Share on Facebook

Main News Page

ਖ਼ਬਰਦਾਰ! ਦੇਹਿ ਸ਼ਿਵਾ ਬਰ ਮੋਹਿ... ਨੂੰ ਗੁਰਬਾਣੀ ਆਖਣ ਵਾਲਿਓ ਮਈ !!!
-:
ਸ. ਉਪਕਾਰ ਸਿੰਘ ਫਰੀਦਾਬਾਦ

* ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਵਾਲਿਓ ! ਦੇਹਿ ਸ਼ਿਵਾ ਬਰ... ਦਾ ਲਿਖਾਰੀ ਕਵੀ ਸਿਆਮ ਕੇਵਲ ਦੁਰਗਾ ਸਪਤਸ਼ਤੀ ਗ੍ਰੰਥ ਨੂੰ ਹੀ ਸਰਵਉੱਚ ਮੰਨਦਾ ਹੈ।

(ਫਰੀਦਾਬਾਦ : 30 ਅਪ੍ਰੈਲ 2014 ਜਸਪ੍ਰੀਤ ਕੌਰ)
ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਸਿੱਖ ਸਮਾਜ ਇੰਟਰਨੈਸ਼ਨਲ ਦੇ ਪ੍ਰਧਾਨ ਸ. ਉਪਕਾਰ ਸਿੰਘ ਫਰੀਦਾਬਾਦ ਨੇ ਕੀਤਾ ਉਨ੍ਹਾਂ ਪੰਜਾਬ ਦੇ ਮਾਲ ਮੰਤਰੀ ਮਜੀਠੀਏ ਵੱਲੋਂ "ਦੇਹਿ ਸਿਵਾ..." ਦੀ ਪੰਗਤੀ ਬਦਲਣ ’ਤੇ ਤਖ਼ਤ ਹਜੂਰ ਸਾਹਿਬ ਦੇ ਅਖੌਤੀ ਜੱਥੇਦਾਰਾਂ ਵੱਲੋਂ ਇਸ ਨੂੰ ਗੁਰਬਾਣੀ ਦੀ ਤੌਹੀਨ ਆਖ ਕੇ ਛੇਕਣ ਦਾ ਡਰਾਵਾ ਦੇਣ ਦੀ ਗੱਲ ’ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਪਹਿਲਾਂ ਤਾਂ ਛੇਕਣ ਛੇਕਾਉਣ ਵਾਲੀਆਂ ਗੱਲਾਂ ਹੀ ਗੁਰਮਤਿ ਅਸੂਲਾਂ ਮੁਤਾਬਕ ਨਹੀਂ। ਦੂਜਾ, ਸਿੱਖ ਕੌਮ ਗੁਰਬਾਣੀ ਵਿਚਾਰ ਤੋਂ ਇੰਨੀ ਦੂਰ ਬੈਠੀ ਹੈ ਕਿ ਜਿਹੜੀਆਂ ਰਚਨਾਵਾਂ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ ਨੂੰ ਬਦਨਾਮ ਕਰ ਰਹੀਆਂ ਹਨ, ਉਨ੍ਹਾਂ ਨੂੰ ਕੁੱਝ ਕੁ ਨਾਮਸਝ ਲੋਕ ਗੁਰਬਾਣੀ ਦਾ ਦਰਜਾ ਦੇ ਕੇ ਅਪਣੀ ਚੌਧਰ ਚਮਕਾ ਰਹੇ ਹਨ ਜਦਕਿ ਗੁਰਬਾਣੀ ਦਾ ਦਰਜਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੈ ਨਾ ਕਿ ਬਾਹਰ ਦੀ ਕਿਸੇ ਹੋਰ ਰਚਨਾ ਨੂੰ।

ਅਖੌਤੀ ਦਸਮ ਗ੍ਰੰਥ/ ਬਚਿੱਤਰ ਨਾਟਕ ਵਿਚ ਦਰਜ ਚੰਡੀ ਚਰਿਤ੍ਰ ਉਕਤਿ ਬਿਲਾਸ ਦੇ 231ਵੇਂ ਪਦੇ ਵਿਚ "ਦੇਹਿ ਸਿਵਾ ਬਰ ਮੋਹਿ..." ਕਵਿਤਾ ਦਰਜ ਹੈ, ਜਿਸ ਵਿਚ ਕਵੀ ਸਿਆਮ ਆਪਣੇ ਇਸ਼ਟ ਸ਼ਿਵਾ ਭਾਵ ਸ਼ਿਵ ਪਤਨੀ ਪਾਰਬਤੀ/ਦੁਰਗਾ/ਕਾਲਕਾ ਤੋਂ ਵਰ ਮੰਗ ਰਿਹਾ ਹੈ ਨਾ ਕਿ ਗੁਰੂ ਗੋਬਿੰਦ ਸਿੰਘ ਜੀ। ਇਸ ਗੱਲ ਦੀ ਪੁਸ਼ਟੀ ਸਿੱਖ ਕੌਮ ਦੇ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਨੇ ਅਪਣੀ ਪੁਸਤਕ ਮਹਾਨਕੋਸ਼ ਦੇ ਪੰਨਾ 201 ’ਤੇ ਕਰਦਿਆਂ ਲਿਖਿਆ ਹੈ ਕਿ ਸ਼ਿਵਾ ਦਾ ਅਰਥ ਸ਼ਿਵ ਦੀ ਇਸਤ੍ਰੀ ਦੁਰਗਾ (ਪਾਰਵਤੀ) ਹੈ। ਉਨ੍ਹਾਂ ਕਿਹਾ ਕਿ ਆਰ.ਐਸ. ਐਸ. ਵਰਗੀਆਂ ਤਾਕਤਾਂ ਆਏ ਦਿਨ ਸਿੱਖ ਕੌਮ ਨੂੰ ਹਿੰਦੂ ਸਾਬਤ ਕਰਣ ਅਤੇ ਗੁਰੂ ਸਾਹਿਬਾਨਾਂ ਨੂੰ ਦੇਵੀ ਭਗਤ ਦਰਸਾਉਣ ਲਈ ਅਜਿਹੀਆਂ ਸ਼ੁਰਲੀਆਂ ਛੱਡ ਦੇਂਦੀਆਂ ਹਨ, ਜਿਸ ਦੇ ਝਾਂਸੇ ਵਿੱਚ ਸਿੱਖ ਕੌਮ ਦੇ ਭੋਲੇ-ਭਾਲੇ ਲੋਕ ਆ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਨੂੰ "ਦੇਹਿ ਸਿਵਾ..." ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਆਖਣ ਤੋਂ ਪਹਿਲਾਂ ਇਸ ਦੇ ਅਰਥ ਜ਼ਰੂਰ ਸਮਝ ਲੈਣੇ ਚਾਹੀਦੇ ਹਨ, ਕਿਉਂਕਿ ਇਹ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਸਗੋਂ ਕਵੀ ਸਿਆਮ ਨੇ ਲਿਖੀ ਹੈ, ਜੋ ਕਿ ਆਪਣੇ ਇਸ਼ਟ ਸ਼ਿਵਾ ਭਾਵ ਦੁਰਗਾ ਦੇਵੀ ਅੱਗੇ ਵਰਦਾਨ ਮੰਗਦਾ ਹੈ, ਕਿਉਂਕਿ ਉਸਨੇ ਦੁਰਗਾ ਸਪਤਸ਼ਤੀ (ਦੁਰਗਾ ਦੇ 700 ਨਾਵਾਂ ਵਾਲਾ) ਗ੍ਰੰਥ ਸੰਪੂਰਨ ਕਰ ਲਿਆ ਹੈ ਅਤੇ ਉਹ ਦੁਰਗਾ ਸਪਤਸ਼ਤੀ ਗ੍ਰੰਥ ਨੂੰ ਹੀ ਸਰਵਉੱਚ ਮੰਨਦਾ ਹੈ। ਜਦ ਕਿ ਗੁਰਮਤਿ ਵਿਚ ਤਾਂ ਵਰ ਮੰਗਣ ਦਾ ਕੋਈ ਸਿਧਾਂਤ ਹੀ ਨਹੀਂ ਫਿਰ ਕਿਸ ਅਧਾਰ ’ਤੇ ਕਵੀ ਸਿਆਮ ਦੀ ਦੇਵੀ ਪੂਜਕ ਰਚਨਾ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਆਖਿਆ ਜਾ ਰਿਹਾ ਹੈ।

ਸ. ਉਪਕਾਰ ਸਿੰਘ ਨੇ ਕਿਹਾ ਕਿ ਜਿਹੜੇ ਲੋਕ ਇਹ ਕਹਿ ਰਹੇ ਹਨ ਕਿ ਗੁਰਬਾਣੀ ਦੀ ਬੇਅਦਬੀ ਹੋ ਗਈ, ਤਾਂ ਉਨ੍ਹਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜੇ ਉਹ "ਦੇਹਿ ਸਿਵਾ..." ਨੂੰ ਗੁਰਬਾਣੀ ਆਖਦੇ ਹਨ, ਤਾਂ ਉਨ੍ਹਾਂ ਨੂੰ "ਦੇਹਿ ਸਿਵਾ..."ਦੇ ਗੀਤ ਵਿਚ ਲਿਖੀ ਗੱਲ ਦੁਰਗਾ ਸਪਤਸ਼ਤੀ ਗ੍ਰੰਥ ਹੀ ਸਰਵਉੱਚ ਹੈ ਨੂੰ ਵੀ ਸਰਵਉੱਚ ਮੰਨਣਾ ਪਵੇਗਾ।

ਕੀ ਅਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਆਖਣ ਵਾਲੇ "ਦੇਹਿ ਸਿਵਾ..." ਨੂੰ ਗੁਰਬਾਣੀ ਦਾ ਦਰਜਾ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਤੌਹੀਨ ਕਰਨ ਲਈ ਤਿਆਰ ਹਨ? ਉਨ੍ਹਾਂ ਕਿਹਾ ਕਿ ਅਖੌਤੀ ਦਸਮ ਗ੍ਰੰਥ ਵਿਚ ਦਰਜ "ਦੇਹਿ ਸਿਵਾ..." ਅਤੇ ਹੋਰ ਬਹੁਤ ਸਾਰੀਆਂ ਰਚਨਾਵਾਂ ਦਾ ਗੁਰਮਤਿ ਨਾਲ ਕੋਈ ਸਾਰੋਕਾਰ ਨਹੀਂ, ਇਸ ਗ੍ਰੰਥ ਵਿਚ ਦਰਜ ਰਚਨਾਵਾਂ ਅੰਦਰ ਨਸ਼ੇ ਕਰਨ, ਕੇਸਾਂ ਦੀ ਬੇਅਦਬੀ, ਪਰ ਇਸਤਰੀ ਸੰਗ ਅਤੇ ਰੱਜ ਕੇ ਅਸ਼ਲੀਲਤਾ ਪਰੋਸੀ ਗਈ ਹੈ, ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਮੁਤਾਬਕ ਗਲਤ ਹੈ। ਇਸ ਕਰ ਕੇ ਸਮੁੱਚੇ ਸਿੱਖ ਜਗਤ ਨੂੰ ਕੇਵਲ ਗੁਰੂ ਗ੍ਰੰਥ ਸਾਹਿਬ ਨੂੰ ਗੁਰਬਾਣੀ ਮੰਨ ਕੇ ਇਸ ਉਤੇ ਟੇਕ ਰਖਣੀ ਚਾਹੀਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top