Share on Facebook

Main News Page

ਪੰਜ ਅਖੌਤੀ ਜਥੇਦਾਰਾਂ ਦੀ ਮੀਟਿੰਗ 20 ਮਾਰਚ ਨੂੰ – ‘ਗਿਆਨੀ’ ਇਕਬਾਲ ਸਿੰਘ ਦੇ ਬਤੌਰ ਜਥੇਦਾਰ ਸ਼ਾਮਲ ਹੋਣ ਦੀ ਸੰਭਾਵਨਾ

ਅੰਮ੍ਰਿਤਸਰ, 19 ਮਾਰਚ - ਸ੍ਰੀ ਅਕਾਲ ਤਖ਼ਤ ਵਿਖੇ ਪੰਜ ਮੁੱਖ ਪੁਜਾਰੀਆਂ ਦੀ 20 ਮਾਰਚ ਨੂੰ ਹੋਣ ਵਾਲੀ ਮੀਟਿੰਗ ਵਿਚ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਗਿਆਨੀ ਇਕਬਾਲ ਸਿੰਘ ਦੇ ਬਤੌਰ ਜਥੇਦਾਰ ਸ਼ਾਮਲ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਸਪੱਸ਼ਟ ਹੈ ਕਿ ਅਕਾਲ ਤਖ਼ਤ ਵੱਲੋਂ ਉਨ੍ਹਾਂ ਦੀ ਮੁਅੱਤਲੀ ਨੂੰ ਮਾਨਤਾ ਨਹੀਂ ਦਿੱਤੀ ਗਈ ਹੈ। ਇਸ ਮੀਟਿੰਗ ਵਿਚ ਵੱਖ-ਵੱਖ ਧਾਰਮਿਕ ਮੁੱਦੇ ਵਿਚਾਰੇ ਜਾਣਗੇ।  ਇਥੇ ਦੱਸਣਯੋਗ ਹੈ ਕਿ 7 ਜਨਵਰੀ ਨੂੰ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਗੁਰਪੁਰਬ ਮੌਕੇ ਵਾਪਰੀ ਘਟਨਾ ਤੋਂ ਬਾਅਦ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਵੱਲੋਂ ਜਥੇਦਾਰ ਗਿਆਨੀ ਇਕਬਾਲ ਸਿੰਘ ਨੂੰ   ਮੁਅੱਤਲ ਕਰ ਦਿੱਤਾ ਗਿਆ ਸੀ।

ਦੂਜੇ ਪਾਸੇ ਗਿਆਨੀ ਇਕਬਾਲ ਸਿੰਘ ਨੇ ਪ੍ਰਬੰਧਕੀ ਕਮੇਟੀ ਨੂੰ ਭੰਗ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। ਇਸ ਤੋਂ ਇਲਾਵਾ 7 ਜਨਵਰੀ ਨੂੰ ਹੋਈ ਮਾਰਕੁੱਟ ਦੇ ਸਬੰਧ ਵਿਚ ਪ੍ਰਬੰਧਕੀ ਕਮੇਟੀ ਦੇ ਪੰਜ ਆਗੂਆਂ ਸਮੇਤ 7 ਵਿਅਕਤੀਆਂ ਖਿਲਾਫ਼ ਪਟਨਾ ਪੁਲੀਸ ਕੋਲ ਜਾਨਲੇਵਾ ਹਮਲੇ ਦੇ ਸਬੰਧ ਵਿਚ ਪੁਲੀਸ ਕੇਸ ਵੀ ਦਰਜ ਕਰਾਇਆ ਸੀ। ਇਸ ਤੋਂ ਬਾਅਦ ਕੁਝ ਦਿਨ ਪਹਿਲਾਂ ਹੀ ਗਿਆਨੀ ਇਕਬਾਲ ਸਿੰਘ ਵੱਲੋਂ ਇਕ ਹੁਕਮਨਾਮਾ ਜਾਰੀ ਕਰਕੇ ਪ੍ਰਬੰਧਕ ਕਮੇਟੀ ਦੇ 3 ਮੈਂਬਰਾਂ ਸਮੇਤ 8 ਵਿਅਕਤੀਆਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਹੈ। ਇਨ੍ਹਾਂ ਅੱਠ ਵਿਅਕਤੀਆਂ ਵਿਚ ਸਰਨਾ ਭਰਾ ਅਤੇ ਤਖਤ ਸ੍ਰੀ ਪਟਨਾ ਸਾਹਿਬ ਵਿਖੇ ਨਵਨਿਯੁਕਤ ਵਧੀਕ ਗ੍ਰੰਥੀ ਗਿਆਨੀ ਪ੍ਰਤਾਪ ਸਿੰਘ ਵੀ ਸ਼ਾਮਲ ਹਨ।

ਇਸ ਸਬੰਧ ਵਿਚ ਗੱਲ ਕਰਦਿਆਂ ਗਿਆਨੀ ਇਕਬਾਲ ਸਿੰਘ ਨੇ ਦੱਸਿਆ ਕਿ ਉਹ ਭਲਕੇ ਪੰਜ ਮੁੱਖ ਪੁਜਾਰੀਆਂ ਦੀ ਹੋਣ ਵਾਲੀ ਇਕੱਤਰਤਾ ਵਿਚ ਬਤੌਰ ਜਥੇਦਾਰ ਸ਼ਾਮਲ ਹੋਣ ਲਈ ਆ ਰਹੇ ਹਨ। ਉਨ੍ਹਾਂ ਆਖਿਆ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਵੱਲੋਂ ਉਨ੍ਹਾਂ ਨੂੰ ਮੁਅੱਤਲ ਕੀਤੇ ਜਾਣ ਦੀ ਕਾਰਵਾਈ ਕਿਸੇ ਵੀ ਤਰ੍ਹਾਂ ਕਾਨੂੰਨੀ ਅਤੇ ਉਚਿਤ ਨਹੀਂ ਸੀ, ਕਿਉਂਕਿ ਇਸ ਕਾਰਵਾਈ ਤੋਂ ਪਹਿਲਾਂ ਪ੍ਰਬੰਧਕੀ ਕਮੇਟੀ ਦੇ ਆਗੂਆਂ ਖਿਲਾਫ਼ ਜਾਨਲੇਵਾ ਹਮਲੇ ਤਹਿਤ ਧਾਰਾ 307 ਹੇਠ ਕੇਸ ਦਰਜ ਹੋ ਚੁੱਕਾ ਸੀ ਅਤੇ ਦੋਸ਼ੀ ਵਿਅਕਤੀਆਂ ਨੂੰ ਪ੍ਰਬੰਧਕੀ ਕਮੇਟੀ ਦੇ ਦਫਤਰ ਤੋਂ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕਰਨ ਦਾ ਕੋਈ ਹੱਕ ਨਹੀਂ ਹੈ। ਇਸ ਲਈ ਉਨ੍ਹਾਂ ਦੀ ਕਾਰਵਾਈ ਜਿਥੇ ਗ਼ੈਰ ਕਾਨੂੰਨੀ ਹੈ, ਉਥੇ ਅਣਉਚਿਤ ਵੀ ਹੈ। ਇਸੇ ਲਈ ਅਕਾਲ ਤਖ਼ਤ ਤੋਂ ਇਸ ਮੁਅੱਤਲੀ ਨੂੰ ਮਾਨਤਾ ਨਹੀਂ ਦਿੱਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ 7 ਜਨਵਰੀ ਨੂੰ ਵਾਪਰੀ ਘਟਨਾ ਦੌਰਾਨ ਪ੍ਰਬੰਧਕੀ ਕਮੇਟੀ ਦੇ ਆਗੂਆਂ ਤੇ ਹੋਰਨਾਂ, ਜਿਨ੍ਹਾਂ ਨੂੰ ਪੁਲੀਸ ਕੇਸ ਵਿਚ ਨਾਮਜ਼ਦ ਕੀਤਾ ਗਿਆ ਹੈ, ਦੇ ਸਮਰਥਕਾਂ ਵੱਲੋਂ ਉਨ੍ਹਾਂ ਉਪਰ ਜਾਨਲੇਵਾ ਹਮਲਾ ਕੀਤਾ ਗਿਆ ਸੀ।

ਇਸ ਮੀਟਿੰਗ ਵਿਚ ਕਈ ਅਹਿਮ ਸਿੱਖ ਧਾਰਮਿਕ ਮਾਮਲੇ ਵਿਚਾਰੇ ਜਾਣਗੇ, ਜਿਨ੍ਹਾਂ ਵਿਚ ਅਹਿਮ ਰਾਜਸਥਾਨ ਦੇ ਗੁਰਦੁਆਰਾ ਬੁੱਢਾ ਜੌਹੜ ਦੇ ਵਿਦਿਅਕ ਟਰਸੱਟ ਦਾ ਮਾਮਲਾ ਹੈ। ਇਸ ਵਿਦਿਅਕ ਟਰੱਸਟ ਦੇ ਝਗੜੇ ਦੇ ਮਾਮਲੇ ਵਿਚ ਇਕ ਧਿਰ ਨੂੰ ਪੰਜ ਮੁੱਖ ਪੁਜਾਰੀਆਂ ਵੱਲੋਂ ਤਨਖਾਹੀਆ ਕਰਾਰ ਦਿੱਤਾ ਜਾ ਚੁੱਕਾ ਹੈ ਅਤੇ ਉਨ੍ਹਾਂ ਨੂੰ ਪੇਸ਼ ਹੋ ਕੇ ਤਨਖਾਹ ਲਵਾਉਣ ਲਈ ਆਦੇਸ਼ ਦਿੱਤੇ ਗਏ ਸਨ। ਭਲਕੇ ਇਸ ਧੜੇ ਨੂੰ ਤਨਖਾਹ ਲਾਏ ਜਾਣ ਦੀ ਸੰਭਾਵਨਾ ਹੈ। ਇਥੇ ਜ਼ਿਕਰਯੋਗ ਹੈ ਕਿ ਰਾਜਸਥਾਨ ਦੇ ਕੁਝ ਸਿੱਖਾਂ ਵੱਲੋਂ ਪਿਛਲੇ ਦਿਨੀਂ ਅਕਾਲ ਤਖ਼ਤ ਦੇ ਜਥੇਦਾਰ ’ਤੇ ਤਨਖਾਹੀਆ ਕਰਾਰ ਦਿੱਤੇ ਵਿਅਕਤੀਆਂ ਕੋਲੋਂ ਸਿਰੋਪਾ ਲੈਣ ਦਾ ਦੋਸ਼ ਲਾਇਆ ਗਿਆ ਸੀ।

ਇਸ ਤੋਂ ਇਲਾਵਾ ਵਿਦੇਸ਼ ਵਿਚ ਹੈਮਿਲਟਨ ਦੇ ਗੁਰਦੁਆਰੇ ਦਾ ਮਾਮਲਾ ਵੀ ਵਿਚਾਰਿਆ ਜਾਵੇਗਾ। ਹੈਮਿਲਟਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਨੂੰ ਆਦੇਸ਼ ਦਿੱਤਾ ਗਿਆ ਸੀ ਕਿ ਉਹ ਗੁਰਦੁਆਰੇ ਵਿਚ ਕਿਸੇ ਵੀ ਵਿਅਕਤੀ ਨੂੰ ਆਉਣ ਤੋਂ ਨਾ ਰੋਕਣ ਪਰ ਇਸ ਸਬੰਧ ਵਿਚ ਪ੍ਰਬੰਧਕ ਕਮੇਟੀ ਦੇ ਆਗੂਆਂ ਵੱਲੋਂ ਲਾਈ ਰੋਕ ਬਰਕਰਾਰ ਹੈ। ਇਸ ਮਾਮਲੇ ਵਿਚ ਪੰਜ ਮੁੱਖ ਪੁਜਾਰੀਆਂ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ। ਇਸੇ ਤਰ੍ਹਾਂ ਪੁਣੇ ਦੇ ਇਕ ਗੁਰਦੁਆਰੇ ਅਤੇ ਬੈਂਗਲੌਰ ਦੇ ਇਕ ਸਿੱਖ ਵਿਅਕਤੀ ਦਾ ਮਾਮਲਾ ਵੀ ਮੁੱਖ ਪੁਜਾਰੀਆਂ ਦੇ ਵਿਚਾਰ ਅਧੀਨ ਹੈ। ਇਸ ਤੋਂ ਇਲਾਵਾ ਹੋਰ ਧਾਰਮਿਕ ਮਾਮਲੇ ਵੀ ਮੀਟਿੰਗ ਵਿਚ ਵਿਚਾਰੇ ਜਾਣ ਦੀ ਸੰਭਾਵਨਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ-ਸੰਤ-ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top