Share on Facebook

Main News Page

ਸ਼ਹੀਦੀ ਯਾਦਗਾਰ ਸਮੂਹ ਸ਼ਹੀਦਾਂ ਨੂੰ ਸਮਰਪਿੱਤ ਕੀਤੀ ਜਾਵੇ, ਬਾਦਲ ਤੇ ਅਡਵਾਨੀ ਵੀ ਸਾਕਾ ਨੀਲਾ ਤਾਰਾ ਬਾਰੇ ਮੁਆਫੀ ਮੰਗਣ
-: ਕੈਪਟਨ ਅਮਰਿੰਦਰ ਸਿੰਘ

* ਬੁੱਚੜ ਬੇਅੰਤ ਸਿੰਘ ਨੂੰ ਅਮਰਿੰਦਰ ਸਿੰਘ ਨੇ ਦਿੱਤਾ ਸ਼ਹੀਦ ਦਾ ਦਰਜਾ

ਅੰਮ੍ਰਿਤਸਰ 29 ਮਾਰਚ (ਜਸਬੀਰ ਸਿੰਘ) ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਤੇ ਸਾਬਕਾ ਪੰਜਾਬ ਪ੍ਰਦੇਸ਼ ਕਾਗਰਸ ਦੇ ਪ੍ਰਧਾਨ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਣਾਈ ਗਈ ਸ਼ਹੀਦੀ ਯਾਦਗਾਰ ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਯਾਦਗਾਰ ਉਹਨਾਂ 35000 ਵਿਅਕਤੀਆਂ ਨੂੰ ਸਮਰਪਿੱਤ ਹੋਣੀ ਚਾਹੀਦੀ ਹੈ ਜਿਹੜੇ 1980 ਤੋਂ ਲੈ ਕੇ ਪੰਜਾਬ ਦੇ ਸ਼ਹੀਦ ਮੁੱਖ ਮੰਤਰੀ ਸ੍ਰ. ਬੇਅੰਤ ਸਿੰਘ ਦੀ ਸ਼ਹਾਦਤ ਤੱਕ ਮਾਰੇ ਜਾ ਚੁੱਕੇ ਹਨ

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਸ਼ਹੀਦੀ ਯਾਦਗਾਰ ਚੰਦ ਵਿਅਕਤੀਆਂ ਦੇ ਇਲਾਵਾ ਪੰਜਾਬ ਦੇ ਉਹਨਾਂ ਸਮੂਹ ਲੋਕਾਂ ਨੂੰ ਵੀ ਸਮਰਪਿੱਤ ਕੀਤੀ ਜਾਵੇ, ਜਿਹੜੇ ਨਿਰਦੋਸ਼ ਬੱਸਾਂ ਵਿੱਚੋਂ ਲਾਹ ਕੇ ਮਾਰੇ ਗਏ ਸਨ। ਉਹਨਾਂ ਕਿਹਾ ਕਿ ਇਸ ਬਾਰੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ, ਡਿਪਟੀ ਮੁੱਖ ਮੰਤਰੀ ਸ੍ਰੀ ਸੁਖਬੀਰ ਸਿੰਘ ਬਾਦਲ ਤੇ ਅੰਮ੍ਰਿਤਸਰ ਤੋਂ ਭਾਜਪਾ ਅਕਾਲੀ ਗਠੋਜੜ ਦੇ ਉਮੀਦਵਾਰ ਸ੍ਰੀ ਅਰੁਣ ਜੇਤਲੀ ਆਪਣੀ ਸਥਿਤੀ ਸਪੱਸ਼ਟ ਕਰਨ। ਉਹਨਾਂ ਕਿਹਾ ਕਿ ਪੰਜਾਬ ਦੇ ਸ਼ਾਂਤਮਾਈ ਮਾਹੌਲ ਨੂੰ ਅਕਾਲੀਆਂ ਦੀ ਮਜੀਠਾ ਗੈਂਗ ਇੱਕ ਵਾਰ ਫਿਰ ਖਰਾਬ ਕਰਨਾ ਚਾਹੁੰਦੀ ਹੈ, ਪਰ ਕਾਂਗਰਸ ਦਾ ਇੱਕ ਇੱਕ ਸਿਪਾਹੀ ਹਰ ਪ੍ਰਕਾਰ ਦੀ ਕੁਰਬਾਨੀ ਦੇ ਕੇ ਵੀ ਇਹਨਾਂ ਅਖੌਤੀ ਪੰਥਕ ਠੇਕੇਦਾਰਾਂ ਨੂੰ ਅਜਿਹਾ ਨਹੀਂ ਕਰਨ ਦੇਵੇਗਾ।

ਉਹਨਾਂ ਕਿਹਾ ਕਿ ਮਜੀਠੀਆ ਗੈਗ ਵੱਲੋਂ ਪੰਜਾਬ ਦੇ ਵਿਸ਼ੇਸ਼ ਕਰਕੇ ਅੰਮ੍ਰਿਤਸਰ ਲੋਕ ਸਭਾ ਹਲਕੇ ਵਿੱਚ ਗੜਬੜ ਕਰਨ ਦੇ ਮਨਸੂਬੇ ਬਣਾਏ ਜਾ ਰਹੇ ਹਨ, ਪਰ ਮਜੀਠੀਏ ਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਜੇਕਰ ਉਸ ਨੇ ਅਜਿਹੀ ਕੋਈ ਵੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ, ਤਾਂ 2017 ਵਿੱਚ ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਉਸ ਦਾ ਬਾਕੀ ਦਾ ਜੀਵਨ ਜੇਲਾਂ, ਕਚਿਹਰੀਆ ਤੇ ਵਿਜੀਲੈਂਸ ਦੀ ਹਵਾਲਾਤ ਵਿੱਚ ਹੀ ਗੁਜਰੇਗਾ।

ਉਹਨਾਂ ਕਿਹਾ ਕਿ ਮਜੀਠੀਆ ਨੇ ਜਿਸ ਤਰੀਕੇ ਨਾਲ ਬੇਕਸੂਰ ਲੋਕਾਂ ਤੇ ਵਿਸ਼ੇਸ਼ ਕਰਕੇ ਕਾਂਗਰਸੀ ਵਰਕਰਾਂ ਨਾਲ ਵਧੀਕੀਆਂ ਕਰਕੇ ਉਹਨਾਂ ਨੂੰ ਜੇਲਾਂ ਵਿੱਚ ਧੱਕਿਆ ਹੈ, ਉਸ ਦਾ ਇੱਕ ਇੱਕ ਦਾ ਹਿਸਾਬ ਲਿਆ ਜਾਵੇਗਾ। ਉਹਨਾਂ ਕਿਹਾ ਕਿ ਇੱਕ ਪਾਸੇ ਮਜੀਠੀਆ ਉਹਨਾਂ ਨੂੰ ‘ਚਾਚਾ ਜੀ’ ਕਹਿ ਕੇ ਆਖ ਰਿਹਾ ਹੈ, ਕਿ ਚਾਚਾ ਜੀ ਬਿਆਨਬਾਜੀ ਬਹੁਤ ਸਖਤ ਦਿੰਦੇ ਹਨ ਤੇ ਦੂਜੇ ਪਾਸੇ ਗੁੰਡਗਰਦੀ ਵਾਲੇ ਬਿਆਨ ਦੇ ਕੇ ਧਮਕੀਆਂ ਦੇ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਦੀ ਮਜੀਠੀਆ ਨਾਲ ਕੋਈ ਰਿਸ਼ਤੇਦਾਰੀ ਨਹੀਂ, ਸਗੋਂ ਉਹਨਾਂ ਦੇ ਮਾਤਾ ਜੀ ਕਰੀਬ ਡੇਢ ਸੌ ਸਾਲ ਪਹਿਲਾਂ ਮਜੀਠਾ ਰਹਿੰਦੇ ਸਨ ਤੇ ਬਾਅਦ ਵਿੱਚੋ ਇਥੋ ਸ਼ਿਫਟ ਕਰ ਗਏ ਸਨ।

ਉਹਨਾਂ ਕਿਹਾ ਕਿ ਕਾਂਗਰਸ ਹਮੇਸ਼ਾਂ ਹੀ ਵਿਕਾਸ ਮੁੱਖੀ ਰਹੀ ਹੈ ਅਤੇ ਵਿਕਾਸ ਹੀ ਕਾਂਗਰਸ ਦਾ ਏਜੰਡਾ ਰਿਹਾ ਹੈ। ਉਹਨਾਂ ਕਿਹਾ ਕਿ ਜਦੋਂ ਉਹ ਮੁੱਖ ਮੰਤਰੀ ਸਨ ਤਾਂ ਉਹਨਾਂ ਨੇ ਪੂਰੇ ਪੰਜਾਬ ਦੇ ਵਿਕਾਸ ਦੇ ਨਾਲ ਨਾਲ ਵਿਸ਼ੇਸ਼ ਕਰਕੇ ਅੰਮ੍ਰਿਤਸਰ ਨੂੰ ਉਹਨਾਂ ਨੇ ਕਰੋੜਾਂ ਰੁਪਏ ਦੇ ਪ੍ਰਾਜੈਕਟ ਦਿੱਤੇ ਸਨ। ਉਹਨਾਂ ਕਿਹਾ ਕਿ ਐਲੀਵੇਟਿਡ ਰੋਡ, ਗਲਿਆਰੇ ਦਾ ਵਿਕਾਸ, ਸੜਕਾਂ ਦੀ ਮਾਰਗੀਕਰਨ ਉਹਨਾਂ ਦੇ ਪ੍ਰਾਜੈਕਟ ਸਨ ਪਰ ਅਕਾਲੀਆ ਨੇ ਭੱਠਾ ਬਿਠਾ ਦਿੱਤਾ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਯੂ.ਪੀ.ਏ ਸਰਕਾਰ ਨੇ ਕਦੇ ਵੀ ਕਿਸੇ ਸੂਬੇ ਨਾਲ ਵਿਤਕਰਾ ਨਹੀਂ ਕੀਤਾ ਸੀ ਕਿਉਕਿ ਗੁਜਰਾਤ ਵਿੱਚ ਭਾਂਵੇ ਵਿਰੋਧੀ ਪਾਰਟੀ ਭਾਜਪਾ ਦੀ ਸਰਕਾਰ ਦੀ ਸਰਕਾਰ ਹੈ ਪਰ ਕੇਂਦਰ ਨੇ ਗੁਜਰਾਤ ਸਰਕਾਰ ਵੱਲੋਂ ਪੇਸ਼ ਕੀਤੇ ਗਏ ਪ੍ਰਾਜੈਕਟ ਦੇ ਹਿਸਾਬ ਨਾਲ ਗੁਜਰਾਤ ਨੂੰ 12000 ਕਰੋੜ ਰੁਪਏ, ਕਰਨਾਟਕਾਂ ਨੂੰ 8000 ਕਰੋੜ, ਤਾਮਿਲਨਾਡ ਨੂੰ 14000 ਕਰੋੜ, ਪੱਛਮੀ ਬੰਗਾਲ ਨੂੰ 12000 ਕਰੋੜ ਪਰ ਪੰਜਾਬ ਸਿਰਫ 453 ਕਰੋੜ ਰੁਪਏ ਹੀ ਹਾਸਲ ਕਰ ਸਕਿਆ ਹੈ ਕਿਉਕਿ ਅਕਾਲੀਆ ਦਾ ਧਿਆਨ ਸਿਰਫ ਲੁੱਟਣਾ ਹੈ ਅਤੇ ਕੋਈ ਵੀ ਪ੍ਰਾਜੈਕਟ ਕੇਂਦਰ ਕੋਲ ਲੈ ਕੇ ਹੀ ਨਹੀਂ ਗਏ। ਉਹਨਾਂ ਨੇ ਆਪਣੀ ਸਰਕਾਰ ਦੇ ਸਮੇਂ ਵੀ ਅੰਮ੍ਰਿਤਸਰ ਨੂੰ ਦਿੱਤੇ ਗਏ ਕਰੋੜਾਂ ਰੁਪਏ ਦੇ ਫੰਡਾਂ ਦੀ ਗਿਣਤੀ ਕਰਵਾਈ।

ਉਹਨਾਂ ਕਿਹਾ ਕਿ ਜਦੋਂ 1894 ਵਿੱਚ ਖਾਲਸਾ ਕਾਲਜ ਦੀ ਬੁਨਿਆਦ ਰੱਖੀ ਸੀ ਤਾਂ ਉਹਨਾਂ ਦੇ ਦਾਦਾ ਜੀ ਮਹਾਰਾਜਾ ਭੁਪਿੰਦਰ ਸਿੰਘ ਨੇ ਖਾਲਸਾ ਕਾਲਜ ਨੂੰ ਵੀ ਦਿਲ ਖੋਹਲ ਕੇ ਮਦਦ ਦਿੱਤੀ ਸੀ। ਉਹਨਾਂ ਕਿਹਾ ਕਿ ਪਿੰਡਾਂ ਵਿੱਚ ਸਭ ਤੋਂ ਪਹਿਲਾਂ ਸਕੂਲ ਵੀ ਉਹਨਾਂ ਦੇ ਦਾਦਾ ਜੀ ਨੇ ਹੀ ਖੋਹਲੇ ਸਨ। ਆਪਣੀ ਜਿੰਦਗੀ ਦੇ ਕੁਝ ਵਰਦੀਧਰੀ ਪਲਾਂ ਨੂੰ ਯਾਦ ਕਰਦਿਆ ਉਹਨਾਂ ਕਿਹਾ ਕਿ ਸੰਨ 1965 ਦੀ ਭਾਰਤ ਪਾਕਿਸਤਾਨ ਦੀ ਜੰਗ ਸਮੇਂ ਉਹਨਾਂ ਨੇ ਅੰਮ੍ਰਿਤਸਰ ਦੇ ਆਸ ਪਾਸ ਹੀ ਦਿਨ ਗੁਜਾਰੇ, ਜਦੋਂ ਉਹ ਫੌਜ ਵਿੱਚ ਕੈਪਟਨ ਦੇ ਆਹੁਦੇ ‘ਤੇ ਤਾਇਨਾਤ ਸਨ ਤੇ ਉਹਨਾਂ ਦੀ ਡਿਊਟੀ ਜਨਰਲ ਹਰਬਖਸ਼ ਸਿੰਘ ਦੇ ਨਾਲ ਸੀ, ਜਿਹਨਾਂ ਨੇ ਫੌਜੀ ਜਨਰਲ ਦਾ ਇਹ ਕਹਿਣਾ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ, ਕਿ ਭਾਰਤੀ ਫੌਜਾਂ ਨੂੰ ਬਿਆਸ ਦਰਿਆ ਤੇ ਦੂਸਰੇ ਪਾਸੇ ਲਿਆ ਕੇ ਬਾਕੀ ਏਰੀਆ ਖਾਲੀ ਕਰ ਦਿੱਤਾ ਜਾਵੇ। ਉਹਨਾਂ ਕਿਹਾ ਕਿ ਜਨਰਲ ਹਰਬਖਸ਼ ਸਿੰਘ ਦੁਆਰਾ ਲਏ ਸਟੈਂਡ ਕਰਕੇ ਹੀ ਅੱਜ ਅੰਮ੍ਰਿਤਸਰ ਭਾਰਤ ਵਿੱਚ ਹੈ ਨਹੀਂ ਤਾਂ ਇਹ ਵੀ ਅੱਜ ਪਾਕਿਸਤਾਨ ਵਿੱਚ ਹੋਣਾ ਸੀ

ਉਹਨਾਂ ਕਿਹਾ ਕਿ ਉਹ ਪਿਛਲੇ 47 ਸਾਲਾ ਤੋਂ ਸਿਆਸਤ ਵਿੱਚ ਹਨ ਅਤੇ ਇੰਨੀ ਅਰਾਜਕਤਾ ਉਹਨਾਂ ਨੇ ਕਦੇ ਨਹੀਂ ਦੇਖੀ ਜਿੰਨੀ ਇਸ ਵੇਲੇ ਪੰਜਾਬ ਵਿੱਚ ਫੈਲੀ ਹੋਈ ਹੈ। ਉਹਨਾਂ ਕਿਹਾ ਕਿ ਮਜੀਠੀਆ ਗੈਂਗ ਵੱਲੋਂ ਪੰਜਾਬ ਵਿੱਚ ਡਰੱਗ ਮਾਫੀਆ ਪੂਰੀ ਤਰ੍ਹਾਂ ਸਰਗਰਮ ਕੀਤਾ ਹੋਇਆ ਹੈ ਅਤੇ ਹਰ ਘਰ ਕੋਈ ਨਾ ਕੋਈ ਅਮਲੀ ਬਣਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੰਮ੍ਰਿਤਸਰ ਦੇ ਮਕਬੂਲਪੂਰਾ ਖੇਤਰ ਵਿੱਚ ਨਸ਼ਿਆ ਕਾਰਨ 90 ਫੀਸਦੀ ਔਰਤਾਂ ਵਿਧਵਾ ਹੋ ਗਈਆ ਹਨ। ਉਹਨਾਂ ਕਿਹਾ ਕਿ ਡਰੱਗ ਦੀ ਸਮੱਗਲਿੰਗ ਇੱਕ ਧੰਦਾ ਬਣ ਗਿਆ ਹੈ ਤੇ ਇਸ ਦੇ ਮੁੱਖੀ ਬਿਕਰਮ ਸਿੰਘ ਮਜੀਠੀਆ ਹਨ। ਉਹਨਾਂ ਕਿਹਾ ਕਿ ਰੇਤਾ ਖਾਣੀ ਬੱਜਰੀ ਖਾਣ ਨੂੰ ਤਾਂ ਲੋਕ ਬਰਦਾਸ਼ਤ ਕਰ ਲੈਣਗੇ ਪਰ ਕਿਸੇ ਕੌਮ ਦੀ ਪੀੜੀ ਦੀ ਬਰਬਾਦੀ ਬਰਦਾਸ਼ਤ ਕਰਨਾ ਬਹੁਤ ਮੁਸ਼ਕਲ ਹੈ। ਉਹਨਾਂ ਕਿਹਾ ਕਿ ਅੱਜ 72 ਫੀਸਦੀ ਮੁੰਡੇ ਤੇ 52 ਫੀਸਦੀ ਕੁੜੀਆਂ ਨਸ਼ਿਆਂ ਦੇ ਡੂੰਘੇ ਸਮੁੰਦਰ ਵਿੱਚ ਡੁੱਬ ਗਏ ਹਨ।

ਉਹਨਾਂ ਕਿਹਾ ਕਿ ਅਕਾਲੀਆਂ ਦੀਆਂ ਗਲਤ ਨੀਤੀਆਂ ਕਾਰਨ ਕੰਬਲਾਂ ਦੀਆਂ ਫੈਕਟਰੀਆਂ ਪਾਣੀਪਤ, ਸਾਈਕਲ ਸਨਅੱਤ ਝਾਰਖੰਡ ਤੇ ਬਾਕੀ ਸਨਅੱਤ ਵੀ ਸੂਰਤ ਵਿਖੇ ਤਬਦੀਲ ਹੋ ਗਈ ਹੈ। ਉਹਨਾਂ ਕਿਹਾ ਕਿ ਮਜੀਠੀਆ ਤੇ ਸੁਖਬੀਰ ਬਾਦਲ ਸਨੱਅਤਕਾਰਾ ਕੋਲੋ ਗੁੰਡਾ ਟੈਕਸ ਵਸੂਲਦੇ ਹਨ, ਜਿਸ ਕਰਕੇ ਸਨੱਅਤਕਾਰ ਦੁੱਖੀ ਹੋ ਕੇ ਇਥੋ ਹਿਜ਼ਰਤ ਕਰ ਰਹੇ ਹਨ।

ਕਾਂਗਰਸ ਦੇ ਭੀਸ਼ਮ ਪਿਤਾਮਾ ਵਜੋ ਜਾਣੇ ਜਾਂਦੇ ਸ੍ਰੀ ਆਰ ਐਲ. ਭਾਟੀਆ ਵੀ ਪੱਤਰਕਾਰ ਸੰਮੇਲਨ ਵਿੱਚ ਮੌਜੂਦ ਸਨ, ਜਿਹਨਾਂ ਨੂੰ ਕੈਪਟਨ ਨੇ ਕਿਹਾ ਕਿ ਭਾਟੀਆ ਸਾਬ ਜਿਥੇ ਪੁਰਾਣੇ ਕਾਂਗਰਸੀ ਹਨ ਉਥੇ ਉਹ ਭਾਟੀਆ ਸਾਬ ਨੂੰ ਆਪਣੇ ਬਾਪ ਸਮਾਨ ਸਮਝਦੇ ਹਨ।

ਪੰਜਾਬ ਵਿੱਚ 1980 ਤੋਂ ਸ਼ੁਰੂ ਹੋਏ ਮੋਰਚੇ ਬਾਰੇ ਗੱਲ ਕਰਦਿਆਂ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਉਹਨਾਂ ਦੀ ਡਿਊਟੀ ਲਗਾਈ ਸੀ ਕਿ ਅਕਾਲੀਆਂ ਨਾਲ ਗੱਲਬਾਤ ਕਰਕੇ ਮਾਮਲੇ ਦਾ ਹੱਲ ਕੱਢਿਆ ਜਾਵੇ। ਉਹਨਾਂ ਕਿਹਾ ਕਿ ਪਰ ਪ੍ਰਕਾਸ਼ ਸਿੰਘ ਬਾਦਲ ਮਸਲੇ ਦੇ ਹੱਲ ਲਈ ਗੰਭੀਰ ਨਹੀਂ ਸੀ। ਉਹਨਾਂ ਕਿਹਾ ਕਿ ਸਾਕਾ ਨੀਲਾ ਤਾਰਾ ਲਈ ਪ੍ਰਕਾਸ਼ ਸਿੰਘ ਬਾਦਲ ਜਿੰਮੇਵਾਰ ਹੈ ਅਤੇ ਇਸ ਨੇ ਉਸ ਵੇਲੇ ਦੇ ਕੇਂਦਰੀ ਮੰਤਰੀ ਨਰਸਿੰਮਹਾ ਰਾਉ ਨਾਲ ਇਕੱਲਿਆਂ ਮੁਲਾਕਾਤ ਕੀਤੀ, ਜਿਹੜੀ ਰਿਕਾਰਡ ਹੋਈ ਹੈ ਅਤੇ ਇਸ ਨੇ ਖੁਦ ਜਾ ਕੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ 'ਤੇ ਹਮਲਾ ਕਰ ਦਿੱਤਾ ਜਾਵੇ। ਉਹਨਾਂ ਕਿਹਾ ਕਿ ਕਾਂਗਰਸ ਦੀ ਕੌਮੀ ਪਰਧਾਨ ਬੀਬੀ ਸੋਨੀਆ ਗਾਂਧੀ 1999 ਵਿੱਚ ਜਦੋਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਆਈ ਸੀ, ਤਾਂ ਉਹਨਾਂ ਨੇ ਮੁਆਫੀ ਮੰਗ ਲਈ ਸੀ ਜਦ ਕਿ ਪ੍ਰਧਾਨ ਮੰਤਰੀ ਡਾਂ ਮਨਮੋਹਨ ਸਿੰਘ ਨੇ ਵੀ ਜਿਹੜੀ ਮੁਆਫੀ ਮੰਗੀ ਉਹ ਸਾਰੇ ਦੇਸ ਵਾਸੀਆਂ ਨੇ ਵੱਖ ਵੱਖ ਟੀ.ਵੀ.ਚੈਨਲਾਂ 'ਤੇ ਵੇਖੀ ਸੀ। ਉਹਨਾਂ ਕਿਹਾ ਕਿ ਬਾਦਲ ਤੇ ਅਡਵਾਨੀ ਵੀ ਸਾਕਾ ਨੀਲਾ ਤਾਰਾ ਕਰਾਉਣ ਲਈ ਦੋਸ਼ੀ ਹਨ, ਜਿਹਨਾਂ ਨੇ ਹਾਲੇ ਤੱਕ ਮੁਆਫੀ ਨਹੀਂ ਮੰਗੀ। ਉਹਨਾਂ ਕਿਹਾ ਕਿ ਕਾਂਗਰਸ ਨੇ ਸਾਕਾ ਨੀਲਾ ਤਾਰਾ ਤੇ ਇੱਕ ਵਾਈਟ ਪੇਪਰ ਵੀ ਜਾਰੀ ਕੀਤਾ ਹੈ, ਜਿਸ ਵਿੱਚ ਸਾਰੀ ਸਥਿਤੀ ਸਪੱਸ਼ਟ ਕੀਤੀ ਗਈ ਹੈ, ਅਤੇ ਬਾਦਲ ਦੀ ਸਹਿਮਤੀ ਦਾ ਵੀ ਜ਼ਿਕਰ ਕੀਤਾ ਗਿਆ ਹੈ।

ਕਾਂਗਰਸ ਪਾਰਟੀ ਵਿੱਚੋ ਛੱਡ ਕੇ ਅਕਾਲੀ ਦਲ ਜਾਂ ਭਾਜਪਾ ਵਿੱਚ ਗਏ ਆਗੂਆਂ ਦੀ ਵਾਪਸੀ ਬਾਰੇ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਜਿਹੜੇ ਆਗੂ ਗਏ ਹਨ ਉਹਨਾਂ ਦੀ ਬਾਂਹ ਮਰੋੜ ਕੇ ਉਹਨਾਂ ਨੂੰ ਸ਼ਾਮਲ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਕਾਂਗਰਸ 125 ਸਾਲ ਪੁਰਾਣੀ ਪਾਰਟੀ ਹੈ ਅਤੇ ਇਹ ਦੇਸ ਵਾਸੀਆਂ ਲਈ ਸਿਆਸੀ ‘ਇੰਡੀਅਨ ਓਸ਼ੀਅਨ’ ਹੈ, ਜਿਸ ਵਿੱਚ ਨਵੇਂ ਪੁਰਾਣੇ ਚਿਹਰਿਆਂ ਦੀ ਆਵਾਜਾਈ ਬਣੀ ਰਹਿੰਦੀ ਹੈ। ਉਹਨਾਂ ਕਿਹਾ ਕਿ ਜਿਹੜੇ ਆਗੂ ਜਾਂ ਵਰਕਰ ਹਿਜਰਤ ਕਰਕੇ ਗਏ ਹਨ, ਉਹਨਾਂ ਦੀ ਵਾਪਸੀ ‘ਤੇ ਉਹਨਾਂ ਦਾ ਸੁਆਗਤ ਕੀਤਾ ਜਾਵੇਗਾ।

ਇਸ ਸਮੇਂ ਉਹਨਾਂ ਦੇ ਨਾਲ ਲਾਲੀ ਮਜੀਠੀਆ, ਜਸਬੀਰ ਸਿੰਘ ਡਿੰਪਾ, ਓਮ ਪ੍ਰਕਾਸ਼ ਸੋਨੀ, ਸੁਖ ਸਰਕਾਰੀਆ, ਸਵਿੰਦਰ ਸਿੰਘ ਕੱਥੂਨੰਗਲ, ਡਾ. ਰਾਜ ਕੁਮਾਰ, ਡਾ. ਧਰਮਵੀਰ ਸਰੀਨ, ਹਰਮਿੰਦਰ ਸਿੰਘ ਗਿੱਲ, ਰਣਜੀਤ ਸਿੰਘ ਛੱਜਲਵੱਡੀ, ਸੁਨੀਲ ਦੱਤੀ ਸਾਬਕਾ ਮੇਅਰ, ਹਰਜਿੰਦਰ ਸਿੰਘ ਠੇਕੇਦਾਰ, ਜੋਗਿੰਦਰਪਾਲ ਢੀਗਰਾ, ਜ਼ੁਗਲ ਕਿਸ਼ੋਰ ਸ਼ਰਮਾ, ਰਾਣਾ ਗੁਰਜੀਤ ਸਿੰਘ, ਪਰਮਿੰਦਰ ਸਿੰਘ ਤੁਗ, ਬਲਬੀਰ ਸਿੰਘ ਬੱਬੀ ਪਹਿਲਵਾਨ, ਪਰਮੋਦ ਭਾਟੀਆ, ਗੁਰਜੀਤ ਸਿੰਘ ਔਜਲਾ, ਅਸ਼ਵਨੀ ਪੱਪੂ, ਇੰਦਰਜੀਤ ਸਿੰਘ ਬਾਸਰਕੇ, ਹਰਪ੍ਰਤਾਪ ਸਿੰਘ ਅਜਨਾਲਾ, ਸੁਖਦੇਵ ਸਿੰਘ ਸ਼ਾਹਬਾਜ਼ਪੁਰੀ, ਅਮਨਦੀਪ ਸਿੰਘ ਕੱਕੜ ਆਦਿ ਵੀ ਹਾਜਰ ਸਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top