Share on Facebook

Main News Page

ਕਈ ਰਵਾਇਤੀ ਸਿਆਸੀ ਪਾਰਟੀਆਂ ਦੀ ਪੰਜਾਬ ਵਿੱਚ ਹੋਂਦ ਬਿਖਰੀ

* ਸਰਗਰਮੀਆਂ ਨਾਂ-ਮਾਤਰ; ਨੀਤੀਆਂ ਬਾਰੇ ਘਚੋਲਾ; ਹੋਂਦ ਸਿਰਫ਼ ਬਿਆਨਬਾਜ਼ੀ ਤੱਕ ਸੀਮਤ

ਚੰਡੀਗੜ੍ਹ, 28 ਮਾਰਚ - 16ਵੀਆਂ ਲੋਕ ਸਭਾ ਚੋਣਾਂ ’ਚ ਕਈ ਰਵਾਇਤੀ ਪਾਰਟੀਆਂ ਚਰਚਾ ਤੋਂ ਬਾਹਰ ਹੋ ਕੇ ਰਹਿ ਗਈਆਂ ਹਨ। ਇਨ੍ਹਾਂ ਪਾਰਟੀਆਂ ਦੇ ਆਧਾਰ ਨੂੰ ਖੋਰਾ ਤਾਂ ਪਹਿਲਾਂ ਹੀ ਲੱਗਣਾ ਸ਼ੁਰੂ ਹੋ ਗਿਆ ਸੀ, ਪਰ ਹੁਣ ਸਥਿਤੀ ਇਹ ਬਣ ਗਈ ਹੈ ਕਿ ਵੋਟਰ ਇਨ੍ਹਾਂ ਦਾ ਨੋਟਿਸ ਤੱਕ ਲੈਣ ਤੋਂ ਹਟ ਗਏ ਹਨ। ਜ਼ਿਕਰਯੋਗ ਹੈ ਕਿ ਕਿਸੇ ਵੇਲੇ ਇਨ੍ਹਾਂ ਪਾਰਟੀਆਂ ਦਾ ਸੂਬਾਈ ਅਤੇ ਕੌਮੀ ਪੱਧਰ ’ਤੇ ਬੋਲਬਾਲਾ ਰਿਹਾ ਹੈ ਅਤੇ ਇਹ ਸਰਕਾਰਾਂ ਬਣਾਉਣ ਅਤੇ ਡੇਗਣ ’ਚ ਅਹਿਮ ਰੋਲ ਅਦਾ ਕਰਦੀਆਂ ਰਹੀਆਂ ਹਨ।

ਇਨਾਂ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਮਘਾਉਣ ਦੀ ਗੱਲ ਤਾਂ ਇਕ ਪਾਸੇ ਰਹੀ, ਇਹ ਅਜੇ ਤਾਈਂ ਸਾਰੀਆਂ ਸੀਟਾਂ ’ਤੇ ਆਪਣੇ ਉਮੀਦਵਾਰਾਂ ਬਾਰੇ ਫੈਸਲਾ ਵੀ ਨਹੀਂ ਲੈ ਸਕੀਆਂ। ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਅਤੇ ਪੀਪਲਜ਼ ਪਾਰਟੀ ਆਫ਼ ਪੰਜਾਬ ਨੇ ਕਾਂਗਰਸ ਦੀ ਹਮਾਇਤ ਕਰ ਦਿੱਤੀ ਹੈ। ਪੀਪਲਜ਼ ਪਾਰਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਤਾਂ ਕਾਂਗਰਸ ਦੀ ਹਮਾਇਤ ਨਾਲ ਹੀ ਨਹੀਂ, ਬਲਕਿ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸ ਦੇ ਚੋਣ ਨਿਸ਼ਾਨ ਹੇਠ ਵੀ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ। ਜੇ ਉਹ ਅਜਿਹਾ ਕਰਦੇ ਹਨ ਤਾਂ ਉਹ ਪੀਪਲਜ਼ ਪਾਰਟੀ ਦੇ ਪ੍ਰਧਾਨ ਨਹੀਂ ਰਹਿਣਗੇ, ਬਲਕਿ ਕਾਂਗਰਸ ਦੇ ਸੰਸਦ ਮੈਂਬਰ ਮੰਨੇ ਜਾਣਗੇ।

ਕਮਿਊਨਿਸਟ ਪਾਰਟੀ ਆਫ਼ ਇੰਡੀਆ ਅਤੇ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਐਮ) (ਸੀਪੀਆਈ-ਐਮ) ਕੇਵਲ ਤਿੰਨ-ਤਿੰਨ ਸੀਟਾਂ ’ਤੇ ਹੀ ਚੋਣ ਲੜ ਰਹੀਆਂ ਹਨ। ਇਨਾਂ ਵਿੱਚੋਂ ਦੋ-ਦੋ ਸੀਟਾਂ ਲਈ ਆਪਸੀ ਸਹਿਮਤੀ ਹੋ ਚੁੱਕੀ ਹੈ, ਜਦੋਂਕਿ ਸੰਗਰੂਰ ਦੀ ਸੀਟ ’ਤੇ ਦੋਹਾਂ ਨੇ ਆਪੋ ਆਪਣੇ ਉਮੀਦਵਾਰ ਖੜ੍ਹੇ ਕਰ ਦਿੱਤੇ ਹਨ। ਹਲਕਾ ਬਠਿੰਡਾ ਤੋਂ ਸੀਪੀਆਈ ਮਨਪ੍ਰੀਤ ਸਿੰਘ ਬਾਦਲ ਨੂੰ ਹਮਾਇਤ ਦੇ ਰਹੀ ਹੈ। ਇਸ ਦੇ ਉਲਟ ਉੱਥੇ ਸੀਪੀਆਈ (ਐਮ) ਨੇ ਆਪਣਾ ਵੱਖਰਾ ਉਮੀਦਵਾਰ ਉਤਾਰ ਦਿੱਤਾ ਹੈ। ਸੀਪੀਆਈ ਅਤੇ ਸੀਪੀਆਈ (ਐਮ) ਆਨੰਦਪੁਰ ਸਾਹਿਬ, ਲੁਧਿਆਣਾ, ਅੰਮ੍ਰਿਤਸਰ ਅਤੇ ਫ਼ਰੀਦਕੋਟ ਤੋਂ ਰਲ ਕੇ ਚੋਣ ਲੜ ਰਹੀਆਂ ਹਨ।

ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਉਮੀਦਵਾਰਾਂ ਦਾ ਐਲਾਨ ਕਰਨ ’ਚ ਪਹਿਲ ਕੀਤੀ ਗਈ ਸੀ। ਬਸਪਾ ਦਾ ਦੋਆਬੇ ’ਚ ਤਕੜਾ ਆਧਾਰ ਮੰਨਿਆ ਜਾਂਦਾ ਹੈ, ਪਰ ਸਿਆਸੀ ਗਤੀਵਿਧੀਆਂ ਅਜੇ ਤਾਈਂ ਚਰਚਾ ’ਚ ਨਹੀਂ ਆ ਸਕੀਆਂ। ਬਸਪਾ ਵੱਲੋਂ ਹਲਕਾ ਆਨੰਦਪੁਰ ਸਾਹਿਬ, ਫ਼ਤਹਿਗੜ੍ਹ ਸਾਹਿਬ, ਲੁਧਿਆਣਾ, ਖਡੂਰ ਸਾਹਿਬ, ਜਲੰਧਰ, ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ, ਫ਼ਰੀਦਕੋਟ। ਬਠਿੰਡਾ, ਪਟਿਆਲਾ ਅਤੇ ਸੰਗਰੂਰ ਤੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ।

ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਗਿਆਰਾਂ ਹਲਕਿਆਂ ਲਈ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਨ੍ਹਾਂ ਵਿੱਚੋਂ ਚਾਰ ਹਲਕਿਆਂ ਬਾਰੇ ਫੈਸਲਾ ਤਾਂ ਦੋ ਮਹੀਨੇ ਪਹਿਲਾਂ ਹੀ ਲਿਆ ਜਾ ਚੁੱਕਾ ਸੀ। ਬਾਵਜੂਦ ਇਸ ਦੇ ਚੋਣ ਪ੍ਰਚਾਰ ਹਾਲੇ ਵੀ ਸਰਗਰਮੀ ਨਹੀਂ ਫੜ ਸਕਿਆ ਹੈ। ਦਲ ਦੇ ਪ੍ਰਧਾਨ ਸਿਮਰਨਜੀਤ ਸਿਘ ਮਾਨ ਖਡੂਰ ਸਾਹਿਬ ਤੋਂ ਉਮੀਦਵਾਰ ਹਨ। ਸ੍ਰੀ ਮਾਨ ਅਤੇ ਇਕ ਹੋਰ ਆਗੂ ਧਿਆਨ ਸਿੰਘ ਮੰਡ ਪਹਿਲਾਂ ਵੀ ਪਾਰਲੀਮੈਂਟ ਮੈਂਬਰ ਚੁਣੇ ਜਾ ਚੁੱਕੇ ਹਨ। ਇਕ ਹੋਰ ਉਮੀਦਵਾਰ ਤਾਲਿਬ ਸਿੰਘ ਸੰਧੂ ਪੰਜਾਬ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ (1920) ਇਸ ਵਾਰ ਇਕ ਤਰਾਂ੍ਹ ਨਾਲ ਚੋਣ ਮੈਦਾਨ ’ਚੋਂ ਬਾਹਰ ਹੈ।

ਅਕਾਲੀ ਦਲ (ਪੰਚ ਪ੍ਰਧਾਨੀ) ਦੀਆਂ ਗਤੀਵਿਧੀਆਂ ਠੱਪ ਹਨ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਚੁੱਪ ਧਾਰੀ ਬੈਠੀ ਹੈ। ਖੱਬੇ ਪੱਖੀ ਕਈ ਹੋਰ ਪਾਰਟੀਆਂ ਨੇ ਉਮੀਦਵਾਰ ਤਾਂ ਮੈਦਾਨ ’ਚ ਉਤਾਰੇ ਹਨ, ਪਰ ਉਮੀਦਵਾਰਾਂ ਦਾ ਜ਼ਿਕਰ ਸੁਣਨ ਨੂੰ ਨਹੀਂ ਮਿਲ ਰਿਹਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top