Share on Facebook

Main News Page

ਸਿੱਖ ਦੁਸ਼ਮਣ ਤਾਕਤਾਂ ਦੀ ਪਛਾਣ ਆਖ਼ਰ ਕਦੋਂ…?
-: ਜਸਪਾਲ ਸਿੰਘ ਹੇਰਾਂ

ਇਕ ਪਾਸੇ ਸ੍ਰੀ ਅੰਮ੍ਰਿਤਸਰ ਸਾਹਿਬ ਹਲਕੇ ਦੇ ਦੋਵੇਂ ਵੱਡੇ ਉਮੀਦਵਾਰ ਬਾਦਲ-ਭਾਜਪਾ ਗੱਠਜੋੜ ਦੇ ਅਰੁਣ ਜੇਤਲੀ ਅਤੇ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਸਾਕਾ ਦਰਬਾਰ ਸਾਹਿਬ ਬਾਰੇ ਇਕ ਦੂਜੇ ਤੇ ਦੋਸ਼ ਲਗਾ ਰਹੇ ਹਨ ਅਤੇ ਦੂਜੇ ਨੂੰ ਵੱਧ ਦੋਸ਼ੀ ਦੱਸਣ ਤੇ ਜ਼ੋਰ ਲਾ ਰਹੇ ਹਨ। ਪ੍ਰੰਤੂ ਦੁਨੀਆ ਜਾਣਦੀ ਹੈ ਕਿ ਕਾਂਗਰਸ ਤੇ ਭਾਜਪਾ ਦੋਵੇਂ ਸਿੱਖ ਦੁਸ਼ਮਣ ਜਮਾਤਾਂ ਹਨ, ਸਿੱਖਾਂ ਲਈ ਤਾਂ ਜੇ ਇਕ ਨਾਗਨਾਥ ਹੈ, ਤਾਂ ਦੂਜੀ ਸੱਪਨਾਥ ਹੈ। ਫ਼ਰਕ ਇਹ ਹੈ ਕਿ ਭਾਜਪਾ ਸਿੱਖੀ ਦੀ ਹੋਂਦ ਨੂੰ ਹੜੱਪਣ ਦੇ ਯਤਨਾਂ ‘ਚ ਹੈ ਤੇ ਕਾਂਗਰਸ ਸਿੱਖ ਦੀ ਜ਼ਮੀਰ ਨੂੰ ਕੁਚਲਣ ਦੇ ਚੱਕਰ ‘ਚ ਰਹੀ ਹੈ। ਪ੍ਰੰਤੂ ਦੂਜੇ ਪਾਸੇ ਅੱਜ ਦੇ ਦਿਨ ਦਾ ਸੁਨੇਹਾ ਸਿੱਖਾਂ ਦੀ ਪ੍ਰਤੀਨਿਧ ਅਖਵਾਉਂਦੀ ਜਮਾਤ ਬਾਦਲ ਦਲ ਨੂੰ ਵੀ ਸਾਕਾ ਦਰਬਾਰ ਲਈ ਜੁੰਮੇਵਾਰ ਮੰਨਦਾ ਹੈ।

ਅੱਜ ਦੇ ਦਿਨ 28 ਮਾਰਚ 1984 ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ਦੇ ਇਕ ਰੈਸਟ ਹਾਊਸ ‘ਚ ਸੱਤਾਧਾਰੀ ਧਿਰ ਦੇ ਆਗੂਆਂ ਨਰਸਿੰਮਾ ਰਾਉ, ਪੀ. ਸੀ. ਅਲੈਗਜੈਂਡਰ, ਸੀ. ਆਰ. ਕ੍ਰਿਸਨਾ ਸਵਾਮੀ ਰਾਉ, ਐਸ. ਐਸ. ਕੇ. ਵਲੀ ਤੇ ਸਪੈਸ਼ਲ ਸਕੱਤਰ ਪ੍ਰੇਮ ਕੁਮਾਰ ਨਾਲ ਸਾਕਾ ਦਰਬਾਰ ਸਾਹਿਬ ਬਾਰੇ ਗੁਪਤ ਮੀਟਿੰਗ ਕੀਤੀ ਸੀ

ਇਹ ਤੱਥ ਤੇ ਅੰਕੜੇ ਸਾਕਾ ਦਰਬਾਰ ਸਾਹਿਬ ਤੋਂ ਬਾਅਦ ਇਕ ਨਹੀਂ ਅਨੇਕਾਂ ਵਾਰ ਜਨਤਕ ਰੂਪ ‘ਚ ਸਾਹਮਣੇ ਆ ਚੁੱਕੇ ਹਨ। ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਦਾ ਸੱਦਾ ਦਿੰਦੀਆਂ, ਅਕਾਲੀ ਆਗੂਆਂ ਦੀਆਂ ਚਿੱਠੀਆਂ ਨਸ਼ਰ ਹੋ ਚੁੱਕੀਆਂ ਹਨ। ਉਸ ਤੋਂ ਬਾਅਦ ਇਹ ਕੌੜਾ ਸੱਚ, ਪੂਰੀ ਤਰ੍ਹਾਂ ਨੰਗਾ ਹੋ ਚੁੱਕਾ ਹੈ ਕਿ ਸਾਕਾ ਦਰਬਾਰ ਸਾਹਿਬ ਲਈ ਦੋਸ਼ੀਆਂ ਦੀ ਸੂਚੀ ‘ਚ ਜਿੱਥੇ ਇੰਦਰਾ ਤੇ ਭਗਵਾਂ ਬ੍ਰਿਗੇਡ ਬਰਾਬਰ ਦਾ ਦੋਸ਼ੀ ਹੈ, ਉਥੇ ਉਸ ਸਮੇਂ ਦੇ ਰਵਾਇਤੀ ਅਕਾਲੀ ਆਗੂ ਵੀ ਘੱਟ ਜੁੰਮੇਵਾਰ ਨਹੀਂ ਹਨ।

ਅੱਜ ਜਦੋਂ ਲੋਕ ਸਭਾ ‘ਚ ਇਕ ਪਾਸੇ ‘ਮੋਦੀ-ਮੋਦੀ’ ਹੁੰਦੀ ਕਾਰਣ ਅਤੇ ਦੂਜੇ ਪਾਸੇ ਸ੍ਰੀ ਅੰਮ੍ਰਿਤਸਰ ਸਾਹਿਬ ਸੀਟ 'ਤੇ ਦੋ ਵੱਡੀਆਂ ਤੋਪਾਂ ਦੇ ਆਹਮੋ-ਸਾਹਮਣੇ ਹੋਣ ਕਾਰਣ ਦਰਬਾਰ ਸਾਹਿਬ ਸਾਕੇ ਤੇ ਰਾਜਨੀਤੀ ਹੋਣੀ ਹੀ ਹੈ। ਉਸ ਸਮੇਂ ਖਾਲਸਾ ਪੰਥ ਨੂੰ ਆਪਣੇ ਮਨਾਂ ‘ਚ ਝਾਤੀ ਮਾਰਨੀ ਪਵੇਗੀ ਕਿ ਆਖ਼ਰ ਉਹ ਲੋਕ ਜਿਹੜੇ ਸਾਡੇ ਜਾਨ ਤੋਂ ਪਿਆਰੇ, ਧਰਤੀ ਦੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲਾ ਕਰਵਾਉਣ ਦੇ ਦੋਸ਼ੀ ਹਨ, ਉਹ ਅੱਜ ਵੀ ਸਿੱਖਾਂ ਦੇ ‘ਚੌਧਰੀ’ ਕਿਵੇਂ ਬਣੇ ਬੈਠੇ ਹਨ? "ਕਾਠ ਦੀ ਹਾਡੀ ਵਾਰ-ਵਾਰ ਨਹੀਂ ਚੜ੍ਹਦੀ" ਵਾਲੀ ਕਹਾਵਤ ਝੂਠੀ ਕਰ ਛੱਡੀ ਹੈ। ਕੀ ਸਿੱਖ ਕੌਮ ਆਪਣੇ ਦੁਸ਼ਮਣਾਂ, ਗ਼ਦਾਰਾਂ ਤੇ ਦਲਾਲਾਂ ਦੀ ਪਛਾਣ ਕਰਨੀ ਵੀ ਭੁੱਲ ਚੁੱਕੀ ਹੈ। ਅਸੀਂ ਕਿਸੇ ਧਿਰ ਦੇ ਨਿੱਜੀ ਵਿਰੋਧੀ ਨਹੀਂ, ਪ੍ਰੰਤੂ ਪੰਜਾਬ ਤੇ ਭਗਵਾਂ ਬ੍ਰਿਗੇਡ ਦਾ ਗ਼ਲਬਾ ਕਿਸੇ ਵੀ ਹਾਲਤ ‘ਚ ਨਹੀਂ ਹੋਣ ਦੇਣਾ ਚਾਹੁੰਦੇ।

ਅਸੀਂ ਪਹਿਲਾ ਵੀ ਵਾਰ-ਵਾਰ ਲਿਖਿਆ ਹੈ ਕਿ ਲੋਕ ਸਭਾ ਚੋਣਾਂ ‘ਚ ਸਿੱਖ ਮੁੱਦਿਆਂ ਤੇ ਕੌਮ ਨੂੰ ਆਪਣੀ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਪ੍ਰੰਤੂ ਉਸਦੇ ਬਾਵਜੂਦ, ਸਿੱਖੀ ਦੇ ਵਿਹੜੇ ‘ਚ ਉਹ ਲੋਕ ਖ਼ਰੂਦ ਪਾ ਰਹੇ ਹਨ, ਜਿਨ੍ਹਾਂ ਨੇ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੀ ਨੀਂਹ ਰੱਖੀ ਸੀ। ਅੱਜ ਜਦੋਂ ਬਾਦਲਾਂ ਤੋਂ "ਪੰਥ" ਵਾਲਾ ਮੁਲੰਮਾ ਲਗਭਗ ਲਹਿ ਚੁੱਕਾ ਹੈ, ਉਸਦੇ ਸਾਥੀ ਤੱਕ ਉਸਨੂੰ ਸਿੱਖੀ ਦਾ ਸਭ ਤੋਂ ਵੱਡਾ ਦੁਸ਼ਮਣ ਮੰਨਦੇ ਤੇ ਦੱਸਦੇ ਹਨ, ਉਸ ਦਾ ਭਗਵਾਂ ਪ੍ਰੇਮ ਜੱਗ ਜ਼ਾਹਿਰ ਹੈ, ਇਸਦੇ ਬਾਵਜੂਦ ਉਹ ਪੰਜਾਬ ਦੀਆਂ ਸਾਰੀਆਂ ਸੀਟਾਂ ਜਿੱਤ ਕੇ "ਮੋਦੀ" ਦੀ ਝੋਲੀ ਪਾਉਣ ਦੇ ਦਮਗੱਜੇ ਮਾਰ ਰਹੇ ਹਨ। ਕੀ ਸਿੱਖ ਬਜ਼ਾਰੂ ਮਾਲ ਹੈ, ਜਿਸ ਨੂੰ ਜਿਸਦੀ ਮਰਜ਼ੀ ਝੋਲੀ ਪਾ ਦਿੱਤਾ ਜਾਵੇ? ਅਸੀਂ ਜਿਥੇ ਸਿੱਖ ਮੁੱਦਿਆਂ ਦੀ ਚੋਣਾਂ ‘ਚ ਰੜਕਵੀ ਹਾਜ਼ਰੀ ਨਾਂਹ ਹੋਣ ਤੇ ਕੌਮ ਨੂੰ ਜਗਾਉਣ ਦਾ ਵਾਰ-ਵਾਰ ਹੋਕਾ ਦੇ ਰਹੇ ਹਾਂ, ਉਥੇ ਸ੍ਰੀ ਦਰਬਾਰ ਸਾਹਿਬ ਸਾਕੇ ਲਈ ਜੁੰਮੇਵਾਰ ਤਿੰਨੋ ਧਿਰਾਂ ਜਿਨ੍ਹਾਂ ‘ਚ ਬਾਦਲ ਕੇ, ਮੋਦੀ ਕੇ, ਇੰਦਰਾ ਕੇ, ਬਰਾਬਰ ਦੇ ਜੁੰਮੇਵਾਰ ਹਨ, ਦਾ ਪੰਜਾਬ ‘ਚੋਂ ਸਫ਼ਾਇਆ ਕਰਨ ਲਈ ਇਕਜੁੱਟ ਹੋਣ ਦੀ ਅਪੀਲ ਵੀ ਵਾਰ-ਵਾਰ ਕਰ ਰਹੇ ਹਾਂ। ਸਿੱਖੀ, ਪੰਜਾਬ ਤੇ ਜੁਆਨੀ ਨੂੰ ਬਚਾਉਣ ਲਈ ਸਿੱਖ ਦੁਸ਼ਮਣ ਤਾਕਤਾਂ ਦੇ ਮਨਸੂਬਿਆਂ ਨੂੰ ਸਮਝਣਾ ਅਤੇ ਉਨ੍ਹਾਂ ਮਨਸੂਬਿਆਂ ਨੂੰ ਸਿਰੇ ਚੜ੍ਹਨ ਤੋਂ ਰੋਕਣਾ, ਹਰ ਪੰਥ ਦਰਦੀ ਦਾ ਮੁੱਢਲਾ ਫਰਜ਼ ਹੈ।

ਕੱਲ੍ਹ ਦਾ ਸੱਚ ਵੀ, ਅੱਜ ਦਾ ਸੱਚ ਵੀ ਅਤੇ ਆਉਣ ਵਾਲੇ ਕੱਲ੍ਹ ਦਾ ਸੱਚ ਵੀ ਸਾਡੇ ਸਾਹਮਣੇ ਹੈ, ਇਸਦੇ ਬਾਵਜੂਦ ਜੇ ਅਸੀਂ ਆਪਣੇ-ਬਿਗਾਨਿਆਂ ਤੇ ਦੋਸਤ-ਦੁਸ਼ਮਣ ਦੀ ਪਛਾਣ ਨਹੀਂ ਕਰਾਂਗੇ ਤਾਂ ਸਾਡੀ ਹੋਂਦ ਨੂੰ ਖ਼ਤਰਾ ਹੋਰ ਵੱਧ ਜਾਵੇਗਾ। ਮੋਮੋਠੱਗਣੀਆਂ ਤੇ ਤਿੱਖੇ ਦੋਸ਼ਾਂ ਦੀ ਝੜੀ ਲਾ ਕੇ, ਇਹ ਤਿੰਨੋਂ ਸਿੱਖ ਤੇ ਪੰਜਾਬ ਦੁਸ਼ਮਣ ਤਾਕਤਾਂ, ਸਾਨੂੰ ਸਿਰਫ਼ ਗੁੰਮਰਾਹ ਕਰਨ ਦਾ ਯਤਨ ਕਰ ਰਹੀਆਂ ਹਨ, ਜਦੋਂ ਕਿ ਇਨ੍ਹਾਂ ਦੀ ਅਸਲੀਅਤ ਇੱਕੋ ਹੀ ਹੈ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਇਨ੍ਹਾਂ ਲੋਕ ਸਭਾ ਚੋਣਾਂ ‘ਚ ਘੱਟੋ-ਘੱਟ ਸਿੱਖ ਦੁਸ਼ਮਣ ਤਾਕਤਾਂ ਦੀ ਸਨਾਖ਼ਤ ਕਰਕੇ, ਉਨ੍ਹਾਂ ਨੂੰ ਬੇਨਕਾਬ ਕਰਦੇ ਹੋਏ, ਉਨ੍ਹਾਂ ਵਿਰੁੱਧ ਸੰਘਰਸ਼ ਜ਼ਰੂਰ ਵਿੱਢਿਆ ਜਾਵੇ, ਜੇ ਇਹ ਹੀ ਹੋ ਜਾਵੇ ਤਾਂ ਕੌਮ ਦੀ ਚੜ੍ਹਦੀ ਕਲਾ ਵੱਲ ਸਫ਼ਰ ਦਾ ਮੁੱਢ ਬੱਝ ਜਾਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top