Share on Facebook

Main News Page

ਗੁਰਦੁਆਰਿਆਂ ਵਿੱਚ ਲੜ੍ਹਾਈ ਝਗੜੇ - ਗੁਰਮਤਿ ਵਿਹੂਣੇ, ਹਉਮੈ ਤੇ ਚੌਧਰ ਦੀ ਲਾਲਸਾ ਵਾਲੇ ਆਗੂਆਂ ਦੀ ਉਪਜ !
-: ਗੁਰਚਰਨ ਸਿੰਘ ਗੁਰਾਇਆ

ਗੁਰਦੁਆਰਿਆਂ ਵਿੱਚ ਲੜਾਈ ਝਗੜੇ ਤੇ ਪ੍ਰਬੰਧ ਨੂੰ ਲੈ ਕੇ ਅਦਾਲਤਾਂ ਵਿੱਚ ਚਲ ਰਹੇ ਕੇਸਾਂ ਬਾਰੇ ਮੀਡੀਏ ਵਿੱਚ ਛਪ ਰਹੀਆਂ ਖਬਰਾਂ ਤੋਂ ਚਿੰਤਤ ਇੱਕ ਗੁਰਦੁਅਰਾ ਸਾਹਿਬ ਦੇ ਪ੍ਰੇਮੀ ਨੇ ਵੀਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਵੀਰ ਜੀ ਕੀ ਗੁਰਦੁਆਰਿਆਂ ਵਿੱਚ ਜੋ ਪ੍ਰਬੰਧ ਨੂੰ ਲੈ ਕੇ ਜਿਹੜੇ ਹਾਲਤ ਬਣਾਏ ਗਏ ਜਾਂ ਬਣਾਏ ਜਾ ਰਹੇ ਹਨ, ਕੀ ਇਸ ਵਿੱਚ ਸੁਧਾਰ ਨਹੀਂ ਹੋ ਸਕਦਾ? ਮੈਂ ਕਿਹਾ ਕਿ ਕਿਉਂ ਨਹੀਂ, ਹੋ ਸਕਦਾ ਹੈ। ਉਸ ਨੇ ਕਿਹਾ ਕਿਵੇਂ ਤੇ ਮੈਂ ਕਿਹਾ ਜਿਸ ਦਿਨ ਅਸੀਂ ਆਪਣੇ ਆਪ ਦਾ ਸੁਧਾਰ ਕਰ ਲਿਆ ਉਸ ਦਿਨ ਇਸ ਵਿੱਚ ਵੀ ਸੁਧਾਰ ਆ ਜਾਣਾ ਹੈ। ਕੀ ਸਾਡੇ ਗੁਰਦੁਆਰਾ ਸਾਹਿਬ ਵਿੱਚ ਲੜਾਈ ਝਗੜੇ ਕੋਈ ਦੂਸਰੇ ਧਰਮਾਂ ਵਾਲੇ ਆਕੇ ਕਰਦੇ ਹਨ ? ਜੇਕਰ ਕੋਈ ਦੂਸਰੇ ਧਰਮ ਦਾ ਆਕੇ ਦਖਲ ਅੰਦਾਜ਼ੀ ਨਹੀਂ ਕਰਦਾ ਤਾਂ ਫਿਰ ਅਸੀਂ ਆਪ ਹੀ ਗੁਰਦੁਆਰਾ ਸਾਹਿਬ ਜਾਣ ਵਾਲੇ ਹੀ ਇਹ ਕੰਮ ਕਰਦੇ ਹਾਂ ਤਾਂ ਫਿਰ ਸਾਨੂੰ ਆਪਣੇ ਆਪ ਵਿੱਚ ਹੀ ਸੁਧਾਰ ਕਰਨਾ ਪਵੇਗਾ।

ਜਿਸ ਦਿਨ ਗੁਰਦੁਆਰਾ ਸਾਹਿਬ ਜਾਣ ਤੋਂ ਪਹਿਲਾਂ ਅਸੀਂ ਆਪਣੇ ਆਪ ਨੂੰ ਇਹ ਸਵਾਲ ਕਰਾਂਗੇ ਕਿ ਗੁਰਦੁਆਰਾ ਸਾਹਿਬ ਕਿਸ ਵਾਸਤੇ ਬਣਾਏ ਗਏ ਹਨ, ਉਥੇ ਕਿਉਂ ਜਾਣਾ ਤੇ ਉਥੇ ਜਾ ਕੇ ਕੀ ਕਰਨਾ ਹੈ। ਫਿਰ ਵਾਪਸ ਆਕੇ ਉਹੀ ਸਵਾਲ ਆਪਣੇ ਆਪ ਨੂੰ ਪੁੱਛੀਏ ਭਾਵ ਕਿ ਗੁਰਦੁਆਰਾ ਸਾਹਿਬ ਗੁਰੂ ਨਾਨਕ ਦੇ ਗੁਰਮਤਿ ਸਿਧਾਂਤ ਦੇ ਪ੍ਰਚਾਰ, ਅਧਿਆਤਮਿਕ ਜਗਿਆਸੂਆਂ ਲਈ ਸੰਗਤ ਰੂਪੀ ਆਤਮਿਕ ਗਿਆਨ, ਅਕਾਲ ਪੁਰਖ ਦੀ ਸਿਫਤ ਸਲਾਹ, ਲੋੜਮੰਦਾਂ ਦੀ ਮਦਦ ਤੇ ਕੌਮੀ ਮਸਲਿਆ ਦੇ ਹੱਲ ਲਈ ਰਲ ਮਿਲ ਬੈਠ ਵੀਚਾਰਾਂ ਕਰਨ ਲਈ ਗੁਰਦੁਆਰਾ ਸਾਹਿਬ ਬਣਾਏ ਗਏ ਸਨ। ਜੇਕਰ ਇਸ ਮਕਸਦ ਲਈ ਅਸੀਂ ਗੁਰਦੁਆਰਾ ਸਾਹਿਬ ਜਾਦੇ ਹਾਂ ਤਾਂ ਸਾਡਾ ਗੁਰਦੁਆਰਾ ਸਾਹਿਬ ਗਿਆ ਪ੍ਰਵਾਨ ਹੈ, ਨਹੀਂ ਤਾਂ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਵੀ ਨਾ ਗਿਆ ਬਰਾਬਰ ਹੀ ਹਾਂ। ਪਰ ਅਜੋਕੇ ਸਮੇਂ ਵਿੱਚ ਗੁਰਮਤਿ ਵਿਹੂਣੇ ਤੇ ਹਉਮੈ ਦਾ ਸ਼ਿਕਾਰ ਚੌਧਰੀਆਂ ਨੇ ਆਪਣੀਆਂ ਚੌਧਰ ਦੀਆਂ ਲਾਲਸਾਵਾਂ ਦੀ ਖਾਤਰ ਇਹਨਾਂ ਨੂੰ ਸਿਆਸਤ ਤੇ ਲੜਾਈ ਦੇ ਕੇਂਦਰ ਬਣਾ ਦਿੱਤਾ ਹੈ।

ਮਨੁੱਖਤਾ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਨਾਨਕ ਜੀ ਦੇ ਨਿਰਮਲੇ ਧਰਮ ਦੀ ਨੀਂਹ ਪਰਮਾਤਮਾ ਦਾ ਸਿਮਰਨ ਤੇ ਨਿਰਮਲੇ ਕਰਮਾਂ ਤੇ ਹੈ "ਸਰਬ ਧਰਮ ਮਹਿ ਸ੍ਰੇਸਟ ਧਰਮੁ ॥ ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥"। ਅੱਜ ਗੁਰਮਤਿ ਵਿਹੂਣੇ ਤੇ ਹਉਮੈਂ ਦੇ ਸ਼ਿਕਾਰ ਆਗੂਆਂ ਪਾਸ ਪਰਮਾਤਮਾ ਦੇ ਗੁਣਾਂ ਰੂਪੀ ਸਿਮਰਨ ਤੇ ਸ਼ੁਭ ਅਮਲਾਂ ਦੀ ਕਹਿਣੀ ਤਾਂ ਹੈ, ਪਰ ਕਰਨੀ ਨਹੀਂ ਹੈ। ਕਈ ਵਾਰੀ ਅਸੀਂ ਸਟੇਜ ਤੋਂ ਆਪਣੇ ਆਪ ਨੂੰ ਬਹੁਤ ਸਿਆਣੇ ਸਿਧਾਂਤਿਕ ਤੇ ਭੱਦਰਪਰਸ਼ ਤੇ ਗਿਆਨਵਾਨ ਦਰਸਾਉਣ ਵਾਲੇ ਵਿਖਿਆਨ ਤਾਂ ਕਰਦੇ ਹਾਂ ਪਰ ਆਪਣੀ ਉਸ ਅਨੁਸਾਰ ਕਰਨੀ ਨਾ ਹੋਣ ਕਰਾਨ ਇਹ ਵੀ ਭੁੱਲ ਜਾਦੇ ਹਾਂ ਕਿ ਗੁਰੂ ਸਾਹਿਬ ਦਾ ਫੁਰਮਾਨ "ਪਾਠੁ ਪੜੈ ਮੁਖਿ ਝੂਠੇ ਬੋਲੈ ਨਿਗੁਰੇ ਕੀ ਮਤਿ ਓਹੈ ॥" ਤੇ ਭੁੱਲ ਜਾਦੇ ਹਾਂ ਕਿ ਹਿਰਦੈ ਕਪਟਿ ਨਿਤ ਕਪਟਿ ਕਮਾਵੈ ਮੁਖਿ ਹਰਿ ਹਰਿ ਸੁਣਿਵੈ ਚੌਧਰ ਦੀਆਂ ਲਾਲਸਾਵਾਂ ਵਾਲੇ ਪ੍ਰਬੰਧਕਾਂ ਦਾ ਸਿੱਖੀ ਸਿਧਾਤਾਂ ਨਾਲ ਕੋਈ ਵੀ ਵਾਸਤਾ ਨਹੀਂ ਹੁੰਦਾ।

ਉਹਨਾਂ ਦਾ ਧਰਮ ਸਿਰਫ ਚੌਧਰ ਦੀ ਭੁੱਖ ਹੈ ਇਸੇ ਕਰਕੇ ਇਹ ਲੋਕ ਸਿਆਸੀ ਲੋਕਾਂ ਵਾਂਗ ਲੋਕਾਂ ਨੂੰ ਬਰਾਦਰੀਵਾਦ, ਮਰਯਾਦਾ ਜਾਂ ਫਿਰ ਗੁਰੂ ਸਿਧਾਂਤ ਦਾ ਵਾਸਤਾ ਪਾਕੇ ਸੰਗਤਾਂ ਵਿੱਚ ਪਾੜ ਪਾਈ ਰੱਖਦੇ ਹਨ। ਇਸੇ ਕਰਕੇ ਬੱਚੇ ਸਿੱਖੀ ਤੋਂ ਦੂਰ ਹੋ ਰਹੇ ਹਨ ਤੇ ਫਿਰ ਇਹੋ ਜਿਹੇ ਚੌਧਰੀਆਂ ਦੇ ਕਰਕੇ ਬੱਚੇ ਗੁਰਦੁਆਰਾ ਸਾਹਿਬ ਜਾਣ ਤੋਂ ਕੰਨੀ ਕਤਰਾਉਂਦੇ ਹਨ। ਪਰ ਕੀ ਸਿੱਖ ਕੌਮ ਦਾ ਸੁਨਿਹਰੀ ਇਤਿਹਾਸ ਸਿਰਫ ਸਟੇਜਾਂ ਤੋਂ ਸੁਣਾਨ ਲਈ ਹੈ ਜਾਂ ਇਸ ਤੇ ਖੁਦ ਆਗੂਆਂ ਨੇ ਵੀ ਅਮਲ ਕਰਨਾ ਸੀ। ਕੀ ਆਪਣੇ ਗੁਰੂ ਨੂੰ ਸਮਰਪਿਤ ਗੁਰਸਿੱਖਾਂ ਨੂੰ ਮੌਕੇ ਦੇ ਹਾਕਮ ਨਵਾਬੀ ਤੇ ਜਗੀਰ ਭੇਟ ਕਰ ਰਹੇ ਸਨ ਪਰ ਗੁਰਸਿੱਖ ਉਸ ਨੂੰ ਠੁਕਰਾ ਰਹੇ ਸਨ। ਕੁਝ ਸਿੰਘਾਂ ਨੇ ਵੀਚਾਰ ਕੀਤੀ ਕਿ ਖਾਲਸੇ ਦੇ ਦਰਬਾਰ ਤੇ ਆਪ ਚਲ ਕੇ ਆਈ ਨਵਾਬੀ ਨੂੰ ਠੁਕਰਾਉਣਾ ਨਹੀਂ ਚਾਹੀਦਾ ਤਾਂ ਫਿਰ ਮੁਖੀ ਸਰਦਾਰਾਂ ਨੇ ਫੈਸਲਾ ਕੀਤਾ ਕਿ ਨਵਾਬੀ ਕਿਸੇ ਨੂੰ ਦੇ ਦਿੱਤੀ ਜਾਵੇ। ਪਰ ਕੋਈ ਵੀ ਨਵਾਬੀ ਲੈਣ ਨੂੰ ਤਿਆਰ ਨਹੀਂ ਸੀ।

ਫਿਰ ਫੈਸਲਾ ਹੋਇਆ ਕਿ ਉਹ ਸ੍ਰ. ਕਪੂਰ ਸਿੰਘ ਜੋ ਸੰਗਤਾਂ ਨੂੰ ਪੱਖਾ ਝੱਲਣ ਦੀ ਸੇਵਾ ਕਰਦਾ ਆਪ ਪਸੀਨੇ ਨਾਲ ਭਿੱਜ ਕੇ ਸੰਗਤਾਂ ਦਾ ਪਸੀਨਾ ਸੁਕਾ ਰਿਹਾ ਸੀ, ਉਸ ਨੂੰ ਨਵਾਬੀ ਦਿੱਤੀ ਜਾਵੇ। ਧੰਨ ਉਹ ਗੁਰੂ ਦੇ ਸਿੱਖ ਕੋਈ ਨਵਾਬੀ ਲੈਣ ਨੂੰ ਤਿਆਰ ਨਹੀਂ, ਪਰ ਅੱਜ ਅਸੀ ਇਹਨਾਂ ਛੋਟੀਆਂ ਛੋਟੀਆਂ ਚੌਧਰਾਂ, ਪ੍ਰਧਾਨਗੀਆਂ ਤੇ ਸਕੱਤਰੀਆਂ ਲਈ ਉਹ ਕੰਮ ਕਰ ਜਾਦੇ ਹਾਂ ਜੋ ਗੁਰੂ ਅਤੇ ਸਮਾਜ ਨੂੰ ਵੀ ਨਹੀਂ ਭਾਉਂਦੇ ਤੇ ਇੱਥੋਂ ਤੱਕ ਕਿ ਆਪਣੀ ਜ਼ਮੀਰ ਤੱਕ ਮਾਰ ਦਿੰਦੇ ਹਾਂ। ਪਰ ਧੰਨ ਸ੍ਰ ਕਪੂਰ ਸਿੰਘ ਜਿਸ ਨੇ ਕਿਹਾ ਖਾਲਸਾ ਜੀ ਮੈਂ ਆਪ ਜੀ ਦਾ ਹੁਕਮ ਨਹੀਂ ਮੋੜਦਾ ਪਰ ਮੇਰੇ ਕੋਲੋਂ ਸੰਗਤਾਂ ਦੀ ਪੱਖਾ ਝੱਲਣ,ਘੋੜਿਆਂ ਦੀ ਲਿੱਦ ਚੱਕਣ ਤੇ ਜੋੜੇ ਝਾੜਨ ਦੀ ਸੇਵਾ ਨਾ ਖੋਹ ਲੈਣੀ। ਉਨਾਂ ਗੁਰਸਿੱਖਾਂ ਦੀ ਇਹ ਸੀ ਨਿਮਰਤਾ। ਪਰ ਇਹ ਇਤਿਹਾਸ ਸਟੇਜਾਂ ਤੋਂ ਸੁਣਾਇਆ ਤੇ ਸੁਣਿਆ ਤਾਂ ਜਾਂਦਾ ਹੈ ਪਰ ਅਮਲ ਵਿੱਚ ਕਿਤੇ ਹੀ ਦੇਖਣ ਨੂੰ ਮਿਲਦਾ ਹੈ ।

ਦੂਸਰੀ ਉਦਾਹਰਣ ਧਾਰਮਿਕ ਆਗੂਆਂ ਦੇ ਜੀਵਨ ਦੀ ਇਤਿਹਾਸ ਦੇ ਪੰਨਿਆਂ ਵਿੱਚੋਂ ਹੀ ਸ੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਗ੍ਰੰਥੀ ਭਾਈ ਮਨਸਾ ਸਿੰਘ ਜੀ ਦੀ ਹੈ ਜੋ ਗੁਰੂ ਦੇ ਉਪਦੇਸ਼ਾਂ ਅਨੁਸਾਰ ਸਬਰ ਸੰਤੋਖ ਤੇ ਗੁਰੂ ਦੇ ਭਾਣੇ ਵਿੱਚ ਆਪਣਾ ਜੀਵਨ ਨਿਰਬਾਹ ਕਰ ਰਹੇ ਹਨ। ਪੰਜਾਬ ਦੇ ਬਾਦਸ਼ਾਹ ਸ੍ਰ: ਰਣਜੀਤ ਸਿੰਘ ਨੂੰ ਪਤਾ ਲੱਗਾ ਕਿ ਮੇਰੇ ਰਾਜ ਭਾਗ ਵਿੱਚ ਸ੍ਰੀ ਦਰਬਾਰ ਸਾਹਿਬ ਜੀ ਦਾ ਮੁੱਖ ਗ੍ਰੰਥੀ ਮਿੱਟੀ ਦੇ ਬਰਤਨਾਂ ਵਿੱਚ ਲੰਗਰ ਛੱਕਦਾ ਹੈ ਤਾਂ ਉਹ ਆਪ ਉਸ ਵਕਤ ਸੋਨੇ ਦੇ ਬਰਤਨ ਲੈ ਕੇ ਦਰਬਾਰ ਸਾਹਿਬ ਨੂੰ ਚੱਲ ਪਿਆ। ਅੱਗੋਂ ਭਾਈ ਮਨਸਾ ਸਿੰਘ ਜੀ ਨੂੰ ਪਤਾ ਲੱਗਾ ਕਿ ਸ੍ਰ: ਰਣਜੀਤ ਸਿੰਘ ਉਸ ਲਈ ਸੋਨੇ ਦੇ ਬਰਤਨ ਲੈਕੇ ਆ ਰਿਹਾ ਹੈ ਤਾਂ ਉਸ ਨੇ ਆਪਣੇ ਕਮਰੇ ਦੇ ਦਰਵਾਜ਼ਾ ਬੰਦ ਕਰ ਲਿਆ। ਜਦੋਂ ਸ੍ਰ ਰਣਜੀਤ ਸਿੰਘ ਨੇ ਭਾਈ ਸਾਹਿਬ ਨੂੰ ਅਵਾਜ਼ ਮਾਰ ਕੇ ਕਿਹਾ ਕਿ ਭਾਈ ਸਾਹਿਬ ਜੀ ਦਰਵਾਜ਼ਾ ਖੋਹਲੋ ਮੈਂ ਆਪ ਲਈ ਇਹ ਤੁੱਛ ਜਿਹੀ ਭੇਟਾ ਲੈਕੇ ਆਇਆ ਹਾਂ। ਅੱਗੋਂ ਭਾਈ ਸਾਹਿਬ ਜੀ ਨੇ ਕਿਹਾ ਕਿ ਸ੍ਰ. ਰਣਜੀਤ ਸਿੰਘ ਜੀ ਤੁਸੀਂ ਇਸ ਰਾਜ ਭਾਗ ਕਿਥੋਂ ਲਿਆ ਹੈ ਤਾਂ ਉਸ ਨੇ ਕਿਹਾ ਕਿ ਸ੍ਰੀ ਗੁਰੂ ਰਾਮਦਾਸ ਜੀ ਦੀ ਆਪਾਰ ਕ੍ਰਿਪਾ ਦੁਆਰਾ ਤਾਂ ਫਿਰ ਭਾਈ ਸਾਹਿਬ ਨੇ ਕਿਹਾ ਸ੍ਰ. ਰਣਜੀਤ ਸਿੰਘ ਜੀ ਜਿਸ ਗੁਰੂ ਰਾਮਦਾਸ ਜੀ ਦੀ ਕ੍ਰਿਪਾ ਨਾਲ ਤੂੰ ਪੰਜਾਬ ਦਾ ਬਾਦਸ਼ਾਹ ਬਣਿਆ ਹੈਂ ਮੈਂ ਉਸ ਗੁਰੂ ਰਾਮ ਦਾਸ ਜੀ ਦੇ ਦਰਬਾਰ ਦਾ ਵਜ਼ੀਰ ਹਾਂ। ਜਾ ਮੁੜ ਜਾ ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਹੈ।

ਪਰ ਅੱਜ ਦੇ ਸਾਡੇ ਧਾਰਮਿਕ ਆਗੂ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਸਾਹਿਬਾਨ, ਅਕਾਲ ਤਖਤ ਸਾਹਿਬ ਦੇ ਜਥੇਦਾਰ, ਧਾਰਮਿਕ ਸੰਸਥਾਵਾਂ ਦੇ ਮੁੱਖੀ ਪੰਜਾਬ ਦੇ ਮੁੱਖ ਮੰਤਰੀ ਦੇ ਪੈਰਾਂ ਵਿੱਚ ਆਮ ਹੀ ਬੈਠੇ ਨਜ਼ਰ ਆਉਂਦੇ ਹਨ। ਕੀ ਫਿਰ ਅਸੀਂ ਆਪਣੇ ਉਸ ਸੁਨਿਹਰੀ ਇਤਿਹਾਸ ਨੂੰ ਭੁੱਲ ਗਏ ਹਾਂ ਜਾਂ ਇਹ ਪੜ੍ਹਨ, ਸੁਣਨ ਤੇ ਸੁਣਾਵਨ ਤੱਕ ਸੀਮਤ ਕਰ ਦਿੱਤਾ ਹੈ ਤੇ ਅਮਲੀ ਜੀਵਨ ਵਿੱਚੋਂ ਖਤਮ ਕਰ ਦਿੱਤਾ ਹੈ। ਅਸੀਂ ਆਪਣੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਤਾਂ ਬਹੁਤ ਕਰਦੇ ਹਾਂ ਪਰ ਉਹਨਾਂ ਦਾ ਹੁਕਮ ਮੰਨਣ ਅਤੇ ਉਸ ਉਪਰ ਚੱਲਣ ਲਈ ਤਿਆਰ ਨਹੀਂ ਇਸੇ ਕਰਕੇ ਹੀ ਅਸੀ ਗੁਰਦੁਆਰਾ ਸਾਹਿਬਾਂ ਨੂੰ ਗੁਰਦੁਆਰਾ ਸਾਹਿਬ ਨਹੀ ਰਹਿਣ ਦਿੱਤਾ। ਸੰਸਾਰ ਦੇ ਜਿਸ ਵੀ ਕੋਨੇ ਵਿੱਚ ਸਿੱਖ ਗਏ ਉਹਨਾਂ ਨੇ ਉਥੇ ਇੱਕਠੇ ਹੋਕੇ ਨਾਮ ਦੇ ਗੁਰਦੁਆਰਾ ਸਾਹਿਬ ਤਾਂ ਸਥਾਪਤ ਕਰ ਦਿੱਤੇ ਪਰ ਅਸਲ ਗੁਰੂ ਦੇ ਦੱਸੇ ਅਸੂਲਾਂ, ਸਿਧਾਂਤਾਂ ਤੇ ਚੱਲਣ ਵਾਲੇ ਗੁਰਦੁਆਰਾ ਸਹਿਬ ਦੇ ਪ੍ਰਬੰਧਕ ਤੇ ਸੰਗਤਾਂ ਵਿਰਲੀਆਂ ਹੀ ਨਜ਼ਰ ਆਉਦੀਆਂ ਹਨ। ਜੋ ਪ੍ਰਬੰਧਕ ਤੇ ਸੰਗਤਾਂ ਗੁਰੂ ਦੇ ਦੱਸੇ ਮਾਰਗ ਤੇ ਚਲਦੀਆਂ ਹਨ ਉਹ ਧੰਨਤਾ ਦੇ ਯੋਗ ਹਨ। ਚੌਧਰ, ਹਉਮੈ, ਪ੍ਰਧਾਨਗੀਆਂ ਤੇ ਸਕੱਤਰੀਆਂ ਦੀਆਂ ਲਾਲਸਾਵਾਂ ਦੀ ਦੌੜ ਕਾਰਨ ਹੀ ਅੱਜ ਛੋਟੇ ਤੋਂ ਲੈ ਕੇ ਵੱਡੇ ਗੁਰਦੁਆਰਾ ਸਾਹਿਬਾਂ ਦੇ ਕੇਸ ਅਦਾਲਤਾਂ ਵਿੱਚ ਚੱਲ ਰਹੇ ਹਨ। ਜਿੱਥੇ ਗੁਰੂ ਸਾਹਿਬ ਜੀ ਦੇ ਉਪਦੇਸ਼ ਸਿੱਖ ਨੇ ਸੱਚ ਬੋਲਣਾ ਤੇ ਸਚਿਆਰ ਜੀਵਨ ਜੀਉਣਾ ਸਿੱਖਣਾ ਹੈ, ਗੁਰਦੁਆਰਾ ਸਾਹਿਬ ਇਸ ਲਈ ਸਕੂਲ ਸਨ। ਇਸ ਸਭ ਕੁਝ ਨੂੰ ਭੁਲਾਕੇ ਅਦਾਲਤਾਂ ਵਿੱਚ ਕੂੜ ਦਾ ਸਹਾਰਾ ਲੈਕੇ ਆਪਣੇ ਆਪਣੇ ਧੜ੍ਹੇ ਨੂੰ ਸਹੀ ਠਹਿਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਸੋ ਅੱਜ ਜੋ ਗੁਰਦੁਆਰਾ ਸਾਹਿਬ ਵਿੱਚ ਵਾਪਰ ਰਿਹਾ ਹੈ ਇਸ ਨੂੰ ਠੰਡੇ ਜਿਗਰੇ ਤੇ ਗੁਰਮਤਿ ਨੂੰ ਅੱਗੇ ਰੱਖਕੇ ਦੂਜਿਆਂ ਦੀ ਪੜਚੋਲ ਤੇ ਨੀਵਾਂ ਦਿਖਾਉਣ ਦੀ ਬਜਾਏ ਆਪਣੇ ਆਪ ਦੀ ਪੜਚੋਲ ਕਰਕੇ ਗੁਰਮਤਿ ਦੇ ਧਾਰਨੀ ਗੁਰਸਿੱਖਾਂ ਨੂੰ ਰਲ ਮਿਲ ਬੈਠ ਕੇ ਇਹ ਮਸਲੇ ਹੱਲ ਕਰ ਲੈਣੇ ਚਾਹੀਦੇ ਹਨ। ਬਾਬਾ! ਸਭ ਖਲਕਤ ਸਿਆਣੀ, ਮੈ ਬਾਉਰਾ ਕਿਸ ਨੂੰ ਆਖਾ ਇੰਝ ਨਾ ਇੰਝ ਕਰ। ਬਾਕੀ ਸੇਵਾ ਕਰਦਿਆਂ ਮੁੱਖ ਤਾਂ ਕੀ ਮਨ ਵਿੱਚ ਵੀ ਫੁਰਨਾ ਨਾ ਫੁਰੇ ਕਿ ਮੈ ਸੇਵਾ ਕਰਦਾ ਹਾਂ। ਨਿਮਰਤਾ ਸ਼ੁੱਧ ਭਾਵਨਾ ਨਾਲ ਕੀਤੀ ਸੇਵਾ ਗੁਰੂ ਨੂੰ ਭਾਉਂਦੀ ਹੈ।

ਭੁੱਲਾਂ ਚੁੱਕਾਂ ਲਈ ਖਿਮਾਂ ਦਾ ਜਾਚਕ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top