ਸਿੱਖੀ
ਮਨੁਰੱਖ ਨੂੰ ਸਰਬੱਤ ਦਾ ਭਲਾ ਮੰਗਣ ਵਾਲੇ ਮਾਨਵਤਾਵਾਦੀ ਗੁਣਾਂ ਦਾ ਧਾਰਨੀ ਬਣਾਉਂਦੀ ਹੈ।
ਜ਼ੁਲਮ ਕਰਨ ਤੇ ਜ਼ੁਲਮ ਸਹਿਣ ਦੋਵਾਂ ਤੋਂ ਸਖ਼ਤੀ ਨਾਲ ਰੋਕਦੀ ਹੈ। ਜ਼ੋਰ-ਜ਼ਬਰ, ਧੱਕੇਸ਼ਾਹੀ,
ਬੇਇੱਜ਼ਤੀ, ਊਚ-ਨੀਚ, ਛੂਆ-ਛਾਤ ਦੇ ਵਿਤਕਰੇਬਾਜ਼ੀ ਤੇ ਹੰਕਾਰ ਲਈ ਸਿੱਖੀ ’ਚ ਕੋਈ ਥਾਂ ਨਹੀਂ।
ਇਸ ਲਈ ਹੀ ਸਿੱਖ ਨੂੰ ਇਸ ਦੁਨੀਆਂ ਦਾ ਪਰਮ ਮਨੁੱਖ ਮੰਨਿਆ ਗਿਆ ਸੀ। ਜੇ ਅੱਜ ਸਿੱਖੀ ਦੇ
ਵਿਹੜੇ 1 ਸਾਲ ਦੀ ਮਾਸੂਮ ਬੱਚੀ ਸਰਕਾਰੀ ਜ਼ਬਰ ਦਾ ਸ਼ਿਕਾਰ ਹੋ ਜਾਵੇ ਤੇ ਉਸ ਮਾਸੂਮ ਬੱਚੀ
ਦੀ ਲਾਸ਼ ਸੜਕਾਂ ’ਤੇ ਰੁਲਦੀ ਰਹੇ, ਪ੍ਰੰਤੂ ਸਰਕਾਰ ਦੀ ਕੁੰਭਕਰਨੀ ਨੀਂਦ ਨਾ ਟੁੱਟੇ ਤਾਂ
ਅਜਿਹੀ ਸਰਕਾਰ ਦੇ ਕਰਤਿਆਂ – ਧਰਤਿਆਂ ਨੂੰ ਜ਼ਾਲਮ ਜਾਬਰ ਤਾਂ ਆਖਿਆ ਜਾ ਸਕਦਾ ਹੈ, ਪ੍ਰੰਤੂ
ਉਹ ਸਿੱਖ ਕਦਾਚਿਤ ਨਹੀਂ ਹੋ ਸਕਦਾ।
ਆਪਣੇ ਹੱਕ ਮੰਗਣੇ, ਆਪਣੇ ਹੱਕਾਂ ਦੀ ਪ੍ਰਾਪਤੀ ਲਈ ਸੰਘਰਸ਼ ਕਰਨਾ,
ਇਸ ਦੇਸ਼ ਦੇ ਹਰ ਨਾਗਰਿਕ ਦਾ ਮੁੱਢਲਾ ਹੱਕ ਹੈ। ਔਰਤ ਦੀ ਇੱਜ਼ਤ ਕਰਨੀ, ਸਤਿਕਾਰ ਕਰਨਾ ਤੇ
ਉਸਦੀ ਰਾਖ਼ੀ ਕਰਨੀ ਵੀ ਇੱਕ ਸਿੱਖ ਦੇ ਮੁੱਢਲੇ ਫ਼ਰਜ਼ਾਂ ’ਚ ਸ਼ਾਮਲ ਹੈ, ਪ੍ਰੰਤੂ ਪੰਜਾਬ
ਸਰਕਾਰ ਨੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੀਆਂ ਬੇਰੁਜ਼ਗਾਰ ਅਧਿਆਪਕਾਵਾਂ ਨਾਲ ਧੱਕੇਸ਼ਾਹੀ
ਕਰਕੇ, ਉਨ੍ਹਾਂ ਤੋਂ ਸੰਘਰਸ਼ ਕਰਨ ਦਾ ਹੱਕ ਜ਼ਬਰਦਸਤੀ ਖੋਹਣ ਦਾ ਯਤਨ ਕਰਕੇ ਅਤੇ ਔਰਤਾਂ ਨੂੰ
ਤਸ਼ੱਦਦ ਦਾ ਸ਼ਿਕਾਰ ਬਣਾ ਕੇ ਬੱਜ਼ਰ ਗ਼ਲਤੀ ਹੀ ਨਹੀਂ ਕੀਤੀ, ਸਗੋਂ ਸਿੱਖੀ ਸਿਧਾਂਤਾਂ ਦਾ ਘਾਣ
ਕਰਦਿਆਂ, ਮਨੁੱਖੀ ਅਧਿਕਾਰਾਂ ਦਾ ਕਤਲੇਆਮ ਵੀ ਕੀਤਾ ਹੈ।
ਬੇਰੁਜ਼ਗਾਰ ਅਧਿਆਪਕ ਔਰਤਾਂ ਤੇ ਕੁੜੀਆਂ ਨੌਕਰੀ ਦੀ ਮੰਗ ਕਰ ਰਹੀਆਂ
ਹਨ, ਸਰਕਾਰ ਨੇ ਉਨ੍ਹਾਂ ਦੀ ਆਵਾਜ਼ ਨਹੀਂ ਸੁਣੀ, ਇਸ ਲਈ ਉਹ ਸੰਘਰਸ਼ ਦੇ ਰਾਹ ਤੁਰ ਪਈਆਂ।
ਬਠਿੰਡਾ, ਬਾਦਲਾਂ ਲਈ ਠਤੋਤੇ ਦੀ ਜਾਨੂ ਵਾਲਾ ਸਥਾਨ ਹੈ। ਇਸ ਲਈ ਹਰ ਸੰਘਰਸ਼ ਦਾ ਕੇਂਦਰ
ਬਣਨ ਲੱਗ ਪਿਆ ਹੈ। ਇਹ ਬੇਰੁਜ਼ਗਾਰ ਅਧਿਆਪਕਾਵਾਂ ਵੀ ਬਾਦਲਾਂ ਦਾ ਧਿਆਨ ਖਿੱਚਣ ਲਈ ਅਤੇ
‘ਨੰਨ੍ਹੀ ਛਾਂ’ ਦਾ ਨਾਅਰਾ ਦੇਣ ਵਾਲੀ ਬੀਬੀ ਬਾਦਲ ਦੀ ਰਹਿਮ ਕਰਨ ਵਾਲੀ ਨਜ਼ਰ ਦੀ ਮਾੜੀ
ਮੋਟੀ ਪ੍ਰਾਪਤੀ ਲਈ, ਬਠਿੰਡੇ ’ਚ ਸੰਘਰਸ਼ ਕਰ ਰਹੀਆਂ ਹਨ। ਬਠਿੰਡੇ ’ਚ ਬਾਦਲਾਂ ਦੀ
ਮੁਰਦਾਬਾਦ, ਧੱਕੜ ਹਾਕਮ ਭਲਾ ਕਿਵੇਂ ਸੁਣ ਸਕਦੇ ਹਨ। ਇਸ ਲਈ ਉਨ੍ਹਾਂ ਅਬਲਾ ਨਾਰੀ ਨੂੰ
ਭਜਾਉਣ ਲਈ ਪੁਲਸੀਆ ਤਸ਼ੱਦਦ ਨੂੰ ਆਪਣਾ ਹਥਿਆਰ ਬਣਾ ਲਿਆ ।
ਜਦੋਂ ਪੰਜਾਬ ਪੁਲਿਸ ਦੀਆਂ ਵਾਂਗਾਂ ਖੁੱਲ੍ਹੀਆਂ ਛੱਡ ਦਿੱਤੀਆਂ ਜਾਣ
ਤਾਂ ਉਹ ਕਿੰਨੀ ਖੂੰਖਾਰ, ਜ਼ਾਬਰ ਤੇ ਧੱਕੜ ਹੋ ਜਾਂਦੀ ਹੈ, ਇਹ ਸਾਰੇ ਪੰਜਾਬੀ ਬਾਖ਼ੂਬੀ
ਜਾਣਦੇ ਹਨ। ਦੋ ਦਿਨ ਪਹਿਲਾਂ ਪੁਲਿਸ ਦੀਆਂ ਧਾੜਾਂ ਨੇ ਕੜਾਕੇ ਦੀ ਠੰਡ ’ਚ ਅੱਧੀ ਰਾਤ ਨੂੰ
ਸੰਘਰਸ਼ ਕਰ ਰਹੀਆਂ ਅਧਿਆਪਕਾਵਾਂ ’ਤੇ ਹੱਲਾਬੋਲ ਦਿੱਤਾ। ਇੱਥੋਂ ਤੱਕ ਕਿ ਠੰਡ ਤੋਂ ਬਚਾਅ
ਲਈ ਜਿਹੜੀਆਂ ਰਜ਼ਾਈਆਂ, ਧਰਨਾਕਾਰੀ ਅਧਿਆਪਕਾਵਾਂ ਨੇ ਲਈਆਂ ਹੋਈਆਂ ਸਨ, ਉਹ ਵੀ ਲਾਹ ਕੇ ਲੈ
ਗਏ, ਜਿਸ ਕਾਰਣ ਆਪਣੀ ਮਾਂ ਦੀ ਗੋਦ ’ਚ ਬੈਠੀ ਇੱਕ ਸਾਲ ਦੀ ਇੱਕ ਨੰਨ੍ਹੀ-ਮੁੰਨ੍ਹੀ ਬੱਚੀ,
ਜਿਸਨੂੰ ਕੜਾਕੇ ਦੀ ਠੰਡ ਝੱਲਣੀ ਪਈ, ਬੀਮਾਰ ਹੋ ਕੇ ਮੌਤ ਦੇ ਮੂੰਹ ਜਾ ਪਈ। ਇਸ ਅਣਮਨੁੱਖੀ
ਵਤੀਰੇ ਨੂੰ ਅਸੀਂ ਜ਼ਾਲਮਾਨਾ ਕਰਤੂਤ ਮੰਨਦੇ ਹਾਂ ਅਤੇ ਉਸ ਨੰਨ੍ਹੀ ਬੱਚੀ ਦੀ ਮੌਤ ਲਈ
ਪੰਜਾਬ ਸਰਕਾਰ ਤੇ ਉਸਦੀ ਜ਼ਾਲਮ ਪੁਲਿਸ ਨੂੰ ਪੂਰੀ ਤਰ੍ਹਾਂ ਜ਼ੁੰਮੇਵਾਰ ਸਮਝਦੇ ਹੋਏ, ਉਸਦੀ
ਨੰਨ੍ਹੀ ਜਾਨ ਦੇ ਕਾਤਲ ਮੰਨਦੇ ਹਾਂ।
ਇਸ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਉਸ ਨੰਨ੍ਹੀ ਬੱਚੀ ਦੀ ਲਾਸ਼ ਸੜਕਾਂ
’ਤੇ ਰੁਲ ਰਹੀ ਹੈ, ਪ੍ਰੰਤੂ ਅੰਨ੍ਹੀ-ਬੋਲੀ ਸਰਕਾਰ, ਜਿਹੜੀ ਸੱਤਾ ਦੇ ਨਸ਼ੇ ’ਚ ਚੂਰ ਹੈ,
ਉਸਨੂੰ ਇਸ ਦਰਦਨਾਕ ਕਾਂਡ ਦਾ ਅਹਿਸਾਸ ਹੀ ਨਹੀਂ ਹੋਇਆ। ਬੇਰੁਜ਼ਗਾਰ ਅਧਿਆਪਕਾਵਾਂ ਅਤੇ ਹੋਰ
ਮਨੁੱਖੀ ਹੱਕਾਂ ਦੀ ਰਾਖ਼ੀ ਕਰਨ ਵਾਲੀਆਂ ਜੱਥੇਬੰਦੀਆਂ ਇਸ ਅਨਮਨੁੱਖੀ ਜ਼ਾਬਰ ਕਾਰੇ ਵਿਰੁੱਧ
ਰੋਹ ਤੇ ਰੋਸ ਦਾ ਪ੍ਰਗਟਾਵਾ ਕਰਨ ਲਈ, ਉਸ ਨੰਨ੍ਹੀ ਬੱਚੀ ਦੀ ਲਾਸ਼ ਨੂੰ ਸੜਕ ’ਤੇ ਰੱਖ ਕੇ
ਧਰਨਾ ਲਾਇਆ ਹੋਇਆ ਹੈ, ਪ੍ਰੰਤੂ ਸੂਬੇ ਦੇ ਹਾਕਮ, ਧਰਨਾਕਾਰੀਆਂ ਦੇ ਸਿਰ ਤੋਂ ਹੈਲੀਕਾਪਟਰ
’ਚ ਬੈਠ ਕੇ ਲੰਘ ਗਏ ਹਨ, ਪ੍ਰੰਤੂ ਮਾਸੂਮ ਬੱਚੀ ਦੇ ਹੋਏ ‘ਦਰਦਨਾਕ ਕਤਲ’ ਨੇ ਉਨ੍ਹਾਂ ਦੇ
ਮਨ ਨੂੰ ਠੇਸ ਨਹੀਂ ਲਾਈ। ਜਿਸ ਕਾਰਨ ਸਰਕਾਰ ਮਾਸੂਮ ਬੱਚੀ ਦੀ ਮ੍ਰਿਤਕ ਦੇਹ ਨੂੰ ਪੰਜ ਤੱਤਾਂ
’ਚ ਵਿਲੀਨ ਕਰਵਾਉਣ ਲਈ ਧਰਨਾਕਾਰੀਆਂ ਦੀ ਹੱਕੀ ਮੰਗਾਂ ਦੀ ਪੂਰਤੀ ਦਾ ਭਰੋਸਾ ਦੇਣ ਨਹੀਂ
ਪੁੱਜੀ। ਜਿਸ ਹਲਕੇ ਦੀ ਲੋਕ ਪ੍ਰਤੀਨਿਧ ਔਰਤ ਹੋਵੇ ਤੇ ਔਰਤ ਹੱਕਾਂ ਦੀ ਰਾਖ਼ੀ ਲਈ ਵੱਡੀ
ਪਹਿਰੇਦਾਰ ਹੋਣ ਦਾ ਦਾਅਵਾ ਕਰੇ ਅਤੇ ਨੰਨ੍ਹੀ ਛਾਂ ਦੀ ਪਹਿਰੇਦਾਰ ਦਾ ਖ਼ਿਤਾਬ ਲਈ ਬੈਠੀ
ਹੋਵੇ, ਜੇ ਉਸਦੇ ਹਲਕੇ ’ਚ ਇੱਕ ਮਾਸੂਮ ਬੱਚੀ ਤੋਂ ਜੀਉਣ ਦਾ ਹੱਕ ਖੋਹ ਲਿਆ ਜਾਂਦਾ ਹੈ ਅਤੇ
ਨੰਨ੍ਹੀ ਛਾਂ ਨੂੰ ਇਸ ਤਰ੍ਹਾਂ ਵਹਿਸ਼ੀਆਨਾ ਢੰਗ ਨਾਲ ਤਬਾਹ ਕੀਤਾ ਜਾਂਦਾ ਹੈ, ਉਸ ਔਰਤ
ਪ੍ਰਤੀਨਿਧ ਨੂੰ ਔਰਤਾਂ ਦੀ ਰਖ਼ਵਾਲੀ ਕਿਵੇਂ ਮੰਨਿਆ ਜਾ ਸਕਦਾ ਹੈ?
ਅਸੀਂ ਸਮਝਦੇ ਹਾਂ ਕਿ ਬਠਿੰਡੇ ’ਚ ਜੋ ਕੁਝ ਵਾਪਰਿਆ ਹੈ, ਉਹ
ਖੌਫ਼ਨਾਕ ਗੁਨਾਹ ਹੈ, ਜਿਸ ਵਿਰੁੱਧ ਹਰ ਧੀਅ ਨੂੰ ਅਤੇ ਧੀਅ ਦੇ ਬਾਪ ਨੂੰ ਜ਼ਰੂਰ ਮੈਦਾਨ ’ਚ
ਆਉਣਾ ਚਾਹੀਦਾ ਹੈ ਤਾਂ ਕਿ ਜ਼ੋਰ-ਜਬਰ ਅਤੇ ਜ਼ੁਲਮ ਤਸ਼ੱਦਦ ਨੂੰ ਨੱਥ ਪਾਈ ਜਾ ਸਕੇ ਅਤੇ
ਮਾਸੂਮ ਬੱਚੀਆਂ ਤੋਂ ਜਿਉਣ ਦਾ ਹੱਕ ਖੋਹਣ ਵਾਲਿਆਂ ਨੂੰ ਸਬਕ ਸਿਖਾਇਆ ਜਾ ਸਕੇ ਤਾਂ ਕਿ ਉਹ
ਜਿਹੇ ਗੁਨਾਹ ਤੋਂ ਤੋਬਾ ਕਰ ਲੈਣ।