Share on Facebook

Main News Page

ਕੀ ਸਾਡੇ ‘ਸ਼ੰਕਰਾਚਾਰੀਆ’ ਇੰਨੀ ਜ਼ੁਅਰੱਤ ਦਿਖਾ ਸਕਦੇ ਨੇ ?
-: ਤਰਲੋਚਨ ਸਿੰਘ ‘ਦੁਪਾਲ ਪੁਰ’ 001-408-915-1268

ਸਾਡੇ ਦੇਸ਼ ਵਿਚ ਧੂਆਂ ਧਾਰ ਚੋਣ ਪ੍ਰਚਾਰ ਹੋ ਰਿਹਾ ਹੈ। ਕੁਝ ਦਿਨਾ ਤੋਂ ਮੋਦੀ-ਸਮਰਥਕਾਂ ਨੇ ਬਾਹਲ਼ੇ ਈ ਜੋਸ਼ ‘ਚ ਆਉਂਦਿਆਂ ਇਕ ਨਵਾਂ ਨਾਹਰਾ ਲਾਉਣਾ ਸ਼ੁਰੂ ਕਰ ਦਿੱਤਾ- ‘ਹਰ ਹਰ ਮੋਦੀ-ਘਰ ਘਰ ਮੋਦੀ !

ਆਮ ਤੌਰ ‘ਤੇ ਸਨਾਤਨੀ ਪ੍ਰੰਪਰਾਵਾਂ ਮੁਤਾਬਿਕ ‘ਹਰ ਹਰ’ ਦਾ ਸ਼ਬਦ ਸ਼ੰਕਰ ਭਗਵਾਨ ਲਈ ਹੀ ਰਾਖਵਾਂ ਮੰਨਿਆਂ ਜਾਂਦਾ ਹੈ। ਇਕ ਆਮ ਹਿੰਦੂ ਲਈ ਵਰਤਿਆ ਜਾ ਰਿਹਾ ‘ਹਰ ਹਰ’ ਸ਼ਬਦ ਸੁਣ ਕੇ, ਹਿੰਦੂ ਭਰਾਵਾਂ ਦੇ ਦੋ ਸ਼ੰਕਰਾਚਾਰੀਆਂ ਨੇ ਇਸ ਤੇ ਸਖਤ ਨਰਾਜ਼ਗੀ ਜਾਹਰ ਕੀਤੀ। ਸਿਰਫ ‘ਜਾਹਰ’ ਹੀ ਨਹੀਂ ਕੀਤੀ, ਸਗੋਂ ਅਜਿਹੀ ਸਖਤੀ ਨਾਲ ਅਜਿਹਾ ਕਰਨ ‘ਤੇ ਪਾਬੰਦੀ ਲਾ ਦਿੱਤੀ।

ਹੈਰਾਨੀ ਦੀ ਗੱਲ ਹੈ ਕਿ ਚਿੜੀ ਦੀ ਸਿਰਫ ਅੱਖ ਦੇਖਣ ਵਾਲ਼ੇ ਅਰਜਨ ਪਾਂਡੋ ਵਾਂਗ ਪ੍ਰਧਾਨ ਮੰਤਰੀ ਦੀ ਕੁਰਸੀ ਵਲ ਦੇਖ ਕੇ ਲਲਚਾਏ ਪਏ ਨਰਿੰਦਰ ਮੋਦੀ ਨੇ ਵੀ ਆਪਣੇ ਹਮਾਇਤੀਆਂ ਨੂੰ ਫੌਰਨ ਹਦਾਇਤ ਕਰ ਦਿੱਤੀ ਕਿ ਇਹ ਨਾਹਰਾ ਤੁਰੰਤ ਬੰਦ ਕਰ ਦਿਤਾ ਜਾਵੇ।

ਕਿਹਾ ਜਾਂਦਾ ਹੈ ਕਿ ਅਕਲ ਦੀ ਗੱਲ ਤਾਂ ਦੁਸ਼ਮਣ ਤੋਂ ਵੀ ਸਿਖ ਲੈਣੀ ਚਾਹੀਦੀ ਹੈ। ‘ਮੂਰਖ ਮਿੱਤਰ ਨਾਲੋਂ ਦਾਨਾ ਦੁਸ਼ਮਣ ਚੰਗਾ ਹੁੰਦਾ ਹੈ’ ਵਾਲ਼ੇ ਅਖਾਣ ਵਿਚ ਵੀ ਇਹੀ ਸਚਾਈ ਛੁਪੀ ਹੋਈ ਹੈ ਕਿ ‘ਦਾਨਾਈ’ ਕਿਸੇ ਦੁਸ਼ਮਣ ਤੋਂ ਵੀ ਗ੍ਰਹਿਣ ਕਰ ਲੈਣੀ ਚਾਹੀਦੀ ਹੈ। ਸੋ, ਉਕਤ ਵਰਤਾਰਾ ਦੇਖ ਕੇ ਬਤੌਰ ਸਿੱਖ, ਮੈਨੂੰ ਪੰਥਕ ਪਾਰਟੀ ਅਕਾਲੀ ਦਲ ਦੀ ਹੁਣ ਤਕ ਹੁੰਦੀ ਆ ਰਹੀ ਦੁਰਗਤੀ ਅਤੇ ਸਿੱਖ-ਰਹੁ ਰੀਤਾਂ ਦਾ ਹੋ ਰਿਹਾ ਘਾਣ ਚੇਤੇ ਆ ਗਿਆ। ਹੋ ਰਹੀ ਇਸ ਦੁਰਗਤੀ ਅਤੇ ਕੀਤੇ ਜਾ ਰਹੇ ਘਾਣ ਦੇ ਜਿੰਮੇਵਾਰ ਆਗੂਆਂ ਨੂੰ, ਸਾਡੇ ‘ਸ਼ੰਕਰਾਚਾਰੀਆਂ’ ਨੇ ਵਰਜਣਾ ਘੂਰਨਾਂ ਤਾਂ ਕਿਤੇ ਰਿਹਾ, ਉਲਟਾ “ਫਖਰੇ ਕੌਮ” ਦੀਆਂ ੳਪਾਧੀਆਂ ਭੇਂਟ ਕਰ ਦਿੱਤੀਆਂ!

ਹੋਰ ਤਾਂ ਹੋਰ ਉਨਾਂ ਦੀਆਂ ਅੱਖਾਂ ਸਾਹਮਣੇ ਹਰ ਰੋਜ ਅ-ਕਾਲੀ ਦਲ ਵਿੱਚ ਸ਼ਾਮਲ ਹੋਣ ਵਾਲ਼ੇ ਹਰੇਕ ‘ਦਰੜ-ਫਰੜ’ ਦੇ ਗਲ਼ਾਂ ਵਿੱਚ,ਉਸ ‘ਦਲ’ ਦੇ ਵੱਡੇ ਆਗੂ ਕੇਸਰੀ-ਪੀਲ਼ੇ ‘ਸਿਰੋਪਾ’ ਪਾ ਪਾ ਕੇ, ਸਿੱਖ ਪ੍ਰੰਪਰਾ ਦੀ ਖਿੱਲੀ ਉਡਾ ਰਹੇ ਨੇ! ਮਜਾਲ ਹੈ ਕਿ ਕਿਸੇ ‘ਇਕ ਵੀ ਸ਼ੰਕਰਾਚਾਰੀਆ’ ਨੇ ਇਸ ਕੁਫਰ ਵਿਰੁਧ ਚੂੰ-ਚਰਾਂ ਵੀ ਕੀਤੀ ਹੋਵੇ?

ਇਹ ਵੀ ਵੱਡੇ ਸਿਤਮ ਦੀ ਗੱਲ ਨਹੀਂ ਕਿ ਪੂਜੇ ਜਾਂਦੇ ਤੇਤੀ ਕ੍ਰੋੜ ਦੇਵੀ-ਦੇਵਤਿਆਂ ਵਾਲ਼ੇ ਧਰਮ ਦੇ ਸ਼ੰਕਰਾਚਾਰੀਆ ਏਨੇ ਜੁਰ੍ਹਤਿ ਅਤੇ ਜਾਗਦੀ ਜ਼ਮੀਰ ਵਾਲ਼ੇ! ਪਰ ਇਕ ਅਕਾਲ ਦੇ ਪੁਜਾਰੀ ਕਹਾਉਣ ਵਾਲ਼ੇ ‘ਖਾਲਸਿਆਂ’ ਦੇ ਸ਼ੰਕਰਾਚਾਰੀਆ ‘ਮਿੱਟੀ ਦੇ ਮਾਧੋਆਂ’ ਵਾਂਗ ਚੁੱਪ ਵੱਟੀ ਰਖਦੇ ਹਨ!!

ਗਾਨੀ ਵਾਲ਼ੇ ਤੋਤੇ ਉਹ ਦੁਹਰਾਈ ਜਾਵਣ
ਜੋ ਕੁਝ ਬੋਲਣ ਰਾਜ ਭਵਨ ਦੇ ਸੀਲ ਕਬੂਤਰ!

ਸਾਡੇ ਮਿੱਟੀ ਦੇ ਮਾਧੋਆਂ ਦਾ ਹਾਲ ਦੇਖ ਲਓ, ਕੀ ਕੀਤਾ ਇਨ੍ਹਾਂ ਨੇ ਰਾਮੂਵਾਲੀਏ ਦਾ?


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ-ਸੰਤ-ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top