Share on Facebook

Main News Page

ਬਸੰਤ ਰੁੱਤ ਦਾ ਸਮਾਂ: ਮਾਘ-ਫੱਗਣ ਜਾਂ ਚੇਤ-ਵੈਸਾਖ
-: ਲਖਬੀਰ ਸਿੰਘ (ਕੈਨੇਡਾ)
647-802-2700  lsinghcanada@yahoo.ca

ਪਿਛਲੇ ਤਕਰੀਬਨ 25 ਸਾਲਾ ਤੋਂ ਵੱਖ ਵੱਖ ਗੁਰ ਅਸਥਾਨਾਂ 'ਤੇ ਗੁਰਬਾਣੀ ਵੀਚਾਰ ਦੀ ਸੇਵਾ ਨਿਭਾਉਂਦਿਆਂ ਅਨੇਕਾਂ ਹੀ ਗੁਰਬਾਣੀ ਕੀਰਤਨ ਕਰਨ ਵਾਲਿਆਂ ਨਾਲ ਮੇਲ ਮਿਲਾਪ ਹੁੰਦਾ ਰਹਿਆ ਹੈ। ਵੇਖਣ ਵਿਚ ਆਇਆ ਹੈ ਕਿ ਤਕਰੀਬਨ ਹਰੇਕ ਗੁਰ ਅਸਥਾਨ 'ਤੇ ਹੀ ਗੁਰੂ ਕੇ ਕੀਰਤਨੀਏ ਮਾਘ ਅਤੇ ਫੱਗਣ ਦੇ ਮਹੀਨੇ ਵਿਚ ਬਸੰਤ ਰਾਗ ਵਿਚ ਇਕ ਸਬਦ ਜਰੂਰ ਪੜਦੇ ਹਨ। ਇਸਦੇ ਸੰਬੰਧ ਵਿਚ ਇਹੀ ਦਸਿਆ ਜਾਂਦਾ ਹੈ ਕਿ ਬਸੰਤ ਰਾਗ ਕੇਵਲ ਬਸੰਤ ਰੁੱਤ ਵਿਚ ਹੀ ਪੜਿਆ ਜਾਂਦਾ ਹੈ। ਮਹਾਨਕੋਸ਼ ਦੇ ਕਰਤਾ ਭਾਈ ਕਾਹਨ ਸਿੰਘ ਜੀ ਨਾਭਾ ਅਨੁਸਾਰ ਵੀ ਬਸੰਤ ਰਾਗ ਗਾਉਣ ਦਾ ਸਮਾਂ ਬਸੰਤ ਰੁੱਤ ਅਥਵਾ ਰਾਤ ਦਾ ਸਮਾਂ ਹੈ। ਪਰ ਵੀਚਾਰਨ ਵਾਲਾ ਵਿਸ਼ਾ ਇਹ ਹੈ ਕਿ ਕੀ ਬਸੰਤ ਰੁੱਤ ਮਾਘ ਅਤੇ ਫਗਨ ਵਿਚ ਹੀ ਆਉਂਦੀ ਹੈ।

ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਵਿਚੋਂ ਕੁਝ ਸਬਦ ਮੈਂ ਆਪਜੀ ਨਾਲ ਸਾਂਝੇ ਕਰਨੇ ਚਾਹੁੰਦਾ ਹਾਂ ਜੋ ਇਸ ਗਲ ਦੀ ਪੁਸ਼ਟੀ ਕਰਦੇ ਹਨ, ਕਿ ਬਸੰਤ ਰੁੱਤ ਮਾਘ ਜਾਂ ਫੱਗਣ ਵਿਚ ਨਹੀਂ ਬਲਕਿ ਚੇਤ ਅਤੇ ਵੈਸਾਖ ਵਿਚ ਆਉਂਦੀ ਹੈ। ਆਓ ਪਹਿਲਾਂ ਉਨਾਂ ਸਬਦਾਂ ਨੂ ਵੀਚਾਰੀਏ:

ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥ ਬਨ ਫੂਲੇ ਮੰਝ ਬਾਰਿ ਮੈਂ ਪਿਰੁ ਘਰਿ ਬਾਹੁੜੈ ॥
ਪਿਰੁ ਘਰਿ ਨਹੀਂ ਆਵੈ ਧਨ ਕਿਉ ਸੁਖੁ ਪਾਵੈ ਬਿਰਹਿ ਬਿਰੋਧ ਤਨੁ ਛੀਜੈ ॥ ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ ॥

ਤੁਖਾਰੀ ਬਾਰਹਮਾਹਾ (ਮਃ 1) ਗੁਰੂ ਗ੍ਰੰਥ ਸਾਹਿਬ - ਅੰਕ 1108

ਗੁਰੂ ਨਾਨਕ ਸਾਹਿਬ ਜੀ ਅਨੁਸਾਰ ਚੇਤ ਦਾ ਮਹੀਨਾ ਅਤੇ ਚੇਤ ਦੇ ਮਹੀਨੇ ਵਿਚ ਬਸੰਤ ਦਾ ਮੌਸਮ ਵੀ ਪਿਆਰਾ ਲਗਦਾ ਹੈ, ਜਦੋਂ ਬਨਸਪਤੀ ਨੂੰ ਫੁਲ ਲਗ ਜਾਂਦੇ ਹਨ ਅਤੇ ਫੁਲਾਂ ਉਤੇ ਬੇਠੈ ਭਵਰੇ ਸੋਹਣੇ ਲਗਦੇ ਹਨ। ਇਸ ਰੁੱਤ ਵਿਚ ਕੋਇਲ ਅੰਬ ਦੇ ਰੁਖ ਉਤੇ ਮਿਠੇ ਬੋਲ ਬੋਲਦੀ ਹੈ।

ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਅ ਰੁੱਤੇ॥ ਪਿਰ ਬਾਝੜਿਅਹੁ ਮੇਰੇ ਪਿਆਰੇ ਆਂਗਿਣ ਧੂੜਿ ਲੁਤੇ॥ {ਮਹਲਾ 4, ਪੰਨਾ 452}

ਗੁਰੂ ਰਾਮਦਾਸ ਜੀ ਅਨੁਸਾਰ, "ਹੇ ਮੇਰੇ ਪਿਆਰੇ! ਚੇਤ ਦਾ ਮਹੀਨਾ ਚੜਦਾ ਹੈ, ਬਸੰਤ ਦਾ ਮੋਸਮ ਆਉਂਦਾ ਹੈ ਹਰ ਕੋਈ ਆਖਦਾ ਹੈ ਕਿ ਭਲੀ ਰੁੱਤ ਆ ਗਈ ਹੈ ਪਰ ਪ੍ਰਭੁ ਪਤੀ ਦੇ ਮਿਲਾਪ ਤੋਂ ਬਿਨਾ ਮੇਰੇ ਹਿਰਦੇ ਦੇ ਵਿਹੜੇ ਵਿਚ ਧੂੜ ਉੱਡ ਰਹੀ ਹੈ।

ਗੁਰੂ ਅਰਜੁਨ ਸਾਹਿਬ ਜੀ ਨੇ ਰਾਮਕਲੀ ਰਾਗ ਵਿਚ "ਰੁੱਤੀ" ਦੇ ਸਿਰਲੇਖ ਹੇਠ ਬਾਣੀ ਉਚਾਰਨ ਕੀਤੀ ਹੈ ਜਿਸ ਵਿਚ ਦੋ ਦੋ ਮਹੀਨਿਆਂ ਦੀ ਇਕ ਰੁੱਤ ਅਤੇ ਸਾਲ ਦੀਆਂ ਛੇ ਰੁੱਤਾਂ ਦਾ ਜਿਕਰ ਮਿਲਦਾ ਹੈ, ਉਸ ਅਨੁਸਾਰ ਵੀ ਬਸੰਤ ਰੁੱਤ ਦਾ ਸਮਾਂ ਚੇਤ ਅਤੇ ਵੈਸਾਖ ਦਾ ਹੀ ਹੈ। ਗੁਰਵਾਕ ਇਸ ਤਰਾਂ ਹੈ:

ਰੁੱਤਿ ਸਰਸ ਬਸੰਤ ਮਾਹ ਚੇਤੁ ਵੈਸਾਖ ਸੁਖ ਮਾਸੁ ਜੀਉ॥
ਹਰਿ ਜੀਉ ਨਾਹੁ ਮਿਲਆ ਮਉਲਿਆ ਮਨੁ ਤਨੁ ਸਾਸੁ ਜੀਉ॥
{927 }

ਇਸੇ ਤਰਾਂ ਭਾਈ ਗੁਰਦਾਸ ਜੀ ਵੀ ਬਸੰਤ ਰੁੱਤ ਦਾ ਸਬੰਧ ਚੇਤ ਮਹੀਨੇ ਨਾਲ ਹੀ ਦਸਦੇ ਹਨ।

ਚੇਤਿ ਬਸੰਤੁ ਸੁ ਰੰਗੁ ਸਭ ਰੰਗ ਮਾਣਿਆ। (ਵਾਰ 19 ਪਉੜੀ 9)

ਅਤੇ

ਮਉਲੇ ਅੰਬ ਬਸੰਤ ਰੁੱਤਿ ਅਉੜੀ ਅਕੁਸੁ ਫੁਲੀ ਭਰਿਆ। (ਵਾਰ 31 ਪਉੜੀ 8)
ਭਾਈ ਸਾਹਿਬ ਜੀ ਅਨੁਸਾਰ ਅੰਬ ਬਸੰਤ ਰੁੱਤ ਵਿਚ ਮਉਲਦਾ ਹੈ।

ਅਸੀਂ ਜਾਣਦੇ ਹਾਂ ਕਿ ਪੰਜਾਬ ਦੀ ਧਰਤੀ ਤੇ ਅੰਬ, ਮਾਘ ਵਿਚ ਨਹੀਂ ਬਲਕਿ ਚੇਤ ਵੈਸਾਖ ਵਿਚ ਮਉਲਦੇ ਹਨ

ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ਵੀ ਬਸੰਤ ਦਾ ਅਰਥ “ਪ੍ਰਿਥਿਵੀ ਨੂੰ ਪਤ੍ਰ ਫਲ ਆਦਿ ਨਾਲ ਢੱਕ ਲੈਣ ਵਾਲੀ ਰੁੱਤ, ਚੇਤ ਵੈਸਾਖ ਦੀ ਰੁੱਤ” (ਮਹਾਨਕੋਸ਼ ਪੰਨਾ 826) ਹੈ।

ਸਾਨੂੰ ਪਤਾ ਹੈ ਕਿ ਸਾਰੀ ਦੁਨੀਆਂ ਵਿਚ ਇਕ ਸਮੇਂ ਇਕੋ ਜਿਹੀ ਰੁੱਤ ਅਤੇ ਮੌਸਮ ਨਹੀਂ ਹੁੰਦਾ। ਉਦਾਹਰਣ ਦੇ ਤੌਰ 'ਤੇ ਨਿਊਜੀਲੈਂਡ ਅਤੇ ਆਸਟਰੇਲੀਆ ਆਦਿਕ ਦੇਸਾਂ ਵਿਚ ਮੌਸਮ ਪੰਜਾਬ ਦੇ ਬਿਲਕੁਲ ਉਲਟ ਹੈ। ਇਸੇ ਤਰਾਂ ਥਾਈਲੈਂਡ, ਸਿੰਗਾਪੁਰ ਆਦਿਕ ਦੇਸਾਂ ਵਿਚ ਅਤੇ ਹਿੰਦੁਸਤਾਨ ਦੇ ਵੀ ਕੁਝ ਪ੍ਰਾਂਤ ਐਸੇ ਹਨ ਜਿਥੇ ਸਾਰਾ ਸਾਲ ਹੀ ਗਰਮੀ ਪੈਂਦੀ ਹੈ। ਕੈਨੇਡਾ ਵਰਗੇ ਦੇਸ ਵਿਚ ਵੀ ਬਸੰਤ ਰੁੱਤ ਦੇ ਕੌਤਕ (ਫੁਲਾਂ ਦਾ ਖਿੜਨਾ, ਬਨਸਪਤੀ ਤੇ ਖੇੜਾ ਆਉਣਾ, ਅੰਬਾਂ ਦਾ ਮਉਲਣਾਂ ਆਦਿ) ਮਾਘ ਫੱਗਣ (ਜਨਵਰੀ-ਫਰਵਰੀ) ਵਿਚ ਦੇਖਣ ਨੂੰ ਨਹੀਂ ਮਿਲਦੇ, ਸਗੋਂ ਇਸ ਸਮੇਂ ਵਿਚ ਤਾਂ ਚਾਰੇ ਪਾਸੇ ਦਸ-ਦਸ ਫੁੱਟ ਬਰਫ ਦੇ ਢੇਰ ਲਗੇ ਹੋਏ ਹੀ ਦਿਸਦੇ ਹਨ। ਪਰ ਇਸ ਦੇ ਬਾਵਜੂਦ ਕੀ ਕਾਰਨ ਹੈ ਕਿ ਦੇਸ ਵਿਦੇਸ ਦੇ ਹਰੇਕ ਗੁਰਦੁਆਰਾ ਸਾਹਿਬ ਵਿਚ ਬਸੰਤ ਰਾਗ ਕੇਵਲ ਮਾਘ ਅਤੇ ਫੱਗਣ ਵਿਚ ਹੀ ਗਾਇਆ ਜਾਂਦਾ ਹੈ, ਪਰ ਗੁਰੁ ਸਾਹਿਬਾਨ ਅਨੁਸਾਰ ਦਰਸਾਈ ਹੋਈ ਬਸੰਤ ਰੁੱਤ ਜੋ ਕਿ ਚੇਤ ਅਤੇ ਵੈਸਾਖ ਦਾ ਮਹੀਨਾ ਹੈ ਉਸ ਵਿਚ ਨਹੀਂ ਗਾਇਆ ਜਾਂਦਾ?

ਇਸ ਸੰਬੰਧ ਵਿਚ ਜਦੋਂ ਕੁਝ ਗੁਰਬਾਣੀ ਸੰਗੀਤ ਦੀ ਸੋਝੀ ਰੱਖਣ ਵਾਲੇ ਗੁਰੂ ਕੇ ਕੀਰਤਨੀਆਂ ਜਿਨਾਂ ਵਿਚ ਸ਼੍ਰੀ ਦਰਬਾਰ ਸਾਹਿਬ ਜੀ ਦੇ ਕੀਰਤਨੀਏ ਵੀ ਮੌਜੂਦ ਸਨ, ਨਾਲ ਗਲ ਕੀਤੀ ਤਾਂ ਕੇਵਲ ਇਹੀ ਜਵਾਬ ਮਿਲਿਆ ਕਿ ਇਹ ਪੁਰਾਤਨ ਪਰੰਪਰਾ ਚਲੀ ਆ ਰਹੀ ਹੈ ਕਿ ਸ਼੍ਰੀ ਦਰਬਾਰ ਸਾਹਿਬ ਜੀ ਵਿਖੇ ਲੋਹੜੀ ਦੀ ਰਾਤ ਨੂੰ ਬਸੰਤ ਰਾਗ ਦੀ ਸ਼ੁਰੂਆਤ ਹੁੰਦੀ ਹੈ ਅਤੇ ਹੋਲੇ ਮਹੱਲੇ 'ਤੇ ਜਾਕੇ ਇਸਦੀ ਸਮਾਂਪਤੀ ਹੁੰਦੀ ਹੈ। ਉਸ ਤੋਂ ਬਾਅਦ ਸਾਰਾ ਸਾਲ ਇਹ ਰਾਗ ਨਹੀਂ ਗਾਇਆ ਜਾਂਦਾ। ਕੁੱਝ ਇਕ ਨੇ ਇਹ ਵੀ ਕਹਿਆ ਕਿ ਇਹ ਮਰਯਾਦਾ ਗੁਰੁ ਅਰਜੁਨ ਸਾਹਿਬ ਜੀ ਦੇ ਸਮੇਂ ਤੋਂ ਹੀ ਤੁਰੀ ਆ ਰਹੀ ਹੈ।

ਸ੍ਰੋਮਣੀ ਕਮੇਟੀ ਵਲੋਂ ਛਾਪੇ ਗਏ ਨਾਨਕਸ਼ਾਹੀ ਕੈਲੰਡਰ ਅਨੁਸਾਰ ਹੋਲਾ ਮਹੱਲਾ ਇਸ ਸਾਲ ਭਾਵ ਨਾਨਕਸ਼ਾਹੀ ਸੰਮਤ 546 ਵਿਚ ਦੋ ਵਾਰ (4 ਚੇਤਅਤੇ 22 ਫੱਗਣਨੂੰ) ਆ ਰਿਹਾ ਹੈ। ਇਸ ਹਿਸਾਬ ਨਾਲ ਜੋ ਬਸੰਤ ਰੁੱਤ (ਚੇਤ ਵੈਸਾਖ) ਦਾ ਸਮਾਂ ਗੁਰੁ ਸਾਹਿਬ ਜੀ ਨੇ ਸਾਨੂੰ ਗੁਰਬਾਣੀ ਵਿਚ ਦਸਿਆ ਹੈ, ਉਸ ਅਨੁਸਾਰ ਇਸ ਸਾਲ (ਨਾਨਕਸ਼ਾਹੀ ਸੰਮਤ 546) ਵਿਚ ਕੇਵਲ 4 ਦਿਨ ਬਸੰਤ ਰਾਗ ਗਾਇਆ ਗਿਆ ਹੈ ਅਤੇ ਅਗਲੇ ਸਾਲ ਭਾਵ ਨਾਨਕਸ਼ਾਹੀ ਸੰਮਤ 547 ਵਿਚ ਇਹ ਰਾਗ ਇਕ ਦਿਨ ਵੀ ਨਹੀਂ ਗਾਇਆ ਜਾ ਸਕੇਗਾ। ਜਿਥੋਂ ਤੱਕ ਇਹ ਕਹਿਆ ਜਾ ਰਿਹਾ ਹੈ ਕਿ ਇਹ ਮਰਯਾਦਾ ਗੁਰੂ ਕਾਲ ਤੋਂ ਹੀ ਤੁਰੀ ਆ ਰਹੀ ਹੈ, ਇਸ ਵਿਚ ਕੋਈ ਬਹੁਤਾ ਵਜ਼ਨ ਨਹੀਂ ਜਾਪਦਾ ਕਿਉਂਕਿ ਅਜਿਹਾ ਨਹੀਂ ਹੋ ਸਕਦਾ ਕਿ ਗੁਰੂ ਸਾਹਿਬ ਆਪ ਹੀ ਗੁਰਬਾਣੀ ਦੇ ਉਲਟ ਕੋਈ ਮਰਯਾਦਾ ਬਣਾ ਕੇ ਸਾਨੂੰ ਉਸਦੇ ਪਾਬੰਦ ਰਹਿਣ ਦਾ ਹੁਕਮ ਕਰ ਗਏ ਹੋਣ।

ਅਖੀਰ ਵਿਚ ਗੁਰਬਾਣੀ ਅਤੇ ਗੁਰਮਤ ਸੰਗੀਤ ਦੇ ਖੋਜੀ ਵਿਦਵਾਨਾਂ ਪ੍ਰਤੀ ਸਨਿਮਰ ਬੇਨਤੀ ਹੈ ਕਿ ਇਹ ਸੱਚਾਈ ਸੰਗਤਾਂ ਸਾਹਮਣੇ ਤੱਥਾਂ ਸਮੇਤ ਰੱਖਣ ਕਿ ਕੇਵਲ ਮਾਘ ਅਤੇ ਫੱਗਣ ਦੇ ਮਹੀਨੇ ਤੋਂ ਬਿਨਾ ਤਕਰੀਬਨ 10 ਮਹੀਨੇ ਬਸੰਤ ਰਾਗ ਦਾ ਸਬਦ ਨਾ ਪੜ੍ਹਨਾ, ਇਹ ਮਰਯਾਦਾ ਗੁਰੂ ਸਾਹਿਬ ਜੀ ਦੀ ਬਣਾਈ ਹੋਈ ਹੈ ਜਾਂ ਅਸੀਂ ਕਿਸੇ ਹੋਰ ਮਤ ਦੀ ਨਕਲ ਕਰਦਿਆਂ ਇਸਨੂੰ ਧਾਰਨ ਕਰ ਲਿਆ ਹੈ। ਕਿਉਂਕਿ ਅੱਜ ਸਾਰੇ ਨਹੀਂ ਤਾਂ ਬਹੁਤੇ ਕੀਰਤਨੀਆਂ ਨੂੰ ਇਸ ਬਾਰੇ ਪਤਾ ਨਹੀਂ ਹੈ ਅਤੇ ਉਹ ਕੇਵਲ ਮਰਯਾਦਾ ਦਾ ਬਹਾਨਾ ਬਣਾਂਕੇ ਇਸ ਸਵਾਲ ਨੂੰ ਟਾਲ ਰਹੇ ਹਨ।

ਭੁਲ ਚੁੱਕ ਦੀ ਖਿਮਾ।

 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ-ਸੰਤ-ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top