Share on Facebook

Main News Page

ਉਤਰ ਪੂਰਬੀ ਰਾਜ ਅਤੇ ਭਾਰਤੀ ਸਮਾਂ
-: ਸਰਵਜੀਤ ਸਿੰਘ ਸੈਕਰਾਮੈਂਟੋ

ਨਵੇਂ ਵਰ੍ਹੇ ਦੇ ਅਰੰਭ `ਚ ਹੀ ਅਸਾਮ ਦੇ ਮੁਖ ਮੰਤਰੀ ਤਰੁਨ ਗੋਗੋਈ ਦੇ ਬਿਆਨ, “ਅਸੀਂ ਇੰਡੀਅਨ ਸਟੈਂਡਰਡ ਟਾਈਮ (IST) ਤੋਂ ਵੱਖ ਟਾਈਮ ਜ਼ੋਨ ਲਾਗੂ ਕਰਾਂਗੇ”, ਨੇ ਉਚ ਸਰਕਾਰੀ ਹਲਕਿਆ `ਚ ਹਲ-ਚਲ ਪੈਦਾ ਕਰ ਦਿੱਤੀ ਹੈ। ਇਹ ਮੰਗ ਪਿਛਲੇ ਲੰਬੇ ਸਮੇਂ ਤੋਂ ਉਠਦੀ ਰਹੀ ਹੈ। ਭਾਰਤ ਸਰਕਾਰ ਵੱਲੋਂ ਇਸ ਮੰਗ ਨੂੰ ਫ਼ਜ਼ੂਲ ਦੀ ਮੰਗ ਕਹਿ ਕੇ ਠੰਡੇ ਬਸਤੇ `ਚ ਹੀ ਪਾਇਆ ਜਾਂਦਾ ਰਿਹਾ ਹੈ। ਪਰ ਹੁਣ ਅਸਾਮ ਦੇ ਮੁੱਖ ਮੰਤਰੀ ਦੇ ਸਪੱਸ਼ਟ ਬਿਆਨ, “ਅਸੀਂ ਆਪਣੀਆਂ ਘੜੀਆਂ ‘ਚਾਇਬਗਾਨ’ ਸਮੇਂ ਨਾਲ ਮਿਲਾਵਾਂਗੇ”, ਨੇ ਵਿਦਵਾਨਾਂ ਅਤੇ ਸਿਆਸਤਦਾਨਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਇਸ ਟਾਇਮ ਜ਼ੋਨ ਦੀ ਵਰਤੋਂ ਕਿਸੇ ਵੇਲੇ ਅੰਗਰੇਜਾਂ ਨੇ ਆਪਣੀ ਸਹੂਲਤ ਲਈ ਅਰੰਭ ਕੀਤੀ ਸੀ। ਸਾਇੰਸਦਾਨਾਂ ਦੇ ਨਾਲ-ਨਾਲ ਪੱਤਰਕਾਰਾਂ ਨੇ ਆਪਣੇ ਘੋੜੇ ਦੁੜਾਉਣੇ ਅਰੰਭ ਕਰ ਦਿੱਤੇ ਹਨ। ਇਕ ਪੱਤਰਕਾਰ ਨੇ ਤਾਂ ਇਸ ਜਾਇਜ਼ ਮੰਗ ਨੂੰ ਇਵੇਂ ਪੇਸ਼ ਕੀਤਾ ਜਿਵੇਂ ਅਸਾਮ ਮੁੱਖ ਮੰਤਰੀ ਨੇ ਭਾਰਤ ਨਾਲੋਂ ਵੱਖ ਹੋਣ ਦਾ ਹੀ ਐਲਾਨ ਕਰ ਦਿੱਤਾ ਹੋਵੇ। ਸਵਾਲ ਪੈਦਾ ਹੁੰਦਾ ਹੈ ਕਿ ਅਸਾਮ ਦੀ ਸਰਕਾਰ ਅਜੇਹਾ ਕਿਓਂ ਚਾਹੁੰਦੀ ਹੈ?

ਇਨਸਾਨ ਨੇ ਕੁਦਰਤ ਦੇ ਨਿਯਮ ਨੂੰ ਸਮਝ ਕੇ ਆਪਣੀ ਸਹੂਲਤ ਲਈ ਸਮੇਂ ਦੀ ਵੰਡ ਕੀਤੀ। ਜਿਓਂ-ਜਿਓਂ ਇਨਸਾਨ ਨੇ ਤਰੱਕੀ ਕੀਤੀ, ਪਹਿਲੇ ਫੈਸਲਿਆਂ `ਚ ਸੋਧ ਵੀ ਕੀਤੀ ਜਾਂਦੀ ਰਹੀ ਹੈ। ਕੋਈ ਸਮਾਂ ਸੀ ਜਦੋਂ ਸਮੇਂ ਨੂੰ ਘੜੀ-ਪਲ `ਚ ਗਿਣਿਆ ਜਾਂਦਾ ਸੀ। ਅੱਜ ਘੰਟੇ, ਮਿੰਟ ਅਤੇ ਸੈਕਿੰਡ `ਚ ਮਿਣਿਆ ਜਾਂਦਾ ਹੈ। ਧੁੱਪ ਘੜੀ ਤੋਂ ਅਰੰਭ ਹੋ ਕੇ ਅੱਜ ਅਸੀਂ ਕਿੱਥੇ ਪੁੱਜ ਗਏ ਹਾਂ। ਇਸੇ ਤਰ੍ਹਾਂ ਹੀ ਸਮੇਂ-ਸਮੇਂ ਹਫ਼ਤੇ ਦੇ ਦਿਨ, ਸਾਲ ਦੇ ਮਹੀਨੇ, ਸਾਲ ਦੀ ਲੰਬਾਈ ਆਦਿ `ਚ ਵੀ ਸੋਧਾਂ ਕੀਤੀਆਂ ਜਾਂਦੀਆਂ ਰਹੀਆਂ ਹਨ ਅਤੇ ਅੱਗੋਂ ਤੋਂ ਵੀ ਸੋਧਾਂ ਦੀ ਸੰਭਾਵਨਾ ਬਣੀ ਰਹੇਗੀ। ਕੋਈ ਸਮਾਂ ਸੀ, ਜਦੋਂ ਇਹ ਮੰਨਿਆਂ ਜਾਂਦਾ ਸੀ ਕਿ ਧਰਤੀ ਚਪਟੀ ਹੈ ਅਤੇ ਸੂਰਜ ਧਰਤੀ ਦੁਵਾਲੇ ਘੁੰਮਦਾ ਹੈ, ਪਰ ਅੱਜ ਅਸੀਂ ਜਾਣਦੇ ਹਾਂ ਕਿ ਧਰਤੀ ਗੋਲ ਹੈ ਅਤੇ ਸੂਰਜ ਦੇ ਦੁਵਾਲੇ ਹੀ ਨਹੀਂ ਸਗੋਂ ਆਪਣੇ ਧੁਰੇ ਦੇ ਦੁਵਾਲੇ ਵੀ ਘੁੰਮਦੀ ਹੈ। ਆਓ ਅਸਾਮ ਸਰਕਾਰ ਦੀ ਜਾਇਜ਼ ਮੰਗ ਬਾਰੇ ਮੁਢਲੀ ਜਾਣਕਾਰੀ ਸਾਂਝੀ ਕਰੀਏ।

ਜਾਂ

ਗਲੋਬ ਜਾਂ ਨਕਸ਼ਾ ਵੇਖੀਏ ਤਾਂ ਸਾਨੂੰ ਧਰਤੀ ਦੇ ਦੁਵਾਲੇ ਕੁਝ ਲਾਈਨਾਂ ਵਿਖਾਈ ਦਿੰਦੀਆਂ ਹਨ ਜਿਨ੍ਹਾਂ ਨੂੰ ਅਕਸ਼ਾਂਸ਼ (Latitude) ਅਤੇ ਰੇਖਆਂਸ਼ (Longitude) ਕਿਹਾ ਜਾਂਦਾ ਹੈ। ਵੱਖ-ਵੱਖ ਦੇਸ਼ਾਂ ਵਿੱਚ ਸੂਰਜ ਦੇ ਚੜ੍ਹਨ ਦਾ ਸਬੰਧ ਰੇਖਆਂਸ਼ ਨਾਲ ਹੈ। ਇਹ ਲਾਈਨਾਂ ਉਤਰੀ ਧਰੁਵ ਤੋਂ ਦੱਖਣੀ ਧਰੁਵ ਨੂੰ ਜਾਂਦੀਆਂ ਵਿਖਾਈ ਦਿੰਦੀਆਂ ਹਨ। ਧਰਤੀ ਦਾ ਘੇਰਾ 24900 ਮੀਲ ਹੈ। ਕਿਉਂਕਿ ਇਕ ਗੋਲ ਚੱਕਰ ਵਿੱਚ 360 ਡਿਗਰੀਆਂ ਹੁੰਦੀਆਂ ਹਨ ਇਸ ਲਈ ਇਕ ਡਿਗਰੀ (24900/360) 69 ਮੀਲ ਦੇ ਬਰਾਬਰ ਬਣਦੀ ਹੈ। ਇਹ ਲਾਈਨਾਂ ਧਰਤੀ ਨੂੰ 360 ਭਾਗਾਂ `ਚ ਵੰਡਦੀਆਂ ਹਨ। ਭੂ ਮੱਧ ਰੇਖਾਂ (Equator) ਉਤੇ ਇਨ੍ਹਾਂ ਲਾਈਨਾਂ ਦੀ ਆਪਸੀ ਦੂਰੀ 69 ਮੀਲ ਹੈ। ਧਰਤੀ ਆਪਣੇ ਧੁਰੇ ਦੁਵਾਲੇ ਪੱਛਮ ਤੋਂ ਪੂਰਬ ਨੂੰ ਘੁੰਮਦੀ ਹੋਈ, 24 ਘੰਟੇ `ਚ ਇਕ ਚੱਕਰ ਪੂਰਾ ਕਰਦੀ ਹੈ। ਕਿਉਂਕਿ ਧਰਤੀ ਦਾ ਹਰ ਹਿੰਸਾ 24 ਘੰਟੇ ਜਾਂ (24*60) 1440 ਮਿੰਟ ਪਿਛੋਂ ਸੂਰਜ ਦੇ ਅੱਗੋਂ ਦੀ ਲੰਘਦਾ ਹੈ ਇਸ ਲਈ ਇਕ ਡਿਗਰੀ (1440/360) 4 ਮਿੰਟ ਦੇ ਬਰਾਬਰ ਵੀ ਮੰਨੀ ਗਈ ਹੈ।

ਸਿਖਰ ਰੇਖਾ (prime meridian) ਨੂੰ 0 ਮੰਨ ਕੇ ਇਸ ਤੋਂ ਪੂਰਬੀ ਅਤੇ ਪੱਛਮੀ ਰੇਖਆਂਸ਼ ਦੇ ਮੁਤਾਬਕ ਸਮਾਂ ਗਿਣਿਆ ਜਾਂਦਾ ਹੈ। ਸਿਖਰ ਰੇਖਾ ਦੇ ਸਮੇਂ, ਜਿਸ ਨੂੰ 1972 ਤੋਂ ਪਹਿਲਾ GMT(Greenwich Mean Time) ਕਿਹਾ ਜਾਂਦਾ ਸੀ ਅਤੇ ਅੱਜ ਕੱਲ UTC (Universal Time Coordinated) ਕਿਹਾ ਜਾਂਦਾ ਹੈ, ਤੋਂ ਅਰੰਭ ਕਰਕੇ ਹਰ 15 ਡਿਗਰੀ ਨੂੰ (15*4=60) ਇਕ ਘੰਟਾ ਮੰਨਿਆ ਜਾਂਦਾ ਹੈ। ਭਾਰਤ ਦਾ ਸਮਾਂ, ਸਿਖਰ ਰੇਖਾ ਦੇ ਸਮੇਂ ਤੋਂ 5 ਘੰਟੇ 30 ਮਿੰਟ ਅੱਗੇ ਹੈ। ਇਸ ਤੋਂ ਇਹ ਸਪੱਸ਼ਟ ਹੈ ਕਿ ਭਾਰਤੀ ਸਮਾਂ (5*60+30/4) 82.5 ਡਿਗਰੀ ਨੂੰ ਮੁਖ ਰੱਖਕੇ ਮਿਥਿਆ ਗਿਆ ਹੈ। ਇਸ ਮੁਤਾਬਕ ਭਾਰਤ ਦਾ ਸਮਾ ਇਲਾਹਬਾਦ (ਮਿਰਜਾਪੁਰ, 25.5N-82.33E) ਦੇ ਸਮੇ ਮੁਤਾਬਕ ਰੱਖਿਆ ਗਿਆ ਹੈ। ਐਤਵਾਰ 7 ਜਨਵਰੀ ਨੂੰ ਇਲਾਹਬਾਦ ਵਿੱਚ ਸੂਰਜ 6:51 ਤੇ ਉਦੇ ਹੋਇਆ ਸੀ ਅਤੇ 5:30 ਮਿੰਟ ਤੇ ਅਸਤ ਹੋਇਆ ਸੀ। ਭਾਰਤ ਦੇ ਉਤਰ-ਪੂਰਬੀ ਹੱਦ ਤੇ ਵਸੇ ਸ਼ਹਿਰ ਡਿਬਰੂਗੜ੍ਹ ਵਿੱਚ ਐਤਵਾਰ 7 ਜਨਵਰੀ ਨੂੰ ਸੂਰਜ 6:01 ਮਿੰਟ ਤੇ ਉਦੇ ਹੋਇਆ ਸੀ ਅਤੇ 4:31 ਮਿੰਟ ਤੇ ਅਸਤ ਹੋਇਆ ਸੀ। ਭਾਰਤ ਦੇ ਪੱਛਮੀ ਸੂਬੇ ਗੁਜਰਾਤ ਦੇ ਸ਼ਹਿਰ ਦ੍ਵਾਰਕਾ ਵਿੱਚ ਐਤਵਾਰ 7 ਜਨਵਰੀ ਨੂੰ ਸੂਰਜ 7:35 ਮਿੰਟ ਤੇ ਉਦੇ ਹੋਇਆ ਸੀ ਅਤੇ 6:25 ਮਿੰਟ ਤੇ ਅਸਤ ਹੋਇਆ ਸੀ।

 

ਭਾਰਤ, ਦੁਨੀਆ ਦੇ ਨਕਸ਼ੇ ਤੇ ਪੱਛਮ ਤੋਂ ਪੂਰਬ ਤਾਈ ਲੱਗ-ਭੱਗ 29.18 ਡਿਗਰੀ (68.07-97.25) ਡਿਗਰੀ ਰੇਖਆਂਸ਼ (Longitude) ਤੱਕ ਫੈਲਿਆ ਹੋਇਆ ਹੈ। ਜਿਵੇ ਕਿ ਉਪਰ ਦੱਸਿਆ ਜਾ ਚੁੱਕਾ ਹੈ ਕਿ ਇਕ ਡਿਗਰੀ 4 ਮਿੰਟ ਦੇ ਬਰਾਬਰ ਹੁੰਦੀ ਹੈ ਇਸ ਲਈ ਇਹ ਕੁਲ 117.12 ਮਿੰਟ ਬਣਦੇ ਹਨ (ਭਾਵ ਦੋ ਘੰਟੇ)। ਸੋ ਸਪੱਸ਼ਟ ਹੈ ਕਿ ਭਾਰਤ ਵਿੱਚ ਘੱਟੋ-ਘੱਟ ਦੋ ਟਾਈਮ ਜ਼ੋਨ ਹੋਣੇ ਚਾਹੀਦੇ ਹਨ ਤਾਂ ਜੋ ਸੂਰਜ ਦੀ ਰੋਸ਼ਨੀ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਊਰਜਾ ਦੀ ਬਚਤ ਕੀਤੀ ਜਾ ਸਕੇ। ਉਤਰੀ ਅਮਰੀਕਾ ਵਿੱਚ ਇਕ ਤੋਂ ਵੱਧ ਟਾਈਮ ਜ਼ੋਨ ਹੀ ਨਹੀਂ ਸਗੋਂ ਇਸ ਤੋਂ ਵੀ ਅੱਗੇ, ਸੂਰਜ ਦੀ ਰੋਸ਼ਨੀ ਦਾ ਵੱਧ ਤੋਂ ਵੱਧ ਲਾਹਾ ਲੈਣ ਲਈ (Day Light Saving Time) ਘੜੀਆਂ ਇਕ ਘੰਟਾ ਅੱਗੇ-ਪਿਛੇ ਕਰਦੇ ਰਹਿੰਦੇ ਹਨ।

ਭਾਰਤ ਦੇ ਪੱਛਮੀ ਸ਼ਹਿਰ ਦ੍ਵਾਰਕਾ ਵਿੱਚ 21 ਜੂਨ ਨੂੰ ਸੂਰਜ 6:11 ਤੇ ਵਿਖਾਈ ਦੇਵੇਗਾ ਅਤੇ ਡਿਬਰੂਗੜ੍ਹ ਵਿੱਚ ਸਵੇਰੇ 4:16 ਤੇ, ਭਾਵ 1.55 ਘੰਟਾ ਪਹਿਲਾ। ਇਸੇ ਤਰ੍ਹਾਂ ਹੀ 21 ਦਸੰਬਰ ਨੂੰ ਦ੍ਵਾਰਕਾ ਵਿੱਚ ਸੂਰਜ 7:29 ਤੇ ਅਤੇ ਡਿਬਰੂਗ੍ਹੜ ਵਿੱਚ ਸਵੇਰੇ 5:55 ਤੇ ਦਿਖਾਈ ਦੇਵੇਗਾ, ਭਾਵ 1.34 ਘੰਟਾ ਪਹਿਲਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕਿਉਂ ਨਾ ਉਤਰ ਪੂਰਬੀ ਰਾਜ ਆਪਣੀਆਂ ਘੜੀਆਂ ਬਾਕੀ ਦੇਸ਼ ਤੋਂ ਇਕ ਘੰਟਾ ਅੱਗੇ ਕਰ ਲੈਣ? ਹੈਰਾਨੀ ਦੀ ਗੱਲ ਹੈ ਬੰਗਲਾ ਦੇਸ਼ (Dhaka -90.21 E) ਦਾ ਸਮਾ +6 ਘੰਟੇ ਹੈ ਪਰ ਭਾਰਤ ਦੇ ਉਹ ਰਾਜ, ਜੋ ਬੰਗਲਾ ਦੇਸ਼ ਤੋਂ ਵੀ ਪੂਰਬ ਵੱਲ ਹਨ +5.30 ਘੰਟੇ।

ਵਿਦਵਾਨਾਂ ਦਾ ਵਿਚਾਰ ਹੈ ਕਿ ਭਾਰਤ ਨੂੰ 82.5 ਡਿਗਰੀ ਦੀ ਵਜਾਏ 75 ਅਤੇ 90 ਡਿਗਰੀ ਨੂੰ ਮੁਖ ਰੱਖ ਕੇ ਸਿਖਰ ਰੇਖਾ ਦੇ ਸਮੇਂ (UTC) ਤੋਂ +5 ਅਤੇ +6 ਘੰਟੇ ਸਮਾ ਨਿਰਧਾਰਤ ਕਰਨ ਲੈਣਾ ਚਾਹੀਦਾ ਹੈ। ਇਕ ਹੋਰ ਵਿਚਾਰ ਇਹ ਆ ਰਹੀ ਹੈ ਕਿ ਜੇ ਦੇਸ਼ ਦਾ ਇਕ ਸਮਾ ਹੀ ਰੱਖਣਾ ਹੈ ਤਾਂ 30 ਮਿੰਟ ਘੜੀਆਂ ਅੱਗੇ ਕੀਤੀਆਂ ਜਾਣ, ਭਾਵ 82.5 ਦੀ ਬਿਜਾਏ 90 ਡਿਗਰੀ, ਸਿਖਰ ਰੇਖਾ ਦੇ ਸਮੇਂ (UTC) ਤੋਂ +6 ਘੰਟੇ। ਇਸ ਦੇ ਨਾਲ-ਨਾਲ ਜੇ ਭਾਰਤ ਵਿੱਚ Day Light Saving Time ਵੀ ਲਾਗੂ ਕਰ ਦਿੱਤਾ ਜਾਵੇ, ਜੋ ਦੂਜੀ ਸੰਸਾਰ ਜੰਗ ਵੇਲੇ ਅੰਗਰੇਜਾਂ ਨੇ ਲਾਗੂ ਕੀਤਾ ਸੀ, ਇਸ ਨਾਲ ਵੀ ਊਰਜਾ ਦੀ ਬਚਤ ਕੀਤੀ ਜਾ ਸਕਦੀ ਹੈ। ਖ਼ੈਰ! ਅਸਾਮ ਦੇ ਮੁਖ ਮੰਤਰੀ ਦੀ ਮੰਗ ਹੈ ਬੜੀ ਜਾਇਜ਼। ਦੋ ਟਾਇਮ ਜ਼ੋਨ ਹੋਣ ਨਾਲ ਉਤਰ ਪੂਰਬੀ ਰਾਜਾਂ ਦੇ ਲੋਕਾਂ ਦਾ ਜੀਵਨ ਕਾਫੀ ਸੁਖਾਲਾ ਹੋ ਜਾਵੇਗਾ। ਭਾਰਤ ਸਰਕਾਰ ਦਾ ਫਰਜ਼ ਬਣਦਾ ਹੈ ਕਿ ਲੋਕਾਂ ਦੀ ਸਹੂਲਤ, ਖੁਸ਼ਹਾਲੀ ਅਤੇ ਬੇਹਤਰੀ ਨੂੰ ਧਿਆਨ `ਚ ਰੱਖ ਕਿ ਜਾਇਜ਼ ਮੰਗਾਂ ਦੀ ਪੂਰਤੀ ਕਰੇ। ਊਰਜਾ ਦੀ ਕਮੀ ਨਾਲ ਜੂਝ ਰਹੇ ਦੇਸ਼ ਵਿੱਚ ਦੋ ਸਮੇ ਮਿਥਣ ਲਈ, ਸਰਕਾਰ ਨੂੰ ਮਾਹਿਰਾਂ ਦੀ ਰਾਏ ਨਾਲ ਕੋਈ ਠੋਸ ਫੈਸਲਾ ਕਰ ਲੈਣਾ ਚਾਹੀਦਾ ਹੈ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top