Share on Facebook

Main News Page

ਪਟਨਾ ਸਾਹਿਬ ਕਮੇਟੀ ਨੂੰ ਇਰਾਦਾ ਕਤਲ ਦੇ ਕੇਸ ਵਿੱਚ ਹਾਈਕੋਰਟ ਵਿੱਚੋਂ ਮਿਲੀ ਜ਼ਮਾਨਤ, ਗਿਆਨੀ ਇਕਬਾਲ ਸਿੰਘ ਦੀ ਜਥੇਦਾਰੀ 'ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗੇ

ਅੰਮ੍ਰਿਤਸਰ 13 ਮਾਰਚ (ਜਸਬੀਰ ਸਿੰਘ) ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਆਹੁਦੇਦਾਰਾਂ ਤੇ ਹੋਰ ਵਿਅਕਤੀਆਂ ਨੂੰ 7 ਜਨਵਰੀ 2014 ਨੂੰ ਤਖਤ ਸਾਹਿਬ ਵਿੱਖੇ ਮਨਾਏ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੇ ਗੁਰਪੁਰਬ ਸਮੇਂ ਤਖਤ ਦੇ ਜਥੇਦਾਰ ਤੇ ਪ੍ਰਬੰਧਕੀ ਕਮੇਟੀ ਵਿੱਚਕਾਰ ਹੋਏ ਟਕਰਾ ਨੂੰ ਲੈ ਕੇ ਦਰਜ ਹੋਏ ਕੇਸ ਵਿੱਚ ਪਟਨਾ ਹਾਈਕੋਰਟ ਨੇ ਪ੍ਰਬੰਧਕਾਂ ਨੂੰ ਰਾਹਤ ਦਿੰਦਿਆਂ ਜ਼ਮਾਨਤ ਦੇ ਦਿੱਤੀ ਹੈ, ਜਿਸ ਨਾਲ ਜਥੇਦਾਰ ਗਿਆਨੀ ਇਕਬਾਲ ਸਿੰਘ ਦੀ ਜਥੇਦਾਰੀ 'ਤੇ ਸੰਕਟ ਦੇ ਬੱਦਲ ਮੰਡਰਾਉਣ ਲੱਗ ਪਏ ਹਨ।

ਪ੍ਰਬੰਧਕ ਕਮੇਟੀ ਦੇ ਸਕੱਤਰ ਸ੍ਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਕਰੀਬ ਦੋ ਮਹੀਨਿਆਂ ਤੋਂ ਉਹ ਜ਼ਮਾਨਤ ਲਈ ਭੱਜ ਦੌੜ ਕਰ ਰਹੇ ਸਨ ਅਤੇ ਅਖੀਰ ਗਿਆਨੀ ਇਕਬਾਲ ਸਿੰਘ ਵੱਲੋ ਉਹਨਾਂ ਵਿਰੁੱਧ ਦਰਜ ਕਰਵਾਏ ਗਏ ਝੂਠੇ ਕੇਸ ਵਿੱਚ ਹਾਈਕੋਰਟ ਨੇ ਉਹਨਾਂ ਜ਼ਮਾਨਤ ਦੇ ਦਿੱਤੀ ਹੈ। ਉਹਨਾਂ ਕਿਹਾ ਕਿ ਜ਼ਮਾਨਤ ਦੀ ਪ੍ਰਕਿਰਿਆ ਨੂੰ ਪੂਰੀ ਕਰਨ ਉਪਰੰਤ ਉਹ ਪਹਿਲਾਂ ਦੀ ਤਰਾ ਦਫਤਰ ਵਿੱਚ ਜਾਣਾ ਸ਼ੁਰੂ ਕਰ ਦੇਣਗੇ ਅਤੇ ਤਖਤ ਸਾਹਿਬ ਦੇ ਪ੍ਰਬੰਧਕੀ ਢਾਂਚੇ ਦਾ ਕੰਮ ਕਾਰ ਵੇਖਣਗੇ।

ਉਹਨਾਂ ਕਿਹਾ ਕਿ ਸੱਤ ਜਨਵਰੀ 2014 ਨੂੰ ਜਦੋਂ ਪ੍ਰਬੰਧਕੀ ਕਮੇਟੀ ਵੱਲੋ ਦਸਮ ਪਿਤਾ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਸੀ ਅਤੇ ਇਸ ਸਮੇਂ ਭਾਰੀ ਗਿਣਤੀ ਵਿੱਚ ਸੰਗਤ ਇਕੱਠੀ ਹੋਈ ਸੀ ਤਾਂ ਪ੍ਰਬੰਧਕੀ ਕਮੇਟੀ ਨੇ ਸੰਗਤਾਂ ਦੀ ਰਾਇ ਅਨੁਸਾਰ ਹੀ ਗੁਰੂ ਸਾਹਿਬ ਦੀ 2017 ਵਿੱਚ ਮਨਾਈ ਜਾਣ ਵਾਲੀ ਸ਼ਤਾਬਦੀ ਦੇ ਸਬੰਧ ਵਿੱਚ ਗਿਆਨੀ ਪ੍ਰਤਾਪ ਸਿੰਘ ਨੂੰ ਤਖਤ ਦਾ ਮੀਤ ਜਥੇਦਾਰ ਨਿਯੁਕਤ ਕੀਤਾ ਸੀ, ਜਿਸ ਦੀ ਗਿਆਨੀ ਇਕਬਾਲ ਸਿੰਘ ਨੇ ਬੇਲੋੜੀ ਵਿਰੋਧਤਾ ਕਰਦਿਆ ਸਮਾਗਮ ਵਿੱਚ ਆ ਕੇ ਹੱਲਾ ਗੁੱਲਾ ਕੀਤਾ । ਇਸ ਦੌਰਾਨ ਗਿਆਨੀ ਇਕਬਾਲ ਸਿੰਘ ਧੱਕਾ ਮੁੱਕੀ ਵਿੱਚ ਸਟੇਜ ਤੋਂ ਥੱਲੇ ਡਿੱਗ ਪਏ ਤੇ ਉਹਨਾਂ ਦੀ ਦਸਤਾਰ ਲੱਥ ਗਈ। ਉਹਨਾਂ ਕਿਹਾ ਕਿ ਭਾਂਵੇ ਉਹਨਾਂ ਦਾ ਕੋਈ ਕਸੂਰ ਨਹੀਂ ਸੀ ਅਤੇ ਪ੍ਰਬੰਧਕ ਕਮੇਟੀ ਨਵਾਂ ਜਥੇਦਾਰ ਲਗਾਉਣ ਦਾ ਪੂਰਾ ਪੂਰਾ ਅਧਿਕਾਰ ਰੱਖਦੀ ਹੈ ਪਰ ਗਿਆਨੀ ਇਕਬਾਲ ਸਿੰਘ ਵੱਲੋ ਕੀਤਾ ਗਿਆ ਵਿਰੋਧ ਬੇਲੋੜਾ ਤੇ ਸਮਾਗਮ ਵਿੱਚ ਖੱਲਲ ਪਾਉਣ ਵਾਲਾ ਸੀ। ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਵੱਲੋ ਇੱਕ ਜਾਂਚ ਟੀਮ ਭੇਜੀ ਗਈ ਸੀ ਜਿਸ ਨੂੰ ਪ੍ਰਬੰਧਕ ਕਮੇਟੀ ਨੇ ਪੂਰਾ ਪੂਰਾ ਸਹਿਯੋਗ ਦਿੱਤਾ ਪਰ ਗਿਆਨੀ ਇਕਬਾਲ ਸਿੰਘ ਨੇ ਜਾਂਚ ਕਮੇਟੀ ਨੂੰ ਵੀ ਟਿੱਚ ਜਾਣਿਆ। ਉਹਨਾਂ ਕਿਹਾ ਕਿ ਉਹਨਾਂ ਦੀ ਜਾਣਕਾਰੀ ਮੁਤਾਬਕ ਜਾਂਚ ਕਮੇਟੀ ਨੇ ਰੀਪੋਰਟ ਗਿਆਨੀ ਇਕਬਾਲ ਸਿੰਘ ਦੇ ਖਿਲਾਫ ਭੇਜੀ ਹੈ। ਉਹਨਾਂ ਕਿਹਾ ਕਿ ਪ੍ਰਬੰਧਕੀ ਕਮੇਟੀ ਨੇ ਸਮਾਗਮ ਵਿੱਚ ਹੁੜਦੱਗ ਮਚਾ ਕੇ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਠੇਸ ਪਹੁੰਚਾਉਣ ਦੇ ਦੋਸ਼ ਵਿੱਚ ਗਿਆਨੀ ਇਕਬਾਲ ਸਿੰਘ ਨੂੰ ਆਹੁਦੇ ਤੋਂ ਮੁਅਤਲ ਕਰ ਦਿੱਤਾ ਜੋ ਅੱਜ ਵੀ ਮੁਅੱਤਲ ਹੈ।

ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋ ਭੇਜੀ ਗਈ ਪੜਤਾਲੀਆ ਟੀਮ ਨੂੰ ਉਹਨਾਂ ਨੇ ਪੂਰਾ ਪੂਰਾ ਸਹਿਯੋਗ ਦਿੱਤਾ ਅਤੇ ਸ੍ਰੀ ਅਕਾਲ ਤਖਤ ਤੇ ਰੀਪੋਰਟ ਪੁੱਜਣ ਉਪਰੰਤ ਵੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਇਸ ਲਈ ਪ੍ਰਬੰਧਕ ਕਮੇਟੀ ਹੁਣ ਆਪਣੇ ਪੱਧਰ ਤੇ ਇੱਕ ਹਾਈਕੋਰਟ ਦੇ ਸਾਬਕਾ ਜੱਜ ਦੀ ਅਗਵਾਈ ਹੇਠ ਇੱਕ ਪੜਤਾਲੀਆ ਕਮੇਟੀ ਦਾ ਗਠਨ ਕਰ ਰਹੀ ਹੈ ਅਤੇ ਇਸ ਕਮੇਟੀ ਦੀ ਰੀਪੋਰਟ ਦੇ ਅਧਾਰ ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

ਉਹਨਾਂ ਕਿਹਾ ਕਿ ਪੜਤਾਲੀਆ ਕਮੇਟੀ ਦੀ ਰੀਪੋਰਟ ਹੀ ਗਿਆਨੀ ਇਕਬਾਲ ਸਿੰਘ ਦੇ ਭਵਿੱਖ ਦਾ ਫੈਸਲਾ ਕਰੇਗੀ ਕਿ ਉਹਨਾਂ ਨਾਲ ਅੱਗੇ ਕਿਹੋ ਜਿਹਾ ਸਲੂਕ ਕੀਤਾ ਜਾਣਾ ਹੈ। ਉਹਨਾਂ ਕਿਹਾ ਕਿ 2017 ਵਿੱਚ ਗੁਰੂ ਸਾਹਿਬ ਦੀ ਸ਼ਤਾਬਦੀ ਧੂਮ ਧਾਮ ਨਾਲ ਮਨਾਈ ਜਾਵੇਗੀ ਅਤੇ ਇਸ ਵਿੱਚ ਕੋਈ ਵੀ ਢਿੱਲ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਸ਼ਤਾਬਦੀ ਸਮਾਗਮ ਵਿੱਚ ਦੇਸਾਂ ਵਿਦੇਸ਼ਾਂ ਦੀਆ ਸੰਗਤਾਂ ਨੂੰ ਭਾਰੀ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ ਜਾਂਦੀ ਹੈ।

ਉਹਨਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਨੇ ਦਿੱਲੀ ਜਾ ਕੇ ਵੀ ਪਿਛਲੇ ਦਿਨੀ ਕੁਝ ਊਲ ਜਲੂਲ ਬੋਲ ਕੇ ਪ੍ਰਬੰਧਕ ਕਮੇਟੀ ਦੀ ਤੌਹੀਨ ਕੀਤੀ ਹੈ ਅਤੇ ਅਖਬਾਰਾਂ ਵਿੱਚ ਉਸਦੇ ਅਜਿਹੇ ਬੇਤੁਕੇ ਬਿਆਨ ਵੀ ਛੱਪੇ ਹਨ। ਉਹਨਾਂ ਕਿਹਾ ਕਿ ਇਸ ਸਬੰਧ ਵਿੱਚ ਉਹ ਕਨੂੰਨੀ ਮਾਹਿਰਾਂ ਨਾਲ ਗੱਲਬਾਤ ਕਰ ਰਹੇ ਹਨ ਅਤੇ ਗਿਆਨੀ ਇਕਬਾਲ ਸਿੰਘ ਦੇ ਖਿਲਾਫ ਮਾਨਹਾਨੀ ਦਾ ਮੁਕੱਦਮਾ ਵੀ ਠੋਕਿਆ ਜਾਵੇਗਾ।

ਉਪਰੋਕਤ ਸਬੰਧੀ ਜਦੋਂ ਗਿਆਨੀ ਇਕਬਾਲ ਸਿੰਘ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ, ਤਾਂ ਉਹਨਾਂ ਦਾ ਫੋਨ ਬੰਦ ਪਾਇਆ ਗਿਆ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ-ਸੰਤ-ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top