Share on Facebook

Main News Page

ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਲ ਜੁੜੀਆਂ ਮਨਘੜਤ ਕਹਾਣੀਆਂ 'ਤੇ ਵਿਚਾਰ
-: ਜਗਪਾਲ ਸਿੰਘ ਸਰੀ

ਸ਼ਹੀਦ ਬਾਬਾ ਦੀਪ ਸਿੰਘ ਦਾ ਜਨਮ ਜਿਲ੍ਹਾ ਅੰਮ੍ਰਿਤਸਰ ਦੇ ਪਿੰਡ ਪਹੁਵਿੰਡ ਵਿੱਚ ੨੬ ਜਨਵਰੀ ੧੬੮੨ ਨੂੰ ਮਾਤਾ ਜਿਉਣੀ ਤੇ ਪਿਤਾ ਭਗਤਾ ਜੀ ਦੇ ਘਰ ਵਿੱਚ ਹੋਇਆ ਇਤਹਾਸ ਨੇ ਮੰਨਿਆ ਹੈ। ਘਰ ਪਰਵਾਰ ਨੇ ਬਾਬਾ ਜੀ ਦਾ ਪਹਿਲਾ ਨਾਮ ਦੀਪਾ ਜਾਂ ਦੀਪ ਰਖਿਆ ਸੀ। ਬਾਬਾ ਦੀਪ ਸਿੰਘ ਜੀ ਦੇ ਮਾਤਾ ਪਿਤਾ ਦਾ ਗੁਰੂ ਘਰ ਵਿੱਚ ਪਹਿਲਾਂ ਹੀ ਵਿਸ਼ਵਾਸ ਸੀ, ਬਾਬਾ ਜੀ ਦੇ ਮਾਤਾ ਪਿਤਾ ਗੁਰੂ ਘਰ ਅਕਸਰ ਆਉਂਦੇ ਜਾਂਦੇ ਸਨ। ਜਿਸ ਪਰਵਾਰ ਦਾ ਮਾਹੌਲ ਗੁਰੂ ਦੀ ਮੱਤ ਅਨੁਸਾਰ ਹੋਵੇ ਉਸ ਘਰ ਦੇ ਬੱਚਿਆਂ ਉਪਰ ਅਸਰ ਹੋਣਾ ਸੁਭਵਕ ਹੀ ਹੈ। ਇਸ ਤਰ੍ਹਾ ਬਾਬਾ ਦੀਪ ਸਿੰਘ ਜੀ 'ਤੇ ਵੀ ਅਸਰ ਹੋਇਆ, ਨੌਜੁਆਨੀਂ ਦੀ ਉਮਰ ਵਿੱਚ ਬਾਬਾ ਦੀਪ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਖੰਡੇ ਦੀ ਪਾਹੁਲ ਲਈ ਤੇ ਆਪ ਦਾ ਨਾਮ ਦੀਪੇ ਤੋਂ ਦੀਪ ਸਿੰਘ ਹੋ ਗਿਆ।

ਇਤਹਾਸ ਲਿਖਦਾ ਹੈ ਬਾਬਾ ਦੀਪ ਸਿੰਘ ਨੇ ਗੁਰਬਾਣੀ ਦਾ ਅਧਿਅਨ ਭਾਈ ਮਨੀ ਸਿੰਘ ਦੀ ਦੇਖ ਰੇਖ ਵਿੱਚ ਕੀਤਾ ਸੀ। ਬਾਬਾ ਦੀਪ ਸਿੰਘ ਜੀ ਦੇ ਨਾਮ ਨਾਲ “ਬਾਬਾ” ਸ਼ਬਦ ਬਹੁਤ ਬਾਅਦ ਵਿੱਚ ਜੁੜਿਆ ਹੈ। ਉਸ ਸਮੇਂ ਬਾਬਾ ਸ਼ਬਦ ਨਹੀਂ, “ਭਾਈ” ਸ਼ਬਦ ਆਮ ਪ੍ਰਚੱਲਤ ਸੀ, ਸਾਰੇ ਗੁਰੂ ਘਰ ਦੇ ਸਿੰਘਾਂ ਦੇ ਨਾਮ ਨਾਲ ਅਕਸਰ “ਭਾਈ” ਸ਼ਬਦ ਹੀ ਵਰਤਿਆ ਜਾਂਦਾ ਸੀ। “ਭਾਈ” ਸ਼ਬਦ ਸਾਨੂੰ ਸਾਡੇ ਸਾਹਿਬ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ ਸੀ, ਜਦ ਉਹਨਾਂ ਮਰਦਾਨੇ ਨੂੰ ਆਪਣਾ “ਭਾਈ” ਕਹਿ ਕੇ ਬੁਲਾਇਆ ਸੀ। ਉਸ ਦਿਨ ਤੋਂ ਹੀ ਗੁਰੂ ਘਰ ਵਿੱਚ ਹਰ ਸਿੱਖ ਨੂੰ “ਭਾਈ” ਕਹਿ ਕੇ ਹੀ ਬੁਲਾਇਆ ਜਾਣ ਲੱਗਾ।

ਭਾਈ ਦੀਪ ਸਿੰਘ ਜੀ ਦੇ ਨਾਮ ਨਾਲ ਪ੍ਰਚੱਲਤ ਹੈ, ਉਹਨਾਂ ਨੇ ਕਾਫੀ ਗੁਰੂ ਗਰੰਥ ਸਾਹਿਬ ਦੀਆਂ ਬੀੜਾਂ ਦਾ ਆਪਣੇ ਹੱਥਾਂ ਨਾਲ ਉਤਾਰਾ ਕੀਤਾ ਸੀ। ਜਿੰਨਾ ਬੀੜਾਂ ਦਾ ਉਤਾਰਾ ਕਰਦੇ ਸਨ, ਉਹਨਾ ਬੀੜਾਂ ਨੂੰ ਵੱਖ ਵੱਖ ਥਾਂਵਾਂ 'ਤੇ ਭੇਜਿਆ ਕਰਦੇ, ਤਾਂ ਕਿ ਗੁਰੂ ਕੀਆਂ ਸੰਗਤਾਂ ਗੁਰਬਾਣੀ ਨੂੰ ਵੱਧ ਤੋਂ ਵੱਧ ਪੜ ਸਕਣ ਤੇ ਉਸ ਅਨੁਸਾਰ ਆਪਣਾ ਜੀਵਨ ਬਤੀਤ ਕਰ ਸਕਣ। ਬਾਬਾ ਦੀਪ ਸਿੰਘ ਜੀ ਬਾਰੇ ਇਹ ਵੀ ਕਹਿਆ ਜਾਂਦਾ ਉਹ ਇਕ ਉਚ ਕੋਟੀ ਦੇ ਵਿਦਵਾਨ ਵੀ ਸਨ, ਪਰ ਸਿੱਖ ਪੰਥ ਨੂੰ ਉਹਨਾਂ ਦੀ ਐਸੀ ਕੋਈ ਰਚਨਾਂ ਨਹੀਂ ਮਿਲਦੀ, ਜੋ ਸਿੱਖ ਇਤਹਾਸ ਦੀ ਜਾਣਕਾਰੀ ਵਿੱਚ ਵਾਧਾ ਕਰ ਸਕੇ।

ਡਾ: ਹਰਜਿੰਦਰ ਸਿੰਘ ਦਿਲਗੀਰ ਆਪਣੀ ਪੁਸਤਕ ਸਿੱਖ ਤਵਾਰੀਖ ਦੇ ਪੰਨਾ ੫੩੬ ਤੇ ਜਿਕਰ ਕਰਦੇ ਹਨ, ਪੁਰਾਣੀਆਂ ਲਿਖਤਾਂ ਵਿੱਚ ਬਾਬਾ ਦੀਪ ਸਿੰਘ ਨੂੰ ਇਕ ਬਹਾਦਰ ਜਰਨੈਲ ਤੇ ਮਿਸਲ ਦਾ ਮੁਖੀ ਤਾਂ ਲਿਖਿਆ ਮਿਲਦਾ ਪਰ ਕਿਸੇ ਔਖਤੀ ਟਕਸਾਲ ਦੇ ਮੁਖੀ ਹੋਣ ਦਾ ਕੋਈ ਜਿਕਰ ਨਹੀਂ, ਨਾ ਹੀ ਭਾਈ ਕਾਹਨ ਸਿੰਘ ਨਾਭਾ ਦੁਆਰਾ ਰਚਤ ਮਹਾਨ ਕੋਸ਼ ਜੋ ੧੯੩੦ ਛਪਿਆ ਉਸ ਵਿੱਚ ਦਮਦਮੀ ਟਕਸਾਲ ਦੇ ਮੁਖੀ ਹੋਣ ਦਾ ਕੋਈ ਜਿਕਰ ਨਹੀਂ। ਇਹ ਦੁਨੀਆ ਦਾ ਮਹਾਨ ਗਪੌੜ ੧੯੭੦ ਤੋਂ ਬਾਅਦ ਬੜੀ ਬੇਸ਼ਰਮੀ ਨਾਲ ਪ੍ਰਚਾਰਿਆ ਗਿਆ।

।। ਸ਼ਹੀਦੀ ।।

ਅਹਿਮਦ ਸ਼ਾਹ ਦੇ ਜਾਣ ਮਗਰੋਂ ਤੈਮੂਰ ਨੇ ਸਿੱਖਾਂ ਵੱਲੋਂ ਆਪਣਾ ਲੁੱਟ ਦਾ ਮਾਲ ਖੋਹੇ ਜਾਣ ਬਦਲੇ ਉਨ੍ਹਾਂ ਹੋਰ ਸਜਾ ਦੇਣ ਦਾ ਫੈਸਲਾ ਕੀਤਾ। ਮਈ ੧੭੫੭ ਵਿੱਚ ਤੈਮੂਰ ਨੇ ਅਮ੍ਰਿੰਤਸਰ 'ਤੇ ਕਬਜ਼ਾ ਕਰ ਲਿਆ। ਉਸ ਨੇ ਰਾਮ ਰੌਣੀ {ਕਿਲ੍ਹਾ} ਅਤੇ ਦਰਬਾਰ ਸਾਹਿਬ ਨੂੰ ਢਾਹ ਕੇ ਸਰੋਵਰ ਨੂੰ ਮਲਬੇ ਨਾਲ ਭਰ ਦਿੱਤਾ। ਅੱਜ ਵਰਗੇ ਸਾਧਨ ਨਾ ਹੋਣ ਕਰਕੇ ਇਹ ਖ਼ਬਰ ਸਿੱਖਾਂ ਨੂੰ ਕੁਝ ਦੇਰ ਨਾਲ ਮਿਲੀ। ਕੁੱਝ ਇਤਹਾਸਕਾਰ ਇਹ ਖ਼ਬਰ ਮਿਲਣ ਦਾ ਮਹੀਨਾਂ ਨਵੰਬਰ ੧੭੫੭ ਵਿੱਚ ਮਿਲਦੀ ਹੈ। ਉਸ ਸਮੇਂ ਬਾਬਾ ਦੀਪ ਸਿੰਘ ਜੀ ਦੀ ਉਮਰ ਕਰੀਬ ਕਰੀਬ ੭੬ ਸਾਲ ਬਣਦੀ ਹੈ। ਜਦੋਂ ਬਾਬਾ ਜੀ ਨੂੰ ਇਸ ਬੇਅਬਦੀ ਦਾ ਪਤਾ ਲੱਗਾ ਤਾਂ ਉਹਨਾਂ ਨੇ ਮੁਗਲਾਂ ਨੂੰ ਸੋਧਣ ਦਾ ਫੈਸਲਾ ਕੀਤਾ। ਬਾਬਾ ਦੀਪ ਸਿੰਘ ਜੀ ਆਪਣੇ ਨਾਲ ਥੋੜੇ ਜਿਹੇ ਨੌਜੁਆਨ ਲੈ ਕੇ ਚੱਲ ਪਏ, ਜਿਵੇਂ ਜਿਵੇਂ ਰਸਤੇ ਵਿੱਚ ਲੋਕਾਂ ਨੂੰ ਪਤਾ ਲਗਦਾ ਗਿਆ ਲੋਕ ਨਾਲ ਹੁੰਦੇ ਗਏ। ਕਾਫੀ ਵੱਡੇ ਕਾਫਲੇ ਦਾ ਰੂਪ ਬਣ ਗਿਆ।

ਦੂਜੇ ਪਾਸੇ ਬਾਬਾ ਜੀ ਦੇ ਆਉਣ ਦਾ ਅਫਗਾਨਾਂ ਨੂੰ ਵੀ ਪਤਾ ਲੱਗ ਗਿਆ। ਅਫਗਾਨ ਜਰਨੈਲ ਜਹਾਨ ਖਾਨ ਦੀ ਫੌਜ ਨੇ ਵੀ ਅੰਮ੍ਰਿਤਸਰ ਵੱਲ ਤਿਆਰੀ ਕਰ ਦਿੱਤੀ। ਅਫਗਾਨ ਫੌਜਾਂ ਨੇ ਸਿੱਖਾਂ ਦਾ ਜੱਥਾਂ ਅਫਗਾਨ ਫੌਜੀ ਅਤਾਈ ਖਾਨ ਦੀ ਅਗਵਾਈ ਵਿੱਚ ਸਿੱਖਾਂ ਨੂੰ ਰਸਤੇ ਵਿੱਚ ਹੀ ਰੋਕਣ ਨੂੰ ਤਿਆਰ ਖੜੀਆਂ ਸਨ। ਇਸ ਤੋਂ ਇਲਾਵਾ ਮੁਗਲਾਂ ਦੀ ਮਦਦ ਲਈ ਪੱਟੀ ਦੇ ਫੌਜਦਾਰ ਕਾਸਿਮ ਖਾਨ ਦੀ ਫੌਜ ਵੀ ਨਾਲ ਆ ਰਲੀ, ਇਹ ਲੜਾਈ ੧੧ ਨਵੰਬਰ ੧੭੫੭ ਦੇ ਦਿਨ ਅੰਮ੍ਰਿਤਸਰ ਵਿੱਚ ਹੋਈ।

ਇਸ ਲੜਾਈ ਵਿੱਚ ਦੋਵਾਂ ਧਿਰਾਂ ਦੇ ਸੂਰਮੇਂ ਜੀ ਜਾਨ ਨਾਲ ਲੜ ਰਹੇ ਸਨ, ਲੜਾਈ ਇੰਨੇ ਜੋਸ਼ ਨਾਲ ਲੜੀ ਜਾ ਰਹੀ ਸੀ ਕਿ ਦੋਵੇ ਧਿਰਾਂ ਇਕ ਦੂਜੇ ਦੇ ਆਹੂ ਲਾਹ ਰਹੀਆਂ ਸਨ। ਕੁੱਝ ਇਤਹਾਸਕਾਰ ਇਹ ਕਹਿੰਦੇ ਹਨ ਕਿ ਗੋਲਵੜ ਦੇ ਮੈਦਾਨ ਅੰਦਰ ਹੀ ਬਾਬਾ ਦੀਪ ਸਿੰਘ ਦਾ ਸੀਸ ਕਟਿਆ ਗਿਆ ਸੀ। ਬਾਬੇ ਨੌਧ ਸਿੰਘ ਨੇ ਬਾਬਾ ਦੀਪ ਸਿੰਘ ਨੂੰ ਮਹਿਣਾ ਮਾਰਿਆ “ਉਏ ਸਿੰਘਾਂ ਤੂੰ ਤਾਂ ਦਰਬਾਰ ਸਾਹਿਬ ਵਿੱਚ ਜਾ ਕੇ ਸੀਸ ਭੇਟ ਕਰਨਾ ਸੀ, ਇਥੇ ਹੀ ਢੇਰੀ ਢਾਹ ਕੇ ਬਹਿ ਗਿਆਂ, ਇੰਨਾ ਸੁਣ ਕੇ ਬਾਬਾ ਦੀਪ ਸਿੰਘ ਜੀ ਨੇ ਆਪਣਾ ਕੱਟਿਆ ਹੋਇਆ ਸੀਸ ਖੱਬੇ ਹੱਥ ਦੀ ਤਲੀ ਤੇ ਟਿਕਾ ਲਿਆ ਤੇ ਬਾਬੇ ਦੀਪ ਸਿੰਘ ਨੇ ਮੁਗਲਾਂ ਨੂੰ ਵਢੱਣ ਵਾਲੀਆਂ ਹਨੇਰੀਆਂ ਲਿਆ ਦਿੱਤੀਆਂ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ !!!

ਅਸਲ ਵਿੱਚ ਬਾਬਾ ਦੀਪ ਸਿੰਘ ਦੇ ਗਰਦਨ 'ਤੇ ਵਾਰ ਜਿੱਥੇ ਅੱਜ ਕੱਲ ਗੁਰਦਵਾਰਾ ਸ਼ਹੀਦਾਂ ਅੰਮ੍ਰਿਤਸਰ ਵਿੱਚ ਬਣਿਆ ਹੋਇਆ ਹੈ, ਇਸ ਦੇ ਲਾਗੇ ਹੀ ਗਰਦਨ 'ਤੇ ਬਹੁਤ ਗਹਿਰਾ ਵਾਰ ਹੋਇਆ ਸੀ। ਬਾਬਾ ਦੀਪ ਸਿੰਘ ਦੀ ਧੌਣ ਧੜ ਨਾਲੋਂ ਬਿਲਕੁਲ ਅਲੱਗ ਨਹੀਂ ਹੋਈ ਸੀ, ਬਾਬਾ ਦੀਪ ਸਿੰਘ ਜੀ ਦੀ ਬਜ਼ੁਰਗੀ ਉਮਰ 'ਤੇ ਧੌਣ ਉਪਰ ਇਹਨਾਂ ਗਹਿਰਾ ਫੱਟ ਹੋਇਆ, ਜਿਸ ਨੂੰ ਦੇਖ ਕੇ ਮੁਗਲਾਂ ਅੰਦਰ ਇਕ ਡਰ ਦੀ ਲਹਿਰ ਪੈਦਾ ਹੋ ਗਈ। ਜਿਸ ਜੋਸ਼ ਨਾਲ ਬਾਬਾ ਦੀਪ ਸਿੰਘ ਜੀ ਲੜ ਰਹੇ ਸਨ, ਧੌਣ ਉਪਰ ਕਾਫੀ ਗਹਿਰਾ ਜ਼ਖਮ, ਜਿਸ ਨੂੰ ਦੇਖ ਕੋਈ ਵੀ ਕਹਿ ਸਕਦਾ ਸੀ ਆ ਦੇਖੋ ਸਿੱਖ ਬਿਨਾਂ ਸੀਸ ਤੋਂ ਲੜ ਰਹੇ ਹਨ

ਅੰਤ ਬਾਬਾ ਦੀਪ ਸਿੰਘ ਜੀ ਲੜਦੇ ਲੜਦੇ ਅੱਗੇ ਵੱਧਦੇ ਗਏ, ਜਿਸ ਜਗ੍ਹਾ ਬਾਬਾ ਦੀਪ ਸਿੰਘ ਜੀ ਦੀ ਯਾਦ ਅੱਜ ਦਰਬਾਰ ਸਾਹਿਬ ਵਿੱਚ ਬਣੀ ਹੋਈ ਹੈ, ਉਸ ਥਾਂ 'ਤੇ ਜਾ ਕੇ ਬਾਬਾ ਦੀਪ ਸਿੰਘ ਜੀ ਸ਼ਹੀਦੀ ਜਾਮ ਪੀ ਗਏ ਸਨ। ਬਾਬਾ ਦੀਪ ਸਿੰਘ ਦੀ ਸ਼ਹੀਦੀ ਨੂੰ ਅਸਲ ਤੋਂ ਵਿਗਾੜਨ ਵਿੱਚ ਮਨੋ ਕਲਪਤ ਤਸਵੀਰਾਂ ਦਾ ਵੀ ਬਹੁਤ ਯੋਗਦਾਨ ਹੈ, ਜਿੰਨਾ ਤਸਵੀਰਾਂ ਵਿੱਚ ਬਾਬਾ ਦੀਪ ਸਿੰਘ ਜੀ ਦੇ ਇਕ ਹੱਥ ਖੰਡਾ ਤੇ ਦੂਜੇ ਹੱਥ ਦੀ ਤਲੀ ਤੇ ਸੀਸ ਟਿਕਾ ਕੇ ਲੜਦੇ ਦਿਖਾ ਦਿੱਤਾ, ਜੋ ਸੱਚ ਨਹੀਂ ਹੈ।

ਕੁਝ ਵਿਚਾਰਾਂ

ਜਿਸ ਬਾਬੇ ਨੌਧ ਸਿੰਘ ਨੇ ਬਾਬਾ ਦੀਪ ਸਿੰਘ ਨਾਲ ਇਸ ਲੜਾਈ ਵਿੱਚ ਹਿੱਸਾ ਲਿਆ ਸੀ, ਜਦੋਂ ਅਮ੍ਰਿੰਤਸਰ ਨੂੰ ਜਾਂਦੇ ਹਾਂ, ਤਾਂ ਰਸਤੇ ਵਿੱਚ ਉਹਨਾਂ ਦੀ ਜਗ੍ਹਾ 'ਤੇ ਗੁਰਦਵਾਰਾ ਉਸਰਿਆ ਹੋਇਆ ਹੈ। ਜਿਸ ਬਾਰੇ ਪਰਚਾਰ ਇਹ ਕੀਤਾ ਜਾਂਦਾ ਹੈ, ਜੇ ਕੋਈ ਰਾਹੀ ਇਸ ਜਗ੍ਹਾ 'ਤੇ ਮੱਥਾ ਨਾ ਟੇਕੇ, ਤਾਂ ਬਾਬਾ ਨੌਧ ਸਿੰਘ ਉਸ ਦਾ ਨੁਕਸਾਨ ਕਰ ਦਿੰਦੇ ਹਨ। ਜੇ ਇਹ ਗੱਲ ਸੱਚ ਸੀ, ਤਾਂ ਜਦੋਂ ਭਾਰਤੀ ਹਕੂਮਤ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਤਾਂ ਉਸ ਵਕਤ ਬਹੁਤ ਸਾਰੀ ਫੌਜ ਉਸ ਰਸਤੇ ਗਈ ਸੀ, ਤਾਂ ਬਾਬਾ ਨੌਧ ਸਿੰਘ ਨੇ ਉਹਨਾਂ ਫੋਜਾ ਦਾ ਕੋਈ ਨੁਕਸਾਨ ਕਿਉਂ ਨਾ ਕੀਤਾ? ਉਹਨਾਂ ਉਸ ਰਸਤੇ ਲੰਗਣ ਵਾਲਿਆਂ ਫੌਜਾਂ ਨੇ ਉਥੇ ਕਹਿੜਾ ਮੱਥਾ ਟੇਕਿਆ ਸੀ? ਜ਼ਰਾ ਸੋਚੋ!! ਜਿੰਨਾ ਪ੍ਰਬੰਧਕਾਂ ਨੇ ਉਹ ਗੁਰਦਵਾਰਾ ਬਣਾਇਆ ਸੀ, ਉਹਨਾਂ ਨੇ ਸਿਰਫ ਲੋਕਾਂ ਤੋਂ ਪੈਸਾ ਲੁੱਟਣ ਦੀ ਨੀਅਤ ਨਾਲ ਇਸ ਝੂਠ ਦਾ ਪਰਚਾਰ ਕੀਤਾ ਹੈ।

ਬਾਬਾ ਦੀਪ ਸਿੰਘ ਬਾਰੇ ਅੱਜ ਵੀ ਕਈ ਪ੍ਰਕਾਰ ਦੇ ਆਪਣੇ ਆਪ ਨੂੰ ਸਿੱਖ ਪ੍ਰਚਾਰਕ ਅਖਵਉਣ ਵਾਲੇ ਗਪੌੜ ਛੱਡ ਜਾਂਦੇ ਹਨ। ਅਖੇ ਜਿਸ ਸਮੇ ਹਿੰਦੁਸਾਤਨੀ ਹਕੂਮਤ ਨੇ ਦਰਬਾਰ ਸਾਹਿਬ 'ਤੇ ਹਮਲਾ ਕੀਤਾ, ਜਿਸ ਜਗ੍ਹਾ 'ਤੇ ਬਾਬਾ ਦੀਪ ਸਿੰਘ ਦੀ ਸਮਾਧ ਬਣੀ ਹੋਈ ਐ, ਉਸ ਜਗ੍ਹਾ 'ਤੇ ਜਾ ਕੇ ਟੈਂਕ ਧਰਤੀ ਵਿੱਚ ਧਸ ਗਿਆ ਤੇ ਬਾਬੇ ਦੀਪ ਸਿੰਘ ਨੇ ਟੈਂਕ ਅਗੇ ਨਹੀਂ ਜਾਣ ਦਿੱਤਾ, ਬਹੁਤ ਹੀ ਸ਼ਰਮ ਆਉਂਦੀ ਹੈ, ਇਸ ਤਰ੍ਹਾਂ ਦੀਆਂ ਮਨਘੜਤ ਸਾਖੀਆਂ ਸੁਣ ਕੇ। ਕੀ ਗੱਲ ਬਾਬਾ ਦੀਪ ਸਿੰਘ ਇਸ ਗੱਲ ਦੀ ਉਡੀਕ ਕਰਦਾ ਸੀ, ਜਦੋਂ ਹਿੰਦੋਸਤਾਨੀ ਹਕੂਮਤ ਦਾ ਟੈਂਕ ਇਸ ਜਗ੍ਹਾ 'ਤੇ ਆਇਆ ਮੈਂ ਤਾਂ ਹੀ ਰੋਕਣਾ ਹੈ। ਜੇ ਕੋਈ ਕਰਾਮਾਤ ਹੁੰਦੀ ਤਾਂ ਹਾਲੇ ਬਾਬੇ ਦੀਪ ਸਿੰਘ ਨੂੰ ਸ਼ਹੀਦ ਹੋਇਆ ਸਿਰਫ ੫ ਸਾਲ ਹੀ ਹੋਏ ਸਨ, ਜਦੋਂ ੧੭੬੨ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਹਮਲਾ ਕਰਕੇ ਪੂਰੇ ਦਾ ਪੂਰਾ {ਉਹ ਦਰਬਾਰ ਸਾਹਿਬ ਜੋ ਗੁਰੂ ਅਰਜਨ ਸਾਹਿਬ ਨੇ ਆਪਣੇ ਹੱਥਾਂ ਨਾਲ ਨੀਂਹ ਰੱਖ ਕੇ ਬਣਿਆ ਸੀ} ਢਹਿ ਢੇਰੀ ਕਰ ਦਿੱਤਾ ਸੀ। ਉਸ ਵੇਲੇ ਬਾਬਾ ਦੀਪ ਸਿੰਘ ਨੇ ਅਬਦਾਲੀ ਦਾ ਹਮਲਾ ਕਿਉਂ ਨਾ ਰੋਕਿਆ।

ਜੋ ਦਰਬਾਰ ਸਾਹਿਬ ਅਸੀਂ ਅੱਜ ਦੇਖ ਰਹੇ ਹਾਂ, ਇਹ ਦਰਬਾਰ ਸਾਹਿਬ ਉਹ ਨਹੀਂ, ਜਿਸ ਨੂੰ ਗੁਰੂ ਅਰਜਨ ਸਾਹਿਬ ਨੇ ਬਣਾਇਆ ਸੀ। ਅਜ ਦਾ ਦਰਬਾਰ ਸਾਹਿਬ ਅਬਦਾਲੀ ਦੇ ਹਮਲੇ ਤੋਂ ਮਗਰੋਂ ਸਿੱਖਾਂ ਨੇ ਆਪ ਰਲ ਕੇ ਬਣਾਇਆ ਸੀ, ਜਿਸ ਦੀ ਸੇਵਾ ਭਾਈ ਜੱਸਾ ਸਿੰਘ ਆਲੂਵਾਲੀਆ ਆਦਿ ਸਿੱਖਾਂ ਨੇ ਰਲ ਕੇ ਬਣਿਆ ਸੀ। ਜਦ ਵੀ ਕੋਈ ਪ੍ਰਚਾਰਕ ਇਸ ਤਰ੍ਹਾਂ ਦੀ ਸਾਖੀ ਸੁਣਾਉਦਾ ਹੈ, ਤਾਂ ਉਸ ਨੂੰ ਸਵਾਲ ਕੀਤੇ ਜਾਣੇ ਚਾਹੀਦੇ ਹਨ। ਇਹ ਮਨਘੜਤ ਸਾਖੀਆਂ ਵੀ ਇਕ ਬਹੁਤ ਵੱਡਾ ਕਾਰਨ ਹਨ, ਕਿ ਸਿੱਖਾਂ ਦੇ ਘਰ ਵਿੱਚ ਹੀ ਪੈਦਾ ਹੋਏ ਮੁੰਡੇ ਅੱਜ ਸਿੱਖੀ 'ਤੇ ਤਰਕ ਕਰਨ ਲੱਗ ਪੈਏ ਹਨ। ਜਦ ਉਹ ਸਾਡੇ ਕਕਾਰਾਂ ਤੇ ਕੇਸਾਂ 'ਤੇ ਤਰਕ ਕਰਦੇ ਹਨ, ਤਾਂ ਸਾਨੂੰ ਬਹੁਤ ਤਕਲੀਫ਼ ਹੁੰਦੀ ਹੈ, ਪਰ ਕਦੇ ਇਹ ਨਹੀਂ ਸੋਚਿਆ ਇਸ ਤਰਕ ਦੇ ਮਗਰ ਕੀਤੇ ਨਾਂ ਕੀਤੇ ਅਸੀਂ ਖੁਦ ਤੇ ਸਾਡੇ ਪ੍ਰਚਾਰਕ ਵੀ ਦੋਸ਼ੀ ਹਨ।

ਅੱਜ ਸਾਨੂੰ ਇਸ ਤਰ੍ਹਾਂ ਦੀਆਂ ਮਨਘੜਤ ਸਾਖੀਆਂ ਨੂੰ ਰੱਦ ਕਰਕੇ, ਗੁਰਮੱਤ ਦੀ ਕਸਵੱਟੀ 'ਤੇ ਪਰਖ ਕੇ, ਸਾਨੂੰ ਸਾਡਾ ਇਤਿਹਾਸ ਬਿਆਨ ਕਰਨ ਦੀ ਜ਼ਰੂਰਤ ਹੈ।

ਭੁਲ ਚੁੱਕ ਦੀ ਖਿਮਾਂ।

ਮਿਤੀ : ੧੦ ਮਾਰਚ ੨੦੧੪
ਨਾਨਾਕਸ਼ਾਹੀ ਸਮਤ ੫੪੫ ੨੭ ਫੱਗਣ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ-ਸੰਤ-ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top