Share on Facebook

Main News Page

ਅਖੌਤੀ ਜਥੇਦਾਰ ਗੁਰਬਚਨ ਸਿੰਘ ਦੇ ਮੂੰਹ 'ਤੇ ਕਾਨਪੁਰ ਦੀ ਸੰਗਤ ਵਲੋਂ ਕਰਾਰੀ ਚਪੇੜ, ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਕਾਨਪੁਰ ਵਿਖੇ ਸਵੇਰ ਦੇ ਦੀਵਾਨ 'ਚ ਕੀਰਤਨ ਕੀਤਾ

* ਸਿੱਧਾਂ ਨਾਲੋਂ ਵੱਖਰੀ ਵੀਚਾਰਧਾਰਾ ਹੋਣ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ੳਨ੍ਹਾਂ ਦੇ ਪ੍ਰਚਾਰ ਕਰਨ ’ਤੇ ਕੋਈ ਪਾਬੰਦੀ ਨਹੀਂ ਸੀ ਲਾਈ, ਸਗੋਂ ਉਨ੍ਹਾਂ ਨੇ ਸਿੱਧਾਂ ਨਾਲ ਗੋਸ਼ਟੀ ਕੀਤੀ ਸੀ: ਪ੍ਰੋ. ਦਰਸ਼ਨ ਸਿੰਘ

ਬਠਿੰਡਾ, 23 ਫਰਵਰੀ (ਕਿਰਪਾਲ ਸਿੰਘ): ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਸਿੱਧਾਂ ਦੇ ਵਿਚਾਰ ਨਹੀਂ ਸਨ ਮਿਲਦੇ, ਲੇਕਿਨ ੳਨ੍ਹਾਂ ਨੇ ਸਿੱਧਾਂ ਨਾਲ ਗੋਸ਼ਟੀ ਕੀਤੀ ਸੀ ਨਾ ਕਿ ਸਿੱਧਾਂ ਦੇ ਪ੍ਰਚਾਰ ਕਰਨ ’ਤੇ ਕੋਈ ਪਾਬੰਦੀ ਲਾਈ। ਇਹ ਸ਼ਬਦ ਖ਼ਾਲਸਾ ਹਾਲ ਗੋਬਿੰਦਨਗਰ, ਕਾਨ੍ਹਪੁਰ ਵਿਖੇ ਅੱਜ ਸਵੇਰ ਦੇ ਕੀਰਤਨ ਸਮਾਗਮ ਵਿੱਚ ਗੁਰਬਾਣੀ ਦਾ ਕੀਰਤਨ ਅਤੇ ਵਿਆਖਿਆ ਕਰਦੇ ਸਮੇਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ: ਦਰਸਨ ਸਿੰਘ ਖ਼ਾਲਸਾ ਨੇ ਕਹੇ।

ਇਹ ਦੱਸਣਯੋਗ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਕੀਰਤਨ ਸਮਾਗਮ ਦਾ ਪ੍ਰਬੰਧ ਅਕਾਲੀ ਜਥਾ ਕਾਨ੍ਹਪੁਰ ਵੱਲੋਂ ਕੀਤਾ ਗਿਆ ਸੀ। ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇਸ ਸਮਾਗਮ ਨੂੰ ਹਰ ਹੀਲੇ ਰੁਕਵਾਉਣ ਲਈ ਅੱਡੀ ਚੋਟੀ ਦਾ ਜੋਰ ਲਾਇਆਅਕਾਲ ਤਖ਼ਤ ਦੇ ਲੈੱਟਰ ਪੈਡ ’ਤੇ ਜਿਥੇ ਜਿਲ੍ਹਾ ਮੈਜਿਸਟ੍ਰੇਟ ਕਾਨ੍ਹਪੁਰ ਨੂੰ ਇੱਕ ਪੱਤਰ ਲਿਖਿਆ ਗਿਆ ਉਥੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਲਾਟੂਸ਼ ਰੋਡ ਦੇ ਪ੍ਰਧਾਨ ਹਰਵਿੰਦਰ ਸਿੰਘ ਲਾਰਡ ਨੂੰ ਗੁਰੂ ਗੋਲਕ ਵਿੱਚੋਂ 25 ਲੱਖ ਰੁਪਏ ਦੀ ਗ੍ਰਾਂਟ ਅਤੇ ਸ਼੍ਰੋਮਣੀ ਕਮੇਟੀ ਲਈ ਮੈਂਬਰ ਨਾਮਜ਼ਦ ਕਰਨ ਦਾ ਲਾਲਚ ਦੇ ਕੇ ਇਸ ਸਮਾਗਮ ਦੇ ਵਿਰੋਧ ਵਿੱਚ ਖੜ੍ਹਾ ਕੀਤਾ। ਹਰਵਿੰਦਰ ਸਿੰਘ ਲਾਰਡ ਵੱਲੋਂ ਕੀਤੇ ਜਾ ਭਾਰੀ ਵਿਰੋਧ ਕਾਰਣ ਇਹ ਕੀਰਤਨ ਸਮਾਗਮ ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ਦੇ ਘੇਰੇ ਵਿੱਚ ਰਿਹਾ ਹੈ

ਅਕਾਲੀ ਜਥੇ ਦੇ ਪ੍ਰਧਾਨ ਸ: ਹਰਚਰਨ ਸਿੰਘ ਅਤੇ ਇੰਦਰਜੀਤ ਸਿੰਘ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਵਿਰੋਧ ਦੇ ਬਾਵਯੂਦ ਅੱਜ ਦਾ ਸਮਾਗਮ ਹਰ ਪੱਖੋਂ ਪੂਰਾ ਸਫਲ ਰਿਹਾ। ਕਾਨ੍ਹਪੁਰ ਤੋਂ ਭੇਜੀਆਂ ਗਈਆਂ ਤਸ਼ਵੀਰਾਂ ਵਿੱਚ ਸ਼ਾਮਲ ਸੰਗਤਾਂ ਦੀ ਹਾਜਰੀ ਇਸ ਸਮਾਗਮ ਦੀ ਸਫਲਤਾ ਦਾ ਮੂੰਹ ਬੋਲਦਾ ਸਬੂਤ ਹੈ।

ਪ੍ਰੋ: ਦਰਸ਼ਨ ਸਿੰਘ ਵੱਲੋਂ ਸਿੱਧਾਂ ਨਾਲ ਹੋਈ ਇਹ ਵੀਚਾਰ ਚਰਚਾ ਦਾ ਹਵਾਲਾ ਦੇ ਕੇ ਕਿਹਾ ਗੁਰੂ ਗ੍ਰੰਥ ਸਾਹਿਬ ਵਿਚ ਸਿਧ ਗੋਸਟਿ ਸਿਰਲੇਖ ਹੇਠ ਦਰਜ ਹੈ ਜਿਸ ਨੂੰ ਅੱਜ ਹਰ ਸਿੱਖ ਮੱਥਾ ਟੇਕਦਾ ਹੈ ਕਿਉਂਕਿ ਵਿਚਾਰਾਂ ਦੇ ਟਾਕਰੇ ਨੂੰ ਗੋਸ਼ਟੀ (ਆਪਸੀ ਵਿਚਾਰਾਂ) ਨਾਲ ਹੀ ਇਕਸਾਰ ਕੀਤਾ ਜਾ ਸਕਦਾ ਹੈ, ਲੇਕਿਨ ਸਾਡੀ ਕੌਮ ਦਾ ਇਹ ਬਹੁਤ ਵੱਡਾ ਦੁਖਾਂਤ ਹੈ ਕਿ ਵਿਰੋਧ ਕਰਨ ਵਾਲੇ ਗੋਸ਼ਟੀ ਜਾਂ ਵਿਚਾਰ ਕਰਨ ਤੋਂ ਹਮੇਸ਼ਾਂ ਭਜਦੇ ਨੇ। ਵਿਰੋਧ ਕਿਸੇ ਵੀ ਮਸਲੇ ਦਾ ਹਲ ਨਹੀਂ ਹੋ ਸਕਦਾ। ਜੇ ਕਿਸੇ ਦੇ ਮਨ ਵਿੱਚ ਕੋਈ ਸ਼ੰਕਾ ਹੈ ਤਾਂ ਸੰਗਤ ਵਿੱਚ ਬਹਿ ਕੇ ਵਿਚਾਰ ਕਰ ਸਕਦਾ ਹੈ।

ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਵਿਵਾਦ ਦੇ ਮੱਦੇਨਜ਼ਰ ਕਾਨੂੰਨ ਵਿਵਸਥਾ ਬਣਾਈ ਰੱਖਣ ਹਿੱਤ, ਗੁਰਮਤਿ ਸਮਾਗਮ ਦੇ ਵਿਰੋਧੀ ਹਰਵਿੰਦਰ ਸਿੰਘ ਲਾਰਡ, ਲਾਡੀ ਭੱਲਾ, ਕੁਲਦੀਪ ਸਿੰਘ ਅਤੇ ਉਸਦੇ ਹੋਰ ਬਹੁਤ ਸਾਰੇ ਸਾਥੀਆਂ ਨੂੰ ਪੁਲਿਸ ਨੇ ਹਾਉਸ ਅਰੈਸਟ ਕਰ ਦਿਤਾਸਟੱਡੀ ਸਰਕਲ ਦੇ ਪ੍ਰਧਾਨ ਮਨਮੀਤ ਸਿੰਘ, ਅਤੇ ਅਮਰੀਕ ਸਿੰਘ ਬਿਰਿਆਨੀ ਵਾਲੇ ਜਦੋਂ ਹੋਰ ਕੁਝ ਨਾ ਕਰ ਸਕੇ ਤਾਂ ਇੱਕ ਹੋਰ ਗੁਰਦੁਆਰੇ ਵਿੱਚ ਬੈਠ ਕੇ ‘ਚੌਪਾਈ’ ਦਾ ਪਾਠ ਕਰਨ ਲੱਗ ਪਏ। ਪੁਲਿਸ ਦੇ ਆਉਣ ਦੀ ਖਬਰ ਪਾ ਕੇ ਉਥੋਂ ਅਪਣੇ ਚੇਲਿਆਂ ਸਮੇਤ ਚੌਪਈ ਦਾ ਪਾਠ ਵਿੱਚੇ ਹੀ ਛੱਡ ਕੇ ਰਫੂ ਚੱਕਰ ਹੋ ਗਏ। ਮਨਮੀਤ ਸਿੰਘ ਮੱਨਤ ਰੋਡਲਾਈਨ ਅਤੇ ਅਮਰੀਕ ਸਿੰਘ ਬਿਰਿਆਨੀ ਵਾਲਾ ਹਰਵਿੰਦਰ ਸਿੰਘ ਲਾਰਡ ਦੀ ਸ਼ਹਿ ’ਤੇ ਕੁਝ ਦਿਨਾਂ ਤੋਂ ਸੰਗਤਾਂ ਨੂੰ ਭੜਕਾ ਰਹੇ ਸੀ ਪਰ ਅੱਜ ਉਹ ਦੋਵੇਂ ਵੀ ਨਦਾਰਦ ਹੋ ਗਏ।

ਕੀਰਤਨ ਸਮਾਗਮ ਵਿੱਚ ਸੰਗਤਾਂ ਹੁੰਮਹੁਮਾ ਕੇ ਪੁੱਜੀਆਂ। ਗੁਰਬਾਣੀ ਕੀਰਤਨ ਪ੍ਰਤੀ ਸਤਿਕਾਰ ਅਤੇ ਪ੍ਰੋਫੈਸਰ ਦਰਸ਼ਨ ਸਿੰਘ ਪ੍ਰਤੀ ਸੰਗਤਾਂ ਦਾ ਸਨੇਹ ਦਿਵਾਨ ਹਾਲ ਵਿੱਚ ਗੂੰਜ ਰਹੇ ਜੈਕਾਰਿਆਂ ਤੋਂ ਜ਼ਾਹਿਰ ਹੋ ਰਿਹਾ ਸੀ। ਪ੍ਰੋਫੈਸਰ ਦਰਸ਼ਨ ਸਿੰਘ ਨੇ ਗੁਰਬਾਣੀ ਕੀਰਤਨ ਕਰਦਿਆ ਕਿਹਾ ਕਿ, ਕੁਝ ਚੰਦ ਲੋਗ ਗੁਰੂ ਦੇ ਕੀਰਤਨ ਨੂੰ ਰੁਕਵਾਉਣ ਲਈ ਸਿੱਖ ਵਿਰੋਧੀ ਕੰਮ ਕਰ ਰਹੇ ਨੇ। ਗੁਰਬਾਣੀ ਕੀਰਤਨ ਤੇ ਪਾਬੰਦੀ ਲਾਉਣ ਵਾਲਾ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਕਿਵੇਂ ਹੋ ਸਕਦਾ ਹੈ?

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮਨਮੀਤ ਸਿੰਘ ਨਾਲ ਜਦੋਂ ਸੰਪਰਕ ਕਰਕੇ ਪੁੱਛਿਆ ਕਿ ਸੱਚਾ ਸੌਦਾ ਡੇਰਾ ਸਿਰਸਾ, ਆਸ਼ੂਤੋਸ਼ ਨੂਰਮਹਿਲੀਆ ਅਤੇ ਨਿਰੰਕਾਰੀ ਆਦਿ ਸਾਰੇ ਹੀ ਅਕਾਲ ਤਖ਼ਤ ਤੋਂ ਛੇਕੇ ਹੋਏ ਹਨ, ਪਰ ਉਨ੍ਹਾਂ ਸਾਰਿਆਂ ਹੀ ਦੇਹਧਾਰੀ ਗੁਰੂਆਂ ਦੇ ਸਮਾਗਮ ਪੰਜਾਬ ਵਿੱਚ ਪੰਥਕ ਸਰਕਾਰ ਦੀ ਸੁਰੱਖਿਆ ਛਤਰੀ ਹੇਠ ਕਰਵਾਏ ਜਾ ਰਹੇ ਹਨ। ਲੁਧਿਆਣਾ ਵਿਖੇ ਤਾਂ ਆਸ਼ੂਤੋਸ਼ ਦਾ ਸਮਾਗਮ ਰੋਕਣ ਗਏ ਸਿੰਘਾਂ ’ਤੇ ਪੰਥਕ ਸਰਕਾਰ ਦੀ ਪੁਲਿਸ ਨੇ ਗੋਲੀ ਚਲਾ ਕੇ ਦਰਸ਼ਨ ਸਿੰਘ ਲੁਹਾਰਾ ਨੂੰ ਸ਼ਹੀਦ ਹੀ ਕਰ ਦਿੱਤਾ, ਜਾਂ ਕਹਿ ਲਓ ਭੰਗ ਦੇ ਭਾਣੇ ਗੋਲ਼ੀ ਨਾਲ ਉਡਾ ਦਿੱਤਾ। ਫਿਰ ਤੁਸੀਂ ਕਿਸ ਤਰ੍ਹਾਂ ਉਮੀਦ ਰੱਖਦੇ ਹੋ ਕੇ ਯੂਪੀ ਦੀ ਸਰਕਾਰ ਜਿਸ ਦੇ ਮੁੱਖ ਮੰਤਰੀ ਦਾ ਸਿੱਖ ਧਰਮ ਨਾਲ ਕੋਈ ਸਬੰਧ ਹੀ ਨਹੀਂ ਉਸ ਦੀ ਪੁਲਿਸ ਤੁਹਾਡੇ ਨਾਲ ਭਲੀ ਗੁਜਾਰੇਗੀ। ਤੁਹਾਡੀ ਯੂਪੀ ਵਿੱਚ ਅਕਾਲ ਤਖ਼ਤ ਤੋਂ ਛੇਕੇ ਦੇਹਧਾਰੀ ਗੁਰੂਆਂ ਦੇ ਸਮਾਗਮ ਬਿਨਾ ਕਿਸੇ ਨੋਕ ਟੋਕ ਦੇ ਹੋ ਰਹੇ ਹਨ, ਤਾਂ ਤੁਸੀਂ ਅਕਾਲ ਤਖ਼ਤ ਦਾ ਨਾਮ ਵਰਤ ਕੇ ਸਿਰਫ ਪ੍ਰੋ: ਦਰਸ਼ਨ ਸਿੰਘ ਵੱਲੋਂ ਕੀਤੇ ਜਾ ਰਹੇ ਗੁਰਬਾਣੀ ਦੇ ਕੀਰਤਨ ਦਾ ਵਿਰੋਧ ਕਰਕੇ ਭਰਾ ਮਾਰੂ ਜੰਗ ਵੱਲ ਕਿਉਂ ਵਧ ਰਹੇ ਹੋ?

ਉਨ੍ਹਾਂ ਇਸ ਦਾ ਤਾਂ ਕੋਈ ਜਵਾਬ ਨਾ ਦਿੱਤਾ ਉਲਟਾ ਸਵਾਲ ਕੀਤਾ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਮੰਨਦੇ ਹੋ? ਜੇ ਮੰਨਦੇ ਹੋ ਤਾਂ ਉਨ੍ਹਾਂ ਦੀ ਬਾਣੀ ਤੋਂ ਮੁਨਕਰ ਕਿਸ ਅਧਾਰ ’ਤੇ ਹੁੰਦੇ ਹੋ। ਉਨ੍ਹਾਂ ਨੂੰ ਜਵਾਬ ਦਿੱਤਾ ਕਿ ਅਸੀਂ ਤਾਂ ਬਿਲਕੁਲ ਪੂਰਾ ਗੁਰੂ ਮੰਨਦੇ ਹਾਂ, ਪਰ ਤੁਸੀਂ ਹੀ ਨਹੀਂ ਮੰਨਦੇ। ਜੇ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਅਤੇ ਉਨ੍ਹਾਂ ਦੇ ਹੁਕਮਾਂ ਨੂੰ ਮੰਨਦੇ ਹੁੰਦੇ, ਤਾਂ ਉਨ੍ਹਾਂ ਦਾ ਤਾਂ ਹੁਕਮ ਹੈ: ‘ਸਭ ਸਿੱਖਨ ਕਉ ਹੁਕਮ ਹੈ ਗੁਰੂ ਮਾਨੀਓ ਗ੍ਰੰਥ’। ਪਰ ਤੁਸੀਂ ਉਨ੍ਹਾਂ ਦੇ ਸਮਰਥਨ ਵਿੱਚ ਖੜ੍ਹੇ ਹੋ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਹੁਕਮ ਮੰਨਣ ਦੀ ਬਜਾਏ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਧੂਰਾ ਗੁਰੂ ਮੰਨ ਕੇ ਉਸ ਨੂੰ ਸੰਪੂਰਨ ਕਰਨ ਲਈ ਇੱਕ ਹੋਰ ਬਚਿੱਤਰ ਨਾਟਕ ਨਾਮੀ ਪੁਸਤਕ ਨੂੰ ਦਸਮ ਗ੍ਰੰਥ ਦਾ ਨਾਮ ਦੇ ਕੇ ਬਰਾਬਰ ਪ੍ਰਕਾਸ਼ ਕਰ ਰਹੇ ਹਨ ਜਿਸ ਦੀ ਉਸ ਸਮੇਂ ਕੋਈ ਹੋਂਦ ਹੀ ਨਹੀਂ ਸੀ।

ਸ: ਮਨਮੀਤ ਸਿੰਘ ਨੇ ਕਿਹਾ ਤਖ਼ਤ ਹਜੂਰ ਸਾਹਿਬ ਅਤੇ ਤਖ਼ਤ ਪਟਨਾ ਸਾਹਿਬ ਜਿਥੇ ਦਸਮ ਗ੍ਰੰਥ ਦਾ ਪ੍ਰਕਾਸ਼ ਕੀਤਾ ਜਾਂਦਾ ਹੈ, ਉਸ ਦੇ ਅਸੀਂ ਹੱਕ ਵਿੱਚ ਨਹੀਂ ਹਾਂ ਅਤੇ ਨਾ ਹੀ ਉਨ੍ਹਾਂ ਨੂੰ ਇੱਥੇ ਕੋਈ ਪ੍ਰੋਗਰਾਮ ਕਰਨ ਦੇਣ ਦੇ ਹੱਕ ਵਿੱਚ ਹਾਂ। ਅਕਾਲੀ ਜਥੇ ਵਾਲੇ ਅੱਗੇ ਲੱਗ ਕੇ ਉਥੋਂ ਦਸਮ ਗ੍ਰੰਥ ਦਾ ਪ੍ਰਕਾਸ਼ ਹਟਾਉਣ ਜਾਣ ਤਾਂ ਉਸ ਉਨ੍ਹਾਂ ਦੇ ਨਾਲ ਜਾਣ ਨੂੰ ਤਿਆਰ ਹਾਂ। ਜਦੋਂ ਕਿਹਾ ਗਿਆ ਕਿ ਤਾਕਤ ਦੀ ਵਰਤੋਂ ਕਰਨ ਨਾਲੋਂ ਚੰਗਾ ਨਹੀਂ ਹੈ, ਕਿ ਹੁਕਮਨਾਮਿਆਂ ਦੀ ਉਲੰਘਣਾ ਕਰਨ ਦੋਸ਼ੀ ਜਥੇਦਾਰਾਂ ਵੱਲੋਂ ਜਾਰੀ ਕੀਤਾ ਕੋਈ ਵੀ ਹੁਕਮਨਾਮਾ ਮੰਨਣ ਤੋਂ ਇਨਕਾਰ ਕਰ ਦੇਵੋ ਤਾਂ ਉਹ ਇਸ ਤਰ੍ਹਾਂ ਦੀਆਂ ਮਨਮਾਨੀਆਂ ਕਰਨ ਤੋਂ ਆਪਣੇ ਆਪ ਹਟ ਜਾਣਗੇ।

ਸ: ਮਨਮੀਤ ਸਿੰਘ ਨੇ ਕਿਹਾ ਵੀਰ ਜੀ ਅਕਾਲ ਤਖ਼ਤ ਦੀ ਵੀ ਕੋਈ ਗਰਿਮਾਂ ਹੁੰਦੀ ਹੈ। ਜਿਹੜੀ ਗੱਲ ਅਕਾਲ ਤਖ਼ਤ ’ਤੇ ਪੇਸ਼ ਹੋਣ ਨਾਲ ਹੀ ਮੁਕਦੀ ਹੈ, ਉਹ ਪ੍ਰੋ: ਦਰਸ਼ਨ ਸਿੰਘ ਨੂੰ ਉਥੇ ਜਾ ਕੇ ਮੁਕਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਪ੍ਰੋ: ਦਰਸ਼ਨ ਸਿੰਘ ਦਾ ਅਸੀਂ ਤੁਹਾਡੇ ਨਾਲੋਂ ਵੀ ਵੱਧ ਸਤਿਕਾਰ ਕਰਦੇ ਹਾਂ, ਅਸੀਂ ਉਥੇ ਖੁਦ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਨਾਲ ਜਾਣ ਲਈ ਤਿਆਰ ਹਾਂ। ਉਨ੍ਹਾਂ ਨੂੰ ਉਥੇ ਪੂਰਾ ਮਾਨ ਸਤਿਕਾਰ ਮਿਲੇਗਾ। ਮਨਮੀਤ ਸਿੰਘ ਜੀ ਨੂੰ ਪੁਛਿਆ ਕਿ ਪ੍ਰੋ: ਦਰਸ਼ਨ ਸਿੰਘ ਜੀ ਸ਼੍ਰੀ ਅਕਾਲ ਤਖ਼ਤ’ਤੇ ਗਏ ਸਨ ਅਤੇ ਦੋ ਘੰਟਿਆਂ ਦੀ ਉਡੀਕ ਪਿੱਛੋਂ ਉਥੋਂ ਉਠ ਕੇ ਆਏ ਤਾਂ ਇੱਕ ਘੰਟੇ ਪਿੱਛੋਂ ਅਕਾਲ ਤਖ਼ਤ’ ਆ ਕੇ ਝੂਠ ਬੋਲਿਆ ਕਿ ਪੰਜ ਸਿੰਘ ਸਾਹਿਬ ਅਕਾਲ ਤਖ਼ਤ ’ਤੇ ਬੈਠੇ ਦਰਸ਼ਨ ਸਿੰਘ ਨੂੰ ਤਿੰਨ ਘੰਟੇ ਉਡੀਕਦੇ ਰਹੇ ਪਰ ਉਹ ਨਹੀਂ ਆਇਆ। ਇਸ ਲਈ ਉਸ ਨੂੰ ਤਨਖਾਹੀਆ ਘੋਸ਼ਿਤ ਕੀਤਾ ਜਾਂਦਾ ਹੈ। ਜਿਹੜੇ ਜਥੇਦਾਰ ਇੰਨਾ ਝੂਠ ਬੋਲ ਸਕਦੇ ਹਨ ਕੀ ਉਨ੍ਹਾਂ ਜਥੇਦਾਰਾਂ ਅੱਗੇ ਝੁਕਣਾ ਜਾਇਜ਼ ਹੈ?

ਜਥੇਦਾਰ ਵੱਲੋਂ ਝੂਠ ਬੋਲਣ ਦਾ ਇੱਕ ਹੋਰ ਪ੍ਰਮਾਣ ਗੁਰਦੁਆਰਾ ਅੰਬ ਸਾਹਿਬ ਵਿਖੇ ਜੇਲ੍ਹਾਂ ਵਿੱਚ ਬੰਦ 6 ਸਿੰਘ ਦੀ ਰਿਹਾਈ ਲਈ ਭੁੱਖ ਹੜਤਾਲ ’ਤੇ ਬੈਠਣ ਵਾਲੇ ਭਾਈ ਗੁਰਬਖ਼ਸ਼ ਸਿੰਘ ਦੀ ਜ਼ਬਾਨੀ ਵੀ ਸੁਣ ਸਕਦੇ ਹੋ। ਪਰ ਜਥੇਦਾਰ ਨੂੰ ਝੂਠਾ ਕਹਿਣ ਦੇ ਬਾਵਯੂਦ ਉਸੇ ’ਤੇ ਯਕੀਨ ਕਰਕੇ ਭੁੱਖ ਹੜਤਾਲ ਖਤਮ ਕਰਨ ਕਰਕੇ ਜੋ ਲੋਕਾਂ ਦਾ ਵਿਸ਼ਵਾਸ਼ ਭਾਈ ਗੁਰਬਖ਼ਸ਼ ਸਿੰਘ ਨੇ ਗਵਾਇਆ ਹੈ; ਕੀ ਤੁਸੀਂ ਚਾਹੁੰਦੇ ਹੋ ਕਿ ਉਨ੍ਹਾਂ ਝੂਠੇ ਜਥੇਦਾਰਾਂ ਅੱਗੇ ਪੇਸ਼ ਹੋ ਕੇ ਪ੍ਰੋ: ਦਰਸ਼ਨ ਸਿੰਘ ਵੀ ਆਪਣਾ ਵਿਸ਼ਵਾਸ ਗੁਆ ਲਵੇ? ਹਾਂ ਜੇ ਜਥੇਦਾਰ ਮੰਨ ਜਾਣ ਕਿ ਪ੍ਰੋ: ਦਰਸ਼ਨ ਸਿੰਘ ਨੂੰ ਤਨਖਾਹੀਆ ਕਰਾਰ ਦੇਣ ਸਮੇਂ ਉਨ੍ਹਾਂ ਨੇ ਝੂਠ ਬੋਲਿਆ ਸੀ ਇਸ ਲਈ ਉਸ ਹੁਕਮਨਾਮੇ ਨੂੰ ਵਾਪਸ ਲੈ ਕੇ ਵੀਚਾਰ ਵਟਾਂਦਰੇ ਲਈ ਉਨ੍ਹਾਂ ਨੂੰ ਬੁਲਾਉਂਦੇ ਹਨ, ਤਾਂ ਪ੍ਰੋ: ਦਰਸ਼ਨ ਸਿੰਘ ਜੀ ਸ਼ਾਇਦ ਜਾਣ ਲਈ ਤਿਆਰ ਹੋ ਸਕਦੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top