Share on Facebook

Main News Page

ਕਾਲਿਆਂ ਵਾਲੇ ਖੂਹ ਦੀ ਦਾਸਤਾਨ
-: ਗੁਰਤੇਜ ਸਿੰਘ

ਕਾਲਿਆਂ ਵਾਲੇ ਖੂਹ, ਅਜਨਾਲੇ ਵਿੱਚੋਂ ਮਿਲੇ ਕੁੱਝ ਮਨੁੱਖੀ ਅਵਿਸ਼ੇਸ਼ਾਂ ਬਾਰੇ ਅੱਜ-ਕਲ ਪੰਜਾਬ ਦੀ ਫਿਜ਼ਾ ਵਿੱਚ ਕਾਫੀ ਗਰਮਾ-ਗਰਮੀ ਹੈ। ਇਹ ਅਸਥੀਆਂ ਉਹਨਾਂ ਸਿਪਾਹੀਆਂ ਦੀਆਂ ਸਮਝੀਆਂ ਜਾਂਦੀਆਂ ਹਨ, ਜਿਨ੍ਹਾਂ ਨੇ 1857 ਦੇ ਗ਼ਦਰ ਵਿੱਚ ਹਿੱਸਾ ਲਿਆ ਸੀ। ‘ਕਾਰ ਸੇਵਾ’ ਹੋ ਰਹੀ ਹੈ ਅਤੇ ਯਾਦਗਰੀ ਗੁਰਦ੍ਵਾਰਾ ਬਨਾਉਣ ਦੀਆਂ ਗੱਲਾਂ ਵੀ। ਅਕਾਸ਼ ਵੇਲ ਨੂੰ ਫੁਲ ਲੱਗ ਚੁੱਕੇ ਹਨ ਅਤੇ ਫਲ ਲੱਗਣ ਤੱਕ ਗੱਲ ਆ ਪਹੁੰਚੀ ਹੈ। ਕਿਸੇ ਨੇ ਇਹ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਹ ਮਾਰੇ ਗਏ ਫ਼ੌਜੀ ਕੌਣ ਸਨ ਅਤੇ ਇਹਨਾਂ ਕਿਸ ਦਾਅਵੇ ਉੱਤੇ ਦ੍ਰਿੜ ਰਹਿੰਦਿਆਂ ਆਪਣੀਆਂ ਜਾਨਾਂ ਗਵਾਈਆਂ ਸਨ?

ਹਿੰਦੋਸਤਾਨ ਦੇ ਆਖਰੀ ਖੁਦਮੁਖਤਿਆਰ ਰਾਜ ਪੰਜਾਬ ਨੂੰ ਖ਼ਤਮ ਕਰਨ ਵਾਸਤੇ ਜੋ ਫ਼ੌਜਾਂ ਹਮਲਾਵਰ ਹੋਈਆਂ ਸਨ, ਉਹਨਾਂ ਵਿੱਚ ਪੂਰਬੀਆਂ ਦੀਆਂ ਦਸ ਪਲਟਣਾਂ ਸਨ। ਸ਼ਾਹ ਮੁਹੱਮਦ ਐਂਵੇ ਨਹੀਂ ਆਖਦਾ, ‘‘ਜੰਗ ਹਿੰਦ ਪੰਜਾਬ ਦਾ ਹੋਣ ਲੱਗਾ...... ਕਟਕ ਚੜ੍ਹੇ ਪੂਰਬੀ ਦੱਖਣੀ ਜੀ।’’ ਇਹਨਾਂ ਵਿੱਚੋਂ ਇੱਕ ਸੀ 26 ਵੀ ਨੇਟਿਵ ਇਨਫੈਂਟਰੀ ਰੈਜੀਮੈਂਟ। ਇਹ ਰੈਜੀਮੈਂਟ ਮੁਦਕੀ ਦੀ ਲੜਾਈ ਵਿੱਚ ਸ਼ਾਮਲ ਸੀ ਅਤੇ ਸਭਰਾਵਾਂ ਅਤੇ ਫਿਰੋਜਸ਼ਾਹ ਦੀਆਂ ਲੜਾਈਆਂ ਵਿੱਚ ਵੀ। ਇਹਨਾਂ ਤਿੰਨਾਂ ਹੀ ਜੰਗਾਂ ਵਿੱਚ ਅੰਗ੍ਰੇਜ਼ ਹਾਰੇ ਸਨ ਅਤੇ ਉਹਨਾਂ ਦਾ ਵੱਡਾ ਨੁਕਸਾਨ ਹੋਇਆ ਸੀ। ਅੱਜ ਇਹ ਇਤਿਹਾਸਕ ਤੱਥ ਹਨ ਜਿਨ੍ਹਾਂ ਦੀ ਪੁਸ਼ਟੀ ਦਸਤਾਵੇਜਾਂ ਤੋਂ ਹੁੰਦੀ ਹੈ

26 ਵੀਂ ਨੇਟਿਵ ਇਨਫੈਂਟਰੀ ਦੂਜੀ ਸਿੱਖ ਜੰਗ ਵਿੱਚ ਸ਼ਾਮਿਲ ਨਹੀਂ ਸੀ। ਜਿਸ ਤੋਂ ਜ਼ਾਹਰ ਹੈ ਕਿ ਓਦੋਂ ਤੱਕ ਇਹ ਰਸਾਲਾ ਵਜੂਦ ਗਵਾ ਚੁੱਕਿਆ ਸੀ। ਜੁਲਾਈ 1857 ਇਹ ਵਿੱਚ ਇਹ ਮੀਆਂ ਮੀਰ ਛਾਉਣੀ ਲਾਹੌਰ ਵਿੱਚ ਸੀ। ਕਿਸੇ ਖ਼ਤਰੇ ਨੂੰ ਭਾਂਪਦਿਆਂ ਏਸ ਕੋਲੋਂ 13 ਮਈ ਨੂੰ ਹਥਿਆਰ ਵਾਪਸ ਲੈ ਲਏ ਗਏ ਸਨ ਅਤੇ ਸਾਰੀ ਰੈਜੀਮੈਂਟ ਬੰਦੀ ਬਣਾਈ ਜਾ ਚੁੱਕੀ ਸੀ। 30 ਮਈ 1857 ਦੀ ਦੁਪਹਿਰ ਨੂੰ ਏਥੇ ਕੁਝ ਨਾਅਰੇ ਵਗੈਰਾ ਲੱਗੇ ਅਤੇ ਤੁਰੰਤ ਬਿਨਾ ਕਿਸੇ ਹਥਿਆਰ ਦੇ ਮੇਜਰ ਸਪੈਂਰਸਰ ਫੌਜ਼ੀਆਂ ਨੂੰ ਸ਼ਾਂਤ ਕਰਨ ਲਈ ਪਹੁੰਚ ਗਿਆ। ਇਹ ਸਿਪਾਹੀਆਂ ਨਾਲ ਗੱਲ ਕਰ ਹੀ ਰਿਹਾ ਸੀ ਕਿ ਪ੍ਰਕਾਸ਼ ਪਾਂਡੇ ਨਾਂਅ ਦੇ ਸਿਪਾਹੀ ਨੇ ਪਿੱਛੋਂ ਆ ਕੇ ਕ੍ਰਿਪਾਨ (ਜਾਂ ਦਾਹ) ਮਾਰ ਕੇ ਏਸ ਨੂੰ ਮਾਰ ਦਿੱਤਾ। ਜਿਸ ਸਾਰਜੰਟ ਮੇਜਰ ਨੇ ਸਪੈਂਰਸਰ ਨੂੰ ਬਚਾਉਣ ਦੀ ਕੋਸ਼ਿਸ ਕੀਤੀ ਉਸ ਨੂੰ ਵੀ ਮਾਰ ਦਿੱਤਾ ਗਿਆ। ਇਸ ਤੋਂ ਬਾਅਦ ਏਸ ਰੈਜੀਮੈਂਟ ਦੇ 400 ਕੁ ਸੌ ਸਿਪਾਹੀ ਅੰਗ੍ਰੇਜ਼ ਅਫ਼ਸਰਾਂ ਨੂੰ ਮਾਰਨ ਲਈ ਉਹਨਾਂ ਦੇ ਘਰਾਂ ਉੱਤੇ ਹਮਲਾਵਰ ਹੋਏ ਪਰ ਉਹ ਉਸ ਵੇਲੇ ਓਥੇ ਨਹੀਂ ਸਨ। ਜਿੱਥੇ ਉਹ ਸਨ, ਓਥੇ ਬਾਗ਼ੀ ਨਾ ਗਏ। ਇਸਾਈ ਪਾਦਰੀ ਫਾਰਰ ਵੀ ਬੱਘੀ ਉੱਤੇ ਬੈਠ ਕੇ ਪਿਛਲੇ ਦਰਵਾਜਿਓਂ ਬਚ ਕੇ ਨਿਕਲ ਗਿਆ। ਇਸ ਤੋਂ ਬਾਅਦ ਇਹ ਬਾਗੀ ਏਥੋਂ ਭੱਜ ਗਏ। ਮੀਲ ਕੁ ਦੀ ਦੂਰੀ ਤੋਂ ਲਿਆਂਦਾ ਗਿਆ ਤੋਪਖ਼ਾਨਾ ਜਦੋਂ ਪਹੁੰਚਿਆ ਤਾਂ ਇਹ ਕਾਫੀ ਦੂਰ ਜਾ ਚੁੱਕੇ ਸਨ। ਉਸੇ ਦੁਪਹਿਰ ਨੂੰ ਬਹੁਤ ਜ਼ਬਰ ਦਸ਼ਤ ਕਾਲੀ ਬੋਲੀ ਹਨੇਰੀ ਚੱਲੀ ਅਤੇ ਕੁਝ ਪਤਾ ਨਾ ਲੱਗ ਸਕਿਆ ਕਿ ਇਹ ਕਿਸ ਤਰਫ ਗਏ ਹਨ।

ਹਰੀ ਕੇ ਪੱਤਣ (ਸਭਰਾਵਾਂ ਨੇੜੇ) ਨਾਕਾਬੰਦੀ ਕਰ ਲਈ ਗਈ ਪਰ ਬਾਗੀਆਂ ਦੀ ਦੂਜੇ ਦਿਨ (31 ਜੁਲਾਈ) ਨੂੰ ਅਜਨਾਲਾ ਨੇੜੇ, ਰਾਵੀ ਦੇ ਕਿਨਾਰੇ ਸੂਹ ਪਈ। ਇਹਨਾਂ ਨੇ ਉਥੇ ਘਾਟ ਉੱਤੇ ਦਰਿਆ ਪਰ ਜਾਣ ਦੀ ਕੋਸ਼ਿਸ਼ ਕੀਤੀ, ਜਿਹੜੀ ਕਿ ਇੱਕ ਤਹਿਸੀਲਦਾਰ ਅਤੇ ਚੰਦ ਸਿਪਾਹੀਆਂ ਦੇ ਡਰ ਨੇ ਨਾਕਾਮ ਕਰ ਦਿੱਤੀ। ਖ਼ਬਰ ਮਿਲਦਿਆਂ ਹੀ ਫਰੈਡਰਕ ਕਰੀ ਡਿਪਟੀ ਕਮਿਸ਼ਨਰ ਅਮ੍ਰਿੰਤਸਰ ਘੁੜਸਵਾਰ ਪੁਲਿਸ ਦੀ ਨੱਬੇ ਕੁ ਦੀ ਨਫਰੀ ਨਾਲ 25 ਕੁ ਮੀਲ ਦਾ ਫਾਸਲਾ ਤਹਿ ਕਰ ਕੇ ਸ਼ਾਮ ਤੱਕ ਉੱਥੇ ਪਹੁੰਚ ਗਿਆ। ਜਾ ਕੇ ਵੇਖਿਆ ਤਾਂ ਬਾਗ਼ੀ ਪੂਰਬੀਏ ਦਰਿਆ ਦੇ ਵਿਚਾਲੇ ਬ੍ਰੇਤੀ ਵਿੱਚ ਬੈਠੇ ਦੱਸੇ ਗਏ। ਇਹ ਐਸੀ ਥਾਂ ਸੀ ਜਿੱਥੋਂ ਨਾ ਤਾਂ ਇਹ ਮੁਕਾਬਲਾ ਕਰ ਸਕਦੇ ਸਨ ਅਤੇ ਨਾ ਹੀ ਨਿਕਲ ਕੇ ਭੱਜ ਸਕਦੇ ਸਨ। ਏਨੀਂ ਕੁ ਤਾਂ ਇਹਨਾਂ ਨੂੰ ਜੰਗੀ ਪੈਂਤਰੇ ਦੀ (ਸਟਰੳਟੲਗੇ) ਦੀ ਸਮਝ ਸੀ। ਠੱਸਾ ਬੰਦੂਕਾਂ ਵਾਲੇ ਚਾਲੀ ਕੁ ਸਿਪਾਹੀ ਟੁਟੀ ਜਹੀ ਕਿਸ਼ਤੀ ਉੱਤੇ ਬੈਠ ਕੇ ਇਹਨਾਂ ਕੋਲ ਜਾ ਪਹੁੰਚੇ। ਇਹਨਾਂ ਨੂੰ ਨੇੜੇ ਆਉਂਦਿਆਂ ਵੇਖ ਕੇ 40 ਕੁ ਬਾਗ਼ੀ ਤਾਂ ਡਰ ਕੇ ਦਰਿਆ ਵਿੱਚ ਛਾਲ ਮਾਰ ਗਏ ਅਤੇ ਅੰਤ ਡੁੱਬ ਕੇ ਮਰ ਗਏ। ਇਹਨਾਂ ਨੂੰ ਮਾਰਨ ਲਈ ਸਿਪਾਹੀਆਂ ਨੇ ਬੰਦੂਕਾਂ ਚੁੱਕੀਆਂ ਤਾਂ ਕਰੀ ਨੇ ਮਨ੍ਹਾਂ ਕਰ ਦਿੱਤਾ। ਜਾਨ ਬਚਣ ਦੀ ਸੰਭਾਵਨਾਂ ਨੂੰ ਵੇਖਦਿਆਂ 66 ਹੋਰਾਂ ਨੇ ਕੇਵਲ ਇੱਕ ਪੁਲਿਸ ਦੇ ਸਿਪਾਹੀ ਕੋਲ ਆਤਮ ਸਮਰਪਣ ਕਰ ਦਿੱਤਾ। ਉਸ ਨੇ ਇਹਨਾਂ ਦੀਆਂ ਮੁਸ਼ਕਾਂ ਕਸ ਕੇ ਇੱਕ ਕਿਸ਼ਤੀ ਵਿੰਚ ਬੋਰੀਆਂ ਵਾਂਗ ਲੱਦ ਦਿੱਤਾ। ਇਹ ਬੇ-ਇਜ਼ਤ ਕਰ ਕੇ ਅਜਨਾਲਾ ਪੁਲਿਸ ਥਾਣੇ ਭੇਜ ਦਿੱਤੇ ਗਏ। ਸੌ ਕੁ ਤਾਂ ਇਹ ‘ਸ਼ਹੀਦ’ ਸਨ ਜਿਨ੍ਹਾਂ ਦੀਆਂ ਅਸਤੀਆਂ ‘ਕਾਰ ਸੇਵਾ’ ਰਾਹੀਂ ਕੱਢੀਆਂ ਜਾ ਰਹੀਆਂ ਹਨ। ਏਹੋ ਹਸ਼ਰ ਬਾਕੀ ਸਭ ਦਾ ਹੋਇਆ। ਇਹਨਾਂ ਸਾਰਿਆਂ ਨੇ ਕੇਵਲ ਆਜਜ਼ੀ ਨਾਲ ਏਹੋ ਬੇਨਤੀ ਕੀਤੀ ਕਿ ਉਨ੍ਹਾ ਦੇ ਬੱਚੇ ਤੇ ਔਰਤਾਂ ਦੀ ਜਾਨ ਬਖਸ਼ ਦਿੱਤੀ ਜਾਵੇ। ਅਧੀ ਰਾਤ ਤੱਕ ਸਾਰੇ ਠਾਣੇ ਪਹੁੰਚ ਚੁੱਕੇ ਸਲ। ਕਿਸੇ ਇੱਕ ਨੇ ਵੀ ਬਚ ਕੇ ਨਿਕਲਣ ਦੀ ਕੋਸ਼ਿਸ਼ ਨਾ ਕੀਤੀ। ਦਿਨ ਚੜ੍ਹਨ ਤੋਂ ਪਹਿਲਾਂ 66 ਹੋਰ ਉੱਥੇ ਪੁਚਾ ਦਿੱਤੇ ਗਏ ਜਿਨ੍ਹਾ ਨੂੰ ਠਾਣੇ ਵਿੱਚ ਜਗ੍ਹਾ ਨਾ ਹੋਣ ਕਰਣ ਬੁਰਜ ਵਿੱਚ ਡੱਕਿਆ ਗਿਆ।

ਬਾਰਸ਼ ਕਾਰਣ ਇਹਨਾਂ ਨੂੰ ਗੋਲੀ ਮਾਰਨ ਦਾ ਕੰਮ ਅਗਲੇ ਦਿਨ ਉੱਤੇ ਛੱਡ ਦਿੱਤਾ ਗਿਆ। 1 ਅਗਸਤ ਨੂੰ ਬਕਰੀਦ ਸੀ। ਅੰਗ੍ਰੇਜ਼ ਅਫ਼ਸਰਾਂ ਨੇ ਬੜੇ ਚਾਅ ਨਾਲ ਬਕਰੀਦ ਇਹਨਾਂ ਨੂੰ ਹਲਾਲ ਕਰ ਕੇ ਮਨਾਈ। ਫਾਂਸੀ ਦੇਣ ਲਈ ਰੱਸੀਆਂ ਘੱਟ ਹੋਣ ਕਾਰਨ ਗੋਲੀ ਮਾਰਨ ਦਾ ਤਰੀਕਾ ਅਖਤਿਆਰ ਕੀਤਾ ਗਿਆ। ਇਹਨਾਂ ਦੇ ਨਾਂਅ ਲਿਖੇ ਗਏ ਅਤੇ ਥੋੜੀ-ਥੋੜੀ ਗਿਣਤੀ ਵਿੱਚ ਬੰਨ੍ਹ ਕੇ ਇਹਨਾਂ ਨੂੰ ਕਤਲਗਾਹ ਵਿੱਚ ਲਿਆਂਦਾ ਗਿਆ। ਮਕਤੂਲਾਂ ਦੀ ਕਤਲਗਾਹ ਨੂੰ ਜਾਂਦੀ ਇੱਕ ਟੋਲੀ ਨੇ ਮੌਕੇ ਦੇ ਮੈਜਿਸਟ੍ਰੇਟ ਨੂੰ ਸਰਾਪ ਦਿੱਤਾ ਕਿ ਉਸ ਨਾਲ ਵੀ ਅਜਿਹਾ ਹੀ ਹੋਵੇਗਾ। ਏਸੇ ਟੋਲੀ ਨੇ ਨੌਜਵਾਨ ਸਿੱਖ ਸਿਪਾਹੀਆਂ ਨੂੰ ਵੇਖ ਕੇ ਸਿੱਖ ਧਰਮ ਦੀ ਬੇ-ਅਦਬੀ ਕਰਨ ਦੀਆਂ ਸੈਨਤਾਂ ਕੀਤੀਆਂ। ਕਈਆਂ ਨੇ ਅੰਗਰੇਜ਼ੀ ਹਾਕਮ ‘ਸਾਹਿਬ’ ਨੂੰ ਆਖਰੀ ਸਲਾਮ ਕਰਨ ਦੀ ਇਜ਼ਾਜ਼ਤ ਮੰਗੀ। ਅਜੇ 150 ਨੂੰ ਗੋਲ਼ੀਆਂ ਮਾਰੀਆਂ ਗਈਆਂ ਸਨ ਜਦੋਂ ਕਿ ਇੱਕ ‘ਜਲਾਦ’ ਬੇ-ਹੋਸ਼ ਹੋ ਗਿਆ ਅਤੇ ਕਤਲੇਆਮ ਕੁਝ ਦੇਰ ਲਈ ਰੋਕਣਾ ਪਿਆ। 237 ਨੂੰ ਮਾਰਨ ਤੋਂ ਬਾਅਦ ਡੀ. ਸੀ. ਕਰੀ ਨੂੰ ਦੱਸਿਆ ਗਿਆ ਕਿ ਸਵੇਰੇ ਲਿਆਂਦੇ ਕੈਦੀ ਬੁਰਜ ਵਿੱਚੋਂ ਨਿਕਲਣ ਤੋਂ ਇਨਕਾਰੀ ਹਨ। ਮੁਕਾਬਲਾ ਕਰਨ ਦੀ ਪੂਰੀ ਤਿਆਰੀ ਕਰ ਕੇ ਜਦੋਂ ਦਰਵਾਜਾ ਖੋਲਿਆਂ ਗਿਆ ਤਾਂ ‘ਡਰ, ਭੁੱਖ ਅਤੇ ਥਕਾਵਟ’ ਨਾਲ 45 ਪੂਰਬੀਆਂ ਨੂੰ ਮਰੇ ਪਏ ਪਇਆ ਗਿਆ। ਪਿੰਡ ਦੇ ਸਫ਼ਾਈ ਕਰਮਚਾਰੀਆਂ ਕੋਲੋਂ ਇਹ 45 ਲਾਸ਼ਾਂ ਟੋਏ ਵਿੱਚ ਸੁਟਾ ਦਿੱਤੀਆਂ ਗਈਆਂ। ਇੱਕ ਜਖ਼ਮੀ ਸਮੇਤ ਬਾਅਦ ਵਿੱਚ ਗ੍ਰਿਫ਼ਤਾਰ ਕੀਤੇ 41 ਹੋਰਾਂ ਨੂੰ ਮੀਆਂ ਮੀਰ ਵਾਪਸ ਲਿਆ ਕੇ ਤੋਪਾਂ ਨਾਲ ਉਡਾ ਦਿੱਤਾ ਗਿਆ। ਦਿਨ ਚੜ੍ਹਦਿਆਂ ਅਰੰਭ ਹੋਇਆ ਇਹ ਕਤਲੇਆਮ, ਥੋੜੇ ਘੰਟਿਆਂ ਵਿੱਚ ਮੁਕੰਮਲ ਕਰ ਲਿਆ ਗਿਆ। ਇੱਕ ਜ਼ਖਮੀ ਨੂੰ ਬਚਾ ਕੇ ਲਾਹੌਰ ਇਸ ਲਈ ਲਿਆਂਦਾ ਗਿਆ ਕਿ ਉਹ 26 ਨੰਬਰ ਰਸਾਲੇ ਦੇ ਕਤਲੇਆਮ ਦੀ ਘਟਨਾਂ ਦੀ ਗਵਾਹੀ ਬਾਕੀ ਰਸਾਲਿਆਂ ਨੂੰ ਖੌਫਜਦਾ ਕਰਨ ਲਈ ਦੇ ਸਕੇ।

ਅਜਨਾਲੇ ਕਤਲ ਕੀਤੇ ਬਾਗ਼ੀਆਂ ਦੀਆਂ ਲਾਸ਼ਾਂ ਨੂੰ ਨੇੜੇ (ਠਾਣੇ ਤੋਂ 100 ਕੁ ਗਜ਼ ਉੱਤੇ) ਬੰਜਰ ਖੂਹ ਵਿੱਚ ਸੁੱਟ ਦਿੱਤਾ ਗਿਆ। ਆਸ-ਪਾਸ ਦੇ ਪਿੰਡਾਂ ਨੂੰ ਆਖ ਕੇ ਖੂਹ ਉੱਤੇ ਮਿੱਟੀ ਸੁੱਟ ਕੇ ਇੱਕ ਥੇਹ ਦੀ ਸਕਲ ਦਾ ਟਿੱਬਾ ਉਸਰਿਆ ਗਿਆ। ਏਥੇ ਸਾਰੀ ਵਾਰਦਾਤ ਦੀ ਕਹਾਣੀ ਡੀ.ਸੀ. ਦੇ ਹੁਕਮ ਉੱਤੇ ਪੰਜਾਬੀ, ਫਾਰਸੀ ਅਤੇ ਅੰਗ੍ਰੇਜ਼ੀ ਵਿੱਚ ਲਿੱਖ ਕੇ ਲਗਾਈ ਗਈ।

ਚਾਲੀ ਪੰਜਾਹ ਬਾਕੀ ਬਚਿਆਂ ਹੋਇਆ ਨਿਹੱਥਿਆਂ ਉੱਤੇ ‘ਬਹਾਦਰ’ ਮੇਜਰ ਜੈਕਸਨ ਨੇ ਆਪਣੀ ਟੋਲੀ ਤੋਂ ਅੱਗੇ ਘੋੜਾ ਭਜਾ ਕੇ ਕਈਆਂ ਨੂੰ ਕਤਲ ਕਰ ਦਿੱਤਾ। ਬਾਕੀ ਜਿਵੇਂ-ਜਿਵੇਂ ਹੱਥ ਆਉਂਦੇ ਗਏ ਕਤਲ ਕਰ ਦਿੱਤੇ ਗਏ।

ਉਪਰੋਕਤ ਸਾਰੀ ਅਜਨਾਲੇ ਦੇ ਖੂਹ ਦੀ ਕਹਾਣੀ ਦਾ ਸਾਰ ਹੈ। ਤਕਰੀਬਨ ਸਾਰਾ ਹੀ ਵਾਕਿਆ ਫ੍ਰੈਡਰਿਕ ਕਰੀ ਦੀ ਜ਼ੁਬਾਨੀ ਬਿਆਨ ਕੀਤਾ ਗਿਆ ਹੈ। ਜੱਗ ਜ਼ਾਹਰ ਹੈ ਕਿ ਏਸ ਵਿੱਚ ਕੁਝ ਵੀ ਗੌਰਵਸ਼ਾਲੀ ਨਹੀਂ। ਫੇਰ ਵੀ ਮਜ਼ਬੂਰ, ਬੇ-ਸਹਾਰੇ ਮਕਤੂਲਾਂ ਨਾਲ ਹਰ ਇਨਸਾਨ ਦੀ ਹਮਦਰਦੀ ਹੋਣੀ ਕੁਦਰਤੀ ਹੈ। ਹੁਣ ਸਵਾਲ ਹੈ ਕਿ ਅਸਥੀਆਂ ਦਾ ਕੀ ਕੀਤਾ ਜਾਵੇ? ਮਕਤੂਲਾਂ ਦੀ ਸੂਚੀ ਬਣੀ ਸੀ। ਕੁਈ ਖੋਜੀ ਲੱਭ ਸਕਦਾ ਹੈ ਕਿ ਕਿੱਥੇ ਹੈ। ਸ਼ਾਇਦ ਉਸ ਵਿੱਚ ਅਤੇ ਪਤੇ ਵੀ ਹੋਣ। ਨਹੀਂ ਤਾਂ ਭਰਤੀ ਦੇ ਕਾਗਜ਼ਾਂ ਵਿੱਚ ਪਤੇ ਜ਼ਰੂਰ ਹੋਣਗੇ। ਅਸਥੀਆਂ ਦਾ ਡੀ.ਐਨ.ਏ. ਟੈਸਟ ਕਰਵਾ ਕੇ ਇਹਨਾਂ ਦੇ ਵਾਰਸਾਂ ਨੂੰ ਮੋੜ ਦੇਣੀਆਂ ਚਾਹੀਦੀਆਂ ਹਨ। ਇਹ ਕੰਮ ਕਾਰ ਸੇਵਾ ਰਾਹੀਂ ਹੋ ਜਾਵੇ ਤਾਂ ਵੀ ਚੰਗਾ ਹੈ, ਪਰ ਸਰਕਾਰ ਬਿਹਤਰ ਕਰ ਸਕਦੀ ਹੈ।

ਇਹਨਾਂ ਅਸਥੀਆਂ ਦਾ ਸਸਕਾਰ ਬਿਲਕੁਲ ਨਹੀਂ ਕਰਨਾ ਚਾਹੀਦਾ। ਡੇਢ ਸਦੀ ਬਾਅਦ ਵੀ ਮਨੁੱਖੀ ਭਾਵਨਾਵਾਂ ਮੱਧਮ ਨਹੀਂ ਪੈਦੀਆਂ। ਆਪਣੇ ਮਜ਼ਬੁਰ ਬਜ਼ੁਰਗਾਂ ਦੀ ਛੁਹ ਨੂੰ ਕਈ ਸੰਵੇਦਨਾਸ਼ੀਲ ਵਾਰਸ ਤਰਸਦੇ ਹੋਣਗੇ। ਠੀਕ ਏਵੇਂ ਜਿਵੇਂ ਪੰਜਾਬ ਦੇ ਹਾਲ ਵਿੱਚ ਹੋਏ ਨਿਰਦੋਸ਼ਾਂ ਦੇ ਕਤਲੇਆਮ ਦੀ ਉੱਘ-ਸੁੱਘ ਉਡੀਕਦੇ ਕਈ ਵਾਰਸ ਹੁੱਬ ਕੇ ਅਰਦਾਸਾਂ ਕਰ ਰਹੇ ਹਨ। ਉਹਨਾਂ ਮਾੜੀ ਕਿਸਮਤ ਵਾਲਿਆਂ ਨੂੰ ਜਿਨ੍ਹਾਂ ਦਾ ਵਿਰਸਾ ਕੇਵਲ ਬਜ਼ੁਰਗਾਂ ਦੀਆਂ 150 ਸਾਲ ਤੋਂ ਦਫਨ ਅਸਥੀਆਂ ਹੀ ਹਨ, ਉਹਨਾਂ ਨੂੰ ਅਸਥੀਆਂ ਤੋਂ ਇੱਕ ਵੀ ਪਲ ਹੋਰ ਮਹਿਰੂਮ ਨਹੀਂ ਰੱਖਣਾ ਚਾਹੀਦਾ। ਅਜਨਾਲੇ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਮੋਢਾ ਦੇ ਕੇ ਇਹਨਾਂ ਨੂੰ ਮ੍ਰਿਤਕਾਂ ਪ੍ਰਤੀ ਬਣਦੇ ਸਤਿਕਾਰ ਨਾਲ ਓਵੇਂ ਤੋਰ ਦੇਣ, ਜਿਵੇਂ ਅਸੀਂ ਆਪਣਿਆਂ ਨੂੰ ਸਦੀਆਂ ਤੋਂ ਵਿਦਾ ਕਰਦੇ ਆਏ ਹਾਂ। ਮੰਨਿਆਂ ਇਹ ਦੁਸ਼ਮਣ ਬਣ ਕੇ ਆਏ ਸਨ, ਅਤੇ ਆਪਣੇ ਦੋਸਤਾਂ ਦੇ ਵੀ ਦੁਸ਼ਮਣ ਬਣ ਬੈਠੇ ਸਨ, ਪੰਜਾਬ ਨਾਲ ਇਹਨਾਂ ਬਹੁਤ ਬੁਰਾ ਕੀਤਾ ਸੀ, ਪਰ ਉਹ ਸਭ ਹੁਣ ਇਤਿਹਾਸ ਦੇ ਅੱਖਰ ਹਨ। ਉਹ ਪੰਜਾਬ ਦੇ ਆਪਣੇ ਨਾਂ ਸਹੀ, ਕਿਸੇ ਦੇ ਤਾਂ ਆਪਣੇ ਸਨ, ਓਹਨਾਂ ਹਮਵਤਨਾਂ ਦੇ ਸੀਨੇ ਠਾਰਨ ਲਈ ਇਹਨਾਂ ਮਕਤੂਲਾਂ ਦੀਆਂ ਅਸਥੀਆਂ ਜਾਣ। ਸਿੱਖੀ ਦੀ ਦਰਿਆ ਦਿਲੀ ਦਾ ਸੁਨੇਹਾਂ ਲੈ ਕੇ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top