ਦੁਨੀਆ ਦਾ ਕੋਈ ਕਨੂੰਨ ਨਜਾਇਜ ਤੌਰ 'ਤੇ
ਬੰਦੀ ਬਣਾ ਕੇ ਰੱਖਣ ਦੀ ਇਜਾਜਤ ਨਹੀਂ ਦਿੰਦਾ - ਸਿਰਸਾ
ਅੰਮ੍ਰਿਤਸਰ
22 ਜਨਵਰੀ (ਜਸਬੀਰ ਸਿੰਘ) ਲੰਮੇ ਸਮੇਂ ਤੋਂ ਵੱਖ ਵੱਖ ਜੇਲਾਂ ਵਿੱਚ ਬੰਦ ਸਿੱਖ ਨੌਜਵਾਨਾਂ
ਦੀ ਰਿਹਾਈ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ
ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਜਿਲੇ ਦੇ ਡਿਪਟੀ ਕਮਿਸ਼ਨਰ ਨੂੰ ਇੱਕ ਪੱਤਰ ਦੇ ਕੇ ਮੰਗ ਕੀਤੀ
ਗਈ, ਜਿਹਨਾਂ ਨੌਜਵਾਨਾਂ ਦੀਆਂ ਸਜਾਵਾਂ ਪੂਰੀਆਂ ਹੋ ਚੁੱਕੀਆਂ ਹਨ, ਉਹਨਾਂ ਨੂੰ ਬਿਨਾਂ
ਕਿਸੇ ਦੇਰੀ ਤੋਂ ਰਿਹਾਅ ਕੀਤਾ ਜਾਵੇ ਅਤੇ ਪੈਰੋਲ 'ਤੇ ਰਿਹਾਅ ਕੀਤੇ ਗਏ ਸਿੱਖ ਨੌਜਵਾਨਾਂ
ਦੀ ਪੱਕੀ ਰਿਹਾਈ ਨੂੰ ਯਕੀਨੀ ਬਣਾਇਆ ਜਾਵੇ। ਮੰਗ ਪੱਤਰ ਵਿੱਚ ਚਿਤਾਵਨੀ ਦਿੱਤੀ ਗਈ ਜੇਕਰ
20 ਫਰਵਰੀ ਤੱਕ ਮੰਗਾਂ ਨੂੰ ਪ੍ਰਵਾਨਗੀ ਨਾ ਦਿੱਤੀ ਗਈ, ਤਾਂ 21 ਫਰਵਰੀ ਨੂੰ ਸੰਘਰਸ਼ ਵਿੱਢ
ਦਿੱਤਾ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਤੇ ਮੀਤ ਪ੍ਰਧਾਨ ਸ੍ਰ.
ਬਲਦੇਵ ਸਿੰਘ ਸਿਰਸਾ, ਦਮਦਮੀ ਟਕਸਾਲ (ਅਜਨਾਲਾ) ਦੇ ਮੁੱਖੀ ਭਾਈ ਅਮਰੀਕ ਸਿੰਘ, ਦਲ ਖਾਲਸਾ
ਦੇ ਆਗੂ ਭਾਈ ਸਰਬਜੀਤ ਸਿੰਘ ਘੁੰਮਾਣ, ਗੁਰਮੇਜ ਸਿੰਘ ਲੋਪੇਕੇ ਦੀ ਸਾਂਝੀ ਅਗਵਾਈ ਹੇਠ
ਸਿੱਖਾਂ ਦੇ ਇੱਕ ਵਫਦ ਨੇ ਜਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਨੂੰ ਮੁੱਖ ਪੰਜਾਬ
ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਪੱਤਰ ਦੇ ਕੇ ਮੰਗ ਕੀਤੀ, ਕਿ ਜਿਹਨਾਂ ਸਿੱਖ ਨੌਜਵਾਨਾਂ
ਦੀਆ ਸਜਾਵਾਂ ਪੂਰੀਆਂ ਹੋ ਚੁੱਕੀਆਂ ਹਨ ਉਹਨਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਰਿਹਾਅ ਕੀਤਾ
ਜਾਵੇ।
ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਮੀਤ ਪ੍ਰਧਾਨ ਸ੍ਰ ਬਲਦੇਵ
ਸਿੰਘ ਸਿਰਸਾ ਨੇ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਭਾਈ ਗੁਰਬਖਸ਼
ਸਿੰਘ ਨੇ ਬੰਦੀ ਸਿੱਖਾਂ ਦੀ ਰਿਹਾਈ ਲਈ 43 ਦਿਨ ਭੁੱਖ ਹੜਤਾਲ ਰੱਖੀ ਸੀ ਅਤੇ ਮੁੱਖ ਮੰਤਰੀ
ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਭੁੱਖ ਹੜਤਾਲ ਖਤਮ ਕਰਾਉਣ ਦੀ ਗੱਲ ਕਰਦਿਆਂ, ਅਕਾਲ ਤਖਤ ਦੇ
ਜਥੇਦਾਰ ਗਿਆਨੀ ਗੁਰਬਚਨ ਸਿੰਘ, ਸੰਤ ਸਮਾਜ ਦੇ ਆਗੂਆ ਅਤੇ ਸੰਘਰਸ਼ ਕਮੇਟੀ ਨਾਲ ਵਾਅਦਾ ਕੀਤਾ
ਸੀ, ਕਿ ਪੈਰੋਲ 'ਤੇ ਰਿਹਾਅ ਹੋਏ ਸਿੱਖ ਨੌਜਵਾਨਾਂ ਨੂੰ ਵਾਪਸ ਜੇਲ ਨਹੀਂ ਜਾਣਾ ਪਵੇਗਾ, ਪਰ
ਫਿਰ ਵੀ ਉਹਨਾਂ ਨੂੰ ਫਿਰ ਜੇਲ ਜਾਣਾ ਪੈ ਰਿਹਾ ਹੈ।
ਉਹਨਾਂ ਕਿਹਾ ਕਿ ਸੰਤ ਸਮਾਜ ਤੇ ਜਥੇਦਾਰ ਅਕਾਲ ਤਖਤ ਨੂੰ ਤੁਰੰਤ
ਐਕਸ਼ਨ ਲੈ ਕੇ ਸਰਕਾਰ ਨੂੰ ਮਜਬੂਰ ਕਰਨਾ ਚਾਹੀਦਾ ਹੈ, ਕਿ ਉਹ ਬੰਦੀ ਸਿੱਖਾਂ ਦੀ ਰਿਹਾਈ
ਨੂੰ ਯਕੀਨੀ ਬਣਾਉਣ। ਉਹਨਾਂ ਕਿਹਾ ਕਿ ਦੁਨੀਆ ਦਾ ਕੋਈ ਅਜਿਹਾ ਕਨੂੰਨ ਨਹੀਂ ਹੈ, ਜਿਹੜਾ
ਕਿਸੇ ਵੀ ਨਿਰਦੋਸ਼ ਨੂੰ ਜੇਲ ਵਿੱਚ ਬੰਦੀ ਬਣਾ ਕੇ ਰੱਖਣ ਦੀ ਇਜਾਜਤ ਦਿੰਦਾ ਹੋਵੇ। ਉਹਨਾਂ
ਕਿਹਾ ਕਿ ਬੀਤੇ ਕਲ ਤਾਂ ਸੁਪਰੀਮ ਕੋਰਟ ਨੇ 15 ਮੌਤ ਦੀ ਸਜਾ ਯਾਫਤਾ ਵਿਅਕਤੀਆਂ ਦੀ ਸਜਾ
ਉਮਰ ਕੈਦ ਵਿੱਚ ਤਬਦੀਲ ਕਰਕੇ ਸਾਬਤ ਕਰ ਦਿੱਤਾ ਹੈ, ਕਿ ਕਿਸੇ ਵੀ ਸਜਾ ਪੂਰੀ ਕਰ ਚੁੱਕੇ
ਵਿਅਕਤੀ ਨੂੰ ਜੇਲ ਵਿੱਚ ਬੰਦ ਨਹੀਂ ਰੱਖਿਆ ਜਾ ਸਕਦਾ। ਉਹਨਾਂ ਕਿਹਾ ਕਿ ਸਿੱਖ ਅਮਨ ਪਸੰਦ
ਸ਼ਹਿਰੀ ਹਨ ਅਤੇ ਆਪਣੀਆ ਮੰਗਾਂ ਨੂੰ ਲੋਕਤੰਤਰਿਕ ਤਰੀਕੇ ਨਾਲ ਹੀ ਮੰਨਵਾਉਣਾ ਚਾਹੁੰਦੇ ਹਨ।
ਉਹਨਾਂ ਕਿਹਾ ਕਿ ਸਿੱਖ ਕੌਮ ਨੂੰ ਨਵੇ ਸੰਘਰਸ਼ ਵਿੱਚ ਪਾਉਣ ਦੀ ਬਜਾਏ
ਮੁੱਖ ਮੰਤਰੀ ਸ੍ਰੀ ਬਾਦਲ ਨੂੰ ਚਾਹੀਦਾ ਹੈ ਕਿ ਉਹ ਪੈਰੋਲ ਤੋਂ ਰਿਹਾਅ ਹੋਏ ਸਿੰਘਾਂ ਦੀ
ਪੱਕੀ ਰਿਹਾਈ ਲਈ ਯਤਨ ਕਰਕੇ ਅਤੇ ਜਿਹਨਾਂ ਦੇ ਹਾਲੇ ਤੱਕ ਟਰਾਇਲ ਸ਼ੁਰੂ ਨਹੀਂ ਹੋਏ ਉਹਨਾਂ
ਦੇ ਕੇਸ ਚਲਾ ਕੇ ਉਹਨਾਂ ਨੂੰ ਵੀ ਸੁਰਖਰੂ ਕੀਤਾ ਜਾਵੇ। ਉਹਨਾਂ ਕਿਹਾ ਕਿ ਜਿਹੜੇ ਚਾਰ
ਸਿੰਘ ਪੈਰੋਲ 'ਤੇ ਰਿਹਾਅ ਹੋਏ ਹਨ, ਉਹਨਾਂ ਦੀ ਪੱਕੀ ਰਿਹਾਈ ਅਤੇ ਦੋ ਸਿੰਘ ਜੋ ਬਾਹਰਲੀਆਂ
ਜੇਲਾਂ ਵਿੱਚ ਬੈਠੇ ਹਨ, ਉਹਨਾਂ ਦੀ ਰਿਹਾਈ ਨੂੰ ਵੀ ਯਕੀਨੀ ਬਣਾਇਆ ਜਾਵੇ।