22
ਫਰਵਰੀ ਦੀ ਖਾਲਸਾ ਨਿਊਜ਼ 'ਤੇ ਪਾਠਾਂ ਦੀ ਅਡਵਾਂਸ ਬੁਕਿੰਗ ਬਾਰੇ ਛਪੀ ਖਬਰ ਕਿ “ਜਿਸ
ਥਾਂ ਤੋਂ ਸਿੱਖਾਂ ਨੂੰ ਸੇਧ ਮਿਲਣੀ ਚਾਹੀਦੀ ਸੀ, ਉਥੇ ਹੀ ਕਰਮਕਾਂਡਾਂ ਦਾ ਬੋਲਬਾਲਾ ਹੈ”
ਪੜ੍ਹ ਕੇ ਇਹ ਚਾਰ ਅੱਖਰ ਇਸ ਸਬੰਧ ਵਿੱਚ ਲਿਖੇ ਹਨ। ਜਰਾ ਮਨ ਇਕਾਗਰ ਕਰਕੇ ਵਿਚਾਰ ਕਰੋ ਕਿ
ਥਾਂ ਜਾਂ ਅਸਥਾਂਨ ਦਾ ਕੋਈ ਕਸੂਰ ਨਹੀਂ, ਕਸੂਰ ਕਾਬਜ ਲੀਡਰਾਂ ਅਤੇ ਪੁਜਾਰੀਆਂ ਦਾ ਹੈ ਅਤੇ
ਉਨ੍ਹਾਂ ਤੋਂ ਵੀ ਜਿਆਦਾ ਕਸੂਰ ਉਨ੍ਹਾਂ ਸਿੱਖ ਵੋਟਰਾਂ ਦਾ ਹੈ, ਜੋ ਬਿਨਾਂ ਸੋਚੇ ਸਮਝੇ ਅਤੇ
ਵਿਚਾਰੇ ਇਨ੍ਹਾਂ ਧਰਮ ਅਸਥਾਨਾਂ ਤੇ ਕਾਬਜ ਪੁਲੀਟੀਕਲ, ਸੰਪ੍ਰਦਾਈ, ਡੇਰੇਦਾਰ ਸੰਤਾਂ,
ਮਹੰਤਾਂ ਅਤੇ ਪਾਰਟੀਬਾਜ ਮਕਾਰੀ ਲੀਡਰਾਂ ਨੂੰ ਚਾਰ ਛਿਲੜਾਂ ਅਤੇ ਸ਼ਰਾਬ ਦੇ ਪਊਏ ਆਦਿਕ
ਨਸ਼ਿਆਂ ਦੀ ਖਾਤਰ ਆਪਣਾ ਕੀਮਤੀ ਵੋਟ ਪਾ ਦਿੰਦੇ ਹਨ।
ਇਸ ਦਾ ਹੱਲ ਰਵਾਇਤੀ ਲੀਡਰਾਂ, ਸੰਤਾਂ ਮਹੰਤਾਂ ਅਤੇ ਅਖੌਤੀ
ਪ੍ਰਚਾਰਕਾਂ ਦਾ ਖਹਿੜਾ ਛੱਡ ਕੇ, ਵਿਦਵਾਨ ਕਿਰਤੀ ਸਿੱਖਾਂ ਨੂੰ ਅੱਗੇ ਆ ਕੇ ਸਿੱਖ ਸੰਗਤਾਂ
ਨੂੰ ਜਾਗਰਤ ਕਰਨਾ ਚਾਹੀਦਾ ਹੈ। ਜੇ ਸੰਗਤਾਂ ਜਾਗਰਤ ਹੋ ਕੇ ਕਰਮਕਾਂਡੀ ਤੇ ਕਮਰਸ਼ੀਅਲ ਪਾਠ
ਕਰਾਉਣੇ ਬੰਦ ਕਰਕੇ, ਆਪ "ਗੁ੍ਰੂ ਗ੍ਰੰਥ ਸਾਹਿਬ" ਦੀ ਬਾਣੀ ਦਾ ਪਾਠ ਵਿਚਾਰ ਕਰਕੇ ਸਿੱਖਣਾ
ਸ਼ੁਰੂ ਕਰ ਦੇਣ ਕਿਉਂਕਿ (ਸਿੱਖ ਦਾ ਮਤਲਬ ਹੀ ਸਿਖਿਆਰਥੀ ਹੈ) ਤਾਂ ਹੀ ਇਹ ਪਾਖੰਡ ਪਾਠਾਂ
ਦੀ ਕਈ-ਕਈ ਸਾਲ ਅਡਵਾਂਸ ਬੁੱਕ ਕਰਨ ਵਾਲੀ ਲੋਟੂ ਰੀਤ ਬੰਦ ਹੋ ਸਕਦੀ ਹੈ, ਜੋ ਵਿਹਲੜ
ਸਰਕਾਰੀ ਮਹੰਤਾਂ ਅਤੇ ਸੰਪ੍ਰਦਾਈ ਪੁਜਾਰੀਆਂ ਦੀ, ਬਾਮਣਾਂ ਵਾਂਗ ਜਜਮਾਨਾਂ ਨੂੰ ਲੁੱਟਣ
ਵਾਸਤੇ ਚਲਾਈ ਹੋਈ ਹੈ ਅਤੇ ਜੋ ਅੱਜ ਵੀ "ਦੇਖਾ ਦੇਖੀ ਸਵਾਂਗ ਧਰਿ ਭੂਲੇ ਭਟਕਾ ਖਾਹੀਂ" ਦੇ
ਮਹਾਂਵਾਕ ਅਨੁਸਾਰ ਚੱਲੀ ਜਾ ਰਹੀ ਹੈ।
ਜਰਾ ਸੋਚੋ! ਜੇ ਲੋਟੂ ਬਾਮਣ ਨੇ ਧਰਮ ਗ੍ਰੰਥ ਸੰਸਕ੍ਰਿਤ ਵਿੱਚ ਲਿਖ
ਕੇ ਆਮ ਜਨਤਾ ਨੂੰ ਵਿਦਿਆ ਪੜ੍ਹਨ ਦਾ ਅਧਿਕਾਰ ਨਹੀਂ ਸੀ ਦਿੱਤਾ ਕਿ ਜਨਤਾ ਸਮਝਦਾਰ ਨਾਂ ਹੋ
ਜਾਵੇ ਤਾਂ ਅੱਜ ਬਹੁਤੇ ਰਾਗੀਆਂ, ਗ੍ਰੰਥੀਆਂ, ਸੰਤਾਂ, ਮਹੰਤਾਂ, ਸੰਪ੍ਰਦਾਈਆਂ, ਰਾਜਨੀਤਕ
ਅਤੇ ਧਾਰਮਿਕ ਲੀਡਰਾਂ ਨੇ ਵੀ ਬਾਮਣ ਵਾਲਾ ਰਸਤਾ ਅਖਤਿਆਰ ਕਰਕੇ, ਗੁਰਬਾਣੀ ਪੜ੍ਹਨ,
ਵਿਚਾਰਨ, ਸਮਝਣ-ਸਮਝਾਣ ਦੀ ਥਾਂ, ਵੱਡੀਆਂ-ਵੱਡੀਆਂ ਭੇਟਾਵਾਂ ਲੈ ਕੇ, ਅੰਨ੍ਹੇਵਾਹ ਭਾੜੇ
ਦੇ ਪਾਠੀਆਂ ਤੋਂ ਕਈ ਕਿਸਮ ਦੇ ਪਾਠ ਕਰਾ-ਕਰਾ ਕੇ, ਆਪਣਾਂ ਤੋਰੀ ਫੁਲਕਾ ਚਲਾਇਆ ਹੋਇਆ ਹੈ।
ਇਸ ਲਈ ਅਜੋਕੇ ਬਹੁਤੇ ਸਿੱਖ ਭੇਖ ਧਾਰਨ ਅਤੇ ਵਿਖਾਵੇ ਦੀਆਂ ਰਸਮਾਂ ਆਦਿਕ ਕਰਮਕਾਂਡਾਂ
ਵਿੱਚ ਉਲਝਾ ਦਿੱਤੇ ਗਏ ਹਨ।
ਜਿਵੇਂ ਓਦੋਂ ਬਾਮਣ, ਮੌਲਾਣੇ ਅਤੇ ਜੋਗੀ ਜਨਤਾ ਨੂੰ ਲੁਟਦੇ ਸਨ ਅੱਜ
ਉਵੇਂ ਹੀ ਸੰਤ, ਮਹੰਤ, ਡੇਰਦਾਰ, ਸੰਪ੍ਰਦਾਈ, ਰਾਗੀ, ਗ੍ਰੰਥੀ ਅਤੇ ਅਖੌਤੀ ਜਥੇਦਾਰ ਆਦਿਕ
ਪੁਜਾਰੀ, ਸਿੱਖ ਸੰਗਤਾਂ ਨੂੰ ਗੁਰਬਾਣੀ ਸਿਖਾਉਣ ਦੀ ਥਾਂ ਤੇ ਤੋਤਾ ਰਟਨੀ ਪਾਠਾਂ ਅਤੇ ਹੋਰ
ਕਰਮਕਾਂਡਾਂ ਰਾਹੀਂ, ਦੋਹੀਂ ਹੱਥੀਂ ਲੁੱਟੀ ਜਾ ਰਹੇ ਹਨ। ਗੁਰੂ ਦਾ ਵਾਸਤਾ! ਸਿੱਖ ਸੰਗਤਾਂ
ਨੂੰ ਅੰਨ੍ਹੀ ਸ਼ਰਧਾ ਤਿਆਗ ਸੁਜਾਖੀ ਸ਼ਰਧਾ ਧਾਰਨ ਕਰਕੇ, ਉਪ੍ਰੋਕਤ ਪੁਜਾਰੀ ਠੱਗਾਂ ਤੋਂ ਬਚਣਾ
ਚਾਹੀਦਾ ਹੈ।
ਗੁਰੂ ਗਰੰਥ ਸਾਹਿਬ ਤਾਂ ਸਾਨੂੰ ਪੁਕਾਰ ਪੁਕਾਰ ਕੇ ਕਹਿ ਰਹੇ ਹਨ
ਕਿ- ਹੋਹੁ ਸੁਜਾਖੇ ਲੇਹੋ ਪਛਾਣਿ॥ (ਗੁਰੂ ਗ੍ਰੰਥ) ਇਹ
ਹੁਣ ਅਸੀਂ ਸੋਚਣਾਂ ਹੈ ਕਿ ਅਸੀਂ ਅੱਖਾਂ ਖੋਲ੍ਹ ਕੇ ਚੱਲਣਾ ਹੈ ਜਾਂ ਬੰਦ ਕਰਕੇ ਪਾਖੰਡ
ਦੀਆਂ ਖੱਡਾਂ ਵਿੱਚ ਹੀ ਡਿੱਗੀ ਜਾਣਾਂ ਹੈ।