Share on Facebook

Main News Page

ਬਾਦਲ ਵੱਲੋਂ ਬਠਿੰਡਾ ‘ਚ ਨੂੰਹ ਨੂੰ ਜਿਤਾਉਣ ਲਈ ਕੈਂਸਰ ‘ਤੇ ਰਾਜਨੀਤੀ

ਬਠਿੰਡਾ – ਬਠਿੰਡਾ ਪਾਰਲੀਮੈਂਟ ਸੀਟ ਤੋਂ ਬਾਦਲ ਪਰਵਾਰ ਨੇ ਆਪਣੀ ਨੂੰਹ ਨੂੰ ਜਿਤਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾਇਆ ਹੈ। ਸ਼ਹਿਰ ਦੀਆਂ ਹਰ ਸੜਕਾਂ ਦੇ ਡਿਵਾਈਡਰਾਂ, ਚੌਕਾਂ, ਸਥਾਨਕ ਬੱਸ ਅੱਡਿਆਂ ਤੇ ਹੋਰ ਜਨਤਕ ਥਾਵਾਂ ‘ਤੇ ਬਾਦਲ ਸਰਕਾਰ ਦੇ ਗੁਣਗਾਦੇ ਬੋਰਡ ਤੇ ਹੋਰਡਿੰਗ ਹੀ ਨਜ਼ਰ ਆ ਰਹੇ ਹਨ। ਕੁਝ ਸੜਕਾਂ ਤੋਂ ਕਿਸੇ ਅਗਿਆਤ ਵਿਅਕਤੀ ਵੱਲੋਂ ਹੋਰਡਿੰਗ ਬੋਰਡਾਂ ਨੂੰ ਪਾੜਣ ਮਗਰੋਂ ਨਵੇਂ ਹੋਰਡਿੰਗ ਬੋਰਡ ਤੁਰੰਤ ਕਾਰਵਾਈ ਕਰਦਿਆਂ ਲਗਾਏ ਗਏ ਹਨ। ਸ਼ਹਿਰ ਦੇ ਦਿਲ ਵਜੋਂ ਜਾਣੀ ਜਾਂਦੀ ਮਾਲ ਰੋਡ ‘ਤੇ ਕੈਂਸਰ ਦੇ ਨਾਂਅ ‘ਤੇ ਵੱਡੇ ਪੱਧਰ ‘ਤੇ ਪ੍ਰਚਾਰ ਕੀਤਾ ਹੋਇਆ ਹੈ। ਸ਼ਹਿਰ ਵਿੱਚ ਲੋਕਲ ਬੱਸ ਸਟਾਪੇਜ ਲਈ ਬਣੇ ਆਧੁਨਿਕ ਪਨਾਹ ਸ਼ੈੱਡਾਂ ਨੂੰ ਵੀ ਹੁਣ ਪ੍ਰਚਾਰ ਰੂਪੀ ਕੈਂਸਰ ਨੇ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਹਨਾਂ ਆਧੁਨਿਕ ਪਨਾਹ ਸ਼ੈੱਡਾਂ ਨੂੰ ਚਮਕਾਉਣ ਲਈ ਪੱਕੇ ਤੌਰ ‘ਤੇ ਰੋਸ਼ਨੀ ਵਾਲੀਆਂ ਟਿਊਬਾਂ ਦੀ ਵਰਤੋਂ ਕੀਤੀ ਗਈ ਹੈ।

ਕੈਂਸਰ ਦੇ ਨਾਂਅ ‘ਤੇ ਬਾਦਲਾਂ ਵੱਲੋਂ ਵੋਟਾਂ ਮੰਗਣ ਦੀ ਸਾਰੀਆਂ ਧਿਰਾਂ ਸਖ਼ਤੀ ਨਾਲ ਨਿੰਦਿਆ ਕਰਦੀਆਂ ਹੋਈਆਂ ਇਸ ਨੂੰ ਮਰੀਜ਼ਾਂ ਦੇ ਜ਼ਖ਼ਮਾਂ ‘ਤੇ ਲੂਣ ਭੁਕਣਾ ਕਰਾਰ ਦੇ ਰਹੀਆਂ ਹਨ। ਬਠਿੰਡਾ ਦੇ ਮਾਲ ਰੋਡ ‘ਤੇ ਚਮਕ ਰਹੇ ਸ਼ੀਸ਼ਿਆਂ ਵਾਲੇ ਪਨਾਹ ਸ਼ੈੱਡਾਂ ‘ਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਨੂੰ ਵੋਟ ਪਾਉਣ ਲਈ ਅਪੀਲ ਕਰਦਿਆਂ ਕਿਹਾ ਗਿਆ ਹੈ ਕਿ ”ਕੈਂਸਰ ਦੇ ਇਲਾਜ ਲਈ ਸੂਬੇ ਵਿੱਚ ਅਤਿ-ਆਧੁਨਿਕ ਸੁਵਿਧਾਵਾਂ” ਜਿਸ ਦੇ ਉਪ ਹੈਡਿੰਗ ਵਿੱਚ -’ਕੈਂਸਰ ਹਸਪਤਾਲ ਨਿਊ ਚੰਡੀਗੜ੍ਹ, ਕੈਂਸਰ ਡਾਇਗਨੋਸਟਿਕ ਅਤੇ ਟਰੀਟਮੈਂਟ ਸੈਂਟਰ ਬਠਿੰਡਾ, ਕੈਂਸਰ ਦੇ ਇਲਾਜ ਲਈ ਸਰਕਾਰੀ ਮੈਡੀਕਲ ਕਾਲਜ ਫ਼ਰੀਦਕੋਟ, ਪਟਿਆਲਾ, ਅੰਮ੍ਰਿਤਸਰ ਵਿਖੇ ਆਧੁਨਿਕ ਸਹੂਲਤਾਂ, ਚੋਣਵੇਂ ਹਸਪਤਾਲਾਂ ਵਿੱਚ 15 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ’.. ਤੇ ਇਸ ਨੂੰ ਵੱਡੀ ਪ੍ਰਾਪਤੀ ਵਜੋਂ ਗਿਣਾਉਂਦਿਆਂ ਇਸ ਹੇਠਾਂ ਮੁੱਖ਼ ਮੰਤਰੀ ਪੰਜਾਬ ਪਰਕਾਸ਼ ਸਿੰਘ ਬਾਦਲ ਤੇ ਮੁੱਖ਼ ਮੰਤਰੀ ਗੁਜਰਾਤ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਪ੍ਰਧਾਨ ਮੰਤਰੀ ਦੇ ਉਮੀਦਵਾਰ ਨਰਿੰਦਰ ਮੋਦੀ ਦੀ ਤਸਵੀਰ ਲਗਾ ਕੇ ਅਕਾਲੀ ਦਲ ਤੇ ਭਾਜਪਾ ਨੂੰ ਵੋਟ ਪਾਉਣ ਲਈ ਕਿਹਾ ਗਿਆ ਹੈ।ਉਧਰ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਸੂਬਾ ਸਕੱਤਰ ਤੇ ਬਠਿੰਡਾ ਤੋਂ ਮਨਪ੍ਰੀਤ ਬਾਦਲ ਦੇ ਚੋਣ ਇੰਚਾਰਜ ਹਰਵਿੰਦਰ ਸਿੰਘ ਲਾਡੀ ਨੇ ਇਸ ਦੀ ਨਿੰਦਿਆ ਕਰਦਿਆਂ ਕਿਹਾ ਹੈ ਕਿ ਬਾਦਲ ਸਰਕਾਰ ਨੂੰ ਨਾ ਹੀ ਕੈਂਸਰ ‘ਤੇ ਰਾਜਨੀਤੀ ਕਰਨੀ ਚਾਹੀਦੀ ਹੈ ਤੇ ਨਾ ਹੀ ਕਿਸੇ ‘ਤੇ ਅਹਿਸਾਨ ਕਰਨਾ ਬਣਦਾ ਹੈ।

ਉਹਨਾਂ ਕਿਹਾ ਕਿ ਬਾਦਲ ਸਰਕਾਰ ਕੈਂਸਰ ਦੇ ਨਾਂਅ ‘ਤੇ ਜੋ ਵੀ ਸਹੂਲਤਾਂ ਦੇ ਦਮਗਜੇ ਮਾਰ ਰਹੀ ਹੈ, ਉਹ ਜਨਤਕ ਸਹੂਲਤਾਂ ਨਹੀਂ ਹਨ ਸਗੋਂ ਇਹ ਪ੍ਰਾਈਵੇਟ ਹਸਪਤਾਲ ਦੀਆਂ ਸਹੂਲਤਾਂ ਹਨ, ਜਿੱਥੇ ਗਰੀਬ ਤੇ ਮੱਧ ਸ਼੍ਰੇਣੀ ਦੇ ਮਰੀਜ਼ਾਂ ਦਾ ਫੀਸਾਂ ਸੁਣ ਕੇ ਦਮ ਘੁੱਟ ਜਾਂਦਾ ਹੈ। ਵਿਧਾਨ ਸਭਾ ਹਲਕਾ ਭੁੱਚੋ ਤੋਂ ਕਾਂਗਰਸ ਦੇ ਵਿਧਾਇਕ ਅਜਾਇਬ ਸਿੰਘ ਭੱਟੀ ਨਾਲ ਸੰਪਰਕ ਕਰਨ ‘ਤੇ ਉਹਨਾਂ ਕਿਹਾ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਬਾਦਲ ਸਰਕਾਰ ਕੋਲ ਕੋਈ ਲੋਕ ਪੱਖੀ ਮੁੱਦੇ ਨਾ ਹੋਣ ਕਾਰਨ ਉਹਨਾਂ ਕਿਸ ਪੱਧਰ ਤੱਕ ਨਿੱਘਰ ਗਈ ਹੈ। ਉਹਨਾਂ ਕਿਹਾ ਕਿ ਕੈਂਸਰ ਦੇ ਨਾਂਅ ‘ਤੇ ਵੋਟਾਂ ਮੰਗਣੀਆਂ ਲੋਕਾਂ ਨਾਲ ਫਰਾਡ ਕਰਨ ਤੋਂ ਵੀ ਹੇਠਲੇ ਪੱਧਰ ਦੀ ਗੱਲ ਹੈ। ਬਾਦਲ ਹਕੂਮਤ ਵੱਲੋਂ ਮਾਲਵਾ ਇਲਾਕੇ ਵਿੱਚ ਕੈਂਸਰ ਦੇ ਇਲਾਜ ਦਾ ਮਲਵਈਆਂ ਨੂੰ ਅਹਿਸਾਨ ਕਰਵਾਉਣ ਦੀ ਚਾਰੇ ਪਾਸੋਂ ਸਖ਼ਤ ਸਬਦਾਂ ਵਿੱਚ ਨਿਖੇਧੀ ਹੋ ਰਹੀ ਹੈ। ਕੈਂਸਰ ‘ਤੇ ਰਾਜਨੀਤੀ ਦੇ ਮਾਮਲੇ ‘ਤੇ ਕਮਿਊਨਿਸਟ ਪਾਰਟੀ ਆਫ਼ ਪੰਜਾਬ ਦੇ ਸੂਬਾਈ ਆਗੂ ਮਹੀਂਪਾਲ, ਕਮਿਊਨਿਸਟ ਪਾਰਟੀ ਆਫ਼ ਮਾਰਕਸਵਾਦੀ-ਲੈਨਿਨਵਾਦੀ ਲਿਬਰੇਸ਼ਨ ਦੇ ਸੂਬਾਈ ਆਗੂ ਤੇ ਬਠਿੰਡਾ ਤੋਂ ਉਮੀਦਵਾਰ ਕਾ. ਭਗਵੰਤ ਸਿੰਘ ਸਮਾਓ ਨੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਸੂਬਾ ਹਕੂਮਤ ਕੈਂਸਰ ਦੇ ਇਲਾਜ ਅਤੇ ਕਾਰਨਾਂ ‘ਤੇ ਕੋਈ ਸੰਜੀਦਾ ਯਤਨ ਕਰ ਹੀ ਨਹੀਂ ਰਹੀ, ਸਗੋਂ ਕੈਂਸਰ ਮਰੀਜ਼ਾਂ ਨਾਲ ਹਮਦਰਦੀ ਦਿਖਾਉਣ ਤੇ ਅਮਲੀ ਰੂਪ ‘ਚ ਕੰਮ ਕਰਨ ਦੀ ਬਜਾਏ ਨਾ ਕੇਵਲ ਅਕਾਲੀ ਹੀ ਸਗੋਂ ਕਾਂਗਰਸੀ ਵੀ ਕੋਝੀ ਸਿਆਸਤ ਖੇਡ ਰਹੇ ਹਨ, ਉਹਨਾਂ ਉਦਾਹਰਣ ਦਿੰਦਿਆਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੀ ਘਾਬਦਾਂ ਕੋਠੀ ‘ਚ ਕੈਂਸਰ ਹਸਪਤਾਲ ਲਈ ਕਾਂਗਰਸੀ ਵਿਜੈ ਸਿੰਗਲਾ ਤੇ ਬਾਦਲਕਿਆਂ ਵਿਚਾਲੇ ਇਸ ਗੱਲ ਨੂੰ ਲੈ ਕੇ ਹੀ ਜ਼ੋਰ ਲੱਗਿਆ ਰਿਹਾ ਕਿ ਵਿਜੈ ਸਿੰਗਲਾ ਕਹਿੰਦਾ ਰਿਹਾ ਕਿ ਇਹ ਕੇਂਦਰ ਸਰਕਾਰ ਦੀ ਮਿਹਰਬਾਨੀ ਹੈ ਤੇ ਬਾਦਲਕੇ ਕਹਿੰਦੇ ਰਹੇ ਕਿ ਜ਼ਮੀਨ ਪੰਜਾਬ ਸਰਕਾਰ ਨੇ ਦਿੱਤੀ ਹੈ।

ਬਠਿੰਡਾ ਸ਼ਹਿਰ ਦਾ ਕੈਂਸਰ ਦੇ ਦਰਦ ਨਾਲ ਕਰਾਹ ਰਹੇ ਇੱਕ ਮਰੀਜ਼ ਨੇ ਕਿਹਾ ਕਿ ਸ਼ਹਿਰ ਦੇ ਪੁਰਾਣੇ ਟੀ. ਬੀ. ਹਸਪਤਾਲ ਕੋਲ ਜੋ ਪੰਜਾਬ ਸਰਕਾਰ ਨੇ ਕੈਂਸਰ ਮਰੀਜ਼ਾਂ ਲਈ ਐਨ. ਸੀ. ਡੀ. ਸੈਂਟਰ ਸਥਾਪਤ ਕੀਤਾ ਹੈ, ਉੱਥੇ ਕੈਂਸਰ ਮਰੀਜ਼ਾਂ ਦੇ ਕੇਵਲ ਦਰਦ ਨਿਵਾਰਕ ਟੀਕੇ ਲਗਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ ਜਾ ਰਿਹਾ। ਬਠਿੰਡਾ ਪਾਰਲੀਮੈਂਟ ਹਲਕੇ ਵਿੱਚ ਪਂੈਦੇ ਮੌੜ ਵਿਧਾਨ ਸਭਾ ਹਲਕੇ ਨਜ਼ਦੀਕ ਮੌੜ ਚੜ੍ਹਤ ਸਿੰਘ ਵਾਲਾ ਦੇ ਇੱਕ ਕਿਸਾਨ ਆਗੂ ਹਰਜਿੰਦਰ ਸਿੰਘ ਬੱਗੀ ਨੇ ਕੈਂਸਰ ਸਿਆਸਤ ‘ਤੇ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਉਹਨਾਂ ਦੇ ਪਿੰਡ ਦੇ ਕਿੰਨੇ ਹੀ ਕੈਂਸਰ ਮਰੀਜ਼ ਚੰਗੇ ਇਲਾਜ ਖੁਣੋ ਤੇ ਪੰਜਾਬ ਸਰਕਾਰ ਦੀ ਵਿੱਤੀ ਮਦਦ ਦੀ ਉਡੀਕ ਕਰਦਿਆਂ ਮੌਤ ਦੀ ਬੁੱਕਲ ਵਿੱਚ ਸਮਾ ਚੁੱਕੇ ਹਨ। ਉਹਨਾਂ ਚੈਲਿੰਜ ਕੀਤਾ ਕਿ ਜੇ ਸੂਬਾ ਹਕੂਮਤ ਨੇ ਕੈਂਸਰ ਪੀੜਤ ਲੋਕਾਂ ਲਈ ਐਨਾ ਹੀ ਕੰਮ ਕੀਤਾ ਹੈ ਤਾਂ ਉਹ ਇੱਕ ਸੌ ਮਰੀਜ਼ਾਂ ਜਾਂ ਮਰੀਜ਼ਾਂ ਦੇ ਵਾਰਸਾਂ ਨੂੰ ਮਿਲਾਉਣਗੇ, ਜੇ ਉਹਨਾਂ ਵਿੱਚ 10 ਪ੍ਰਤੀਸ਼ਤ ਵੀ ਇਹ ਮੰਨ ਜਾਣ ਕਿ ਸੂਬਾ ਹਕੂਮਤ ਨੇ ਉਹਨਾਂ ਦੀ ਭਲਾਈ ਲਈ ਕੋਈ ਕਦਮ ਚੁੱਕੇ ਹਨ ਤਾਂ ਉਹ ਕੋਈ ਵੀ ਸਜ਼ਾ ਭੁਗਤਣ ਲਈ ਤਿਆਰ ਹੈ।

ਸਮਾਜ ਸੇਵੀ ਤੇ ਪਿੰਡ ਕੋਟਭਾਰਾ ਦੇ ਸ਼ਹੀਦ ਭਗਤ ਸਿੰਘ ਵੈਲਫ਼ੇਅਰ ਕਲੱਬ ਦੇ ਪ੍ਰਧਾਨ ਯਾਦਵਿੰਦਰ ਸਿੰਘ ਯਾਦ ਨੇ ਬਾਦਲ ਪਰਵਾਰ ਵੱਲੋਂ ਆਪਣੀ ਨੂੰਹ ਜਿਤਾਉਣ ਲਈ ਕੈਂਸਰ ਦੇ ਨਾਂਅ ‘ਤੇ ਵੋਟਾਂ ਮੰਗਣ ਦੀ ਸਖ਼ਤ ਨਿੰਦਿਆ ਕਰਦਿਆਂ ਕਿਹਾ ਕਿ ਸਰਕਾਰ ਜੇ ਐਨੀ ਹੀ ਗੰਭੀਰ ਹੈ ਤਾਂ ਕੈਂਸਰ ਦੇ ਬੁਨਿਆਦੀ ਕਾਰਨਾਂ ਜਿਵੇਂ ਪਾਣੀ, ਹਵਾ, ਜ਼ਮੀਨ ਪ੍ਰਦੂਸ਼ਣ ਨੂੰ ਕਿਉਂ ਨਹੀਂ ਰੋਕ ਰਹੀ। ਸ੍ਰੀ ਯਾਦ ਨੇ ਬਾਦਲ ਹਕੂਮਤ ਵੱਲੋਂ ਪਿੰਡਾਂ ਵਿੱਚ ਲਗਾਏ ਜਾ ਰਹੇ ਆਰ. ਓਜ਼. ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਇਹ ਕਿਹੜਾ ਭਲਾਈ ਦਾ ਕੰਮ ਹੈ ਕਿ ਪਹਿਲਾਂ ਪਾਣੀ ਵਿੱਚ ਗੰਦ ਪਾਓ ਤੇ ਫਿਰ ਉਸ ਨੂੰ ਸ਼ੁੱਧ ਕਰਨ ਦਾ ਡਰਾਮਾ ਕਰਕੇ ਲੋਕਾਂ ਸਿਰ ਅਹਿਸਾਨ ਕਰੋ। ਚਾਹੇ ਕੁਝ ਵੀ ਹੈ ਇੱਕ ਵਾਰ ਤਾਂ ਮਲਵਈਆਂ ਨੇ ਕੈਂਸਰ ਸਿਆਸਤ ਦਾ ਸਖ਼ਤ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। ਬਾਕੀ ਆਉਂਦੇ ਦਿਨਾਂ ਵਿਚ ਇਹ ਵਿਰੋਧ ਕਿੰਨਾ ਕੁ ਤਿੱਖਾ ਹੁੰਦਾ ਹੈ ਜਾਂ ਫਿਰ ਦੁੱਧ ਦੇ ਉਬਾਲ਼ ਵਾਂਗ ਮੱਠਾ ਪੈ ਜਾਂਦਾ ਹੈ, ਇਹ ਸਪੱਸ਼ਟ ਹੋ ਜਾਣਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top