Share on Facebook

Main News Page

ਚਾਰ ਬੱਚੇ ਪੈਦਾ ਕਰਨ ਨਾਲ ਸਿੱਖਾਂ ਦੀ ਅਬਾਦੀ ਨੂੰ ਵਧਾਇਆ ਨਹੀਂ ਜਾ ਸਕਦਾ
-: ਹਰਵਿੰਦਰ ਸਿੰਘ ਸਰਨਾ

ਅੰਮ੍ਰਿਤਸਰ 19 ਮਾਰਚ (ਜਸਬੀਰ ਸਿੰਘ) ਸ੍ਰ ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਗੁਰਬਚਨ ਸਿੰਘ ਵੱਲੋ ਸਿੱਖਾਂ ਦੀ ਲਗਾਤਾਰ ਘੱਟ ਰਹੀ ਅਬਾਦੀ ਸਬੰਧੀ ਕੀਤੀ ਗਈ ਚਿੰਤਾ ਦਾ ਸੁਆਗਤ ਕਰਦਿਆਂ ਕਿਹਾ ਕਿ ਭਾਂਵੇ ਜਥੇਦਾਰ ਦਾ ਇਹ ਬਿਆਨ ਸ਼ਲਾਘਾਯੋਗ ਹੈ, ਪਰ ਜਥੇਦਾਰ ਵੱਲੋਂ ਸਿੱਖਾਂ ਨੂੰ ਚਾਰ-ਚਾਰ ਬੱਚੇ ਪੈਦਾ ਕਰਨ ਦੀ ਦਿੱਤੀ ਗਈ ਹਦਾਇਤ, ਹੈਰਾਨੀ ਪੈਦਾ ਕਰਨ ਵਾਲੀ ਹੈ, ਕਿਉਂਕਿ ਜਥੇਦਾਰ ਨੂੰ ਜਾਂ ਤਾਂ ਸਿੱਖਾਂ ਦੀ ਘੱਟ ਰਹੀ ਗਿਣਤੀ ਦੇ ਮੂਲ ਕਾਰਣਾਂ ਦੀ ਪੂਰੀ ਜਾਣਕਾਰੀ ਨਹੀਂ ਹੈ ਜਾਂ ਫਿਰ ਉਹ ਜਾਣਦਿਆਂ-ਬੁਝਦਿਆਂ ਅਨਜਾਣ ਬਣ ਰਹੇ ਹਨ।

ਜਾਰੀ ਇੱਕ ਬਿਆਨ ਰਾਹੀ ਸ੍ਰ. ਸਰਨਾ ਨੇ ਕਿਹਾ ਕਿ ਸਿੱਖਾਂ ਦੀ ਘੱਟ ਰਹੀ ਅਬਾਦੀ ਦਾ ਮੂਲ ਕਾਰਣ ਸਿੱਖ ਨੌਜਵਾਨਾਂ ਦਾ ਸਿੱਖ ਇਤਿਹਾਸ ਅਤੇ ਧਾਰਮਿਕ ਰਵਾਇਤਾਂ ਤੋਂ ਅਨਜਾਣ ਹੋਣਾ ਹੈ, ਜਿਸ ਕਾਰਣ ਉਹ ਭਟਕ ਕੇ ਸਿੱਖੀ ਸਰੂਪ ਤਿਆਗ ਰਹੇ ਹਨ ਅਤੇ ਸਿੱਖ ਵਿਰਸੇ ਨਾਲੋਂ ਟੁੱਟ ਕੇ ਨਸ਼ਿਆਂ ਦੀ ਲਤ ਵਿੱਚ ਗਲਤਾਨ ਹੋ ਕੇ ਜਵਾਨੀ ਬਰਬਾਦ ਕਰ ਰਹੇ ਹਨ। ਉਹਨਾਂ ਸੁਚੇਤ ਕਰਦਿਆਂ ਕਿਹਾ ਕਿ ਇਨ੍ਹਾਂ ਹਾਲਾਤਾਂ ਵਿੱਚ ਜੇ ਸਿੱਖ ਚਾਰ-ਚਾਰ ਬੱਚੇ ਵੀ ਪੈਦਾ ਕਰਨ ਤਾਂ ਵੀ ਸਿੱਖਾਂ ਦੀ ਅਬਾਦੀ ਵੱਧਣ ਦੀ ਬਜਾਏ ਘੱਟਦੀ ਹੀ ਜਾਵੇਗੀ।

ਸ. ਸਰਨਾ ਨੇ ਕਿਹਾ ਕਿ ਜਥੇਦਾਰ ਨੂੰ ਇਹ ਸੱਚਾਈ ਸਵੀਕਾਰ ਕਰਨ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ ਕਿ ਸਤਿਗੁਰਾਂ ਵੱਲੋਂ ਵਰੋਸਾਈ ਪੰਜਾਬ ਦੀ ਗੁਰੁਆਂ, ਪੀਰਾਂ, ਪੈਗੰਬਰਾਂ ਤੇ ਭਗਤਾਂ ਦੀ ਧਰਤੀ ਵਿੱਚ ਸਿੱਖੀ ਦਾ ਪ੍ਰਚਾਰ ਅਤੇ ਸਿੱਖੀ ਦੀ ਸੰਭਾਲ ਕਰਨ ਦੀ ਆਪਣੀ ਜ਼ਿੰਮੇਂਵਾਰੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਿਭਾਉਣ ਪੱਖੋਂ ਪੂਰੀ ਤਰ੍ਹਾਂ ਬੇਮੁੱਖ ਹੋ ਚੁੱਕੀ ਹੈ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਸਮੇਤ ਸਾਰੇ ਅਧਿਕਾਰੀ ਆਪਣੇ ਰਾਜਸੀ ਆਕਾਵਾਂ ਦੀ ਖੁਸ਼ਨੂਦੀ ਹਾਸਲ ਕਰਨ ਤੇ ਉਨ੍ਹਾਂ ਦੇ ਰਾਜਸੀ ਸੁਆਰਥ ਦੀ ਪੂਰਤੀ ਲਈ ਸਾਰੇ ਸਾਧਨ ਉਨ੍ਹਾਂ ਪ੍ਰਤੀ ਸਮਰਪਿਤ ਕਰੀ ਬੈਠੇ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨਾ ਤਾਂ ਸਾਰਥਕ ਪ੍ਰਚਾਰ ਵੱਲ ਧਿਆਨ ਦੇ ਪਾ ਰਹੀ ਹੈ ਤੇ ਨਾ ਹੀ ਸਿੱਖੀ ਦੀ ਸੰਭਾਲ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਸਬੰਧੀ ਗੰਭੀਰ ਹੈ। ਉਹਨਾਂ ਕਿਹਾ ਕਿ ਜਥੇਦਾਰ ਨੂੰ ਇਹ ਵੀ ਗਿਆਨ ਹੋਣਾ ਚਾਹੀਦਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਇਸੇ ਲਾਪ੍ਰਵਾਹੀ ਅਤੇ ਕਮਜ਼ੋਰੀ ਦਾ ਲਾਭ ਉਠਾ ਕੇ ਇਸਾਈ ਪ੍ਰਚਾਰਕ ਸਿੱਖੀ ਦੇ ਕੇਂਦਰ ਸ੍ਰੀ ਅੰਮ੍ਰਿਤਸਰ ਤੱਕ ਦੇ ਆਸ-ਪਾਸ ਵੱਸਦੇ ਸਿੱਖ ਨੌਜਵਾਨਾਂ ਨੂੰ ਪ੍ਰੇਰ ਕੇ ਆਪਣੇ ਨਾਲ ਜੋੜਨ ਵਿੱਚ ਸਫਲ ਹੋ ਰਹੇ ਹਨ, ਫਲਸਰੂਪ ਅੱਜ ਅਨੇਕਾਂ ਸਿੱਖੀ ਸਰੂਪ ਧਾਰੀ ਵਿਅਕਤੀ ਫਖਰ ਨਾਲ ਈਸਾਈਆਂ ਦਾ ਧਰਮ-ਚਿੰਨ੍ਹ ‘ਕਰਾਸ’ ਗਲ ਵਿੱਚ ਪਾਈ ਨਜ਼ਰ ਆਉਣ ਲੱਗ ਪਏ ਹਨ।

ਸ. ਸਰਨਾ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਸਲਾਹ ਦਿੱਤੀ ਕਿ ਜੇ ਸ਼੍ਰੋਮਣੀ ਕਮੇਟੀ ਆਪਣੀ ਜ਼ਿੰਮੇਵਾਰੀ ਨਿਭਾਉਣ ਪ੍ਰਤੀ ਗੰਭੀਰ ਨਹੀਂ ਰਹਿ ਗਈ ਤਾਂ ਉਨ੍ਹਾਂ ਨੂੰ ਆਪ ਸਿੱਖੀ ਦੇ ਸਰਵੁੱਚ ਅਸਥਾਨ ਅਕਾਲ ਤਖਤ ਦੇ ਮੁਖੀ ਹੋਣ ਦੇ ਨਾਤੇ ਇਸ ਪਾਸੇ ਪਹਿਲ ਕਦਮੀ ਕਰਨੀ ਚਾਹੀਦੀ ਹੈ। ੳਨ੍ਹਾਂ ਕਿਹਾ ਕਿ ਪੰਜਾਬ ਵਿਚਲੇ ਤਿੰਨਾਂ ਤਖਤਾਂ, ਤਖਤ ਸ੍ਰੀ ਅਕਾਲ ਤਖਤ ਸਾਹਿਬ, ਤਖਤ ਸ੍ਰੀ ਕੇਸ ਗੜ੍ਹ ਸਾਹਿਬ ਅਤੇ ਤਖਤ ਸ੍ਰੀ ਦਮਦਮਾ ਸਾਹਿਬ, ਦੇ ਜਥੇਦਾਰ ਸਾਹਿਬਾਨ ਨੂੰ ਸਮੁਚੇ ਪੰਜਾਬ ਨੂੰ ਤਿੰਨ ਹਿਸਿਆਂ ਵਿੱਚ ਵੰਡ ਸਿੱਖੀ ਦੇ ਪ੍ਰਚਾਰ ਅਤੇ ਸਿੱਖੀ ਸੰਭਾਲ ਦਾ ਕਾਰਜ ਸੰਭਾਲਣ ਲਈ ਜੁਟ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹਨਾਂ ਵੱਲੋਂ ਅਜਿਹੀ ਪਹਿਲ ਕਰਨ ਨਾਲ ਸਮੁੱਚਾ ਸਿੱਖ ਜਗਤ ਦ੍ਰਿੜ੍ਹਤਾ ਨਾਲ ਉਨ੍ਹਾਂ ਪਿੱਛੇ ਖੜਾ ਹੋਵੇਗਾ। ਸ. ਸਰਨਾ ਨੇ ਕਿਹਾ ਕਿ ਕੇਵਲ ਚਿੰਤਾ ਪ੍ਰਗਟ ਕਰਨ ਅਤੇ ਰਾਜਨੀਤੀ ਦਾ ਸ਼ਿਕਾਰ ਹੋ ਚੁੱਕੀ ਸ਼੍ਰੋਮਣੀ ਕਮੇਟੀ ਪਾਸੋਂ ਅਜਿਹੀ ਆਸ ਰੱਖਣਾ ਪਾਣੀ ਵਿੱਚ ਲਕੀਰ ਖਿੱਚਣ ਦੇ ਤੁਲ ਹੀ ਹੋਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ-ਸੰਤ-ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top