Share on Facebook

Main News Page

ਦਇਆ ਸਿੰਘ ਸੁਰ ਸਿੰਘ ਵਾਲੇ ਦਾ ਸੱਚ
-: ਸ. ਸੁਖਵਿੰਦਰ ਸਿੰਘ ਸਭਰਾ

ਇਹਨਾਂ ਬਾਰੇ ਪੁਸਤਕ ‘ਸੰਤਾਂ ਦੇ ਕੌਤਕ’ ਦੇ ਪਹਿਲੇ ਭਾਗਾਂ ਵਿੱਚ ਕਾਫੀ ਕੁੱਝ ਲਿਖਿਆ ਗਿਆ ਹੈ, ਕਿਵੇਂ ਇਹਨਾਂ ਨੇ ਜਮੀਨਾਂ ਸਾਂਭਣ ਵਾਸਤੇ “ਧੰਨ ਗੁਰੂ ਗ੍ਰੰਥ ਸਾਹਿਬ ਜੀ” ਦੇ ਪ੍ਰਕਾਸ਼ ਮੁਸਲਮਾਨਾਂ ਦੀਆਂ ਕਬਰਾਂ ਤੇ ਕੀਤੇ ਹੋਏ ਹਨ ਉਥੇ ਕੋਈ ਗ੍ਰੰਥੀ ਵੀ ਨਹੀਂ ਹੈ, ਹੁਣ ਪਤਾ ਲੱਗਾ ਹੈ ਉਥੇ ਗੁਰਦੁਆਰੇ ਬਣਾ ਰਹੇ ਹਨ, ਇਹ ਗੁਰਬਾਣੀ ਦੇ ਉਲਟ ਜਾਤ ਪਾਤ ਦੇ ਵੀ ਹਾਮੀ ਹਨ। ਇਹ ਸਾਰਾ ਕੁੱਝ ਆਪ ਪੜ੍ਹ ਆਏ ਹੋ।

ਇਥੇ ਇੱਕ ਅੱਖੀਂ ਡਿੱਠੀ ਘਟਨਾ ਦਾ ਜਿਕਰ ਕਰਨਾ ਜਰੂਰੀ ਸਮਝਦਾ ਹਾਂ।

ਮੇਰੇ ਪਿੰਡ ਸਭਰਾ ਬਾਬਾ ਵੀਰ ਸਿੰਘ ਦਾ ਗੁਰਦੁਆਰਾ ਹੈ। ਉਥੇ ਕਾਫੀ ਚਿਰ ਤੋਂ ਮੇਲਾ ਲੱਗਦਾ ਹੈ ਮੇਲੇ ਤੇ ਅਖੰਡ ਪਾਠ ਦੇ ਭੋਗ ਪਾਏ। ਇੱਕ ਸਿੱਖ ਪ੍ਰਚਾਰਕ, ਗੁਰੂ ਦੀ ਹਜ਼ੂਰੀ ਵਿੱਚ ਕਥਾ ਕਰ ਰਿਹਾ ਸੀ ਸੰਗਤ ਬੈਠੀ ਸੀ ਉਧਰੋਂ ਬਾਬਾ ਦਇਆ ਸਿੰਘ ਆ ਗਏ ਜਦ ਪ੍ਰਚਾਰਕ ਨੇ ਬਾਬੇ ਨੂੰ ਦੇਖਿਆ ਤਾਂ ਕਥਾਵਾਚਕ ਨੇ ਪ੍ਰੇਮ ਨਾਲ ਬੇਨਤੀ ਕੀਤੀ ਕਿ ਬਾਬਾ ਜੀ ਆ ਰਹੇ ਹਨ ਆਪ ਗੁਰੂ ਦੀ ਹਜ਼ੂਰੀ ਵਿੱਚ ਇਸੇ ਤਰ੍ਹਾਂ ਬੈਠੇ ਰਹਿਣਾ ਕਿਉਂਕਿ ਸਿੱਖ ਸਿਧਾਂਤ ਦੇ ਮੁਤਾਬਿਕ “ਗੁਰੂ ਗ੍ਰੰਥ ਸਾਹਿਬ ਜੀ” ਦੀ ਹਜ਼ੂਰੀ ਵਿੱਚ ਕਿਸੇ ਮਨੁੱਖ ਨੂੰ, ਕਿਸੇ ਬਾਬੇ ਨੂੰ, ਕਿਸੇ ਸਖਸ਼ ਨੂੰ ਮੱਥਾ ਟੇਕਣ ਦਾ ਵਿਧਾਨ ਨਹੀਂ ਹੈ।

ਪ੍ਰਚਾਰਕ ਨੂੰ ਸ਼ਾਬਾਸ ਦੇਣ ਦੀ ਬਜਾਏ ਬਾਬਾ ਬੜੀ ਜਲਦੀ ਉਥੋਂ ਉਠ ਕੇ ਬਿਨਾ ਕੋਈ ਜਲ ਪਾਣੀ ਛਕਿਆਂ ਵਾਪਸ ਚਲੇ ਗਿਆ। ਬਾਬੇ ਦੇ ਸ਼ਰਧਾਲੂ ਲੋਹੇ ਲਾਖੇ ਹੋ ਗਏ ਕਿ ਪ੍ਰਚਾਰਕ ਨੇ ਬਾਬਿਆਂ ਦੀ ਬੇਇੱਜਤੀ ਕੀਤੀ ਹੈ। ਕਿਉਂਕਿ ਜੇ ਕੋਈ ਗੁਰੂ ਦੇ ਹੱਕ ਵਿੱਚ ਸੱਚੀ ਗੱਲ ਕਰੇ ਤਾਂ ਇਸ ਨੂੰ ਬਾਬਿਆ ਦੀ ਬੇਇੱਜ਼ਤੀ ਦੱਸਦੇ ਹਨ। ਇਥੋਂ ਇਹ ਸਿੱਧ ਹੁੰਦਾ ਹੈ ਕਿ ਇਹਨਾਂ ਬਾਬਿਆਂ ਦੇ ਚੇਲੇ ਗੁਰਬਾਣੀ ਗੁਰੂ ਬਾਰੇ ਕੱਖ ਵੀ ਨਹੀਂ ਜਾਣਦੇ। ਉਦੋਂ ਅਸਾਲਟਾਂ ਵਾਲੇ ਫਿਰਦੇ ਸੀ, ਉਸੇ ਰਾਤ ਉਸ ਪ੍ਰਚਾਰਕ ਦੇ ਘਰ ਉਸ ਨੂੰ ਮਾਰਨ ਵਾਸਤੇ ਬੰਦੇ ਪਹੁੰਚ ਗਏ ਕਹਿੰਦੇ ਤੂੰ ਬਾਬੇ ਦੀ ਨਿਰਾਦਰੀ ਕੀਤੀ ਹੈ, ਅਸੀਂ ਜਾਨੋਂ ਮਾਰਨਾ ਹੈ।

ਪ੍ਰਚਾਰਕ ਦੇ ਪਿਤਾ ਨੇ ਉਹਨਾਂ ਦੇ ਪੈਰਾਂ 'ਤੇ ਪੱਗ ਰੱਖ ਕੇ ਮੁਆਫੀਆਂ ਮੰਗੀਆਂ ਕਿ ਅੱਗੇ ਤੋਂ ਸਾਡਾ ਮੁੰਡਾ ਸਟੇਜ ਤੇ ਸਾਰੀ ਗੱਲ ਹੀ ਸੰਤਾਂ ਦੇ ਹੱਕ ਵਿੱਚ ਕਰਿਆ ਕਰੇਗਾ। ਇਹਨੂੰ ਕੀ ਲੋੜ, ਗੁਰੂ ਦੀ ਗੱਲ ਕਰਨ ਦੀ, ਗੁਰੂ ਦੇ ਸਤਿਕਾਰ ਦੀ ਗੱਲ ਇਹ ਕਦੇ ਵੀ ਨਹੀਂ ਕਰੇਗਾ, ਸੋ ਸਿੱਖ ਪ੍ਰਚਾਰਕ ਦੀ ਮਸਾਂ ਜਾਨ ਬਚੀ।

ਇਸ ਤੋਂ ਪਿੱਛੋਂ ਕੀ ਹੋਇਆ ਕਿ ਪਿੰਡ ਦੇ ਮੋਹਤਬਰ ਸਰਪੰਚ ਪੰਚ ਅਤੇ ਹੋਰ, ਇੱਕ ਦਿਨ ਗੁਰਦੁਆਰੇ ਇਕੱਠੇ ਹੋ ਗਏ ਉਥੇ ਬਾਰ-ਬਾਰ ਇਹੀ ਗੱਲ ਕਰਨ ਕਿ ਸੰਤਾਂ ਦੀ ਬੇਇਜ਼ਤੀ ਕਿੰਨੇ ਕੀਤੀ ਹੈ। ਜਿਵੇਂ ਇਹ ਸਾਰੇ ਮੋਹਤਬਾਰ ਪਿਛਲੇ ਜਨਮ ਵਿੱਚ ਕਿਤੇ ਆਪ ਸੰਤ ਰਹੇ ਹੋਣ। ਇਹਨਾਂ ਨੇ ਚੁੱਕੀਆਂ ਗੁਰਦੁਆਰੇ ਦੀਆਂ ਚਾਬੀਆਂ ਅਤੇ ਪਹੁੰਚ ਗਏ ਸੁਰ ਸਿੰਘ ਬਾਬੇ ਕੋਲ। ਅੱਗੋਂ ਬਾਬਾ ਪੂਰੇ ਰਾਜਸੀ ਠਾਠ ਵਿੱਚ ਬੋਲਿਆ ਕਹਿੰਦਾ “ਇਹ ਮੁੰਡੇ ਕਾਫੀ ਚਿਰ ਤੋਂ ਮੇਰੀ ਪੱਗ ਨੂੰ ਪੈਣ ਨੂੰ ਫਿਰਦੇ ਸੀ, ਇਹਨਾਂ ਉਹੋ ਕਰ ਵਿਖਾਈ।

ਪਿੰਡ ਦੇ ਪਤਵੰਤੇ ਸੱਜਣਾਂ ਨੇ ਕਿਹਾ ਬਾਬਾ ਜੀ ਮੁਆਫੀ ਦੇ ਦਿਉ ਇਹ ਪ੍ਰਚਾਰਕ ਸਾਰੀ ਗੱਲ ਹੀ ਸੰਤਾਂ ਦੇ ਹੱਕ ਵਿੱਚ ਕਰਿਆ ਕਰੇਗਾ ਇਸਨੂੰ ਸਮਝਾ ਦਿੱਤਾ ਹੈ ਕਿ ਤੂੰ ਸੰਤਾਂ ਦੇ ਹੁੰਦਿਆਂ ਕਦੇ ਵੀ ਗੁਰੂ ਦੇ ਸਤਿਕਾਰ ਦੀ ਕੋਈ ਗੱਲ ਨਾਂ ਕਰੀਂ ਸਾਰਾ ਪ੍ਰਚਾਰ ਹੀ ਸੰਤਾਂ ਦੇ ਸਤਿਕਾਰ ਦਾ ਕਰਿਆ ਕਰ। ਸੋ ਇਹ ਮੰਨ ਗਿਆ ਹੈ। ਬਾਬੇ ਨੂੰ ਦਿੱਤੀਆਂ ਗੁਰਦੁਆਰੇ ਦੀਆਂ ਚਾਬੀਆਂ, ਅਨਪੜ੍ਹ ਨਿਹੰਗਾਂ ਨੇ ਆ ਕੇ ਗੁਰਦੁਆਰੇ ਤੇ ਕੀਤਾ ਕਬਜਾ। ਪਿੰਡ ਦੇ ਮੋਹਤਬਰਾਂ ਨੇ ਆਉਣ ਵਾਲੀਆ ਪੀੜ੍ਹੀਆਂ ਦੇ ਰਾਹ ਵਿੱਚ ਇਹ ਕੰਡੇ ਹੱਥੀਂ ਬੀਜੇ, ਇਸ ਗੁਰਦੁਆਰੇ ਵਿੱਚ ਸਾਰਾ ਕੁੱਝ ਸਿੱਖ ਰਹਿਤ ਮਰਯਾਦਾ ਦੇ ਉਲਟ ਹੋ ਰਿਹਾ, ਥਾਲੀ ਵਿੱਚ ਦੀਵੇ ਬਾਲ ਕੇ ਆਰਤੀਆਂ ਕਰ ਰਹੇ ਹਨ ਇਹ ਕਹਿੰਦੇ ਇਹ ਦਲ ਦੀ ਮਰਯਾਦਾ ਹੈ ਜਿਨ੍ਹਾਂ ਮਨਮੱਤਾਂ ਦਾ ਗੁਰਬਾਣੀ ਵਿੱਚ ਖੰਡਨ ਕੀਤਾ ਹੋਇਆ ਹੈ ਉਹ ਇਹਨਾਂ ਦਲ ਦੀ ਮਰਯਾਦਾ ਬਣਾਈ ਹੋਈ ਹੈ। ੧੬-੧੭ ਸਾਲ ਵਿੱਚ ਇਥੇ ਨਾ ਕੋਈ ਗਰੰਥੀ ਦੇ ਸਕੇ, ਨਾ ਕੋਈ ਕੀਰਤਨੀਆਂ, ਨਾ ਕੋਈ ਕਥਾਵਾਚਕ, ਸ਼ਾਇਦ ਇਹ ਵੀ ਦਲ ਦੀ ਮਰਯਾਦਾ ਹੈ ਨਾ ਗ੍ਰੰਥੀ, ਨਾ ਕੀਰਤਨੀਏ, ਨਾ ਕਥਾਵਾਚਕ। ਮੋਹਤਬਰਾਂ ਦੇ ਬੀਜੇ ਹੋਏ ਕੰਡੇ ਪੁੱਟਣ ਵਾਸਤੇ ਸਾਨੂੰ ਬੜਾਂ ਕੁੱਝ ਕਰਨ ਦੀ ਲੋੜ ਹੈ। ਗੁਰੂ ਪ੍ਰਤੀ ਆਪਣੇ ਫਰਜ ਸਮਝ ਕੇ ਇਹ ਕਰਦੇ ਰਹਾਂਗੇ।

ਇਹ ਘਟਨਾ ਮੈਂ ਅੱਖੀਂ ਦੇਖੀ ਲਿਖੀ ਹੈ, ਕੋਈ ਇਹ ਨਾ ਸਮਝੇ ਕਿ ਪਿੰਡ ਦੇ ਕਿਸੇ ਬੰਦੇ ਨੇ ਕਹਿ ਕੇ ਲਿਖਾਈ ਹੋਵੇਗੀ। ਇਹ ਮੈਂ ਆਪ ਲਿਖੀ ਹੈ, ਤਾਂ ਕਿ ਲੋਕਾਂ ਨੂੰ ਸਮਝ ਆਏ ਇਹ ਸੰਤ ਬਾਬੇ ਆਪਣੇ ਆਪ ਨੂੰ ਗੁਰੂ ਨਾਲੋਂ ਕਿਤੇ ਵੱਡਾ ਸਮਝਦੇ ਹਨ, “ਗੁਰੂ ਗ੍ਰੰਥ ਸਾਹਿਬ ਜੀ” ਦੇ ਸਤਿਕਾਰ ਦੀ ਕੋਈ ਵੀ ਗੱਲ, ਇਹ ਕਦੇ ਵੀ ਬਰਦਾਸ਼ਤ ਨਹੀਂ ਕਰਦੇ।

ਕੁਝ ਸਮਾਂ ਪਹਿਲਾਂ ਪਿੰਡ ਕਸੇਲ ਵਿਚ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਬੜੇ ਧੂਮ-ਧੜੱਕੇ ਨਾਲ ਮਨਾਇਆ ਗਿਆ। ਇਹ ਤਿੰਨ ਦਿਨਾਂ ਸਮਾਗਮ ਬਾਬਾ ਦਇਆ ਸਿੰਘ ਸੁਰ ਸਿੰਘ ਵਾਲਿਆਂ ਦੀ ਅਗ਼ਵਾਈ ਹੇਠ ਕੀਤਾ ਗਿਆ। ਪਹਿਲੇ ਦਿਨ ਦਲ ਵੱਲੋਂ ਤਿਆਰ ਕੀਤੀ ਗਈ ਸਪੈਸ਼ਲ ਬੱਸ ਵਿਚ ਇਕੋ ਸਮੇਂ ਸ੍ਰੀ “ਗੁਰੂ ਗ੍ਰੰਥ ਸਾਹਿਬ ਜੀ” ਜਪੁਜੀ ਸਾਹਿਬ, ਦਸਮ ਗ੍ਰੰਥ ਪੜ੍ਹਨ ਵਾਲਾ ਸਿੰਘ ਥੋੜ੍ਹੀ-ਥੋੜ੍ਹੀ ਦੇਰ ਬਾਅਦ ਇਕ ਟੱਲੀ (ਘੰਟੀ) ਵਜਾਉਂਦਾ ਅਤੇ ਟੱਲੀ ਵੱਜਣ `ਤੇ ਦੀਵਾਨ ਵਿਚ ਬੈਠਾ ਇਕ ਸਿੰਘ ਗੰਨਾ ਵੱਢ ਕੇ ਜਾਂ ਨਾਰੀਅਲ ਭੰਨ ਕੇ ਬਲੀ ਦਿੰਦਾ। ਇਹ ਸਿਲਸਿਲਾ ਤਿੰਨ ਦਿਨ ਚਲਦਾ ਰਿਹਾ। ਇਸ ਤਰ੍ਹਾਂ ਜਿੱਥੇ “ਗੁਰੂ ਗ੍ਰੰਥ ਸਾਹਿਬ” ਦੇ ਬਰਾਬਰ ਹੋਰ ਪੋਥੀਆਂ ਪ੍ਰਕਾਸ਼ ਕਰਕੇ ਗੁਰਬਾਣੀ ਦੀ ਨਿਰਾਦਰੀ ਕੀਤੀ ਗਈ। ਉਥੇ ਬਲੀ ਦੇ ਕੇ ਗੁਰਮਤਿ ਸਿਧਾਤਾਂ ਦੀ ਘੋਰ ਉਲੰਘਣਾ ਕੀਤੀ ਗਈ।

ਪਰ ਦੂਸਰੇ ਦਿਨ ਇਹਨਾਂ ਸਿੰਘਾਂ ਨੇ ਇਕ ਹੋਰ ਕਾਰਨਾਮਾ ਸਰ-ਅੰਜਾਮ ਦੇ ਦਿੱਤਾ। ਦੂਸਰੇ ਦਿਨ ਇਕ ਨਗਰ ਕੀਰਤਨ ਕੱਢਿਆ ਗਿਆ। ਨਗਰ ਕੀਰਤਨ ਦੀ ਅਰੰਭਤਾ ਵੇਲੇ ਪੰਜ ਪਿਆਰਿਆਂ ਨੂੰ ਤਿਆਰ ਹੋਣ ਦਾ ਸੱਦਾ ਦਿੱਤਾ ਗਿਆ। ਪਿੰਡ ਦੇ ਪੰਜ ਸਿੰਘ ਖ਼ਾਲਸਾਈ ਵਰਦੀ ਪਾ ਕੇ ਤਿਆਰ ਹੋ ਗਏ। ਇਹਨਾਂ ਵਿਚ ਇਕ ਮਜ਼੍ਹਬੀ ਸਿੰਘਾਂ ਨਾਲ ਸੰਬੰਧਤ ਸੀ। ਪਰ ਸਮਾਗਮ ਦੇ ਮੁੱਖ ਪ੍ਰਬੰਧਕ ਨੇ ਇਸ ਸਿੰਘ ਨੂੰ ਕਹਿ ਦਿੱਤਾ ਕਿ ਮਜ਼੍ਹਬੀ ਸਿੰਘ ਪੰਜ ਪਿਆਰੇ ਨਹੀਂ ਬਣ ਸਕਦੇ, ਤੂੰ ਵਰਦੀ ਲਾਹ ਦੇ। ਉਸਨੇ ਵਰਦੀ ਲਾਹ ਦਿੱਤੀ। ਧੰਨ ਨੇ ਇਹ ਸਾਡੀ ਕੌਮ ਦੇ ਸੰਤ ਅਤੇ ਧੰਨ ਹਨ ਇਹਨਾਂ ਦੇ ਚੇਲੇ।

ਜਦੋਂ ਅਸੀਂ ਗੁਰੂ ਤੇਗ਼ ਬਹਾਦਰ ਜੀ ਦੀ ਗੱਲ ਕਰਦੇ ਹਾਂ ਤਾਂ ਨਾਲ ਹੀ ਜਿਸ ਭਾਈ ਜੈਤਾ (ਭਾ: ਜੀਵਨ ਸਿੰਘ) ਨੇ ਮਹਾਰਾਜ ਦਾ ਸੀਸ ਦਿੱਲੀ ਤੋਂ ਅਨੰਦਪੁਰ ਸਾਹਿਬ ਲਿਆਂਦਾ ਵਡਮੁੱਲੀ ਦੇਣ ਹੈ।

ਇਹਨਾਂ ਦਲ ਵਾਲਿਆਂ ਨੇ ਇਕ ਅੰਮ੍ਰਿਤਧਾਰੀ ਸਿੰਘ ਨੂੰ ਸਾਸ੍ਹੀ ਕਹਿ ਕੇ ਬੱਸ ਵਿਚ ਚੜ੍ਹਨ ਤੋਂ ਰੋਕ ਦਿੱਤਾ। ਇਹ ਧਰਮ ਦੇ ਠੇਕੇਦਾਰ ਇਹ ਨਹੀਂ ਜਾਣਦੇ ਕਿ ਜਦੋਂ ਕੋਈ ਵੀ ਸਿੰਘ ਸੱਜ ਜਾਵੇ ਤਾਂ ਉਸਦੀ ਜਾਤ-ਵਰਣ ਨਹੀਂ ਰਹਿੰਦੀ। ਅੰਮ੍ਰਿਤ ਛਕਣ ਵੇਲੇ ਇਹੋ ਹਦਾਇਤ ਕੀਤੀ ਜਾਂਦੀ ਹੈ ਕਿ ਅੱਜ ਤੋਂ ਤੁਹਾਡਾ ਪਿਤਾ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬ ਕੌਰ ਜੀ ਹਨ। ਵਾਸੀ ਅਨੰਦਪੁਰ ਦੇ ਹੋ। ਸਿੱਟਾ ਇਹ ਹੈ ਕਿ ਇਹ ਧਰਮ ਦੇ ਠੇਕੇਦਾਰ, ਦਸਵੇਂ ਪਾਤਸ਼ਾਹ ਦੇ ਪੁੱਤਰਾਂ ਦਾ ਹੀ ਨਿਰਾਦਰ ਕਰ ਰਹੇ ਹਨ। ਇਹ ਅੰਮ੍ਰਿਤ ਵੀ ਵੱਖਰਾ ਛਕਾਉਂਦੇ ਹਨ

ਇਸ ਤਰ੍ਹਾਂ ਇਸ ਮਹਾਨ ਗੁਰਮਤਿ ਸਮਾਗਮ ਵਿਚ ਕੁਝ ਵੀ ਵਿਚਾਰਿਆ ਸਮਝਿਆ, ਪ੍ਰਾਪਤੀ ਕੋਈ ਨਾ ਹੋਈ। ਆਖ਼ਰੀ ਦਿਨ ਗਿਆਰ੍ਹਾਂ ਬੱਕਰਿਆਂ ਦੀ ਬਲੀ ਦੇਣ ਤੋਂ ਜਿਹੜਾ ਡਲਿਆਂ ਦਾ ਲੰਗਰ ਤਿਆਰ ਹੋਇਆ। ਇਸ ‘ਪਵਿੱਤਰ ਲੰਗਰ’ ਦੇ ਨਾਲ ਹੀ ਇਹ ਸਮਾਗਮ ਬੜੇ ਧੂਮ ਧੜੱਕੇ ਨਾਲ ਆਪਣੇ ਅੰਜਾਮ ਨੂੰ ਪੁੱਜਾ।


ਟਿੱਪਣੀ:

ਇਹ ਬਾਬਾ ਪਿਛਲੇ ਦਿਨੀਂ ਮਰਿਆ ਹੈ, ਅਤੇ ਅਖੌਤੀ ਜਥੇਦਾਰਾਂ ਹੋਰਾਂ ਨੇ ਇਸ ਦੇ ਮਰਨ 'ਤੇ ਸਿੱਖਾਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ... ਪਾਠਕ ਆਪ ਅੰਦਾਜ਼ਾ ਲਗਾ ਸਕਦੇ ਨੇ, ਘਾਟਾ ਪਿਆ ਹੈ ਕਿ ਧਰਤੀ ਤੋਂ ਇਕ ਬੋਝ ਹਲਕਾ ਹੋਇਆ ਹੈ!!!

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top