Share on Facebook

Main News Page

ੴ ਸਤਿਗੁਰ ਪ੍ਰਸਾਦਿ ॥
“ਰਾਗ ਮਾਲਾ” ਦੇ ਪਾਠ ਬਾਰੇ ਵੀਚਾਰ
-: ਗੁਰਮੀਤ ਸਿੰਘ ਆਸਟ੍ਰੇਲੀਆ

ਗੁਰੂ ਗਰੰਥ ਸਾਹਿਬ ਜੀ ਸਿੱਖਾਂ ਦੇ ਸ਼ਬਦ-ਗੁਰੂ ਹਨ। ਅਸੀਂ ਸਾਰੇ ਹੀ ਪੜ੍ਹਦੇ-ਸੁਣਦੇ ਆ ਰਹੇ ਹਾਂ ਕਿ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਸਾਹਿਬਾਨ, ਭਗਤਾਂ ਅਤੇ ਗੁਰਸਿੱਖਾਂ ਦੀ ਬਾਣੀ ਨੂੰ ਇੱਕਠਿਆ ਕਰਕੇ ਇਕ ਗਰੰਥ ਸਰੂਪ ਬੀੜ ਵਿਚ ਅੰਕਿਤ ਕੀਤਾ। ਇਸ ਤਰ੍ਹਾਂ, “ਗੁਰਬਾਣੀ”: ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਤੋਂ ਆਰੰਭ ਕਰਕੇ, “ਮੁੰਦਾਵਣੀ” ਸਲੋਕ ਮਹਲਾ 5 ॥ ਦੀ ਆਖੀਰਲੀ ਤੁੱਕ, ...ਨਾਨਕ ਨਾਮੁ ਮਿਲੈ ਤਾ ਜੀਵਾ ਤਨੁ ਮਨੁ ਥੀਵੈ ਹਰਿਆ ॥1॥ ‘ਤੇ ਸਮਾਪਤ ਕੀਤਾ (ਪੰਨਾ 1429)।

ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਮਦਮਾ ਸਾਹਿਬ ਵਿਖੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਬਾਣੀ ਨੂੰ ਹੀ ਰਾਗਾਂ ਅਨੁਸਾਰ ਅੰਕਿਤ ਕੀਤਾ। ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਇਕੱਤੀ (31) ਰਾਗਾਂ ਵਿਚ ਹੈ, ਜਿਨ੍ਹਾਂ ਦਾ ਵੇਰਵਾਂ ਇਸ ਤਰ੍ਹਾਂ ਹੈ :

1. ਸਿਰੀ ਰਾਗੁ (14-93), 2. ਮਾਝ (94-150), 3. ਗਉੜੀ (151-346), 4. ਆਸਾ (347-488), 5. ਗੂਜਰੀ (489-526), 6. ਦੇਵ ਗੰਧਾਰੀ (527-536), 7. ਬਿਹਾਗੜਾ (537-556), 8. ਵਡਹੰਸੁ (557 - 594), 9. ਸੋਰਠਿ (595-659), 10. ਧਨਾਸਰੀ (660-695), 11. ਜੈਤਸਰੀ (696-710), 12. ਟੋਡੀ (711-718), 13. ਬੈਰਾੜੀ (719-720), 14. ਤਿਲੰਗ (721-727), 15. ਸੂਹੀ (728-794), 16. ਬਿਲਾਵਲੁ (795-858), 17. ਗੌਡ (859-875), 18. ਰਾਮਕਲੀ (876-974), 19. ਨਟ ਨਾਰਾਇਨ (975-983), 20. ਮਾਲੀ ਗਉੜਾ (984-988), 21. ਮਾਰੂ (989-1106), 22. ਤੁਖਾਰੀ (1107 - 1117), 23. ਕੇਦਾਰਾ (1118-1124), 24. ਭੈਰਉ (1125-1167), 25. ਬਸੰਤ (1168-1196), 26. ਸਾਰੰਗ (1197-1253), 27. ਮਲਾਰ (1254-1293), 28. ਕਾਨੜਾ (1294-1318), 29. ਕਲਿਆਣ (1319-1326), 30. ਪ੍ਰਭਾਤੀ (1327-1351) ਅਤੇ 31. ਜੈਜਾਵੰਤੀ (1352-1353) ॥

ਗੁਰੂ ਗਰੰਥ ਸਾਹਿਬ ਜੀ ਦੀਆਂ ਬੀੜਾਂ ਵਿਚ “ਮੁੰਦਾਵਣੀ” ਤੋਂ ਬਾਅਦ ‘ਰਾਗ ਮਾਲਾ’ 1429-1430 ਪੰਨੇ ‘ਤੇ ਲਿਖੀ ਹੋਈ ਹੈ, ਜਿਸ ਦੀ ਆਖੀਰਲੀ ਲਾਈਨ ਇੰਜ ਹੈ: “ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ ॥ ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ॥1॥1॥”  Accordingly, at the last page of “SRI GURU GRANTH SAHIB” (Punjabi & English) Vol. 8, Translated by Advocate Manmohan Singh and published by SGPC, Amritsar - (Fourth Edition 1996) it is mentioned as under: (6) ਰਾਗ, (30) ਪਤਨੀਆਂ ਅਤੇ (48) ਪੁੱਤਰਾਂ ਦੇ ਨਾਮ (= 84) ਲਿਖੇ ਹੋਏ ਹਨ :

ਰਾਗ ਪਤਨੀਆਂ ਪੁੱਤਰ
 1. ਭੈਰਉ 1. ਭੈਰਵੀ, 2. ਬਿਲਾਵਲੀ, 3. ਪੁਨਿਆ ਕੀ, 4. ਬੰਗਾਲੀ, 5. ਅਸਲੇਖੀ 1. ਪੰਚਮ, 2. ਹਰਖ, 3. ਦਿਸਾਖ, 4. ਬੰਗਾਲਮ,   5. ਮਧੁ, 6. ਮਾਧਵ, 7. ਲਲਤ, 8. ਬਿਲਾਵਲ
2. ਮਾਲ ਕਉਸਕ 1. ਗੋਡ ਕਰੀ, 2. ਦੇਵਗੰਧਾਰੀ, 3. ਗੰਧਾਰੀ 4. ਸੀਹੁਤੀ, 5. ਧਨਾਸਰੀ 1. ਮਾਰੂ, 2. ਮਸਤਾਂਗ, 3. ਮੇਵਾਰ, 4. ਪ੍ਰਬਲ, 5. ਚੰਡਕਉਸਕ, 6. ਖਉ, 7. ਖਟ, 8. ਭਉਰਾਨਦ
3. ਹਿੰਡੋਲ 1. ਤੇਲੰਗੀ, 2. ਦੇਵਕਰੀ, 3. ਬਸੰਤੀ, 4. ਸੰਦੂਰੀ, 5. ਅਹੀਰੀ 1.ਸੁਰਮਾਨੰਦ, 2.ਭਾਸਕਰ, 3.ਚੰਦਰ ਬਿੰਬ, 4.ਮੰਗਲਨ, 5. ਸਰਸਥਾਨ, 6. ਬਨੋਦ, 7. ਬਸੰਤ, 8. ਕਮੋਦ
4. ਦੀਪਕ 1. ਕਛੇਲੀ, 2. ਪਟਮੰਜਰੀ, 3. ਟੋਡੀ, 4. ਕਾਮੋਦੀ, 5. ਗੂਜਰੀ 1. ਕਾਲੰਕਾ, 2. ਕੁੰਤਲ, 3. ਰਾਮਾ, 4. ਕਮਲਕੁਸਮ, 5.ਚੰਪਕ, 6.ਗਉਰਾ, 7.ਕਾਨੜਾ, 8.ਕਲਿਆਨ
5. ਸਿਰੀ ਰਾਗ 1. ਬੈਰਾਗੀ, 2. ਕਰਨਾਟੀ, 3. ਗਵਰੀ, 4. ਆਸਾਵਰੀ, 5. ਸਿੰਧਵੀ 1. ਸਾਲੂ, 2. ਸਾਰੰਗ, 3. ਸਾਗਰਾ, 4. ਗੌਂਡ, 5. ਗੰਭੀਰ, 6. ਗੁੰਡ, 7. ਕੁੰਭ, 8. ਹਮੀਰ
6. ਮੇਘ 1. ਸੋਰਠਿ, 2. ਗੌਂਡ, 3 ਮਲ੍ਹਾਰੀ, 4. ਆਸਾ, 5. ਸੂਹਉ 1.ਬੈਰਾਧਰ, 2.ਗਜਧਰ, 3.ਕੇਦਾਰਾ, 4.ਜਬਲੀਧਰ,  5. ਨਟ, 6. ਜਲਧਾਰਾ, 7. ਸੰਕਰ, 8. ਸਿਆਮਾ


ਮੇਰੇ ਜੈਸੇ ਪ੍ਰਾਣੀ ਜਿਸ ਨੂੰ ਗੁਰਬਾਣੀ ਅਤੇ ਰਾਗਾਂ ਬਾਰੇ ਜ਼ਿਆਦਾ ਸੋਝੀ ਨਾ ਵੀ ਹੋਵੇ, ਇਹ ਜ਼ਰੂਰ ਕਹਿ ਸਕਦਾ ਹੈ ਕਿ ਇਕੱਤੀ ਰਾਗਾਂ ਵਿਚੋਂ “ਮਾਝ, ਬਿਹਾਗੜਾ, ਵਡਹੰਸੁ, ਜੈਤਸਰੀ, ਰਾਮਕਲੀ, ਮਾਲੀ ਗਉੜਾ, ਤੁਖਾਰੀ, ਪ੍ਰਭਾਤੀ ਅਤੇ ਜੈਜਾਵੰਤੀ”, 9 - ਨੌ ਰਾਗ {272 ਪੰਨੇ - 20%}, ‘ਰਾਗ ਮਾਲਾ’ ਦੀ ਸੂਚੀ ਵਿਚ ਅੰਕਿਤ ਹੀ ਨਹੀਂ ਕੀਤੇ ਹੋਏ !

ਫਿਰ, ਹਰ ਸਿੱਖ ਦੇ ਮਨ ਵਿਚ ਇਹ ਹੀ ਸ਼ੰਕਾ ਉੱਠਦਾ ਹੈ, ਕਿ ਜੇ ਗੁਰੂ ਅਰਜਨ ਸਾਹਿਬ ਜੀ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨਿਗਰਾਨੀ ਹੇਠ ਭਾਈ ਗੁਰਦਾਸ ਜੀ ਜਾਂ ਭਾਈ ਮਨੀ ਸਿੰਘ ਜੀ ਨੇ ‘ਰਾਗ ਮਾਲਾ’ ਅੰਕਿਤ ਕੀਤੀ ਹੁੰਦੀ, ਤਾਂ ਉਹ ਕਿਵੇਂ ਐਸੀ ਭੁੱਲ ਕਰ ਸਕਦੇ ਸਨ ਅਤੇ ਨਾਹ ਹੀ ਕਈ ਐਸੇ ਰਾਗ, ਜਿਹੜੇ ‘ਰਾਗ ਮਾਲਾ’ ਵਿਚ ਲਿਖੇ ਹੋਏ ਹਨ, ਪਰ ਉਹ ਇਕੱਤੀ ਰਾਗਾਂ ਦੀ ਲੜੀ ਵਿਚ ਨਹੀਂ ਆਉਂਦੇ, ਉਨ੍ਹਾਂ ਨੂੰ ਕਿਉਂ ਦਰਜ਼ ਕਰਦੇ? ਕਿਵੇਂ ਅਸੀਂ ਅਣਜਾਣੇ ਵਿਚ ਜਾਂ ਆਪਣੀ ਮਨਮਤਿ/ਬੇਵਕੂਫੀ ਕਰਕੇ, ਗੁਰੂ ਸਾਹਿਬਾਨ ਜੀ ਦੇ ਨਾਮ ਨਾਲ ਐਸਾ ਪ੍ਰਸ਼ਿਨ ਚਿੰਨ੍ਹ ਲਗਾ ਰਹੇ ਹਾਂ ? ਇਹ ਰਾਗ ਮਾਲਾ ਕਿਸ ਗੁਰੂ ਸਾਹਿਬ ਨੇ ਲਿਖੀ, ਕੋਈ ਪਤਾ ਨਹੀਂ ਅਤੇ ਨਾ ਹੀ “ਨਾਨਕ” ਨਾਮ ਨਾਲ ਸਮਾਪਤ ਹੁੰਦੀ ਹੈ?

“ਸਿੱਖ ਰਹਿਤ ਮਰਯਾਦਾ” ਦੇ ਖਰੜੇ ਦੀ ਪ੍ਰਵਾਨਗੀ ਦੇਣ ਸਮੇਂ (1932 - 1945) ਇੰਜ ਪ੍ਰਤੀਤ ਹੋ ਰਿਹਾ ਹੈ ਕਿ ‘ਰਾਗ ਮਾਲਾ’ ਦਾ ਮਸਲਾ ਵੀ ਸਾਮ੍ਹਣੇ ਆਇਆ ਅਤੇ ਇਸ ਉੱਪਰ ਵੀ ਵੀਚਾਰ ਹੋਈ ਜਿਸ ਸਦਕਾ 26 ਅਕਤੂਬਰ 1945 ਨੂੰ “ਰਾਗਮਾਲਾ ਦਾ ਸਵਾਲ ਤੇ ਉਸ ਬਾਰੇ ਮਤਾ” ਪ੍ਰਕਾਸ਼ਕ, ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਦੀ ਕਿਤਾਬ: “ਗੁਰਦੁਅਰਾ ਸੁਧਾਰ ਲਹਿਰ” ਦੇ ਪੰਨਾ 41 ‘ਤੇ SGPC's 50 ਸਾਲਾ ਇਤਿਹਾਸ ਲਿਖਿਆ ਭੀ ਦੇਖੋ!

“ਸਰਦਾਰ ਅਮਰ ਸਿੰਘ ਜੀ (ਸ਼ੇਰਿ ਪੰਜਾਬ) ਵਲੋਂ ਰਾਗਮਾਲਾ ਬਾਰੇ ਇਹ ਮਤਾ ਪੇਸ਼ ਕੀਤਾ ਗਿਆ, ਜਿਸ ਸੰਬੰਧੀ ਪ੍ਰਧਾਨ ਸਾਹਿਬ ਨੇ ਦੱਸਿਆ ਕਿ ਸੰਨ 1936 ਈ: ਵਿਚ ਧਾਰਮਿਕ ਸਲਾਹਕਾਰ ਕਮੇਟੀ ਨੇ ਫੈਸਲਾ ਕੀਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਰਾਗਮਾਲਾ ਨੂੰ ਕੱਢਣ ਦਾ ਹੀਆ ਕੋਈ ਨਾ ਕਰੇ। ਇਸ ਫੈਸਲੇ ਤੇ ਕਿਸੇ ਥਾਂ ਅਮਲ ਹੋਇਆ ਅਤੇ ਕਿਸੇ ਥਾਂ ਨਹੀਂ।

ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਨਨਕਾਣਾ ਸਾਹਿਬ ਅਤੇ ਸ੍ਰੀ ਪੰਜਾ ਸਾਹਿਬ ਵਿਚ ਉਦੋਂ ਤੋਂ ਹੀ ਭੋਗ ਮੁੰਦਾਵਣੀ ‘ਤੇ ਪਾਇਆ ਜਾਂਦਾ ਹੈ, ਜਦੋਂ ਤੋਂ ਇਹ ਪਵਿਤ੍ਰ ਅਸਥਾਨ ਮੁੜ ਪੰਥਕ ਪ੍ਰਬੰਧ ਵਿਚ ਆਏ ਹਨ। ਧਾਰਮਿਕ ਸਲਾਹਕਾਰ ਕਮੇਟੀ ਦੇ ਇੱਕ ਮੈਂਬਰ ਸਾਹਿਬ ਵਲੋਂ ਇਹ ਦੁਬਾਰਾ ਵਿਚਾਰ ਹਿਤ ਪੇਸ਼ ਹੋਣ 'ਤੇ ਇੱਕ ਸਬ-ਕਮੇਟੀ ਪੁਰਾਤਨ ਪਵਿੱਤਰ ਬੀੜਾਂ ਦੇ ਦਰਸ਼ਨ ਕਰਕੇ ਰੀਪੋਰਟ ਕਰਨ ਲਈ ਨਿਯਤ ਕੀਤੀ ਗਈ ਹੈ, ਜਦ ਤੱਕ ਕੋਈ ਫੈਸਲਾ ਨਹੀਂ ਹੁੰਦਾ, ਰਾਗ ਮਾਲਾ ਸੰਬੰਧੀ ਸਿਟੇਟਸ-ਕੋ ਹੀ ਕਾਇਮ ਰਹੇਗਾ” {26-10-1945} {Also read latest Book: “Mundavani” by Giani Gurdit Singh}

ਉਸ ਸਮੇਂ ਤੋਂ “ਸਿੱਖ ਰਹਿਤ ਮਰਯਾਦਾ” ਵਿਚ “ਭੋਗ” ਸਿਰਲੇਖ ਹੇਠ ਇਹ ਲਿਖਿਆ ਮਿਲਦਾ ਹੈ ਕਿ “ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉੱਤੇ ਜਾਂ ਰਾਗਮਾਲਾ ਪੜ੍ਹ ਕੇ ਚਲਦੀ ਸਥਾਨਕ ਰੀਤੀ ਅਨੁਸਾਰ ਪਾਇਆ ਜਾਵੇ। (ਇਸ ਗੱਲ ਬਾਬਤ ਪੰਥ ‘ਚ ਅਜੇ ਤੱਕ ਮਤਭੇਦ ਹੈ, ਇਸ ਲਈ ਰਾਗਮਾਲਾ ਤੋਂ ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਹੀਆ ਕੋਈ ਨਾ ਕਰੇ)।

ਇਹ ਪੜ੍ਹ ਕੇ ਹੈਰਾਨਗੀ ਹੁੰਦੀ ਹੈ ਕਿ ਪਿਛਲੇ (60) ਸਾਲਾਂ ਵਿਚ ਕਿੰਨੇ ਪ੍ਰਧਾਨ, ਜਥੇਦਾਰ ਅਤੇ ਮੈਂਬਰ ਬਣਦੇ ਆਏ, ਪਰ ਅਜੇ ਤੱਕ “ਗੁਰਬਾਣੀ” - (ਗੁਰੂ ਗ੍ਰੰਥ ਸਾਹਿਬ, ਪੰਨਾ 1 ਤੋਂ 1429 ਤੱਕ) ਦੇ ਆਧਾਰ 'ਤੇ ਫੈਸਲਾ ਕਿਉਂ ਨਹੀਂ ਕੀਤਾ ਗਿਆ? {ਇਹ ਮਤਾ ਤਾਂ ਇੰਜ ਹੋਇਆ ਕਿ ਜੇਹੜੇ ਪ੍ਰਾਣੀ ਝੂਠ ਬੋਲਦੇ ਹਨ ਉਹ ਝੂਠ ਬੋਲਦੇ ਰਹਿਣ, ਪਰ ਸੱਚ ਬੋਲਣ ਵਾਲੇ ਸੰਕੋਚ ਕਰਨ!} ਇਸ ਤੋਂ ਇਲਾਵਾ ਹੋਰ ਵੀ ਐਸੇ ਬੇਅੰਤ ਮਸਲੇ ਹਨ ਜਿਨ੍ਹਾਂ ਬਾਰੇ ਸਿੱਖ ਕੌਮ ਨੂੰ ਕੋਈ ਸੇਧ ਨਹੀਂ ਮਿਲ ਰਹੀ।

ਦਾਸਰੇ ਦੀ ਨਿੱਜੀ ਰਾਏ ਹੈ, ਕਿ ਫਿਰ ਐਸੀਆਂ ਕਮੇਟੀਆਂ ਦਾ ਕੌਮ ਨੂੰ ਕੋਈ ਫਾਇਦਾ ਨਹੀਂ ਅਤੇ ਇਸ ਲਈ ਇਨ੍ਹਾਂ ਸਾਰੀਆਂ ਜਥੇਬੰਦੀਆਂ ਵਿਚ ਸੁਧਾਰ ਲਿਆਂਦਾ ਜਾਵੇ ਅਤੇ ਸਿੱਖ ਕੌਮ ਦੇ ਸਾਰੇ ਇਤਿਹਾਸਕ ਗੁਰਦੁਆਰਿਆਂ ਸੁਮੇਤ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦਾ ਪ੍ਰਬੰਧ ਗੁਰੂ ਨਾਨਕ ਸਾਹਿਬ ਜੀ - ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਲੋਂ ਨਿਵਾਜ਼ੇ ਪੰਜਾਂ ਪਿਆਰਿਆਂ ਦੇ ਸੁਪ੍ਰਿਦ ਕਰ ਦਿੱਤਾ ਜਾਵੇ, ਤਾਂ ਜੋ ਗੁਰੂ ਖ਼ਾਲਸਾ ਪੰਥ “ਗੁਰਬਾਣੀ ਅਤੇ ਗੁਰਮਤਿ” ਦੇ ਆਧਾਰ ‘ਤੇ ਸਮੁੱਚੀ ਸਿੱਖ ਕੌਮ ਨੂੰ ਚੜ੍ਹਦੀ ਕਲਾ ਦੀ ਸੇਧ ਦੇ ਸਕਣ। 1995 ਸਰਬੱਤ ਖ਼ਾਲਸਾ ਇੱਕਠ ਤੋਂ ਬਾਅਦ ਚੜ੍ਹਦੀ ਕਲਾ ਬਜਾਏ ਗਿਰਾਵਟ ਹੀ ਆ ਰਹੀ ਹੈ !

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ॥

ਖਿਮਾ ਦਾ ਜਾਚਕ, ਗੁਰੂ ਖ਼ਾਲਸਾ ਪੰਥ ਦਾ ਇੱਕ ਨਿਸ਼ਕਾਮ ਸੇਵਕ,

ਗੁਰਮੀਤ ਸਿੰਘ
 9 – HAMLIN ST, QUAKERS HILL, NSW - 2763, AUSTRALIA, Tel. No. 61 – 2 – 9837 2787


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top