Share on Facebook

Main News Page

ਗੁਰੁਮਤ ਸੁਧਾਕਰ ਅਨੁਸਾਰਰਾਗਮਾਲਾ
-: ਗੁਰਮੀਤ ਸਿੰਘ (ਸਿੱਡਨੀ, ਆਸਟ੍ਰੇਲੀਆ)

ਕਈ ਸਿੱਖ ਲੇਖਕਾਂ ਨੇ ਪਹਿਲਾਂ ਵੀ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਹੋਏ ਹਨ ਕਿ “ਰਾਗਮਾਲਾ” ਕਿਸੇ ਵੀ ਗੁਰੂ ਸਾਹਿਬਾਨ ਜਾਂ ਭਗਤ ਜੀ ਵਲੋਂ ਉਚਾਰੀ ਹੋਈ ਬਾਣੀ ਨਹੀਂ। ਪਰ ਫਿਰ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਪ੍ਰਬੰਧਕ ਕਮੇਟੀਆਂ ਇਸ ਦਾ ਪਾਠ ਕਰੀ ਜਾਂਦੇ ਹਨ ! ਇਹ ਵੀ ਜਾਣਕਾਰੀ ਨਹੀਂ ਮਿਲਦੀ ਕਿ ਇਸ ਵਾਰੇ ਹੇਠ ਲਿਖੇ ਵਿਚਾਰ ਕਿਸ ਆਧਾਰ ‘ਤੇ ਨਜ਼ਰ ਅੰਦਾਜ਼ ਕੀਤੇ ਗਏ ਸਨ ?

ਭਾਈ ਕਾਨ੍ਹ ਸਿੰਘ ਨਾਭਾ ਜੀ ਵਲੋਂ “ਗੁਰੁਮਤ ਸੁਧਾਕਰ” ਦੀ ਪਹਿਲੀ ਐਡੀਸ਼ਨ 1898 ਨੂੰ ਛਪੀ ਸੀ, ਜਿਸ ਦੀ ਨਵੀਂ ਸੋਧੀ ਐਡੀਸ਼ਨ: ਮਈ 2005, ਪ੍ਰਕਾਸ਼ਕ- ਭਾ. ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ ਤੋਂ ਪ੍ਰਾਪਤ ਹੋ ਸਕਦੀ ਹੈ। ਇਸ ਦੇ ਲੜੀ ਨੰਬਰ 890 (ਪੰਨੇ 467-469) ਵਿਖੇ ਇੰਜ ਲਿਖਿਆ ਹੋਇਆ ਹੈ:

(890) ਗੁਰੂ ਗ੍ਰੰਥ ਸਾਹਿਬ ਕਾ ਭੋਗ ਸਲੋਕਾਂ ਪਰ ਪਾਵੇ। (ਫੁਟਨੋਟ 3) ਹੇਠ ਇੰਜ ਹੈ:

ਨੌਮੇਂ ਪਾਤਸ਼ਾਹ ਦੇ ਸਲੋਕਾਂ ਪਰ ਪਾਵੇ। ਮੁੰਦਾਵਣੀ ਦਾ ਇਸ ਲਈ ਜ਼ਿਕਰ ਨਹੀਂ ਕੀਤਾ ਕਿ ਮੁੰਦਾਵਣੀ ਭੋਗ ਦੀ ਮੋਹਰ ਹੈ, ਜਿਸ ਦਾ ਪੜ੍ਹਨਾ ਇਸ ਤਰਾਂ ਜ਼ਰੂਰੀ ਹੈ, ਜਿਸ ਤਰਾਂ ਸ਼ਾਹੀ ਫ਼ਰਮਾਨ ਪੜ੍ਹਕੇ ਮੁਹਰ ਦੀ ਇਬਾਰਤ ਅਵਸ਼ਯ ਪੜ੍ਹੀ ਜਾਂਦੀ ਹੈ। ਇਸ ਤੋਂ ਛੁੱਟ ਮੁੰਦਾਵਣੀ ਗੁਰੂ ਗ੍ਰੰਥ ਸਾਹਿਬ ਦਾ ਮਹਾਤਮ ਅਤੇ ਅੰਤਮ ਪ੍ਰਾਰਥਨਾ ਹੈ, ਜਿਸ ਦਾ ਪਾਠ ਦੀ ਸਮਾਪਤੀ ਪਰ ਪੜ੍ਹਨਾ ਜ਼ਰੂਰੀ ਹੈ

ਬਹੁਤ ਲੋਕ ਭੋਗ ਰਾਗਮਾਲਾ 'ਤੇ ਪਾਉਂਦੇ ਹਨ, ਪਰ ਰਾਗਮਾਲਾ ਗੁਰੁਬਾਣੀ ਨਹੀਂ, ਏਹ ਆਲਮ ਕਵੀ ਨੇ ਬਾਦਸ਼ਾਹ ਅਕਬਰ ਦੇ ਵੇਲੇ ਸੰਨ-991 ਹਿਜਰੀ (ਬਿ। 1641) ਵਿੱਚ (ਗੁਰੂ ਗ੍ਰੰਥ ਸਾਹਿਬ ਦੀ ਬੀੜ ਬੱਝਣ ਤੋਂ ਵੀਹ ਵਰ੍ਹੇ ਪਹਿਲਾਂ) ਬਣਾਈ ਹੈ, ਜੇਹਾ ਕਿ ਆਲਮ ਦੇ ਸੰਗੀਤ ਤੋਂ ਮਲੂਮ ਹੁੰਦਾ ਹੈ:-

ਸੰਨ ਨੌਸੈ ਏਕਾਨਵ ਆਹੀ, ਕਰੋਂ ਕਥਾ ਅਬ ਬੋਲੋਂ ਤਾਹੀ।
ਕਹੋਂ ਬਾਤ ਸੁਨਹੋ ਸਭਿ ਲੋਗਾ, ਕਰੋਂ ਕਥਾ ਸਿੰਗਾਰ ਵਿਯੋਗਾ।
ਕਾਮੀ ਰਸਿਕਪੁਰੁਸ਼ ਜੋ ਸੁਨਹੀਂ, ਤੇ ਯਹਿ ਕਥਾ ਰੈਨਦਿਨ ਗੁਨਹੀਂ।


ਸੈਦ ਮੁਹੰਮਦ (ਗੌਸ ਕੁਤਬ ਕਾਦਰੀ) ਦੇ ਚੇਲੇ ਆਲਮ ਕਵੀ ਨੇ ਮਾਧਵਾਨਲ ਅਤੇ ਕਾਮਕੰਦਲਾ ਦਾ ਚਰਿਤ੍ਰ ਭਾਸ਼ਾਕਾਵਯ ਵਿੱਚ ਲਿਖਿਆ ਹੈ, ਜਿਸ ਦਾ ਨਾਂਉਂ ‘ਮਾਧਵਾਨਲਸੰਗੀਤ’ ਹੈ। ਇਸ ਗ੍ਰੰਥ ਦੇ ਸਾਰੇ ਛੰਦ 353 ਹੈਨ। ਰਾਗਮਾਲਾ 63ਵੇਂ ਅੰਗ ਤੋਂ ਲੈ ਕੇ 72ਵੇਂ ਅੰਗ 'ਤੇ ਸਮਾਪਤ ਹੋਂਦੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਰਾਗਮਾਲਾ ਅਤੇ ਇਸ ਪੁਸਤਕ ਦੀ ਰਾਗਮਾਲਾ ਦੇ ਕੇਵਲ ਇੱਕ ਦੋ ਪਾਠਾਂ ਵਿੱਚ ਭੇਦ ਹੈ ਯਥਾ:-

ਲਲਿਤ ਬਿਲਾਵਲ ਗਾਵਹੀ ਅਪਨੀ ਅਪਨੀ ਭਾਂਤ, ਅਸਟਪੁਤ੍ਰ ਭੈਰੱਵ ਕੇ ਗਾਵਹਿ ਗਾਯਨ ਪ੍ਰਾਤ।” ਆਦਿਕ

ਵਯਾਕਰਣ ਵਿਰੋਧੀ ਸਾਡੇ ਕਈ ਭਾਈ ਰਾਗਮਾਲਾ ਦੇ ਏਹ ਪਾਠ,- ‘ਪ੍ਰਥਮ ਰਾਗ ਭੈਰਉ ਵੈ ਕਰਹੀ,- ਖਸਟ ਰਾਗ ਉਨ ਗਾਏ,’ - ਦੇਖ ਕੇ ਭੀ ਹਠ ਕਰਦੇ ਹਨ ਕਿ ਰਾਗਮਾਲਾ ਮਾਧਵਾ ਨਲ ਸੰਗੀਤ ਵਿੱਚੋਂ ਨਹੀਂ ਲਈ ਗਈ। ਓਹ ਇਤਨਾ ਨਹੀਂ ਸਮਝਦੇ ਕਿ ਰਾਗਮਾਲਾ ਦੀ ਰਚਨਾ ਕਿਸੇ ਉਪਰ ਚੱਲੇ ਪ੍ਰਸੰਗ ਨਾਲ ਸੰਬੰਧ ਰੱਖਦੀ ਹੈ, ਔਰ ‘ਵੈ’ ਤਥਾ ‘ਉਨ’ ਸਰਵਨਾਮਾਂ ਦੇ ਨਾਮ, ਚੱਲੇ ਹੋਏ ਪ੍ਰਕਰਣ ਵਿੱਚ ਪਹਿਲਾਂ ਆ ਚੁਕੇ ਹਨ।

ਗੁਰੁਬਾਣੀ ਨਾ ਹੋਣ ਤੋਂ ਭਿੰਨ, ਰਾਗਮਾਲਾ ਗੁਰੁਮਤ ਵਿਰੁੱਧ ਹੈ, ਕਯੋਂਕਿ ਇਸ ਵਿੱਚ ਕਰਤਾਰ ਦਾ ਨਾਮ ਭਗਤਿ ਗਯਾਨ ਵੈਰਾਗ ਆਦਿਕ- ਦਾ ਜ਼ਿਕਰ ਨਹੀਂਗੁਰੂ ਗ੍ਰੰਥ ਸਾਹਿਬ ਦੇ ਰਾਗ ਸ੍ਰੀਰਾਗ ਤੋਂ ਆਰੰਭ ਹੁੰਦੇ ਹਨ, ਅਰ ਗੁਰੁਵਾਕ ਹੈ, ‘ਰਾਗਾਂ ਵਿਚ ਸ੍ਰੀਰਾਗ ਹੈ’ਜਿਸ ਦੀ ਪੁਸ਼ਟੀ ਭਾਈ ਗੁਰੁਦਾਸ ਜੀ ਕਰਦੇ ਹਨ- ‘ਰਾਗਨ ਮੇਂ ਸਿਰੀਰਾਗ।’ ਅਰ ਰਾਗਮਾਲਾ ਭੈਰਵ ਤੋਂ ਰਾਗ ਆਰੰਭ ਕਰਦੀ ਹੈ। ਜੋ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਹਨ, ਓਹ ਸਾਰੇ ਰਾਗਮਾਲਾ ਵਿਖੇ ਨਹੀਂ, ਅਤੇ ਰਾਗਮਾਲਾ ਦੇ ਸਮਗ੍ਰ ਰਾਗ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ।

ਕਰਤਾਰਪੁਰ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਤਤਕਰੇ ਵਿਖੇ ਲੇਖ ਹੈ, ‘ਸਾਰੇ ਪਤ੍ਰੇ ਗੁਰੁ ਬਾਬੇ ਕੇ 974’। ਸੋ ਮੁੰਦਾਵਣੀ 973ਵੇਂ ਪਤ੍ਰ ਪਰ ਹੈ। ਅਰ 974ਵਾਂ ਪਤ੍ਰ ਖਾਲੀ ਹੈ।

ਕਿਸੇ ਸਿੱਖ ਨੇ ਰਾਗਮਾਲਾ ਉਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੇ ਅੰਤ ਵਾਧੂ ਪਤ੍ਰੇ 'ਤੇ ਲਿਖ ਦਿੱਤੀ ਹੈ, ਜਿਸ ਤਰਾਂ ਭਾਈ ਬੰਨੋ ਨੇ ਸਤਗੁਰਾਂ ਦੀ ਆਗਯਾ ਬਿਨਾਂ ਕਈ ਸ਼ਬਦ ਅਤੇ ਸੰਗਲਾਦੀਪ ਦੀ ਸਾਖੀ ਆਦਿਕ ਲਿਖ ਦਿੱਤੇ ਹਨ, ਅਰ ਕਈਆਂ ਨੇ ਸਿਆਹੀ ਦੀ ਵਿਧਿ ਤਥਾ ਜੋਤੀ ਜੋਤਿ ਸਮਾਵਨੇ ਦਾ ਚਰਿਤ ਦਰਜ ਕਰ ਦਿੱਤਾ ਹੈ।

ਕਈ ਅਗਯਾਨੀ ਖ਼ਯਾਲ ਕਰਦੇ ਹਨ ਕਿ ਰਾਗਮਾਲਾ ਦਾ ਵਿਰੋਧ ਸਿੰਘ ਸਭਾ ਦੀ ਕਾਯਮੀ ਤੋਂ ਹੋਯਾ ਹੈ, ਪਰ ਏਹ ਅਸਤਯ ਹੈ, ਕਯੋਂਕਿ ਅਨੇਕ ਬਹੁਤ ਪ੍ਰਾਚੀਨ ਗੁਰੂ ਗ੍ਰੰਥ ਸਾਹਿਬ, ਬਾਬਾ ਆਲਾ ਸਿੰਘ ਜੀ ਦੇ ਬੁਰਜ, ਪਟਿਆਲੇ ਅਰ ਸ਼੍ਰੀ ਅਵਿਚਲਨਗਰ ਆਦਿਕ ਗੁਰਦੁਆਰਿਆਂ ਵਿੱਚ ਮੌਜੂਦ ਹਨ ਜਿਨ੍ਹਾਂ ਵਿਖੇ ਰਾਗਮਾਲਾ ਨਹੀਂ। ਅਰ ਗੁਰੁ ਪ੍ਰਤਾਪ ਸੂਰਯ ਦੇ ਕਰਤਾ ਭਾਈ ਸੰਤੋਖ ਸਿੰਘ ਜੀ ਨੇ ਸਾਲ 1900 ਤੋਂ ਪਹਿਲਾਂ ਰਾਗਮਾਲਾ ਵਿਸ਼ਯ ਐਸਾ ਲਿਖਿਆ ਹੈ:-

ਰਾਗਮਾਲ ਸਤਗੁਰੁ ਕੀ ਕ੍ਰਿਤ ਨਹਿ, ਹੈਂ ਮੁੰਦਾਵਣੀ ਲਗ ਗੁਰੁ ਬੈਨ,
ਇਸ ਮਹਿ ਨਹਿ ਸੰਸੇ ਕਛੁ ਕਰੀਅਹਿ, ਜੇ ਸੰਸੈ ਅਵਿਲੋਕੋ ਨੈਨ,
ਮਾਧਵਨਲ ਆਲਮਕਵਿ ਕੀਨਸ, ਤਿਸ ਮਹਿ ਨ੍ਰਿਤਕਾਰੀ ਕਹਿ ਤੈਨ,
ਰਾਗ ਰਾਗਨੀ ਨਾਮ ਗਨੇ ਤਿਹ, ਯਾਂਤੇ ਸ਼੍ਰੀ ਅਰਜਨ ਕ੍ਰਿਤ ਹੈਨ।
39 (ਰਾਸਿ 3, ਅ। 47)

ਕਿਤਾਬ “ਪੰਥਕ ਮਤੇ” ਸੰਪਾਦਕ ਕਿਰਪਾਲ ਸਿੰਘ (ਡਾਕਟਰ), ਪ੍ਰਕਾਸ਼ਕ ਡਾ। ਮਾਨ ਸਿੰਘ ਨਿਰੰਕਾਰੀ, ਰੀਟਾਇਰਡ ਪ੍ਰਿੰਸੀਪਲ ਮੈਡੀਕਲ ਕਾਲਜ, ਅੰਮ੍ਰਿਤਸਰ (ਪਹਿਲੀ ਵਾਰ: 2002) ਦੇ ਪੰਨੇ 32-34 ਵਿਖੇ ਜਾਣਕਾਰੀ ਇੰਜ ਦਿੱਤੀ ਹੋਈ ਹੈ:

ਧਾਰਮਿਕ ਸਲਾਹਕਾਰ ਕਮੇਟੀ ਦੀ ਤੇਰ੍ਹਵੀਂ ਇਕੱਤਰਤਾ
ਮਿਤੀ 7 ਜਨਵਰੀ 1945 ਦੀ ਕਾਰਵਾਈ

5. ਰਾਗਮਾਲਾ ਤੇ ਭੋਗ: ਪਰਵਾਨ ਹੋਇਆ ਕਿ ਧਾਰਮਿਕ ਸਲਾਹਕਾਰ ਕਮੇਟੀ ਦੀ ਰਾਏ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਭੋਗ ਮੁੰਦਾਵਣੀ 'ਤੇ ਪਾਇਆ ਜਾਣਾ ਚਾਹੀਦਾ ਹੈ ਤੇ ਰਾਗਮਾਲਾ ਨਹੀਂ ਪੜਨੀ ਚਾਹੀਦੀ।

ਇਸ ਲਈ ਬਾਹਰ ਰਹਿੰਦੇ ਸਿੱਖਾਂ ਨੂੰ ਬੇਨਤੀ ਹੈ ਕਿ ਅਕਾਲ ਪੁਰਖ ਵਲੋਂ ਬਖ਼ਸ਼ਿਸ਼ ਹੋਈ ਬਿਬੇਕ ਬੁੱਧੀ ਅਨੁਸਾਰ ਸਾਨੂੰ ਵੀ ‘ਰਾਗਮਾਲਾ’ ਦਾ ਪਾਠ ਨਹੀਂ ਕਰਨਾ ਚਾਹੀਦਾ! ਇਵੇਂ ਹੀ ਸਿੱਖ ਪ੍ਰਚਾਰਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਿੱਖਾਂ ਦਾ ਧਰਮ ਗਰੰਥ ਇਕ ਹੀ ਹੈ: “ਗੁਰੂ ਗਰੰਥ ਸਾਹਿਬ” ਜਿਸ ਦੇ ਪੰਨੇ ਹਨ: 1 ਤੋਂ ਲੈ ਕੇ 1429 ਤੱਕ। {ਸਾਨੂੰ ਇਹ ਵੀ ਯਾਦ ਰਹੇ ਕਿ “ਗੁਰੂ ਗਰੰਥ ਸਾਹਿਬ” ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ 16 ਅਗਸਤ 1604 ਨੂੰ ਕੀਤਾ ਗਿਆ ਸੀ}

ਖਿਮਾ ਦਾ ਜਾਚਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)
1 ਸਤੰਬਰ 2013


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰੁਮਤ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top