Share on Facebook

Main News Page

ਗਿਆਨੀ ਇਕਬਾਲ ਸਿੰਘ ਦੀ ਜਾਂਚ ਕਮੇਟੀ ਨਾਲ ਮੁਲਾਕਾਤ ਦਾ ਸੱਚ ਨਸ਼ਰ

ਅੰਮ੍ਰਿਤਸਰ: (21 ਮਾਰਚ, ਨਰਿੰਦਰ ਪਾਲ ਸਿੰਘ): ਪੰਜ ਸਿੰਘ ਸਾਹਿਬਾਨ ਦੀ ਬੀਤੇ ਕੱਲ੍ਹ ਹੋਈ ਇਕਤਰਤਾ ਵਿਚ ਤਖਤ ਸ੍ਰੀ ਪਟਨਾ ਸਾਹਿਬ ਦੇ ਬਰਖਾਸਤ ਕੀਤੇ ਗਏ ਜਥੇਦਾਰ ਗਿਆਨੀ ਇਕਬਾਲ ਸਿੰਘ ਦੀ ਸ਼ਮੂਲੀਅਤ, ਗਿਆਨੀ ਗੁਰਬਚਨ ਸਿੰਘ ਵਲੋਂ ਉਨ੍ਹਾਂ ਨੂੰ 7 ਜਨਵਰੀ ਦੀ ਘਟਨਾ ਲਈ ਕਲੀਨ ਚਿੱਟ ਦਿੱਤੇ ਜਾਣ ਅਤੇ ਗਿਆਨੀ ਇਕਬਾਲ ਸਿੰਘ ਵਲੋਂ ਸ਼੍ਰੋਮਣੀ ਕਮੇਟੀ ਦੁਆਰਾ ਗਠਿਤ ਜਾਂਚ ਕਮੇਟੀ ਦੀ ਜਾਂਚ ਨੂੰ ਝੁਠਲਾਣ ਦਾ ਸੱਚ ਸਾਹਮਣੇ ਆ ਗਿਆ ਹੈ।

ਬੀਤੇ ਕੱਲ੍ਹ ਦੇ ਸਮੁੱਚੇ ਪ੍ਰਕਰਣ ਨੇ ਇਹ ਵੀ ਸਵਾਲ ਖੜਾ ਕੀਤਾ ਹੈ ਕਿ ਆਖਿਰ ਗਿਆਨੀ ਇਕਬਾਲ ਸਿੰਘ ਦੀ ਤਰਜ 'ਤੇ ਹੀ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੋਮਣੀ ਕਮੇਟੀ ਦੁਆਰਾ ਗਠਿਤ ਜਾਂ ਕਮੇਟੀ ਦੀ ਜਾਂ ਰਿਪੋਰਟ ਨੂੰ ਝੁਠਲਾਕੇ ਕਮੇਟੀ ਦੀ ਹੋਂਦ ਹਸਤੀ ਨੂੰ ਚਣੌਤੀ ਕਿਉਂ ਦਿੱਤੀ ?

ਗਿਆਨੀ ਇਕਬਾਲ ਸਿੰਘ ਨੇ ਬੀਤੇ ਕੱਲ੍ਹ ਦਾਅਵਾ ਕੀਤਾ ਸੀ ਕਿ 7 ਜਨਵਰੀ ਦੀ ਘਟਨਾ ਦੀ ਜਾਂਚ ਲਈ ਸ਼੍ਰੋਮਣੀ ਕਮੇਟੀ ਦੁਆਰਾ ਇਸਦੇ ਜਨਰਲ ਸਕੱਤਰ ਸ੍ਰ. ਸੁਖਦੇਵ ਸਿੰਘ ਭੌਰ, ਅੰਤ੍ਰਿੰਗ ਕਮੇਟੀ ਮੈਂਬਰ ਰਜਿੰਦਰ ਸਿੰਘ ਮਹਿਤਾ, ਕਰਨੈਲ ਸਿੰਘ ਪੰਜੋਲੀ ਅਤੇ ਧਰਮ ਪ੍ਰਚਾਰ ਸਕੱਤਰ ਸਤਬੀਰ ਸਿੰਘ 'ਤੇ ਅਧਾਰਿਤ ਗਠਿਤ ਜਾਂਚ ਕਮੇਟੀ ਨੇ ਉਨ੍ਹਾਂ ਨਾਲ ਕੋਈ ਮੁਲਕਾਤ ਨਹੀਂ ਕੀਤੀ, ਨਾ ਹੀ ਉਨ੍ਹਾਂ ਕਮੇਟੀ ਨੂੰ ਕੋਈ ਲਿਖਤੀ ਬਿਆਨ ਦਿੱਤਾ ਹੈ ਅਤੇ ਨਾ ਹੀ ਉਹਨਾਂ ਤਖਤ ਸਾਹਿਬ ਉਪਰ ਇਸ ਸਬੰਧ ਵਿਚ ਕੋਈ ਅਰਦਾਸ ਕੀਤੀ ਹੈ।

ਗਿਆਨੀ ਇਕਬਾਲ ਸਿੰਘ ਦੇ ਬਿਆਨ ਦੀ ਪ੍ਰੌੜਤਾ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਵੀ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਗਿਆਨੀ ਇਕਬਾਲ ਸਿੰਘ ਤਾਂ ਆਪਣੀ ਡਿਊਟੀ ਨਿਭਾਉਣ ਲਈ ਗੁਰਮਤਿ ਸਮਾਗਮ ਵਿਚ ਗਏ ਸਨ, ਜਦਕਿ ਉਨ੍ਹਾਂ ਉਪਰ ਜਾਨ ਲੇਵਾ ਹਮਲਾ ਕੀਤਾ ਗਿਆ। ਗਿਆਨੀ ਗੁਰਬਚਨ ਸਿੰਘ ਨੇ ਇਹ ਵੀ ਸਪਸ਼ਟ ਕੀਤਾ ਸੀ ਕਿ ਉਨ੍ਹਾਂ ਪਾਸ ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਵਲੋਂ ਗਿਆਨੀ ਇਕਬਾਲ ਸਿੰਘ ਨੂੰ ਨੌਕਰੀ ਤੋਂ ਮੁਅਤਲ ਕਰਨ ਤੇ 17 ਮਾਰਚ ਨੂੰ ਬਰਖਾਸਤ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ।

ਇਸ ਸਬੰਧ ਵਿਚ ਅੱਜ ਜਦ ਸ਼੍ਰੋਮਣੀ ਕਮੇਟੀ ਜਨਰਲ ਸਕੱਤਰ ਸ੍ਰ. ਸੁਖਦੇਵ ਸਿੰਘ ਭੌਰ ਨਾਲ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਗਿਆਨੀ ਇਕਬਾਲ ਸਿੰਘ ਜਾਣਬੁਝ ਕੇ ਗੁਮਰਾਹਕੁੰਨ ਬਿਆਨ ਦੇ ਰਹੇ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਵਲੋਂ ਮਿਲੇ ਹੁਕਮਾਂ ਅਨੁਸਾਰ ਜਾਂਚ ਕਮੇਟੀ ਜਿਸਦੇ ਉਹ ਮੈਂਬਰ ਹਨ, ਪਟਨਾ ਸਾਹਿਬ ਗਈ ਸੀ ਸਮੁੱਚੇ ਘਟਨਾਕਰਮ ਦਾ ਜਾਇਜਾ ਲੈਂਦਿਆਂ ਗਿਆਨੀ ਇਕਬਾਲ ਸਿੰਘ ਨੂੰ ਸਿੱਖ ਪ੍ਰੰਪਰਾਵਾਂ ਦੇ ਉਲੰਘਣ ਦਾ ਦੋਸ਼ੀ ਪਾਇਆ।

ਉਨ੍ਹਾਂ ਦੱਸਿਆ ਕਿ ਜਾਂਚ ਕਮੇਟੀ ਨੇ ਸਮੁਚੀ ਘਟਨਾ ਦੀ ਵੀਡੀਓ ਫੁਟੇਜ, ਗਿਆਨੀ ਇਕਬਾਲ ਸਮੇਤ ਵੱਖ ਵੱਖ ਗਵਾਹਾਂ ਤੇ ਪ੍ਰਬੰਧਕੀ ਕਮੇਟੀ ਮੈਂਬਰਾਨ ਦੀਆਂ ਲਿਖਤਾਂ, ਕਰਵਾਏ ਗਏ ਸਮਝੌਤੇ ਦੀਆਂ ਤਸਵੀਰਾਂ ਸਹਿਤ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮੁਹਈਆ ਕੀਤੀ ਗਈ।

ਸ੍ਰ. ਭੌਰ ਨੇ ਕਿਹਾ ਕਿ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਗਿਆਨੀ ਇਕਬਾਲ ਸਿੰਘ ਨੇ ਸਮੁੱਚੀ ਘਟਨਾ ਬਾਰੇ ਗਲਤ ਬਿਆਨੀ ਕਿਉਂ ਕੀਤੀ ਹੈ, ਲੇਕਿਨ ਮੈਂ ਨਿੱਜੀ ਤੌਰ 'ਤੇ ਮਹਿਸੂਸ ਕਰਦਾ ਹਾਂ ਕਿ ਗਿਆਨੀ ਇਕਬਾਲ ਸਿੰਘ ਨੇ ਸ਼੍ਰੋਮਣੀ ਕਮੇਟੀ ਦੀ ਸਰਵਉੱਚਤਾ 'ਤੇ ਹੋਂਦ ਹਸਤੀ ਨੂੰ ਚੁਣੌਤੀ ਦਿੱਤੀ ਹੈ।

ਸ੍ਰ. ਭੌਰ ਨੇ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਵਲੋਂ ਜਾਂਚ ਕਮੇਟੀ ਦੀ ਰਿਪੋਰਟ ਬਾਰੇ ਅਜਿਹਾ ਫੈਸਲਾ ਲੈਣਾ ਵੀ ਸਮਝ ਤੋਂ ਬਾਹਰ ਹੈ, ਲੇਕਿਨ ਸਭ ਕੁਝ ਜਾਣਦੇ ਹੋਏ ਗਿਆਨੀ ਇਕਬਾਲ ਸਿੰਘ ਨੂੰ ਕਲੀਨ ਚਿੱਟ ਦੇਣਾ ਸਿੱਖ ਪ੍ਰੰਪਰਾਵਾਂ 'ਤੇ ਸਿਧਾਂਤਾਂ ਦੀ ਅਣਦੇਖੀ ਹੈ। ਇਕ ਸਵਾਲ ਦੇ ਜਵਾਬ ਵਿਚ ਸ੍ਰ. ਭੌਰ ਨੇ ਕਿਹਾ ਜੇਕਰ ਜਾਂਚ ਕਮੇਟੀ ਦੀ ਜਾਂਚ ਗਲਤ ਸੀ, ਤਾਂ ਗਿਆਨੀ ਇਕਬਾਲ ਸਿੰਘ ਉਸ ਵੇਲੇ ਹੀ ਸਪਸ਼ਟ ਕਰ ਸਕਦੇ ਸਨ। ਉਨ੍ਹਾਂ ਕਿਹਾ ਜੇਕਰ ਜਾਂਚ ਕਮੇਟੀ ਗਲਤ ਹੁੰਦੀ, ਤਾਂ ਗਿਆਨੀ ਇਕਬਾਲ ਸਿੰਘ ਤਾਂ ਗਿਆਨੀ ਇਕਬਾਲ ਸਿੰਘ, ਗਿਆਨੀ ਤਰਲੋਚਨ ਸਿੰਘ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਮਹਾਂ ਦੋਸ਼ੀ ਕਰਾਰ ਦੇ ਚੁਕੇ ਹਨ, ਇਸ ਕਮੇਟੀ ਨੂੰ ‘ਐਡੀ ਵੱਡੀ ਗਲਤੀ’ ਲਈ ਕਿਵੇਂ ਬਖਸ਼ ਗਏ।

ਉਧਰ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰੰਬਧਕੀ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਕ ਫੈਕਸ ਭੇਜ ਕੇ ਮੁੜ ਜਾਣਕਾਰੀ ਦਿੱਤੀ ਕਿ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਗਿਆਨੀ ਇਕਬਾਲ ਸਿੰਘ ਨੂੰ ਪੁਜੀਆਂ ਸ਼ਿਕਾਇਤਾਂ ਦੀ ਕੀਤੀ ਜਾਂਚ ਦੇ ਆਧਾਰ 'ਤੇ 17 ਮਾਰਚ ਨੂੰ ਸੇਵਾਮੁਕਤ ਕਰ ਦਿੱਤਾ ਹੈ। ਲਿਖਿਆ ਗਿਆ ਹੈ ਕਿ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਲਏ ਕਿਸੇ ਵੀ ਅਜੇਹੇ ਫੈਸਲੇ ਨੂੰ ਨਹੀਂ ਮੰਨੇਗੀ, ਜਿਸ ਵਿੱਚ ਗਿਆਨੀ ਇਕਬਾਲ ਸਿੰਘ ਨੂੰ ਬਤੌਰ ਜਥੇਦਾਰ ਸ਼ਾਮਿਲ ਕੀਤਾ ਗਿਆ ਹੋਵੇ। ਅਜੇਹੇ ਹਾਲਾਤਾਂ ਵਿੱਚ ਗਿਆਨੀ ਇਕਬਾਲ ਸਿੰਘ ਅਤੇ ਤਖਤ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦਰਮਿਆਨ ਪੈਦਾ ਹੋਏ ਵਿਵਾਦ ਦਾ ਅੰਜ਼ਾਮ ਜੋ ਮਰਜੀ ਹੋਵੇ, ਲੇਕਿਨ ਇਹ ਵਿਚਾਰਨਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਪਣੇ 6 ਸਾਲਾ ਕਾਰਜਕਾਲ ਵਿਚ ਗਿਆਨੀ ਗੁਰਬਚਨ ਸਿੰਘ ਨੇ ਸ਼੍ਰੋਮਣੀ ਕਮੇਟੀ ਦੀ ਜਾਂਚ ਕਮੇਟੀ ਨੂੰ ਸਿਰਫ ਗਿਆਨੀ ਇਕਬਾਲ ਸਿੰਘ ਦੇ ਕਹਿਣ ਤੇ ਚੁਣੌਤੀ ਜ਼ਰੂਰ ਦਿੱਤੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ-ਸੰਤ-ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top