Share on Facebook

Main News Page

ਵਰਲਡ ਸਿੱਖ ਫੈਡਰੇਸ਼ਨ ਵੱਲੋਂ ਕਰਨਲ ਸੁਰਜੀਤ ਸਿੰਘ ਨਿਸ਼ਾਨ ਨੂੰ ਕੈਲੰਡਰ ਸਬੰਧੀ ਵਿਚਾਰ ਲਈ ਖੁੱਲਾ ਸੱਦਾ !

ਕਰਨਲ ਨਿਸ਼ਾਨ ਦੇ ਗੁੰਮਰਾਹਕੁੰਨ ਬਿਆਨ ਦਾ ਲਿਆ ਸਖ਼ਤ ਨੋਟਿਸ!

ਵਰਲਡ ਸਿੱਖ ਫੈਡਰੇਸ਼ਨ ਯੂ ਐਸ ਏ ਦੇ ਸੇਵਾਦਾਰਾਂ ਅਤੇ ਪੰਥ ਦਰਦੀਆਂ ਨੇ ਪ੍ਰੇਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਦੋਂ ਦਾ ਨਾਨਕਸ਼ਾਹੀ ਕੈਲੰਡਰ ਹੋਂਦ ਵਿੱਚ ਆਇਆ ਹੈ ਬਿਕਰਮੀ ਕੈਲੰਡਰ ਵਾਲਿਆਂ ਨੂੰ ਢਿੱਡ ਪੀੜਾਂ ਪਈਆਂ ਹੋਈਆਂ ਹਨ। ਜਿਥੇ ਕੁਝ ਸਾਡੇ ਆਪਣੇ ਵੀਰ ਆਪਣੇ ਲਿਖੇ ਇਤਿਹਾਸ ਵਿੱਚ ਬਿਕਰਮੀ ਤਰੀਕਾਂ ਲਿਖ ਦੇਣ ਕਾਰਣ ਹੀ ਨਾਨਕਸ਼ਾਹੀ ਕੈਲੰਡਰ ਦੀ ਵਿਰੋਧਤਾ ਕਰਦੇ ਹਨ ਉਥੇ ਕੁਝ ਵਿਪਰ ਦੀ ਪ੍ਰਣਾਲੀ ਵਿੱਚ ਕੌਮ ਨੂੰ ਫਸਾ ਕੇ ਰੱਖਣ ਵਾਲੇ ਬ੍ਰਾਹਮਣਵਾਦੀ ਸੋਚ ਦੇ ਧਾਰਨੀ ਡੇਰੇਦਾਰ ਜਾਂ ਉਨ੍ਹਾਂ ਦੇ ਸਮਰਥਕ ਨਾਨਕ ਸ਼ਾਹੀ ਕੈਲੰਡਰ ਦੇ ਵਿਰੋਧੀ ਬਣਦੇ ਹਨ। ਡਾ ਗੁਰਮਤਿ ਸਿੰਘ ਬਰਸਾਲ, ਕੁਲਦੀਪ ਸਿੰਘ ਨਿਊਯਾਰਕ, ਸਰਵਜੀਤ ਸਿੰਘ ਸੈਕਰਾਮੈਂਟੋ ਅਤੇ ਵਰਿੰਦਰ ਸਿੰਘ ਗੋਲਡੀ ਨੇ ਸਾਂਝੇ ਬਿਆਨ ਰਾਹੀ ਦੱਸਿਆ ਕਿ ੨੦੦੩ ਵਿੱਚ ਜਦੋਂ ਲੰਬੀ ਘਾਲਣਾ ਅਤੇ ਪ੍ਰਕਿਰਿਆ ਪਿੱਛੋਂ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ ਤਾਂ ਕਿਸੇ ਕੋਲ ਵੀ ਇਸਦੀ ਵਿਰੋਧਤਾ ਕਰਨ ਦਾ ਠੋਸ ਆਧਾਰ ਜਾਂ ਯੋਗਤਾ ਨਹੀਂ ਸੀ। ਜਿਓਂ ਹੀ ਕੌਮ ਨੇ ਬਿਪਰਾਂ ਦੀਆਂ ਜੰਤਰੀਆਂ ਨੂੰ ਪਾਸੇ ਸੁੱਟ ਕੇ ਆਪਣੇ ਗੁਰਪੁਰਬ ਅਤੇ ਦਿਨ-ਦਿਹਾੜੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਪੱਕੀਆਂ ਤਰੀਕਾਂ ਨੂੰ ਮਨਾਉਣੇ ਸ਼ੁਰੂ ਕੀਤੇ ਤਾਂ ਬਿਕ੍ਰਮੀ ਵਾਲਿਆਂ ਦਾ ਅਕਾਲ ਤਖਤ ਤੇ ਦਖ਼ਲ ਵੱਧਣ ਲਗ ਗਿਆ ।

ਉਨ੍ਹਾਂ ਅੱਗੇ ਦੱਸਿਆਂ ਕਿ ਆਖਿਰ ਏਕਤਾ ਦੀ ਆੜ ਥੱਲੇ ਰਾਜਨੀਤਕਾਂ ਦੀ ਸ਼ਹਿ ਤੇ ਉਹ ਕੁਝ ਕੁ ਬਿਕ੍ਰਮੀ ਤਰੀਕਾਂ ਨੂੰ ਸੂਰਜੀ ਤਰੀਕਾਂ ਵਿੱਚ ਰਲਾਉਣ ਵਿੱਚ ਕਾਮਯਾਬ ਹੋ ਗਏ, ਜਿਸ ਨਾਲ ਕੈਲੰਡਰ ਮਿਲਗੋਭਾ ਬਣ ਗਿਆ ਜੋ ਨਾਂ ਸ਼ੁੱਧ ਨਾਨਕਸ਼ਾਹੀ ਰਿਹਾ ਨਾਂ ਬਿਕ੍ਰਮੀ। ਵਰਲਡ ਸਿੱਖ ਫੈਡਰੇਸ਼ਨ ਦੇ ਉਕਤ ਸੇਵਾਦਾਰਾਂ ਨੇ ਦਾਅਵਾ ਕੀਤਾ ਹੈ ਕਿ ਅਸੀਂ ਸੰਤ ਸਮਾਜ ਵਾਲਿਆਂ ਨੂੰ ਕਿੰਨੇ ਚਿਰ ਤੋਂ ਵੰਗਾਰ ਰਹੇ ਹਾਂ ਕਿ ਆਓ ਪਾਰਦਰਸ਼ੀ ਤਰੀਕੇ ਨਾਲ ਵਿਚਾਰ-ਵਟਾਂਦਰਾ ਕਰੀਏ ਉਨ੍ਹਾਂ ਨੇ ਇਹ ਸੱਦਾ ਕਦੇ ਪ੍ਰਵਾਨ ਨਹੀ ਕੀਤਾ। ਹੁਣ ਕਰਨਲ ਸੁਰਜੀਤ ਸਿੰਘ ਨਿਸ਼ਾਨ ਨੇ ਬਿਆਨ ਦਿੱਤਾ ਹੈ ਕਿ ਨਾਨਕਸ਼ਾਹੀ ਕੈਲੰਡਰ `ਚ ਤਕਨੀਕੀ ਗਲਤੀਆਂ ਹਨ ਅਤੇ ਜੱਥੇਦਾਰ ਵੇਦਾਂਤੀ ਨੇ ਬਿਨਾਂ ਵਿਦਵਾਨਾਂ ਨਾਲ ਸਲਾਹ ਮਸ਼ਵਰਾ ਕੀਤੇ ਤੋਂ ਨਾਨਕਸ਼ਾਹੀ ਕੈਲੰਡਰ ਕਿਉਂ ਜਾਰੀ ਕੀਤਾ। ਕਰਨਲ ਨਿਸ਼ਾਨ ਨੇ, 28 ਫਰਵਰੀ ਦੀਆਂ ਅਖ਼ਬਾਰਾਂ ਰਾਹੀ ਆਪਣੇ ਬਿਆਨ ਵਿਚ ਜਿਥੇ ਨਾਨਕਸ਼ਾਹੀ ਕੈਲੰਡਰ `ਚ ਤਕਨੀਕੀ ਖ਼ਾਮੀਆਂ ਦਾ ਜਿਕਰ ਕੀਤਾ ਹੈ ਉਥੇ ਹੀ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਸਵਾਲ ਕਿਤਾ ਹੇ, “ਬਿਨਾਂ ਵਿਦਵਾਨਾਂ ਤੇ ਸਿੱਖ ਜਥੇਬੰਦੀਆਂ ਨੂੰ ਭਰੋਸੇ 'ਚ ਲਏ ਉਨ੍ਹਾਂ ਤਰੁੱਟੀਆਂ ਭਰੇ ਨਾਨਕਸ਼ਾਹੀ ਕਲੰਡਰ ਨੂੰ ਕਿਉਂ ਪ੍ਰਵਾਨਗੀ ਦਿੱਤੀ”। ਉਕਤ ਪੰਥ ਦਰਦੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਹ ਬਿਆਨ ਤੱਥਾ ਤੇ ਪੁਰਾ ਨਹੀ ਢੁਕਦਾ। ਕਰਨਲ ਨਿਸ਼ਾਨ ਦੇ
ਗੁੰਮਰਾਹਕੁੰਨ ਬਿਆਨ ਪ੍ਰਤੀ ਕੁਝ ਸਵਾਲਾਂ ਦੇ ਜਵਾਬ ਵੀ ਮੰਗੇ ਹਨ:

- ਕਰਨਲ ਨਿਸ਼ਾਨ ਜੀ, ਕੀ ਇਹ ਸੱਚ ਨਹੀ ਹੈ ਕਿ ਕੈਲੰਡਰ ਸਬੰਧੀ ਵਿਦਵਾਨਾਂ `ਚ ਲੱਗ-ਭੱਗ ਇਕ ਦਹਾਕਾ ਵਿਚਾਰ ਚਰਚਾ ਹੁੰਦੀ ਰਹੀ ਹੈ?

- ਨਿਸ਼ਾਨ ਜੀ, ਕੀ ਇਹ ਸੱਚ ਨਹੀ ਹੈ ਕਿ ਤੁਸੀਂ ਵੀ ਗਾਹੇ-ਵਗਾਏ ਇਨ੍ਹਾਂ ਮੀਟਿੰਗਾਂ `ਚ ਸ਼ਾਮਲ ਹੁੰਦੇ ਰਹੇ ਹੋ ਅਤੇ ਆਪਣੇ ਸੁਝਾਓ ਵੀ ਦਿੰਦੇ ਰਹੇ ਹੋ?

- ਨਿਸ਼ਾਨ ਜੀ, ਜੇ ਆਪ ਜੀ ਮੰਨਦੇ ਹੋ ਕਿ ਨਾਨਕਸ਼ਾਹੀ ਕੈਲੰਡਰ `ਚ ਤਰੁੱਟੀਆਂ ਹਨ ਤਾਂ ਉਨ੍ਹਾਂ ਤਰੁੱਟੀਆਂ ਦੀ ਸੂਚੀ ਪੇਸ਼ ਕੀਤੀ ਜਾਵੇ ਤਾਂ ਜੋ ਪਾਰਦਰਸ਼ੀ ਤਰੀਕੇ ਨਾਲ ਉਨ੍ਹਾਂ ਤੇ ਵਿਚਾਰ ਕੀਤੀ ਜਾ ਸਕੇ।

- ਨਿਸ਼ਾਨ ਜੀ, ਤੁਸੀਂ ਆਪਣਾ ਕੈਲੰਡਰ ਵੀ ਸੰਗਤਾਂ ਦੀ ਕਚਿਹਰੀ `ਚ ਪੇਸ਼ ਕਰੋ ਤਾਂ ਜੋ ਉਸ ਬਾਰੇ ਵੀ ਵਿਚਾਰ ਕੀਤੀ ਜਾ ਸਕੇ।

ਕਰਨਲ ਨਿਸ਼ਾਨ ਜੀ, ਜਦੋਂ ਤੁਸੀਂ ਆਪ ਵੀ ਇਹ ਵੀ ਮੰਨਦੇ ਹੋ, “ਉਨ੍ਹਾਂ ਕਿਹਾ ਕਿ ਸਿੱਖ ਪੰਥ ਵਿਰੋਧੀ ਇਸ ਫੈਸਲੇ ਨੇ ਸਾਰੀ ਸਿੱਖ ਕੌਮ ਨੂੰ ਦੁਫਾੜ ਕਰ ਦਿੱਤਾ ਹੈ, ਪਰ ਸ਼ੋ੍ਰਮਣੀ ਕਮੇਟੀ, ਅਕਾਲ ਤਖ਼ਤ ਤੇ ਜਥੇਦਾਰ ਸਾਹਿਬਾਨ ਇਸ ਸਬੰਧੀ ਨਜ਼ਰਸਾਨੀ ਕਰਨਾ ਤਾਂ ਦੂਰ ਇਸ ਮੁੱਦੇ 'ਤੇ ਗੱਲ ਕਰਨ ਨੂੰ ਵੀ ਤਿਆਰ ਨਹੀਂ”, ਤਾਂ ਇਹ ਹੋਰ ਵੀ ਜਰੂਰੀ ਹੋ ਜਾਂਦਾ ਹੈ, ਕਿ ਸਿੱਖ ਕੌਮ ਇਸ ਮਸਲੇ 'ਤੇ ਪਾਰਦਰਸ਼ੀ ਵਿਚਾਰ ਚਰਚਾ ਕਰਕੇ, ਆਪਣੇ ਤੌਰ 'ਤੇ ਹੀ ਨਜਿੱਠ ਲਵੇ। ਵਰਲਡ ਸਿੱਖ ਫੈਡਰੇਸ਼ਨ ਵੱਲੋਂ, ਅਸੀਂ ਆਪ ਜੀ ਨੂੰ ਵਿਚਾਰ ਵਟਾਂਦਰਾ ਕਰਨ ਦਾ ਖੁੱਲਾ ਸੱਦਾ ਦਿੰਦੇ ਹਾਂ। ਇਹ ਵਿਚਾਰ ਚਰਚਾ ਅੰਤਰਾਸ਼ਟਰੀ ਮੀਡੀਏ ਰਾਹੀ, ਲਿਖਤੀ ਰੂਪ ਵਿੱਚ ਦੁਨੀਆਂ ਭਰ ਦੀਆਂ ਸਿੱਖ ਸੰਗਤਾਂ ਲਈ ਉਪਲੱਬਧ ਹੋਵੇਗੀ।

ਆਪ ਜੀ ਦੇ ਉਸਾਰੂ ਹੁੰਗਾਰੇ ਦੀ ਉਡੀਕ `ਚ

ਜਾਗਰੂਕ ਵੀਰਾਂ ਦੇ ਹਮਸਫ਼ਰ
ਵਰਲਡ ਸਿੱਖ ਫੈਡਰੇਸ਼ਨ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top