Share on Facebook

Main News Page

ਸ੍ਰੀ ਪਟਨਾ ਸਾਹਿਬ ਦੇ ਬਰਖਾਸਤ ਜਥੇਦਾਰ ਗਿਆਨੀ ਇਕਬਾਲ ਸਿੰਘ ਦਾ ਅਕਾਲ ਤਖਤ 'ਤੇ ਪੰਜ ਮੁੱਖ ਪੁਜਾਰੀਆਂ ਦੀ ਹੋਈ ਮੀਟਿੰਗ ਵਿੱਚ ਸ਼ਮੂਲੀਅਤ ਕਰਨਾ ਵਿਵਾਦ ਦਾ ਵਿਸ਼ਾ ਬਣਿਆ

* ਝੂਠ ਬੋਲਣ ਦੇ ਦੋਸ਼ ਤਹਿਤ ਮੱਕੜ ਨੂੰ ਅਕਾਲ ਤਖਤ ਤੇ ਬੁਲਾਏ ਜਾਣ ਬਾਰੇ ਸਾਰੇ ਜਥੇਦਾਰ ਚੁੱਪ ਰਹੇ

ਅੰਮ੍ਰਿਤਸਰ 20 ਮਾਰਚ (ਜਸਬੀਰ ਸਿੰਘ ਪੱਟੀ) ਹਮੇਸ਼ਾਂ ਵਿਵਾਦਾਂ ਵਿੱਚ ਰਹਿਣ ਵਾਲੇ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦੀ ਸਥਿਤੀ ਅੱਜ ਉਸ ਵੇਲੇ ਹਾਸੋਹੀਣੀ ਹੋ ਗਈ ਜਦੋਂ ਉਹ ਸ੍ਰੀ ਅਕਾਲ ਤਖਤ ਤੇ ਪੰਜ ਮੁੱਖ ਪੁਜਾਰੀਆਂ ਦੀ ਹੋਈ ਮੀਟਿੰਗ ਵਿੱਚ ਭਾਗ ਲੈਣ ਲਈ ਪੁੱਜੇ ਜਦ ਕਿ ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਉਹਨਾਂ ਨੂੰ 17 ਮਾਰਚ 2014 ਨੂੰ ਉਹਨਾਂ ਦੇ ਆਹੁਦੇ ਤੋਂ ਬਰਖਾਸਤ ਕਰ ਚੁੱਕੀ ਹੈ।

ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਪੰਜ ਮੁੱਖ ਪੁਜਾਰੀਆਂ ਦੀ ਹੋਈ ਮੀਟਿੰਗ ਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਗਿਆਨੀ ਮੱਲ ਸਿੰਘ, ਤਖਤ ਸ੍ਰੀ ਹਜੂਰ ਸਾਹਿਬ ਦੇ ਮੀਤ ਜਥੇਦਾਰ ਗਿਆਨੀ ਜੋਤਇੰਦਰ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਐਡੀਸ਼ਨਲ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਲੁਧਿਆਣੇ ਵਾਲੇ ਅਤੇ ਤਖਤ ਸ੍ਰੀ ਪਟਨਾ ਸਾਹਿਬ ਦੇ ਵਿਵਦਾਤ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਭਾਗ ਲਿਆ।

ਪੱਤਰਕਾਰ ਸੰਮੇਲਨ ਦੌਰਾਨ ਮਾਮਲਾ ਉਸ ਵੇਲੇ ਹੰਗਾਮਿਆਂ ਭਰਪੂਰ ਹੋ ਗਿਆ ਜਦੋਂ ਗਿਆਨੀ ਇਕਬਾਲ ਸਿੰਘ ਨੂੰ ਪਟਨਾ ਸਾਹਿਬ ਕਮੇਟੀ ਵੱਲੋ 17 ਮਾਰਚ 2014 ਨੂੰ ਬਰਖਾਸਤ ਕੀਤੇ ਜਾਣ ਬਾਰੇ ਗਿਆਨੀ ਗੁਰਬਚਨ ਸਿੰਘ ਨੂੰ ਜਾਣਕਾਰੀ ਦਿੱਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਕੋਲ ਇਸ ਬਾਰੇ ਕੋਈ ਸੂਚਨਾ ਨਹੀਂ ਹੈ ਤੇ ਉਹਨਾਂ ਨੇ ਤਾਂ ਗਿਆਨੀ ਇਕਬਾਲ ਸਿੰਘ ਨੂੰ ਇਸ ਕਰਕੇ ਬੁਲਾਇਆ ਹੈ ਕਿ ਉਹ ਅੱਜ ਵੀ ਤਖਤ ਸਾਹਿਬ ਦੇ ਜਥੇਦਾਰ ਦੀਆ ਸੇਵਾਵਾਂ ਨਿਰੰਤਰ ਨਿਭਾ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਕੋਈ ਜਥੇਦਾਰ ਹੋਰ ਹੁੰਦਾ ਤਾਂ ਉਹ ਤਾਂ ਉਸ ਨੂੰ ਵੀ ਬੁਲਾ ਸਕਦੇ ਸਨ। ਉਹਨਾਂ ਕਿਹਾ ਕਿ ਇਸ ਵੇਲੇ ਗਿਆਨੀ ਇਕਬਾਲ ਸਿੰਘ ਹੀ ਤਖਤ ਸਾਹਿਬ ਦੇ ਜਥੇਦਾਰ ਹਨ। ਜਦੋਂ ਉਹਨਾਂ ਦਾ ਧਿਆਨ ਗਿਆਨੀ ਪ੍ਰਤਾਪ ਸਿੰਘ ਨੂੰ ਮੀਤ ਜਥੇਦਾਰ ਥਾਪੇ ਜਾਣ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਵੀ ਉਹਨਾਂ ਕੋਲ ਲਿਖਤੀ ਪੱਤਰ ਨਹੀਂ ਆਇਆ ਹੈ ਪਰ ਗਿਆਨੀ ਪਰਤਾਪ ਸਿੰਘ ਨੇ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਲਿਖਤੀ ਰੂਪ ਵਿੱਚ ਦਿੱਤਾ ਹੈ ਕਿ ਉਹ ਕਿਸੇ ਵੀ ਹੋਰ ਤਖਤ ਦੇ ਜਥੇਦਾਰ ਨਹੀਂ ਹਨ ਅਤੇ ਬੀਮਾਰ ਹੋਣ ਕਾਰਨ ਛੁੱਟੀ ਤੇ ਚੱਲ ਰਹੇ ਹਨ ਅਤੇ ਅੱਜ ਵੀ ਤਖਤ ਸ੍ਰੀ ਹਜੂਰ ਸਾਹਿਬ ਦੇ ਹੈ¤ਡ ਗ੍ਰੰਥੀ ਹਨ। ਉਹਨਾਂ ਕਿਹਾ ਕਿ ਇਸ ਪੱਤਰ ਦੀ ਕਾਪੀ ਉਹਨਾਂ ਦੇ ਕੋਲ ਵੀ ਪੁੱਜ ਗਈ ਹੈ।

ਮਾਮਲਾ ਉਸ ਵੇਲੇ ਗਰਮ ਹੋ ਗਿਆ ਜਦੋਂ ਗਿਆਨੀ ਇਕਬਾਲ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਗੱਲ ਨੂੰ ਟੋਕ ਕੇ ਖੁਦ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਹ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਹਨ ਅਤੇ ਕਮੇਟੀ ਨੂੰ ਉਹਨਾਂ ਨੇ ਤਨਖਾਹੀਆ ਕਰਾਰ ਦਿੱਤਾ ਹੋਇਆ ਹੈ ਇਸ ਲਈ ਕਮੇਟੀ ਕੋਲ ਉਹਨਾਂ ਦੇ ਵਿਰੁੱਧ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਨਹੀਂ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕਮੇਟੀ ਨੂੰ ਸਰਕਾਰ ਨਾਮਜਦ ਕਰਦੀ ਹੈ ਤੇ ਬਕਾਇਦਾ ਤੌਰ 'ਤੇ ਕਮੇਟੀ ਦੀ ਪ੍ਰਵਾਨਗੀ ਦਾ ਨੋਟੀਫਿਕੇਸ਼ਨ ਹੁੰਦਾ ਹੈ ਤੇ ਕਮੇਟੀ ਜਥੇਦਾਰ ਦੀ ਨਿਯੁਕਤੀ ਤੇ ਬਰਖਾਸਤ ਕਰਨ ਦਾ ਅਧਿਕਾਰ ਰੱਖਦੀ ਹੈ, ਪਰ ਕਮੇਟੀ ਕੋਲੋਂ ਰਸੀਦੀ ਟਿਕਟ ਲਗਾ ਕੇ ਤਨਖਾਹ ਲੈਣ ਵਾਲਾ ਕਮੇਟੀ ਦਾ ਮੁਲਾਜ਼ਮ ਕਮੇਟੀ ਨੂੰ ਕਿਵੇਂ ਤਨਖਾਹੀਆ ਕਰਾਰ ਦੇ ਸਕਦਾ ਹੈ, ਤਾਂ ਗਿਆਨੀ ਇਕਾਬਲ ਸਿੰਘ ਕੋਲ ਇਸ ਦਾ ਕੋਈ ਵੀ ਠੋਸ ਜਵਾਬ ਨਹੀਂ ਸੀ।

ਜਦੋਂ ਗਿਆਨੀ ਇਕਾਬਲ ਸਿੰਘ ਨੂੰ ਇਹ ਪੁੱਛਿਆ ਗਿਆ ਕਿ 2007 ਵਿੱਚ ਉਹਨਾਂ ਨੇ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਸ੍ਰੀ ਅਕਾਲ ਤਖਤ ਸਾਹਿਬ ਦੇ ਤੱਤਕਾਲੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਤਖਤ ਸ੍ਰੀ ਕੇਸਗੜ੍ਵ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ ਤੇ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਗੁਰਬਚਨ ਸਿੰਘ (ਮੌਜੂਦਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ) ਨੂੰ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਨੂੰ ਗੈਰ ਪੰਥਕ ਗਰਦਾਨਦਿਆ ਮਹਾਂਦੋਸ਼ੀ ਐਲਾਨ ਕੇ ਤਨਖਾਹੀਆ ਕਰਾਰ ਦਿੱਤਾ ਸੀ, ਤੇ ਜਿਸ ਦੇ ਸਿੱਟੇ ਵਜੋ 6 ਜੂਨ 2007 ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰਾਂ ਦੀ ਹੋਣ ਵਾਲੀ ਮੀਟਿੰਗ ਵਿੱਚ ਉਹਨਾਂ ਨੂੰ ਤੱਤਕਾਲੀ ਜਥੇਦਾਰ ਅਕਾਲ ਤਖਤ ਦੇ ਨਿੱਜੀ ਸਹਾਇਕ ਪ੍ਰਿਥੀਪਾਲ ਸਿੰਘ ਸੰਧੂ ਨੇ ਦਫਤਰ ਵਿੱਚ ਹੀ ਦਾਖਲ ਨਹੀਂ ਹੋਣ ਦਿੱਤਾ ਸੀ। ਇਸ ਸਬੰਧੀ ਗਿਆਨੀ ਇਕਬਾਲ ਸਿੰਘ ਨੇ ਕਿਹਾ ਕਿ ਮਾਮਲਾ ਉਸ ਵੇਲੇ ਹੀ ਖਤਮ ਹੋ ਗਿਆ ਸੀ। ਗਿਆਨੀ ਇਕਬਾਲ ਸਿੰਘ ਪੁੱਛਿਆ ਗਿਆ ਕਿ ਖਤਮ ਕੀਤੇ ਮਾਮਲੇ ਸਬੰਧ ਜਾਰੀ ਕੀਤੇ ਹੁਕਮਾਂ ਦੀ ਕਾਪੀ ਵਿਖਾ ਸਕਦੇ ਹਨ ਤਾਂ ਉਹਨਾਂ ਨੇ ਇਹ ਕਹਿ ਕੇ ਗੱਲ ਮੁੱਕਾ ਦਿੱਤੀ ਕਿ ਉਹਨਾਂ ਲਿਖਤੀ ਤੌਰ 'ਤੇ ਕਿਸੇ ਨੂੰ ਵੀ ਤਨਖਾਹੀਆ ਕਰਾਰ ਨਹੀਂ ਦਿੱਤਾ ਸੀ।

ਮਾਮਲਾ ਉਸ ਵੇਲੇ ਹੋਰ ਤੂਲ ਫੜ ਗਿਆ ਜਦੋਂ ਗਿਆਨੀ ਇਕਬਾਲ ਸਿੰਘ ਨੇ ਇੱਕ ਅਖਬਾਰ ਦੇ ਖਿਲਾਫ ਦੋਸ਼ ਲਗਾ ਕੇ ਉਸ ਦੀ ਭੰਡੀ ਕਰਨੀ ਸ਼ੁਰੂ ਕਰ ਦਿੱਤੀ।

ਇਸੇ ਤਰ੍ਹਾਂ ਜਦੋਂ ਗਿਆਨੀ ਨੂੰ ਉਹਨਾਂ ਤੇ ਦੋ ਔਰਤਾਂ ਦੇ ਰੱਖਣ ਅਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਣ ਬਾਰੇ ਪੁੱਛਿਆ ਗਿਆ ਤਾਂ ਉਹ ਇਸ ਕਦਰ ਕੱਪੜਿਆਂ ਤੋਂ ਬਾਹਰ ਹੋ ਗਏ ਕਿ ਉਹਨਾਂ ਨੇ ਇੱਕ ਪੱਤਰਕਾਰ ਅਤੇ ਉਸ ਦੀ ਅਖਬਾਰ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਦਿੱਤੇ ਜਿਸ ਦਾ ਸਾਰੇ ਮੀਡੀਆ ਵਾਲਿਆਂ ਨੇ ਕੜਾ ਨੋਟਿਸ ਲਿਆ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਮਾਮਲਾ ਖਤਮ ਕਰਨ ਲਈ ਗਿਆਨ ਇਕਬਾਲ ਸਿੰਘ ਨੂੰ ਮੀਡੀਆ ਤੇ ਅਜਿਹੇ ਦੋਸ਼ ਲਗਾਉਣ ਤੋਂ ਰੋਕ ਦਿੱਤਾ। ਇਸੇ ਤਰ੍ਹਾਂ ਸੱਤ ਜਨਵਰੀ 2014 ਨੂੰ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਵਾਪਰੀ ਘਟਨਾ ਬਾਰੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਉਹ ਮਾਮਲਾ ਧਾਰਮਿਕ ਹੋਣ 'ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਕਿਉਂ ਨਹੀਂ ਲੈ ਕੇ ਆਏ ਤਾਂ ਉਹਨਾਂ ਕਿਹਾ ਕਿ ਉਹਨਾਂ 'ਤੇ ਕਾਤਲਾਨਾ ਹਮਲਾ ਕੀਤਾ ਗਿਆ ਸੀ ਤੇ ਉਹ ਗੰਭੀਰ ਰੂਪ ਵਿੱਚ ਫੱਟੜ ਹੋ ਗਏ ਸਨ, ਜਿਸ ਕਰਕੇ ਮਾਮਲਾ ਕਨੂੰਨੀ ਬਣਦਾ ਸੀ। ਉਹਨਾਂ ਕਿਹਾ ਕਿ ਉਹਨਾਂ ਤੇ ਹਮਲਾ ਕਸ਼ਮੀਰ ਸਿੰਘ ਭੂਰੀਵਾਲਿਆਂ ਦੇ ਲੱਠਮਾਰਾਂ ਤੇ ਤੇਜਧਾਰੀ ਹਥਿਆਰਾਂ ਨਾਲ ਲੈਸ ਵਿਅਕਤੀਆਂ ਨੇ ਕੀਤਾ ਸੀ। ਇਸ ਸਬੰਧੀ ਜਦੋਂ ਗਿਆਨੀ ਇਕਬਾਲ ਸਿੰਘ ਨੂੰ ਪੁੱਛਿਆ ਗਿਆ ਕਿ ਉਹਨਾਂ ਨੇ ਕਮੇਟੀ ਨੂੰ ਤਨਖਾਹੀਆ ਕਿਵੇਂ ਕਰਾਰ ਦੇ ਦਿੱਤਾ ਜਿਸ ਦਾ ਗਿਆਨੀ ਇਕਬਾਲ ਸਿੰਘ ਕੋਲ ਕੋਈ ਜਵਾਬ ਨਹੀਂ ਸੀ।

ਇਸੇ ਤਰ੍ਹਾਂ ਜਦੋਂ ਜਥੇਦਾਰਾਂ ਨੂੰ ਪੁੱਛਿਆ ਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਨੇ ਮੱਕੜ 'ਤੇ ਝੂਠ ਬੋਲਣ ਦਾ ਦੋਸ਼ ਲਗਾਇਆ ਤਾਂ ਮੱਕੜ ਨੇ ਇਸ ਦਾ ਅੱਜ ਤੱਕ ਕੋਈ ਜਵਾਬ ਨਹੀਂ ਦਿੱਤਾ ਜਿਸ ਤੋਂ ਸਿੱਧ ਹੁੰਦਾ ਹੈ ਕਿ ਦੋਸ਼ ਸਹੀ ਹਨ। ਕੀ ਸਿੱਖਾਂ ਦੀ ਸਿਰਮੌਰ ਸੰਸਥਾ ਦੇ ਜਿੰਮੇਵਾਰ ਆਹੁਦੇ 'ਤੇ ਬੈਠ ਕੇ ਜੇਕਰ ਕੋਈ ਝੂਠ ਬੋਲਦਾ ਹੈ ਤਾਂ ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਕਿਉਂ ਨਹੀਂ ਬੁਲਾਇਆ ਗਿਆ?

ਇਸ ਸਵਾਲ ਦਾ ਕਿਸੇ ਕੋਲ ਵੀ ਕੋਈ ਜਵਾਬ ਨਹੀਂ ਸੀ ਤੇ ਸਾਰੇ ਜਥੇਦਾਰ ਇੱਕ ਦੂਸਰੇ ਵੱਲ ਵੇਖ ਰਹੇ ਸਨ, ਪਰ ਜਵਾਬ ਕਿਸੇ ਨਾ ਦਿੱਤਾ ਸਿਰਫ ਗਿਆਨੀ ਇਕਬਾਲ ਸਿੰਘ ਨੇ ਹੀ ਕਿਹਾ ਕਿ ਭਵਿੱਖ ਜੇਕਰ ਕੋਈ ਪਟਨਾ ਸਾਹਿਬ ਵਿਖੇ ਕਾਰਵਾਈ ਹੁੰਦੀ ਹੈ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੀ ਲੈ ਕੇ ਆਉਣਗੇ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਨੇ ਇਸ ਕਰਕੇ ਮੀਟਿੰਗ ਵਿੱਚ ਗਿਆਨੀ ਇਕਬਾਲ ਸਿੰਘ ਨਾਲ ਬੈਠਣ ਤੋਂ ਇਨਕਾਰ ਕਰ ਦਿੱਤਾ ਸੀ, ਕਿਉਂਕਿ ਸੱਤ ਜਨਵਰੀ ਨੂੰ ਪਟਨਾ ਸਾਹਿਬ ਵਿਖੇ ਵਾਪਰੀ ਘਟਨਾ ਦੇ ਉਹ ਚਸ਼ਮਦੀਦ ਗਵਾਹ ਹਨ ਅਤੇ ਉਹ ਪਹਿਲਾਂ ਹੀ ਬਿਆਨ ਦੇ ਕੇ ਚੁੱਕੇ ਹਨ ਕਿ ਗਿਆਨੀ ਇਕਬਾਲ ਸਿੰਘ ਘਟਨਾ ਨੂੰ ਅੰਜਾਮ ਦੇਣ ਲਈ ਦੋਸ਼ੀ ਹਨ।

ਇਸੇ ਤਰ੍ਹਾਂ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਬਾਰੇ ਭਾਂਵੇ ਜਥੇਦਾਰ ਅਕਾਲ ਤਖਤ ਗਿਆਨੀ ਗੁਰਬਚਨ ਸਿੰਘ ਨੇ ਇਹ ਕਿਹਾ ਹੈ ਕਿ ਉਹ ਬੀਮਾਰੀ ਹੋਣ ਕਾਰਨ ਮੀਟਿੰਗ ਵਿੱਚ ਭਾਗ ਲੈਣ ਨਹੀਂ ਆ ਸਕੇ, ਪਰ ਚਰਚਾ ਹੈ ਕਿ ਉਹ ਗਿਆਨੀ ਇਕਬਾਲ ਸਿੰਘ ਦੀ ਮੀਟਿੰਗ ਵਿੱਚ ਸ਼ਮੂਲੀਅਤ ਤੋਂ ਉਹ ਕਾਫੀ ਖਫਾ ਹਨ, ਜਿਸ ਕਰਕੇ ਉਹ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਏ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ-ਸੰਤ-ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top