Share on Facebook

Main News Page

ਨਵੰਬਰ ’84 ਦਾ ਘਟਨਾਕ੍ਰਮ-ਦੋਸ਼ੀ ਕੌਣ ਸੀ ?
-: ਡਾ. ਨਰਿੰਦਰ ਸਿੰਘ ਬਵੇਜਾ
ਆਈ ਸਪੈਸ਼ਲਿਸਟ, ਜਲੰਧਰ
ਮੋ: 94176 23213

ਕੁਝ ਦਿਨ ਪਹਿਲਾਂ ਸ੍ਰੀ ਰਾਹੁਲ ਗਾਂਧੀ ਨੇ ਆਪਣੀ ਇਕ ਸਿਆਸੀ ਤਕਰੀਰ ਵਿਚ ਮੰਨਿਆ ਕਿ 1984 ਦੇ ਸਿੱਖ ਵਿਰੋਧੀ ਦੰਗਿਆਂ ਵਿਚ ਕੁਝ ਕਾਂਗਰਸੀ ਵੀ ਸ਼ਾਮਿਲ ਸਨ, ਪਰ ਨਾਲ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਤੇ ਪਾਰਟੀ ਨੇ ਨਾ ਸਿਰਫ ਦੰਗਾ ਪੀੜਤਾਂ ਦੀ ਮਦਦ ਹੀ ਕੀਤੀ, ਬਲਕਿ ਦੋਸ਼ੀਆਂ ਨੂੰ ਸਜ਼ਾਵਾਂ ਵੀ ਦਿਵਾਈਆਂ।

ਇਸ ‘ਤੇ ਜਿਥੇ ਪੁਰਾਣੇ ਜ਼ਖ਼ਮਾਂ ‘ਤੇ ਇਕ ਵਾਰ ਫਿਰ ਲੂਣ ਛਿੜਕਿਆ ਗਿਆ, ਉਥੇ ਨਾਲ ਹੀ ਸਿਆਸੀ ਲੀਡਰਾਂ ਵਿਚ ਇਕ-ਦੂਜੇ ਨੂੰ ਦੋਸ਼ੀ ਠਹਿਰਾਉਣ ਦੀ ਦੌੜ ਵੀ ਸ਼ੁਰੂ ਹੋ ਗਈ। ਹਰ ਲੀਡਰ ਆਪਣੇ ਵਿਰੋਧੀ ਨੂੰ ਦੋਸ਼ੀ ਠਹਿਰਾ ਕੇ ਸਿਆਸੀ ਲਾਭ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇਸ ਸਿਲਸਿਲੇ ਵਿਚ ਮੈਂ ਸਵਰਗੀ ਜਨਰਲ ਜਗਜੀਤ ਸਿੰਘ ਅਰੋੜਾ ਜੀ ਨਾਲ ਆਪਣੀ ਇਕ ਮੁਲਾਕਾਤ ਸਾਂਝੀ ਕਰਨ ਲੱਗਾ ਹਾਂ ਕਿ ਕੌਣ ਦੋਸ਼ੀ ਸੀ?

ਜਨਵਰੀ 1985 ਵਿਚ ਅੱਖਾਂ ਦੀਆਂ ਬਿਮਾਰੀਆਂ ਦੇ ਡਾਕਟਰਾਂ ਦੀ ਕੁੱਲ ਹਿੰਦ ਕਾਨਫ਼ਰੰਸ ਦਿੱਲੀ ਵਿਖੇ ਹੋਈ। ਮੈਂ ਵੀ ਉਸ ਵਿਚ ਹਿੱਸਾ ਲੈਣ ਗਿਆ ਸਾਂ। ਸਵਰਗੀ ਡਾ: ਗਿਆਨ ਸਿੰਘ ਰੇਖੀ ਰਿਟਾਇਰਡ ਸਿਵਲ ਸਰਜਨ ਵੀ ਆਪਣੀ ਪਤਨੀ ਨਾਲ ਗਏ ਹੋਏ ਸਨ।

ਉਨ੍ਹਾਂ ਦੀ ਪਤਨੀ ਜਦੋਂ ਔਰਤਾਂ ਵਿਚ ਬੈਠੀ ਹੋਈ ਸੀ ਤਾਂ ਉਸ ਸਮੇਂ ਬਹੁਤ ਸਾਰੀਆਂ ਔਰਤਾਂ ਖੁਸ਼ ਹੋ ਕੇ ਗੱਲਾਂ ਕਰ ਰਹੀਆਂ ਸਨ ਕਿ ਚੰਗਾ ਹੋਇਆ ਸਿੱਖਾਂ ਨੂੰ ਸਬਕ ਸਿਖਾ ਦਿੱਤਾ ਗਿਆ। ਜਦੋਂ ਮਿਸਜ਼ ਗਿਆਨ ਸਿੰਘ ਇਸ ਦੇ ਖਿਲਾਫ਼ ਬੋਲੇ ਤਾਂ ਉਨ੍ਹਾਂ ਔਰਤਾਂ ਨੂੰ ਪਤਾ ਲੱਗ ਗਿਆ ਕਿ ਉਨ੍ਹਾਂ ਵਿਚ ਕੋਈ ਸਿੱਖ ਔਰਤ ਵੀ ਬੈਠੀ ਹੋਈ ਹੈ। ਉਹ ਚੁੱਪ ਕਰ ਗਈਆਂ।

ਕਾਨਫ਼ਰੰਸ ਵਿਚ ਭਾਗ ਲੈਣ ਲਈ ਅਮਰੀਕਾ ਤੋਂ ਅੱਖਾਂ ਦੇ ਪ੍ਰਸਿੱਧ ਡਾ: ਜੇ.ਐਸ. ਪੰਨੂੰ ਵੀ ਆਪਣੀ ਅਮਰੀਕਨ ਧਰਮ ਪਤਨੀ ਨਾਲ ਆਏ ਹੋਏ ਸਨ। ਮੇਰੇ ਨਾਲ ਸਲਾਹ ਕਰਨ ਲੱਗੇ ਕਿ ਉਹ 1984 ਦੇ ਦੰਗਾ ਪੀੜਤਾਂ ਦੀ ਮਦਦ ਲਈ ਕੁਝ ਰਕਮ ਦੇਣਾ ਚਾਹੁੰਦੇ ਹਨ। ਮੈਂ ਕਿਹਾ ਕਿ ਮੇਰੀ ਸਮਝ ਵਿਚ ਐਸ ਵੇਲੇ ਰਕਮ ਇਕੱਠੀ ਕਰਕੇ ਇਮਾਨਦਾਰੀ ਨਾਲ ਮਦਦ ਕਰਨ ਵਾਲੇ ਸਭ ਤੋਂ ਚੰਗੇ ਸ਼ਖ਼ਸ ਜਨਰਲ ਜਗਜੀਤ ਸਿੰਘ ਅਰੋੜਾ ਹਨ। ਉਨ੍ਹਾਂ ਨੂੰ ਰਕਮ ਦਿੱਤੀ ਜਾਵੇ। ਮੈਂ ਟੈਲੀਫੋਨ ‘ਤੇ ਸਮਾਂ ਲੈ ਕੇ ਡਾ: ਪੰਨੂੰ ਨੂੰ ਜਨਰਲ ਸਾਹਿਬ ਦੀ ਕੋਠੀ ਲੈ ਗਿਆ। ਜਨਰਲ ਸਾਹਿਬ ਨੇ ਜੋ ਗੱਲਾਂ ਦੱਸੀਆਂ, ਉਹ ਕੁਝ ਇਸ ਤਰ੍ਹਾਂ ਸਨ।

ਦੰਗਿਆਂ ਦੇ ਦੂਜੇ ਦਿਨ ਜਨਰਲ ਸਾਹਿਬ, ਸਵਰਗੀ ਸ੍ਰੀ ਇੰਦਰ ਕੁਮਾਰ ਗੁਜਰਾਲ, ਸ: ਪਤਵੰਤ ਸਿੰਘ ਤੇ ਇਕ ਹੋਰ ਸੱਜਣ ਕਿਸੇ ਤਰ੍ਹਾਂ ਬਚਦੇ-ਬਚਾਉਂਦੇ ਰਾਸ਼ਟਰਪਤੀ ਭਵਨ ਪਹੁੰਚ ਗਏ। ਰਸਤੇ ਵਿਚ ਗੁਜਰਾਲ ਸਾਹਿਬ ਆਪ ਕਾਰ ਚਲਾ ਰਹੇ ਸਨ ਤੇ ਉਨ੍ਹਾਂ ਦੀ ਕਾਰ ‘ਤੇ ਲਾਠੀਆਂ ਨਾਲ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਇਹ ਸਭ ਲੋਕ ਬਚ ਗਏ। ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਬਹੁਤ ਉਦਾਸ ਬੈਠੇ ਹੋਏ ਸਨ ਤੇ ਉਨ੍ਹਾਂ ਦੇ ਸਿਰ ‘ਤੇ ਪਗੜੀ ਵੀ ਨਹੀਂ ਸੀ ਬੰਨ੍ਹੀ ਹੋਈ। ਜਦੋਂ ਇਨ੍ਹਾਂ ਨੇ ਗਿਆਨੀ ਜੀ ਨੂੰ ਕਿਹਾ ਕਿ ਤੁਸੀਂ ਸਰਕਾਰ ਨੂੰ ਹਦਾਇਤ ਕਰੋ ਕਿ ਹਾਲਾਤ ਨੂੰ ਸੰਭਾਲੇ ਤਾਂ ਗਿਆਨੀ ਜੀ ਨੇ ਬਹੁਤ ਉਦਾਸੀ ਵਿਚ ਕਿਹਾ ਕਿ ਮੇਰਾ ਤਾਂ ਉਹ ਟੈਲੀਫੋਨ ਵੀ ਨਹੀਂ ਸੁਣਦੇ ਪਏ। ਤੁਸੀਂ ਆਪ ਹੀ ਗੱਲ ਕਰੋ। ਜਨਰਲ ਸਾਹਿਬ ਤੇ ਸ੍ਰੀ ਗੁਜਰਾਲ ਹੋਰਾਂ ਨੇ ਰਾਸ਼ਟਰਪਤੀ ਭਵਨ ਤੋਂ ਜਿੰਨੀ ਵਾਰੀ ਟੈਲੀਫੋਨ ਕੀਤੇ ਹਰ ਵਾਰੀ ਇਹੋ ਜਵਾਬ ਮਿਲਿਆ ਕਿ ਹੋਮ ਮਨਿਸਟਰ ਸ੍ਰੀ ਨਰਸਿਮ੍ਹਾ ਰਾਓ ਮੀਟਿੰਗ ਵਿਚ ਹਨ। ਗੱਲ ਨਹੀਂ ਕਰ ਸਕਦੇ।

ਜਨਰਲ ਅਰੋੜਾ ਹੁਰਾਂ ਨੇ ਦਿੱਲੀ ਦੇ ਮਿਲਟਰੀ ਏਰੀਆ ਕਮਾਂਡਰ ਮੇਜਰ ਜਨਰਲ ਜਮਵਾਲ ਨਾਲ ਟੈਲੀਫੋਨ ‘ਤੇ ਗੱਲ ਕੀਤੀ ਕਿ ਉਹ ਕਿਉਂ ਨਹੀਂ ਮਿਲਟਰੀ ਦੀ ਮਦਦ ਨਾਲ ਹਾਲਾਤ ‘ਤੇ ਕਾਬੂ ਪਾਉਂਦੇ? ਜਨਰਲ ਜਮਵਾਲ ਨੇ ਕਿਹਾ ਕਿ ਉਹ ਤਾਂ ਫ਼ੌਜ ਲੈ ਕੇ ਤਿਆਰ ਬੈਠੇ ਹਨ ਪਰ ਉਨ੍ਹਾਂ ਦੇ ਆਗਿਆ ਮੰਗਣ ਦੇ ਬਾਵਜੂਦ ਸਰਕਾਰ ਉਨ੍ਹਾਂ ਦੀ ਡਿਊਟੀ ਨਹੀਂ ਲਗਾ ਰਹੀ। ਉਂਜ ਜਨਰਲ ਜਮਵਾਲ ਨੇ ਆਪਣੇ ਤੌਰ ‘ਤੇ ਜਨਰਲ ਅਰੋੜਾ ਦੀ ਕੋਠੀ ਅੱਗੇ ਮਿਲਟਰੀ ਪਹਿਰਾ ਲਗਾ ਦਿੱਤਾ ਸੀ।

ਗੱਲਾਂ-ਗੱਲਾਂ ਵਿਚ ਜਨਰਲ ਅਰੋੜਾ ਕਹਿਣ ਲੱਗੇ ਕਿ ਉਨ੍ਹਾਂ ‘ਤੇ ਉਨ੍ਹਾਂ ਦੇ ਸਾਥੀਆਂ ਨੇ ਛਾਣਬੀਣ ਕੀਤੀ ਹੈ ਕਿ ਕਤਲ ਕਰਨ ਦੀ ਇਹ ਯੋਜਨਾ ਕਿਸ ਨੇ ਬਣਾਈ ਹੈ ਤੇ ਕੌਣ ਇਸ ਨੂੰ ਚਲਾ ਰਿਹਾ ਹੈ? ਉਹ ਪਤਾ ਲਗਾ ਚੁੱਕੇ ਹਨ ਕਿ ਇਹ ਕੰਮ ਅਰੁਣ ਨਹਿਰੂ (ਸ੍ਰੀ ਰਾਜੀਵ ਗਾਂਧੀ ਦਾ ਚਚੇਰਾ ਭਰਾ) ਦੀ ਦੇਖਰੇਖ ਵਿਚ ਹੋ ਰਿਹਾ ਸੀ। ਅੱਗੋਂ ਅਰੁਣ ਨਹਿਰੂ ਤੇ ਸ੍ਰੀ ਰਾਜੀਵ ਗਾਂਧੀ ਵਿਚ ਕੀ ਗੱਲਬਾਤ ਹੋਈ, ਉਸ ਦਾ ਪਤਾ ਨਹੀਂ ਲੱਗ ਸਕਿਆ। ਹੁਣ 30 ਸਾਲਾਂ ਦੇ ਬਾਅਦ ਇਸ ਗੱਲ ਦੀ ਖੋਜ ਕਰਨੀ ਮੁਸ਼ਕਿਲ ਹੈ ਪਰ ਇਹ ਹੋਣੀ ਜ਼ਰੂਰ ਚਾਹੀਦੀ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top