Share on Facebook

Main News Page

ਅਕਾਲੀ ਦਲ 30 ਸਾਲ ਤੋਂ ਕਰ ਰਿਹੈ ’84 ਦੇ ਸਿੱਖ ਕਤਲੇਆਮ ’ਤੇ ਰਾਜਨੀਤੀ
-: ਅਰਵਿੰਦ ਕੇਜਰੀਵਾਲ

ਸੰਗਰੂਰ, 13 ਅਪਰੈਲ 2014 - ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਸੰਨ 1984 ’ਚ ਹੋਏ ਸਿੱਖ ਵਿਰੋਧੀ ਕਤਲੇਆਮ ’ਤੇ ਸ਼੍ਰੋਮਣੀ ਅਕਾਲੀ ਦਲ ਪਿਛਲੇ ਤੀਹ ਸਾਲਾਂ ਤੋਂ ਰਾਜਨੀਤੀ ਕਰ ਰਿਹਾ ਹੈ ਅਤੇ ਚੋਣਾਂ ਸਮੇਂ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੂੰ 1984 ਦੇ ਸਿੱਖ ਕਤਲੇਆਮ ਦੀ ਯਾਦ ਆਉਂਦੀ ਹੈ ਜਦੋਂ ਕਿ ਕੇਂਦਰ ’ਚ ਐਨਡੀਏ ਦੀ ਸਰਕਾਰ ਸਮੇਂ ਵੀ ਇਹ ਭਾਜਪਾ ਅਤੇ ਅਕਾਲੀ ਦਲ ਵਾਲੇ ਕਤਲੇਆਮ ਦੇ ਸਿੱਖ ਪੀੜਤਾਂ ਨੂੰ ਇਨਸਾਫ਼ ਨਹੀਂ ਦਿਵਾ ਸਕੇ। ਸ੍ਰੀ ਕੇਜਰੀਵਾਲ ਇਥੇ ਅਨਾਜ ਮੰਡੀ ਵਿਖੇ ਪਾਰਟੀ ਉਮੀਦਵਾਰ ਭਗਵੰਤ ਮਾਨ ਦੇ ਹੱਕ ਵਿਚ ਹੋਈ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

ਉਨ੍ਹਾਂ ਅਕਾਲੀ ਦਲ ਅਤੇ ਭਾਜਪਾ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਇਹ ਸਿਰਫ਼ ਰਾਜਨੀਤੀ ਹੀ ਕਰਦੇ ਹਨ, ਕਿਉਂਕਿ ਇਨ੍ਹਾਂ ਦੀ ਨੀਅਤ ਖਰਾਬ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨ ਨੂੰ ਨਸ਼ਿਆਂ ’ਚ ਧਕੇਲਿਆ ਜਾ ਰਿਹਾ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ’ਤੇ ਗੁਜਰਾਤ ਅਤੇ ਦਿੱਲੀ ’ਚ ਹਮਲਾ ਹੋਇਆ, ਭਿਵਾਨੀ ’ਚ ਉਨ੍ਹਾਂ ਦੀ ਪਿਟਾਈ ਕੀਤੀ ਗਈ, ਪਰੰਤੂ ਉਹ ਸਪੱਸ਼ਟ ਕਰਦੇ ਹਨ ਕਿ ਹਮਲੇ ਅਤੇ ਪਿਟਾਈ ਕਰਨ ਨਾਲ ਉਨ੍ਹਾਂ ਦੀ ਅਵਾਜ਼ ਨੂੰ ਦਬਾਇਆ ਨਹੀਂ ਜਾ ਸਕੇਗਾ ਅਤੇ ਮਰਦੇ ਦਮ ਤੱਕ ਕੇਜਰੀਵਾਲ ਬੇਈਮਾਨਾਂ ਤੇ ਭ੍ਰਿਸ਼ਟਾਚਾਰੀਆਂ ਦੇ ਖਿਲਾਫ਼ ਲੜਦਾ ਰਹੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਸੱਚਾਈ ਅਤੇ ਇਮਾਨਦਾਰੀ ਹੈ ਜਿਸ ਕਰਕੇ ਭਾਜਪਾ ਤੇ ਕਾਂਗਰਸ ਵਾਲੇ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕਦੇ।

ਉਨ੍ਹਾਂ ਕਿਹਾ ਕਿ ਇਹ ਲੋਕ ਸਭਾ ਚੋਣ ਇੱਕ ਧਰਮ ਯੁੱਧ ਹੈ। ਅਮੇਠੀ ’ਚ ਰਾਹੁਲ ਗਾਂਧੀ ਨੂੰ ਹਰਾਉਣ ਲਈ ਕੁਮਾਰ ਵਿਸ਼ਵਾਸ ਅਤੇ ਵਾਰਾਣਸੀ ’ਚ ਨਰਿੰਦਰ ਮੋਦੀ ਨੂੰ ਹਰਾਉਣ ਲਈ ਉਹ ਖੁਦ ਮੈਦਾਨ ’ਚ ਨਿੱਤਰੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਦੇਸ਼ ਵਿਚ ਮੋਦੀ ਦੇ ਹੱਕ ਵਿਚ ਕਿਤੇ ਕੋਈ ਹਵਾ ਨਹੀਂ ਹੈ, ਸਗੋਂ ਸਾਰੇ ਪਾਸੇ ਧੁੱਪ ਤੇ ਗਰਮੀ ਦਾ ਮਾਹੌਲ ਹੈ। ਸਗੋਂ ਦੇਸ਼ ਦੇ ਲੋਕਾਂ ਦੇ ਮਨਾਂ ’ਚ ਬੇਈਮਾਨੀ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ਼ ਗਰਮੀ ਹੈ ਅਤੇ ਲੋਕ ਦੇਸ਼ ਦੇ ਸਿਸਟਮ ਨੂੰ ਬਦਲਣਾ ਚਾਹੁੰਦੇ ਹਨ।

ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਭਾ ਚੋਣ ਨਤੀਜਿਆਂ ਤੋਂ ਬਾਅਦ ਦੇਸ਼ ਵਿਚ ਇੱਕ ਨਵੀਂ ਕਿਸਮ ਦੀ ਰਾਜਨੀਤੀ ਦੀ ਸ਼ੁਰੂਆਤ ਹੋਵੇਗੀ।

ਭਗਵੰਤ ਮਾਨ ਦੇ ਹੱਕ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਭਗਵੰਤ ਆਪਣੀਆਂ ਕੈਸਿਟਾਂ ਅਤੇ ਸੀਡੀ ਨਾਲ ਕ੍ਰਾਂਤੀ ਫੈਲਾ ਰਿਹਾ ਹੈ, ਪਰੰਤੂ ਇਸ ਕ੍ਰਾਂਤੀਕਾਰੀ ਨੂੰ ਸੰਸਦ ਵਿਚ ਲਿਜਾਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਸੰਗਰੂਰ ’ਚ ਅਕਾਲੀ ਅਤੇ ਕਾਂਗਰਸੀ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣਗੀਆਂ ਅਤੇ ਭਗਵੰਤ ਮਾਨ ਵੱਡੀ ਲੀਡ 'ਤੇ ਜਿੱਤ ਪ੍ਰਾਪਤ ਕਰੇਗਾ। ਕੇਜਰੀਵਾਲ ਨੇ ਆਪਣਾ ਭਾਸ਼ਣ ਵੰਦੇ ਮਾਤਰਮ ਤੇ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਤੋਂ ਸ਼ੁਰੂ ਕੀਤਾ ਅਤੇ ਸਮਾਪਤੀ ਬੋਲੇ ਸੋ ਨਿਹਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਬੁਲਾ ਕੇ ਕੀਤੀ।

ਇਸ ਮੌਕੇ ਭਗਵੰਤ ਮਾਨ, ਬਚਨ ਬੇਦਿਲ, ਡਾ. ਏ.ਐਸ.ਮਾਨ, ਦਲਵੀਰ ਸਿੰਘ ਢਿੱਲੋਂ, ਪ੍ਰਿੰਸੀਪਲ ਗੁਰਦੇਵ ਸਿੰਘ, ਜਥੇਦਾਰ ਗੁਰਚਰਨ ਸਿੰਘ ਈਲਵਾਲ, ਪ੍ਰਿੰਸ ਭਾਰਦਵਾਜ ਆਦਿ ਮੌਜੂਦ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top