ਹਮਲੇ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਅਕਾਲੀ ਕੋਂਸਲਰ ਰਾਜਿੰਦਰ ਸਿੰਘ ਵਿਰਕ ਨੂੰ ਅੱਜ ਪੁਲੀਸ ਨੇ ਪਟਿਆਲਾ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਉਸ ਨੂੰ ਦੋ ਹਫ਼ਤਿਆਂ ਲਈ ਨਿਆਂਇਕ ਹਿਰਾਸਤ ਤਹਿਤ ਜੇਲ੍ਹ ਭੇਜ ਦਿੱਤਾ।

ਇਸ ਮੌਕੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਭਰਾ ਚਰਨਜੀਤ ਸਿੰਘ ਰੱਖੜਾ, ਮੇਅਰ ਅਮਰਿੰਦਰ ਸਿੰਘ ਬਜਾਜ, ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਹਰਮੀਤ ਸਿੰਘ ਪਠਾਣਮਾਜਰਾ, ਹਰਿੰਦਰਪਾਲ ਸਿੰਘ ਟੌਹੜਾ ਸਮੇਤ ਕਈ ਹੋਰ ਅਕਾਲੀ ਆਗੂ ਵੀ ਹਾਜ਼ਰ ਸਨ। ਮੇਅਰ ਬਜਾਜ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਵਿਰਕ ਨੂੰ ਗਲਤ ਫਸਾਇਆ ਜਾ ਰਿਹਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top