Share on Facebook

Main News Page

ਕਾਂਗਰਸ ਦੇ ਨਵੇਂ ਪੈਂਤੜੇ ਨੇ ਹਾਕਮ ਧਿਰ ਨੂੰ ਲਾਈਆਂ ਬਰੇਕਾਂ

ਚੰਡੀਗੜ੍ਹ, (22 ਮਾਰਚ, ਜਗਤਾਰ ਸਿੰਘ ਲਾਂਬਾ)- ਪੰਜਾਬ ਦੇ ਚੋਣ ਪਿੜ ਵਿੱਚ ਵੱਡੀਆਂ ਸਿਆਸੀ ਹਸਤੀਆਂ ਦੇ ਕੁੱਦ ਪੈਣ ਨਾਲ ਰਾਜਸੀ ਦ੍ਰਿਸ਼ ਰੋਚਕ ਹੋ ਗਿਆ ਹੈ। ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੀਨੀਅਰ ਆਗੂ ਅੰਬਿਕਾ ਸੋਨੀ ਨੂੰ ਮੈਦਾਨ ਵਿੱਚ ਉਤਾਰਨ ਨਾਲ ਸੂਬਾਈ ਕਾਂਗਰਸ ਵਿੱਚ ਨਵੀਂ ਰੂਹ ਫੂਕੀ ਗਈ ਹੈ ਅਤੇ ਹੁਕਮਰਾਨ ਅਕਾਲੀ-ਭਾਜਪਾ ਗੱਠਜੋੜ ਵੀ ਕਸੂਤਾ ਫਸਿਆ ਮਹਿਸੂਸ ਕਰ ਰਿਹਾ ਹੈ।

ਲੋਕ ਸਭਾ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ, ਭਾਜਪਾ ਆਗੂ ਅਰੁਣ ਜੇਤਲੀ, ਸਾਬਕਾ ਕਾਂਗਰਸੀ ਵਜ਼ੀਰ ਅੰਬਿਕਾ ਸੋਨੀ, ਸੂਬਾਈ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ, ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਸੁਖਦੇਵ ਸਿੰਘ ਢੀਂਡਸਾ, ਮਨਪ੍ਰੀਤ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦਾ ਵਕਾਰ ਦਾਅ ’ਤੇ ਲੱਗਾ ਹੋਇਆ ਹੈ।

ਅਕਾਲੀ-ਭਾਜਪਾ ਗੱਠਜੋੜ ਵੱਲੋਂ ਅੰਮ੍ਰਿਤਸਰ ਤੋਂ ਅਰੁਣ ਜੇਤਲੀ ਦੀ ਜਿੱਤ ਬੇਹੱਦ ਆਸਾਨ ਮੰਨੀ ਜਾ ਰਹੀ ਸੀ। ਕਾਂਗਰਸ ਵੱਲੋਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗੁਰੂ ਕੀ ਨਗਰੀ ਤੋਂ ਮੈਦਾਨ ਵਿੱਚ ਉਤਾਰਨ ਨਾਲ ਅਕਾਲੀਆਂ ਤੇ ਭਾਜਪਾ ਦੀਆਂ ਗਿਣਤੀਆਂ ਮਿਣਤੀਆਂ ਹਿੱਲ ਗਈਆਂ ਹਨ।

ਪੰਜਾਬ ਦੇ ਰਾਜਨੀਤਕ ਦ੍ਰਿਸ਼ ’ਤੇ ਸਾਹਮਣੇ ਆਈਆਂ ਰਾਜਨੀਤਕ ਸ਼ਖ਼ਸੀਅਤਾਂ ਲਈ ਅਗਾਮੀ ਲੋਕ ਸਭਾ ਚੋਣਾਂ ਵੱਡੀ ਤਬਦੀਲੀ ਦਾ ਆਧਾਰ ਬਣ ਸਕਦੀਆਂ ਹਨ। ਇਹ ਚੋਣਾਂ ਜਿੱਥੇ ਕਾਂਗਰਸੀ ਆਗੂਆਂ ਅਮਰਿੰਦਰ ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ ਦਾ ਭਵਿੱਖ ਤੈਅ ਕਰਨਗੀਆਂ ਉਥੇ ਭਾਜਪਾ ਆਗੂ ਅਰੁਣ ਜੇਤਲੀ ਅਤੇ ਅਕਾਲੀ ਦਲ ਦੇ ਕਈ ਆਗੂਆਂ ਦੇ ਭਵਿੱਖ ’ਤੇ ਸਵਾਲੀਆ ਨਿਸ਼ਾਨ ਵੀ ਲਗਾ ਸਕਦੀਆਂ ਹਨ। ਅੰਮ੍ਰਿਤਸਰ, ਆਨੰਦਪੁਰ ਸਾਹਿਬ, ਖਡੂਰ ਸਾਹਿਬ, ਸੰਗਰੂਰ, ਬਠਿੰਡਾ ਅਤੇ ਗੁਰਦਾਸਪੁਰ ਲੋਕ ਸਭਾ ਹਲਕਿਆਂ ’ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਲੋਕ ਸਭਾ ਚੋਣਾਂ ਦੇ ਐਲਾਨ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੂਬੇ ਦੀਆਂ ਬਹੁ ਗਿਣਤੀ ਸੀਟਾਂ ਜਿੱਤਣ ਦੇ ਦਾਅਵੇ ਕੀਤੇ ਜਾਂਦੇ ਸਨ।

ਕੈਪਟਨ ਅਮਰਿੰਦਰ ਸਿੰਘ ਨੂੰ ਸੂਬੇ ਦੀ ਰਾਜਨੀਤੀ ਵਿੱਚ ਹਾਸ਼ੀਏ ’ਤੇ ਹੀ ਮੰਨਿਆ ਜਾ ਰਿਹਾ ਸੀ। ਸਿਆਸੀ ਹਲਕਿਆਂ ਵਿੱਚ ਇਹ ਚਰਚਾ ਭਾਰੂ ਹੋ ਗਈ ਹੈ ਕਿ ਜੇਕਰ ਸਾਬਕਾ ਮੁੱਖ ਮੰਤਰੀ ਅੰਮ੍ਰਿਤਸਰ ਤੋਂ ਸ੍ਰੀ ਜੇਤਲੀ ਨੂੰ ਧੋਬੀ ਪਟਕਾ ਮਾਰਨ ਵਿੱਚ ਕਾਮਯਾਬ ਹੋ ਜਾਂਦੇ ਹਨ ਤਾਂ ਉਨ੍ਹਾਂ ਦੀ ਸੂਬਾਈ ਰਾਜਨੀਤੀ ਵਿੱਚ ਵਾਪਸੀ ਹੋ ਸਕਦੀ ਹੈ ਅਤੇ ਅਗਲੀਆਂ ਵਿਧਾਨ ਸਭਾ ਚੋਣਾਂ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜੀਆਂ ਜਾ ਸਕਦੀਆਂ ਹਨ।

ਇਹ ਗੱਲ ਵੀ ਭਾਰੂ ਹੈ ਕਿ ਅਮਰਿੰਦਰ ਸਿੰਘ ਦੀ ਅੰਮ੍ਰਿਤਸਰ ਤੋਂ ਉਮੀਦਵਾਰੀ ਮਾਝੇ ਦੀਆਂ ਦੋ ਹੋਰ ਸੀਟਾਂ ਖਡੂਰ ਸਾਹਿਬ ਤੇ ਗੁਰਦਾਸਪੁਰ ’ਤੇ ਅਸਰ ਪਾਵੇਗੀ। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਲਈ ਲੋਕ ਸਭਾ ਚੋਣਾਂ ਦਾ ਮੈਦਾਨ ਪਹਿਲਾਂ ਵਾਂਗ ਸੁਖਾਲਾ ਦਿਖਾਈ ਨਹੀਂ ਦੇ ਰਿਹਾ। ਮੁੱਖ ਮੰਤਰੀ ਦੇ ਪਰਿਵਾਰ ਦਾ ਬਠਿੰਡਾ ਵਿੱਚ ਵਕਾਰ ਦਾਅ ’ਤੇ ਲੱਗਾ ਹੋਇਆ ਹੈ। ਇਸ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਮੈਦਾਨ ਵਿੱਚ ਹੈ। ਕਾਂਗਰਸ ਨੇ ਇਹ ਸੀਟ ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਲਈ ਛੱਡ ਦਿੱਤੀ ਹੈ। ਕਾਂਗਰਸ ਵੱਲੋਂ ਵੱਡੀਆਂ ਸਿਆਸੀ ਹਸਤੀਆਂ ਨੂੰ ਮੈਦਾਨ ’ਚ ਉਤਾਰਨ ਨਾਲ ਬਾਦਲ ਪਰਿਵਾਰ ਲਈ ਹੋਰ ਹਲਕਿਆਂ ਵਿੱਚ ਪ੍ਰਚਾਰ ਕਰਨਾ ਮੁਸ਼ਕਲ ਹੋ ਗਿਆ ਹੈ।

ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਜੋ ਕਿ ਪਹਿਲਾਂ ਚੋਣ ਲੜਨ ਤੋਂ ਟਾਲਾ ਵੱਟ ਰਹੇ ਸਨ, ਨੂੰ ਵੀ ਪਾਰਟੀ ਨੇ ਚੋਣ ਪ੍ਰੀਖਿਆ ਵਿੱਚ ਪਾਇਆ ਹੈ। ਇਸੇ ਤਰ੍ਹਾਂ ਕਾਂਗਰਸ ਦੀ ਸੀਨੀਅਰ ਆਗੂ ਅੰਬਿਕਾ ਸੋਨੀ ਨੂੰ ਆਨੰਦਪੁਰ ਤੋਂ ਚੋਣ ਲੜਾਉਣ ਦੇ ਫੈਸਲੇ ਨੇ ਇਸ ਹਲਕੇ ਦਾ ਦ੍ਰਿਸ਼ ਵੀ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਸ੍ਰੀਮਤੀ ਸੋਨੀ ਜੋ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ, ਦਾ ਕੰਢੀ ਏਰੀਏ ’ਚ ਚੰਗਾ ਰਸੂਖ ਮੰਨਿਆ ਜਾ ਰਿਹਾ ਹੈ ਅਤੇ ਪਿਛਲੇ ਸਮੇਂ ਦੌਰਾਨ ਇਸ ਹਲਕੇ ਵਿੱਚ ਉਨ੍ਹਾਂ ਐਮ.ਪੀ. ਲੈਡ ਫੰਡ ਵਿੱਚ ਗਰਾਂਟਾਂ ਵੀ ਵੰਡੀਆਂ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂਆਂ ਸੁਖਦੇਵ ਸਿੰਘ ਢੀਂਡਸਾ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਬਾਰੇ ਇਹ ਮੰਨਿਆ ਜਾ ਰਿਹਾ ਹੈ ਕਿ ਉਹ ਆਪਣੇ ਰਾਜਸੀ ਜੀਵਨ ਦੀ ਇਕ ਤਰ੍ਹਾਂ ਨਾਲ ਆਖ਼ਰੀ ਚੋਣ ਲੜ ਰਹੇ ਹਨ। ਕਾਂਗਰਸ ਵੱਲੋਂ ਵੱਡੇ ਆਗੂਆਂ ਨੂੰ ਉਮੀਦਵਾਰ ਬਣਾਉਣ ਨਾਲ ਇਨ੍ਹਾਂ ਦੋਹਾਂ ਅਕਾਲੀ ਆਗੂਆਂ ਦੀਆਂ ਚਿੰਤਾਵਾਂ ਵਧਣੀਆਂ ਸੁਭਾਵਿਕ ਹਨ। ਇਹ ਮੰਨਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਤੋਂ ਮੌਜੂਦਾ ਐਮ.ਪੀ. ਨਵਜੋਤ ਸਿੰਘ ਸਿੱਧੂ ਦੀ ਟਿਕਟ ਕਟਵਾਉਣ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅਹਿਮ ਭੂਮਿਕਾ ਨਿਭਾਈ ਹੈ। ਛੋਟੇ ਬਾਦਲ ਵੱਲੋਂ ਹੀ ਇਹ ਦਾਅਵਾ ਕੀਤਾ ਗਿਆ ਸੀ ਕਿ ਜੇਕਰ ਅਰੁਣ ਜੇਤਲੀ ਅੰਮ੍ਰਿਤਸਰ ਤੋਂ ਚੋਣ ਲੜਨਗੇ ਤਾਂ ਉਹ ਦਿੱਲੀ ਬੈਠਿਆਂ ਹੀ ਜਿੱਤ ਜਾਣਗੇ। ਉਦੋਂ ਤੱਕ ਹਾਕਮ ਪਾਰਟੀਆਂ ਨੂੰ ਕਾਂਗਰਸ ਦੀ ਰਣਨੀਤੀ ਦਾ ਕੋਈ ਗਿਆਨ ਨਹੀਂ ਸੀ ਕਿ ਕਾਂਗਰਸ ਅਮਰਿੰਦਰ ਸਿੰਘ ਨੂੰ ਮੈਦਾਨ ਵਿੱਚ ਉਤਾਰ ਦੇਵੇਗੀ। ਸ੍ਰੀ ਜੇਤਲੀ ਜੋ ਦੇਸ਼ ਦੇ ਹੋਰ ਸੂਬਿਆਂ ਵਿੱਚ ਪ੍ਰਚਾਰ ਕਰਨ ਦੀ ਤਿਆਰੀ ਖਿੱਚੀ ਬੈਠੇ ਸਨ, ਨੇ ਆਪਣੀ ਜਿੱਤ ਯਕੀਨੀ ਬਣਾਉਣ ਲਈ ਅੰਮ੍ਰਿਤਸਰ ’ਚ ਡੇਰਾ ਲਾਉਣ ਦਾ ਫੈਸਲਾ ਕੀਤਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ-ਸੰਤ-ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top