ਹੋਲੀ
ਤੋਂ ਹੋਲੇ ਮਹੱਲੇ ਬਾਰੇ
ਸੰਖੇਪ
ਟਿੱਪਣੀ
-:
ਅਵਤਾਰ ਸਿੰਘ ਮਿਸ਼ਨਰੀ
510-432-5827
ਇਸ ਬਾਰੇ ਡਾ. ਗੁਰਮੀਤ ਸਿੰਘ ਬਰਸਾਲ ਦੀ ਹੋਲੀ ਬਾਰੇ ਲਿਖੀ ਸੰਖੇਪ ਪਰ ਭਾਵਪੂਰਤ ਕਵਿਤਾ ਜੋ ਕਈ ਵੈਬਸਾਈਟਾਂ ਤੇ ਛਪ ਚੁੱਕੀ ਹੈ ਅਤੇ ਕਈ ਰੇਡੀਓ ਸਟੇਸ਼ਨਾਂ ਤੇ ਹੋਏ ਟਾਕ ਸ਼ੋਅ ਤਾਂ ਰਵਾਇਤੀ ਮਿੱਥਾਂ ਹੀ ਵਰਨਣ ਕਰ ਰਹੇ ਸਨ। ਜਿਸ ਤੋਂ ਪ੍ਰਭਾਵਿਤ ਹੋ ਕੇ ਦਾਸ ਨੇ ਇਹ ਗੁਰਮਤਿ ਗਿਆਨ ਦੇ ਇਹ ਚਾਰ ਅੱਖਰ ਲਿਖੇ ਹਨ। ਇਸ ਬਾਰੇ ਹੋਰ ਵਿਸਥਾਰ ਨਾਲ ਆਪ ਜੀ ਦਾਸ ਦੇ ਲਿਖੇ ਲੇਖ “ਹੋਲਾ-ਮਹੱਲਾ ਸ਼ਸ਼ਤ੍ਰ ਵਿਦਿਆ, ਅਣਖ, ਗੈਰਤ, ਅਜ਼ਾਦੀ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ” ਵਿੱਚ ਪੜ੍ਹ ਸਕਦੇ ਹੋ।ਆਓ ਖੁੱਲ੍ਹੇ ਦਿਲ ਦਿਮਾਗ ਨਾਲ ਵਿਚਾਰ ਕਰੀਏ ਕਿ ਅੱਜ ਕੱਲ ਗੁਰੂ ਗਿਆਨ ਵਿਹੂਣੇ ਸਿੱਖਾਂ ਨੇ ਤਾਂ ਹਰ ਗੁਰਮਤਿ ਵਿਰੋਧੀ ਰੀਤ, ਰਸਮ ਅਤੇ ਤਿਉਹਾਰ ਗੁਰਦੁਆਰਿਆਂ ਵਿੱਚ ਵੀ ਮਨਾਉਣ ਦਾ ਠੇਕਾ ਲੈ ਲਿਆ ਹੋਇਆ ਹੈ। ਗੁਰਬਾਣੀ ਕਹਿੰਦੀ ਹੈ ਕਿ- ਹੋਲੀ ਕੀਨੀ ਸੰਤ ਸੇਵ॥ ਰੰਗੁ ਲਗਾ ਅਤਿ ਲਾਲ ਦੇਵ॥(1180) ਸੰਗਤਾਂ ਦੀ ਸੇਵਾ ਭਾਵ ਲੋੜਵੰਦਾਂ ਦੀ ਮਦਦ ਕਰਨੀ ਹੀ ਅਸਲ ਹੋਲੀ ਹੈ ਜਿਸ ਕਰਕੇ ਹਿਰਦੇ ਰੂਪੀ ਕਪੜੇ ਤੇ ਮਨੁੱਖਤਾ ਦੇ ਪਿਆਰ ਦਾ ਲਾਲ ਰੰਗ (ਰੱਬੀ ਰੰਗ) ਲੱਗ ਗਿਆ ਹੈ ਵਰਨਾ ਹੋਲੀਆਂ ਵਿੱਚ ਪਿਆਰ ਮੁਹੱਬਤ ਤੇ ਲੋੜਵੰਦਾਂ ਦੀ ਮਦਦ ਕਰਨ ਦੀ ਥਾਂ ਉਲਟਾ ਗੰਦੇ ਮੰਦੇ ਰੰਗ ਸੁੱਟ ਕੇ, ਦੂਸਰਿਆਂ ਨਾਂ ਚਾਹੁੰਣ ਵਾਲਿਆਂ ਦੇ ਵੀ ਕੀਮਤੀ ਕਪੜੇ ਖਰਾਬ ਕਰਨੇ, ਨਸ਼ੇ ਪੀ ਕੇ ਨੱਚਣਾਂ, ਗਾਲੀ ਗਲੋਚ ਕਰਨੀ ਅਤੇ ਬੇਵਜਾ ਲੜਾਈਆਂ ਕਰਨੀਆਂ ਹੋਲੀ ਨਹੀਂ ਕਹੀ ਜਾ ਸਕਦੀ। ਇਸੇ ਕਰਕੇ ਗੁਰਦੇਵ ਨੇ ਸਦੀਆਂ ਤੋਂ ਲਤਾੜੀ ਜਾ ਰਹੀ ਜਨਤਾ ਜੋ ਆਪਣੀ ਮਰਜੀ ਨਾਲ ਸਿਰ ਦਾ ਤਾਜ ਦਸਤਾਰ ਵੀ ਨਹੀਂ ਸੀ ਸਜਾ ਸਕਦੀ ਜੋ ਇਜ਼ਤ ਆਬਰੂ ਦੀ ਪ੍ਰਤੀਕ ਹੈ, ਤੀਰ ਕਮਾਨ ਤਲਵਾਰ ਆਦਿਕ ਸ਼ਸ਼ਤਰ ਵੀ ਨਹੀਂ ਸੀ ਰੱਖ ਸਕਦੀ ਅਤੇ ਸ਼ਿਕਾਰ ਵੀ ਨਹੀਂ ਸੀ ਖੇਡ ਸਕਦੀ ਨੂੰ ਗੁਰਮਤਿ ਰੱਬੀ ਪਿਆਰ ਦਾ ਹਲੂਣਾ ਦੇ ਕੇ, ਜ਼ਾਲਮ ਹਕੂਮਤਾਂ ਦੇ ਜ਼ਬਰ ਸਹਿਣ ਤੋਂ ਮੁਕਤਿ ਕਰ ਦਿੱਤਾ। ਉਹ ਹੁਣ ਹੋਲੀਆਂ ਨਹੀਂ ਸਗੋਂ ਹੋਲੇ ਮਹੱਲੇ ਖੇਡਣ ਲੱਗ ਪਈ ਭਾਵ ਸ਼ਸ਼ਤਰ ਵਿਦਿਆ ਸਿੱਖ ਕੇ, ਬਹਾਦਰੀ ਦੇ ਜ਼ੌਹਰ ਦਿਖਾਉਣ ਲੱਗ ਪਈ।ਗੁਰੂ ਗੋਬਿੰਦ ਸਿੰਘ ਜੀ ਤਾਂ ਅਨੰਦਪੁਰ ਵਿਖੇ ਹੋਲੇ ਮਹੱਲੇ ਤੇ ਸ਼ਸ਼ਤਰ ਅਭਿਆਸੀਆਂ ਨੂੰ ਸਨਮਾਨਤ ਕਰਕੇ, ਸਵੈ ਰੱਖਿਆ ਲਈ ਉਤਸ਼ਾਹ ਦੇਣ ਲੱਗ ਪਏ। ਜਿਸ ਦਾ ਐਸਾ ਲਾਲ ਰੰਗ ਭਾਰਤੀ ਨਜਤਾ ਅਤੇ ਖਾਸ ਕਰ ਗੁਰਸਿੱਖਾਂ ਤੇ ਚੜ੍ਹਿਆ ਕਿ ਸਦੀਆਂ ਤੋਂ ਚਲੀ ਆ ਰਹੀ ਜ਼ਾਲਮ ਮੁਗਲੀਆਂ ਹਕੂਮਤ ਦਾ ਬਿਸਤਰਾ ਗੋਲ ਕਰ ਦਿੱਤਾ। ਬਾਅਦ ਵਿੱਚ ਫਿਰ ਅੰਗ੍ਰੇਜਾਂ ਦੀ 100 ਸਾਲਾ ਗੁਲਾਮੀ ਤੋਂ ਨਿਜ਼ਾਤ ਪਾਉਣੀ ਵੀ ਇਸੇ ਸਪ੍ਰਿਟ ਦੀ ਹੀ ਦੇਣ ਹੈ। ਸੋ ਚਾਹਿਦਾ ਤਾਂ ਸੀ ਸਮੁੱਚੇ ਭਾਰਤ ਨੂੰ ਰਵਾਇਤੀ ਹੋਲੀ ਨੂੰ ਬਦਲ ਕੇ ਅਣਖ, ਗੈਰਤ, ਅਜ਼ਾਦੀ ਅਤੇ ਚੜ੍ਹਦੀ ਕਲਾ ਦੇ ਪ੍ਰਤੀਕ ਹੋਲੇ ਮਹੱਲੇ ਨੂੰ ਅਪਣਾਅ ਕੇ ਉਸ ਗੁਰੂ ਦੀਆਂ ਸਦੀਵੀ ਖੁਸ਼ੀਆਂ ਪ੍ਰਾਤਪ ਕਰਦੇ ਜਿਸ ਨੇ ਸਵੈਮਾਨਤਾ ਨਾਲ ਜਿਉਣ ਦੇ ਢੰਗ, ਤਰੀਕੇ ਅਤੇ ਭ੍ਰਾਤਰੀਭਾਵ ਨਾਲ ਰਹਿਣ ਵਾਲੇ ਰੱਬੀ ਪਿਆਰ ਦਾ ਲਾਲ ਰੰਗ ਬਖਸ਼ਿਸ ਕੀਤਾ ਸੀ। ਅੱਜ ਵੀ ਉਹ ਲਾਲ ਰੰਗ ਭਾਵ ਰੱਬੀ ਪਿਆਰ ਰੂਪ ਉਪਦੇਸ਼ ਮਨੁੱਖਤਾ ਦੇ ਸਰਬ ਸਾਂਝੇ ਧਰਮ ਗ੍ਰੰਥ “ਗੁਰੂ ਗ੍ਰੰਥ ਸਾਹਿਬ” ਵਿਖੇ ਸੁਭਾਇਮਾਨ ਹੈ।