Share on Facebook

Main News Page

ਸਿੱਖ ਪੰਥ ਨੂੰ ਪ੍ਰੋਫ਼ੈਸਰ ਪੰਡਿਤ ਰਾਓ ਧਰੇਂਵਰ ਉੱਤੇ ਬਾਜ਼ ਅੱਖ ਰੱਖਣ ਦੀ ਲੋੜ ਹੈ
-: ਚਰਨਜੀਤ ਸਿੰਘ

ਸਿੱਖ ਪੰਥ ਨੂੰ ਪ੍ਰੋਫ਼ੈਸਰ ਪੰਡਿਤ ਰਾਓ ਧਰੇਂਵਰ ਉੱਤੇ ਬਾਜ਼ ਅੱਖ ਰੱਖਣ ਦੀ ਲੋੜ ਹੈ। ਜ਼ਹਿਰ ਹਮੇਸ਼ਾ ਮਿੱਠੇ ਵਿਚ ਲਪੇਟ ਕੇ ਹੀ ਦਿੱਤਾ ਜਾਂਦਾ ਹੈ । ੨੦੧੧ ਵਿਚ ਮੈਂ ਵੀ ਪ੍ਰੋਫ਼ੈਸਰ ਰਾਉ ਤੋਂ ਬਹੁਤ ਪ੍ਰਭਾਵਿਤ ਹੋਇਆ ਕਿਉਂਕੀ ਸੁਨਣ ਵਿੱਚ ਆਇਆ ਸੀ ਕਿ ਇਨ੍ਹਾਂ ਨੇ ਜਪੁ ਬਾਣੀ ਦਾ ਕੰਨ੍ਹੜ ਭਾਸ਼ਾ ਵਿਚ ਅਨੂਵਾਦ ਕੀਤਾ ਹੈ, ਅਤੇ ਪ੍ਰੋ. ਰਾਉ ਖੁਦ ਵੀ ਗੁਰੂ ਦੀ ਬਾਣੀ ਦੇ ਸੱਚੇ ਆਸ਼ਕ ਬਣ ਗਏ ਹਨ ।

ਮਨ ਵਿਚ ਖੁਸ਼ੀ ਦੀ ਲਹਿਰ ਦੌੜੀ ਕਿ ਕਿਉਂ ਨਾ ਇਨ੍ਹਾਂ ਨਾਲ ਸਾਂਝ ਪਾਈ ਜਾਵੇ । ਮੈਂ ਇਨ੍ਹਾਂ ਨਾਲ ਫ਼ੋਨ ਤੇ ਕਈ ਵਾਰ ਗੱਲ ਵੀ ਕੀਤੀ । ਇੱਕ ਦਿਨ ਮੈਂ ਸਹਿਜ ਸੁਭਾਇ ਹੀ ਇਨ੍ਹਾਂ ਨੂੰ ਪੁੱਛ ਬੈਠਾ ਕਿ,"ਆਪ ਜੀ ਨੂੰ ਜਪੁ ਦੀ ਬਾਣੀ ਵਿਚ ਕੀ ਵਧੀਆ ਲਗਿਆ?" ਜਿਸ ਦੇ ਇਨ੍ਹਾਂ ਨੇ ਬੜੇ ਸਾਧਾਰਣ ਜਿਹੇ ਜਵਾਬ ਦਿੱਤੇ । ਜਿਵੇਂ ਕਿ, "ਇਹ ਬਾਣੀ ਬਹੁਤ ਸੁਖਮਈ ਹੈ", "ਇਹ ਬਾਣੀ ਬਹੁਤ ਚੰਗੀ ਹੈ", "ਇਹ ਬਾਣੀ ਠੰਡ ਪਾਉਂਦੀ ਹੈ।" ਮੇਰਾ ਮੱਥਾ ਠਣਕ ਗਿਆ ।

(ਮੈਂ ਪੰਡਿਤ ਜੀ ਨੂੰ ਥੋੜਾ ਹੋਰ ਢੰਢੋਲਿਆ) ਮੈਂ ਮੁੜ ਸੁਆਲ ਕੀਤਾ ਕਿ,"ਆਪ ਜੀ ਕਿਰਪਾ ਕਰਕੇ ਮੈਨੂੰ ਮੂਲਮੰਤਰ ਦੇ ਅਰਥਾਂ ਦੀ ਸੋਝੀ ਬਖਸ਼ੋ?" ਮੇਰੀ ਹੈਰਾਨੀ ਦੀ ਉਦੋਂ ਹੱਦ ਨਾ ਰਹੀ ਜਦੋਂ ਇਹ ਮੂਲਮੰਤਰ ਦੇ ਅਰਥ ਕਰਨ ਤੋਂ ਅਸਮਰੱਥ ਹੋ ਗਏ । ਮੈਂ ਇਨ੍ਹਾਂ ਨੂੰ ਜਪੁ ਬਾਣੀ ਦੀਆਂ ਕਈ ਪਉੜੀਆਂ ਦੇ ਅਰਥ ਪੁੱਛੇ ਪਰ ਪਤਾ ਲਗਿਆ ਕਿ ਇਹ ਤਾਂ ਬਿਲਕੁਲ ਹੀ ਕੋਰੇ ਹਨ । ਨੌਬਤ ਇੱਥੇ ਤੱਕ ਆ ਗਈ ਮੈਨੂੰ ਇਹ ਕਹਿਣਾ ਪੈ ਗਿਆ ਕਿ, "ਆਪ ਜੀ ਨੂੰ ਜਪੁ ਬਾਣੀ ਵਿਚ ਜੋ ਵੀ ਪਉੜੀ ਦੇ ਅਰਥ ਆਉਂਦੇ ਹਨ, ਉਹ ਤੁਸੀਂ ਮੈਨੂੰ ਕਰ ਦੇਵੋ" । ਪਰ ਪੰਡਿਤ ਜੀ ਅਰਥ ਤਾਂ ਕਰਣ ਜੇ ਅਰਥ ਆਉਂਦੇ ਹੋਣ।

ਮੈਂ ਇਨ੍ਹਾਂ ਨੂੰ ਪੁਛਿਆ ਕਿ, "ਕੀ ਕਨ੍ਹੜ ਭਾਸ਼ਾ ਵਿਚ ਜਪੁ ਬਾਣੀ ਦਾ ਅਨੂਵਾਦ ਆਪ ਨੇ ਹੀ ਕੀਤਾ ਹੈ?" ਪੰਡਿਤ ਰਾਉ ਨੂੰ ਮੇਰੀ ਗੱਲ ਦਾ ਕੋਈ ਜਵਾਬ ਹੀ ਨਾ ਆਇਆ । ਮੈਂ ਪੰਡਿਤ ਜੀ ਨੂੰ ਅਲਵਿਦਾ ਕਹੀ ਅਤੇ ਕਿਹਾ ਖੈਰ ਆਪਾਂ ਫ਼ਿਰ ਕਦੇ ਵਿਚਾਰ ਕਰਾਂਗੇ। ਪੰਡਿਤ ਰਾਉ ਨੂੰ ਮਸਾਂ ਸੁੱਖ ਦਾ ਸਾਹ ਆਇਆ। ਜਿਵੇਂ ਮਸਾਂ ਹੀ ਮੇਰੇ ਤੋਂ ਖਹਿੜਾ ਛਡਵਾਇਆ ਹੋਵੇ ਪਰ ਮੈਂ ਇਨ੍ਹਾਂ ਦੀ ਗਹਿਰਾਈ ਨਾਪ ਲਈ।

ਮੈਂ ਕਈ ਦਿਨ ਸੋਚਦਾ ਰਿਹਾ ਕਿ ਕੋਈ ਗੁਰੂ ਦਾ ਪਿਆਰਾ ਸਿੱਖ ਇਨ੍ਹਾਂ ਦੇ ਗੁਰਬਾਣੀ ਦੇ ਕੰਨੜ ਭਾਸ਼ਾ ਵਿਚ ਕੀਤੇ ਅਨੂਵਾਦ ਦੀ ਪ੍ਰੋੜਤਾ ਕਰ ਸਕੇਗਾ? ਚੰਡੀਗੜ੍ਹ ਦੇ ਗਵਰਨਰ ਨੇ ਵੀ ੧ ਲੱਖ ਰੂਪਈਆ ਗਰਾਂਟ ਵਿਚ ਏਸ ਕਰ ਕੇ ਦਿੱਤਾ ਹੈ, ਕਿ ਇਹ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਅਨੂਵਾਦ ਕੰਨੜ ਭਾਸ਼ਾ ਵਿੱਚ ੧ ਸਾਲ ਵਿਚ ਕਰਨਗੇ। ਵੈਸੇ ਪੰਡਿਤ ਜੀ ਨੇ ਕਈ ਕਰਨਾਟਕਾ ਦੇ ਦੇਹਧਾਰੀ ਗੁਰੂਆਂ ਦੇ ਬਚਨਾਂ ਦਾ ਅਨੂਵਾਦ ਪੰਜਾਬੀ ਵਿਚ ਜ਼ਰੂਰ ਕਰ ਦਿੱਤਾ ਹੈ। ਹੇਠ ਲਿਖੇ ਦੇਹਧਾਰੀ ਉਸ ਵਿਚ ਸ਼ਾਮਲ ਹਨ:

ਆਲਮਾ ਪ੍ਰਭੂ, ਬਸਾ ਵੇਸ਼ਵਰਾ, ਅੱਕਾ ਮਹਾਦੇਵੀ, ਸਰਵਜਨਾ, ਕਨਕਦਾਸਾ, ਪੁਰੰਡਰਾਦਾਸਾ, ਸ਼ਿਸ਼ੂਨਾਲਾ ਸ਼ਰੀਫ਼, ਭਮਿਸ਼ੰਕਰ ਮਹਾਰਾਜ

ਫ਼ਿਰ ਇੱਕ ਦਿਨ ਇਨ੍ਹਾਂ ਨਾਲ ਦੋਬਾਰਾ ਫ਼ੋਨ 'ਤੇ ਗੱਲ ਕੀਤੀ । ਇਨ੍ਹਾਂ ਨੇ ਆਪਣੀ ਇਛਾ ਪਰਗਟ ਕੀਤੀ ਕਿ ਇਹ ਆਪਣੇ ਪਿੰਡ ਵਿਚ (ਕਰਨਾਟਕਾ ਵਿਚ) ਗੁਰੂਦੁਆਰਾ ਖੋਲ੍ਹਣਾ ਚਾਹੁੰਦੇ ਹਨ । ਮੈਂ ਕਿਹਾ ਜੀ ਇਹ ਤਾਂ ਬਹੁਤ ਵਧੀਆ ਗੱਲ ਹੈ।

ਇਨ੍ਹਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੈਨੂੰ ੨੦ ਲੱਖ ਰੁਪਈਆ ਅਮਰੀਕਾ ਤੋਂ ਭੇਜੋ । ਮੈਂ ਕਿਹਾ ਪੰਡਿਤ ਜੀ, "ਮੈਂ ਵੀ ਕਿਰਤੀ ਹਾਂ ਅਤੇ ਨਾਲ ਹੀ ਪਰਿਵਾਰ ਦੀ ਪਾਲਣਾ ਵੀ ਕਰਦਾ ਹਾਂ । ਇੱਥੇ ਡੌਲਰ ਪੇੜਾਂ ਨੂੰ ਨਹੀਂ ਲੱਗਦੇ। ਮੈਂ ਆਪ ਜੀ ਨੂੰ ੨੦ ਲੱਖ ਰੂਪਈਆ ਨਹੀਂ ਭੇਜ ਸਕਦਾ"। ਇਨ੍ਹਾਂ ਨੇ ਕਿਹਾ ਕਿ, "ਆਪ ਜੀ ਮੇਰੇ ਸਰਟੀਫਿਕੇਟ ਰੱਖ ਲਵੋ ਤੇ ਜਦੋਂ ਮੈਂ ਆਪ ਜੀ ਦਾ ੨੦ ਲੱਖ ਮੋੜ ਦੇਵਾਂਗਾ, ਤੁਸੀਂ ਮੈਂਨੂੰ ਮੇਰੇ ਸਰਟੀਫ਼ਿਕੇਟ ਮੋੜ ਦੇਣਾ" । ਮੈਂ ਕਿਹਾ, "ਪੰਡਿਤ ਜੀ, ਜੇ ਸਰਟੀਫ਼ਿਕੇਟ ਰੱਖਣ ਦੀ ਗੱਲ ਹੈ, ਤੁਸੀਂ ਬੈਂਕ ਤੋਂ ਲੋਨ ਕਿਉਂ ਨਹੀਂ ਲੈ ਲਿੰਦੇ"? ਇਹ ਗੱਲ ਪੰਡਿਤ ਜੀ ਨੂੰ ਨਾ ਜਚੀ । ਇਨ੍ਹਾਂ ਨੇ ਕਿਹਾ, "ਕਿ ਮੈਨੂੰ ਤੇਰੇ ਤੇ ਬਹੁਤ ਉਮੀਦਾਂ ਸਨ" ਅਤੇ ਫ਼ੋਨ ਤੇ ਖਾਮੋਸ਼ੀ ਛਾ ਗਈ । ਮੈਂ ਕਿਹਾ ਪੰਡਿਤ ਜੀ, "ਕੀ ਗੁਰੂਦੁਆਰਾ ਖੋਲ੍ਹਣਾ ਜ਼ਰੂਰੀ ਹੈ? ਤੁਸੀਂ ਬਿਨਾ ਗੁਰੂਦੁਆਰੇ ਤੋਂ ਵੀ ਤਾਂ ਪਰਚਾਰ ਕਰ ਰਹੇ ਹੋਂ? ਗੁਰੂਦੁਆਰਾ ਖੋਲ੍ਹਣਾ ਤਾਂ ਕੌਮੀ ਕਾਰਜ ਨੇ । ਇਹ ਕੋਈ ਇਕੱਲਾ ਬੰਦਾ ਨਹੀਂ ਕਰ ਸਕਦਾ"। ਮੁੱਕਦੀ ਗੱਲ, ਪੰਡਿਤ ਰਾਉ ਦੀਆਂ ਆਸਾਂ ਉਤੇ ਪਾਣੀ ਫ਼ਿਰ ਗਿਆ।

ਗੁਰੂ ਦੇ ਪਿਆਰੇ ਸਿੱਖੋ ! ਜੇ ਆਪਣਾ ਅਤੇ ਪੰਥ ਨਾਲ ਪਿਆਰ ਕਰਦੇ ਹੋ, ਤਾਂ ਆਪਣੀ ਜ਼ਿੰਦਗੀ ਵਿੱਚ ਹੇਠ ਲਿਖੇ ਕੁਝ ਸੁਝਾਵਾਂ ਨਾਲ ਤਬਦੀਲੀ ਲੈਕੇ ਆਉ।

  1. ਆਪਣੇ ਗੁਰੂ ਦੀ ਵੱਡਮੁਲੀ ਬਾਣੀ ਨੂੰ ਬੜੇ ਪਿਆਰ ਨਾਲ ਅਰਥਾਂ ਸਮੇਤ ਸਮਝਕੇ ਪੜ੍ਹੋ। ਇਹ ਨੀਯਮ ਬਣਾ ਲਉ ਕਿ ਵਿਚਾਰਹੀਨ ਬਾਣੀ ਕਦੇ ਵੀ ਨਹੀਂ ਪੜ੍ਹਨੀ।
  2. ਗੁਰਬਾਣੀ ਵਿੱਚ ਖੁਦ ਗੁਰੂ ਪਾਤਸ਼ਾਹ ਨੇ ਹੁਕਮ ਕੀਤਾ ਹੈ ਕਿ ਗੁਰਬਾਣੀ ਨੂੰ ਜੰਤਰਾਂ, ਮੰਤਰਾਂ, ਤੰਤਰਾਂ, ਤਰ੍ਹਾਂ ਤਰ੍ਹਾਂ ਦੇ ਅਖੌਤੀ ਪਾਠ ਕਰਨ ਅਤੇ ਕਰਵਾਉਣ ਵਾਲਿਆਂ ਦੇ ਜੀਵਨ ਵਿੱਚ ਕਦੇ ਕੋਈ ਤਬਦੀਲੀ ਨਹੀਂ ਆਉਂਦੀ।
  3. ਗੁਰਬਾਣੀ ਨੂੰ ਸਮਝ ਕੇ ਨਾ ਪੜ੍ਹਨ ਦਾ ਨਤੀਜਾ ਇਹ ਨਿਕਲੇਗਾ ਕਿ ਜ਼ਿੰਦਗੀ ਵਿਚ ਸੱਚ ਅਤੇ ਝੂਠ ਦੀ ਪਰਖ ਨਹੀਂ ਕਰ ਸਕੋਗੇ।
  4. ਸਰਕਾਰਾਂ, ਸਰਕਾਰਾਂ ਦੇ ਏਜੰਟ (ਅਖੌਤੀ ਸੰਤ ਬਾਬੇ ਅਤੇ ਪ੍ਰੋਫ਼ੈਸਰ) ਤੁਹਾਡਾ ਏਦਾਂ ਹੀ ਆਰਥਿਕ, ਸਮਾਜਿਕ, ਮਾਨਸਿਕ ਅਤੇ ਸ਼ਰੀਰਕ ਸ਼ੋਸ਼ਣ ਕਰਦੇ ਰਹਿਣਗੇ।
  5. ਵਿਚਾਰਹੀਣ ਗੁਰਬਾਣੀ ਪੜ੍ਹਨ ਨਾਲ ਤੁਸੀਂ ਸਾਰੀ ਜ਼ਿੰਦਗੀ ਜਾਗਦੇ ਹੋਏ ਵੀ ਸੁੱਤੇ ਰਹੋਂਗੇ ਤੇ ਆਉਣ ਵਾਲੀਆਂ ਨਸਲਾਂ ਤੁਹਾਡੇ ਤੇ ਲਾਹਨਤਾਂ ਹੀ ਪਾਉਣਗੀਆਂ।
  6. ਹੋਰ ਕੁਝ ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਰਾਗ "ਸ਼੍ਰੀ ਰਾਗ" ਹੀ ਅਰਥਾਂ ਸਮੇਤ ਪੜ੍ਹ ਲਵੋ ਤਾਂ ਗਰੰਟੀ ਹੈ ਕਿ ਜ਼ਿੰਦਗੀ ਤਬਦੀਲ ਹੋ ਜਾਵੇਗੀ। ਜੇ ਨਹੀਂ ਹੋਈ ਤਾਂ ਮੈਨੂੰ ਫ਼ੜ੍ਹ ਲਿਉ।
  7. ਆਪਣੀ ਅਰਦਾਸ ਆਪ ਕਰੋ । ਕਿਸੇ ਪੁਜਾਰੀ ਨੂੰ ਪੈਸੇ ਦੇਕੇ ਅਰਦਾਸ ਨਾ ਕਰਾਉ। ਜੋ ਭਾਵਨਾ ਅਤੇ ਸ਼ਰਧਾ ਨਾਲ ਆਪਣੇ ਮਨ ਦੀ ਬਿਰਥਾ ਤੁਸੀਂ ਖੁਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਆਨ ਕਰ ਸਕਦੇ ਹੋ, ਕੋਈ ਹੋਰ ਨਹੀਂ ਕਰ ਸਕਦਾ।

ਗੁਰੂ ਕਿਰਪਾ ਕਰਨ ਕਿ ਇਹ ਗੱਲਾਂ ਅਸੀਂ ਪੱਲੇ ਬੰਨੀਏ ਤੇ ਪੰਥ ਨੂੰ ਚੜ੍ਹਦੀਕਲਾ ਵਿੱਚ ਲੈ ਕੇ ਜਾਈਏ। ਭੁੱਲ ਚੁੱਕ ਮਾਫ਼।


ਟਿੱਪਣੀ:

ਸਾਨੂੰ ਪ੍ਰੋਫ਼ੈਸਰ ਪੰਡਿਤ ਰਾਓ ਧਰੇਂਵਰ ਦੇ ਨਾਲ ਕੋਈ ਜ਼ਾਤੀ ਰੰਜਿਸ਼ ਨਹੀਂ, ਇਹ ਸਿਰਫ ਸਾਵਧਾਨੀ ਲਈ ਚੁਕਿਆ ਗਿਆ ਕਦਮ ਹੈ। ਕੁੱਝ ਸਮਾਂ ਪਹਿਲੇ ਇਕ ਵਿਅਕਤੀ ਭਾਨੂੰ ਮੂਰਤੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਤਮਿਲ 'ਚ ਤਰਜਮੇ ਦਾ ਪ੍ਰੋਜੈਕਟ ਦਿੱਲੀ ਕਮੇਟੀ ਵਲੋਂ ਸ਼ੁਰੂ ਕਰਵਾਇਆ ਗਿਆ ਸੀ। ਭਾਨੂੰ ਮੂਰਤੀ ਨੂੰ ਪੰਜਾਬੀ ਦਾ ਵੀ ਗਿਆਨ ਨਹੀਂ ਸੀ, ਉਸ ਨੇ ਜਪੁ ਬਾਣੀ ਦਾ ਸਰਲ ਤਰੀਕੇ 'ਚ ਗੁਟਕਾ ਵੀ ਛਾਪ ਦਿੱਤਾ ਸੀ, ਜਿਸ ਵਿੱਚ ਉਸਨੇ ਨਾ ਬੋਲੀ ਜਾਣ ਵਾਲੀਆਂ ਮਾਤਰਾਵਾਂ ਹੀ ਉੜਾ ਦਿੱਤੀਆਂ ਸੀ। ਉਹ ਕਹਿੰਦਾ ਸੀ ਕਿ ਜਿਹੜੀਆਂ ਮਾਤਰਾਵਾਂ ਬੋਲੀਆਂ ਨਹੀਂ ਜਾਦੀਆਂ, ਉਹ ਫਾਲਤੂ ਹੀ ਹਨ। ਇਸ ਤਰ੍ਹਾਂ ਕੌਮ ਦਾ ਕਰੋੜਾਂ ਰੁਪੈ ਬਰਬਾਦ ਕਰਕੇ, ਭਾਨੂੰ ਮੂਰਤੀ ਚਲਦਾ ਬਣਿਆ, ਤੇ ਪੱਲੇ ਕੀ ਪਿਆ ਛੁਣਛੁਣਾ...

ਪੰਡਿਤ ਰਾਓ, ਪੰਜਾਬੀ ਨਾਲ ਬਹੁਤ ਪਿਆਰ ਕਰਦਾ ਹੈ, ਆਪਣੇ ਬੱਚੇ ਨੂੰ ਵੀ ਪੰਜਾਬੀ ਸਿਖਲਾਈ ਹੈ, ਪਿੰਡਾਂ ਪਿੰਡਾਂ 'ਚ ਜਾ ਕੇ ਵੀ ਪੰਜਾਬੀ ਦਾ ਹੋਕਾ ਦਿੰਦਾ ਹੈ, ਆਪਣੇ ਸੂਬੇ ਵਿੱਚ ਵੀ ਪੰਜਾਬੀ ਅਤੇ ਜ਼ਫਰਨਾਮੇ ਪ੍ਰਤੀ ਪ੍ਰਚਾਰ ਵੀ ਕਰਦਾ ਹੈ। ਇਹ ਨਹੀਂ ਕਿ ਅਸੀਂ ਉਸਨੂੰ ਵਾਹੀਯਾਤ ਤਰੀਕੇ ਨਾਲ ਪੇਸ਼ ਆਈਏ, ਪ੍ਰੋ. ਰਾਓ ਨਾਲ ਗਲ ਕਰਕੇ ਉਨ੍ਹਾਂ ਨੂੰ ਗੁਰਬਾਣੀ ਦਾ ਸਹੀ ਗਿਆਨ ਅਤੇ ਉਦੇਸ਼ ਸਿਖਾ ਕੇ, ਉਨ੍ਹਾਂ ਨਾਲ ਸਾਂਝ ਬਣਾ ਕੇ ਸਹੀ ਵਰਤੋਂ ਕੀਤੀ ਜਾ ਸਕਦੀ ਹੈ।

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top