ਲੋਹੜੀ ਸਿੱਖਾਂ ਦਾ ਧਾਰਮਿਕ ਤਿਉਹਾਰ ਨਹੀਂ ਹੈ, ਇਸ ਵਿੱਚ ਕੋਈ ਦੋ
ਰਾਇ ਨਹੀਂ।ਲੋਹੜੀ ਪੰਜਾਬ ਦੇ ਕਿਸਾਨਾਂ ਦਾ ਖੇਤੀਹਰ ਤਿਉਹਾਰ ਹੈ, ਜਿਸ ਵਿੱਚ ਬਹੁਤੇ ਸਿੱਖ
ਕਿਸਾਨ ਸ਼ਾਮਿਲ ਹੁੰਦੇ ਰਹੇ ਹਨ।
ਇਥੇ ਦੋ ਗੱਲਾਂ ਸਾਫ ਸਾਫ ਸਮਝ ਲੈਣ ਵਾਲੀਆਂ ਹਨ -
ਪਹਿਲਾਂ ਕੀ ਲੋਹੜੀ ਮਨਾਈ ਕਿਉਂ ਜਾਂਦੀ ਹੈ ? ਅਤੇ
ਦੂਜਾ ਸਿੱਖ ਇਸ ਤਿਉਹਾਰ ਨੂੰ ਕਿਸ ਤਰ੍ਹਾਂ ਮਨਾ ਸਕਦੇ
ਹਨ?
ਲੋਹੜੀ
ਪੰਜਾਬ ਦੇ ਕਿਸਾਨਾਂ ਦਾ ਕਈ ਸਦੀਆਂ ਪੁਰਾਣਾ ਤਿਉਹਾਰ ਹੈ। ਇਸ ਤਿਉਹਾਰ ਨੂੰ ਕਿਸਾਨ ਵਲੋਂ
ਖੁਸ਼ੀ ਦੇ ਰੂਪ ਵਿਚ ਮਣਾਇਆ ਜਾਂਦਾ ਰਿਹਾ ਹੈ। ਲੋਹੜੀ ਦਾ ਤਿਉਹਾਰ ਠੰਡ ਦੇ ਮੌਸਮ ਦਾ ਸਭ
ਤੋਂ ਠੰਡਾ ਦਿਨ ਹੁੰਦਾ ਹੈ। ਪੰਜਾਬ ਦੇ ਕਿਸਾਨ ਦੀ ਕਣਕ ਦੀ ਫਸਲ ਵਿੱਚ ਦਾਣਾ ਪੈ ਚੁਕਿਆ
ਹੁੰਦਾ ਹੈ ਅਤੇ ਖੇਤ ਪੈਲੀਆਂ ਅਪਣੇ ਪੂਰੇ ਜੋਬਨ ਤੇ ਹੁੰਦੀਆਂ ਹਨ। ਕਿਸਾਨ ਦੀ ਮਹਿਨਤ ਨੂੰ
ਫਲ ਲਗ ਚੁਕਿਆ ਹੁੰਦਾ ਹੈ ਅਤੇ ਉਹ ਅਪਣੀ ਫਸਲ ਨੂੰ ਵੇਖ ਕੇ ਬਹੁਤ ਖੁਸ਼ ਹੁੰਦਾ ਹੈ। ਲੇਕਿਨ
ਇਸ ਦਾਣੇ ਨਾਲ ਭਰੀ ਫਸਲ ਉਤੇ ਪਸ਼ੂਆਂ ਅਤੇ ਕੂੰਜਾਂ ਦੀ ਨਜਰ ਵੀ ਰਹਿੰਦੀ ਹੈ, ਜਿਨ੍ਹਾਂ
ਕੋਲੋ ਫਸਲ ਨੂੰ ਉਜੜਨ ਦਾ ਖਤਰਾ ਵੀ ਬਣਿਆ ਰਹਿੰਦਾ ਸੀ। ਵੈਸੇ ਤਾਂ ਕਿਸਾਨ ਅਪਣੀ ਵਧ ਰਹੀ
ਫਸਲ ਦੀ ਰਾਖੀ ਲਈ ਦਿਨ ਰਾਤ ਇਕ ਕਰਦਾ ਹੈ, ਕਿਉਂਕਿ ਇਹ ਫਸਲ ਹੀ ਉਸ ਦੀ ਸੁੱਖ ਸਮਰਧੀ ਦਾ
ਇਕਲੌਤਾ ਸਾਧਨ ਹੁੰਦੀ ਹੈ। ਠੰਡ ਬਹੁਤ ਹੋਣ ਦੇ ਕਾਰਣ ਪਿੰਡ ਦੇ ਬੱਚੇ, ਬੀਬੀਆਂ ਅਤੇ
ਕਿਸਾਨ ਇਕੱਠੇ ਹੋ ਕੇ ਅਪਣੇ ਖੇਤਾਂ ਵਿੱਚ ਰਾਤ ਨੂੰ ਢੋਲ ਆਦਿਕ ਵਜਾ ਵਜਾ ਕੇ ਲੋਕ ਗੀਤ
ਗਾਂਉਦੇ ਅਤੇ ਨੱਚਦੇ ਸਨ। ਇਹ ਸਿਲਸਿਲਾ ਸਾਰੀਆਂ ਠੰਡਾਂ ਹੀ ਚਲਦਾ ਹੈ, ਲੇਕਿਨ ਲੋਹੜੀ ਵਾਲੇ
ਦਿਨ ਉਹ ਉਚੇਚੇ ਤੌਰ 'ਤੇ ਇਸ ਨੂੰ ਸੇਲੀਬ੍ਰੇਟ ਕਰਨ ਲਈ ਇਕੱਠੇ ਹੁੰਦੇ ਅਤੇ ਖੁਸ਼ੀਆਂ
ਮਨਾਉਂਦੇ। ਇਸ ਨਾਲ ਇਕ ਤੇ ਕਿਸਾਨ ਖੁਸ਼ ਹੁੰਦਾ ਸੀ, ਦੂਜਾ ਖੇਤਾਂ ਵਿਚ ਉਹ ਅਪਣੀ ਫਸਲ ਦੀ
ਰਾਖੀ ਵੀ ਕਰ ਲੈਂਦਾ ਸੀ। ਖੇਤਾਂ ਵਿੱਚ ਬਹੁਤ ਜਿਆਦਾ ਠੰਡ ਹੋਣ ਕਰਕੇ ਉਹ ਅੱਗ ਬਾਲ ਕੇ
ਠੰਡ ਦੂਰ ਕਰਦਾ ਅਤੇ ਇਸ ਅਗ ਨੂੰ ਵੇਖ ਕੇ ਫਸਲ ਖਰਾਬ ਕਰਨ ਵਾਲੇ ਪਸ਼ੂ ਵੀ ਨੇੜੇ ਨਹੀਂ
ਆਉਂਦੇ ਸਨ । ਖੇਤਾਂ ਦੀ ਰਾਖੀ ਕਰਨ ਵਾਲੇ ਬੱਚਿਆਂ ਨੂੰ ਰਾਤੀ ਭੁੱਖ ਲਗਦੀ ਹੈ, ਤਾਂ ਉਹ
ਅੱਗ ਨੂੰ ਸੇਕਦੇ ਹੋਏ ਮੌਸਮ ਦੀਆਂ ਖਾਣ ਵਾਲੀਆਂ ਗਰਮ ਚੀਜਾਂ ਤਿਲ, ਫੁਲੀਆਂ, ਮੂੰਗਫਲੀ,
ਗੁੜ ਆਦਿਕ ਨਾਲ ਲੈ ਜਾਂਦੇ ਸਨ ਤੇ ਉਹ ਖਾ ਕੇ ਰਾਤੀ ਨਚਦੇ ਟੱਪਦੇ ਅਪਣੇ ਖੇਤਾਂ ਦੀ ਰਖਿਆ
ਕਰਦੇ। ਜਿਨ੍ਹਾਂ ਦੇ ਘਰਾਂ ਵਿੱਚ ਨਵਾਂ ਨਵਾਂ ਨਿਆਣਾਂ ਹੋਇਆਂ ਹੁੰਦਾ ਜਾਂ ਵਿਆਹ ਦੀ ਪਹਿਲੀ
ਲੋਹੜੀ ਹੁੰਦੀ, ਉਨ੍ਹਾਂ ਦੀ ਫਸਲ ਚੰਗੀ ਹੋਣ ਦੇ ਨਾਲ ਨਾਲ ੳਨ੍ਹਾਂ ਘਰਾਂ ਦੀ ਖੁਸ਼ੀ ਦੂਣੀ
ਹੋ ਜਾਂਦੀ ਸੀ। ਇਸ ਤਰ੍ਹਾਂ ਲੋਹੜੀ ਜੋ ਪੰਜਾਬ ਦੇ ਕਿਸਾਨਾਂ ਦਾ ਸਭਿਆਚਾਰਕ ਤਿਉਹਾਰ ਹੈ,
ਖੁਸ਼ੀਆਂ ਦਾ ਇਕ ਤਿਉਹਾਰ ਬਣ ਜਾਂਦਾ ਸੀ। ਪਿੰਡ ਦੇ ਬੱਚੇ ਇਕੱਠੇ ਹੋ ਕੇ ਘਰ ਘਰ ਜਾਂਦੇ ਸਨ
ਅਤੇ ਤਿਲ ਫੁਲ ਇਕੱਠਾ ਕਰਨ ਲਈ ਲੋਹੜੀ ਮੰਗਦੇ ਸਨ, ਇਹ ਪ੍ਰਥਾ ਅੱਜ ਵੀ ਵੇਖੀ ਜਾ ਸਕਦੀ
ਹੈ। ਪਿੰਡ ਦੇ ਬੱਚੇ ਘਰ ਘਰ ਜਾ ਕੇ ਲੋਕ ਗੀਤ ਗਾਉਂਦੇ ਅਤੇ ਖਾਣ ਪੀਣ ਦੀਆਂ ਚੀਜਾਂ ਇਕੱਤਰ
ਕਰਕੇ, ਖੇਤਾਂ ਵਲ ਲੈ ਜਾਂਦੇ ਅਤੇ ਖੇਤਾਂ ਵਿੱਚ ਅੱਗ ਬਾਲਕੇ ਉਸਦੇ ਆਲੇ ਦੁਆਲੇ ਬਹਿ ਕੇ
ਖਾਂਦੇ ਅਤੇ ਅਤਿ ਦੀ ਠੰਡੀਆਂ ਰਾਤਾਂ ਵਿਚ ਖੇਤਾਂ ਦੀ ਰਾਖੀ ਕਰਦੇ।
ਲੇਕਿਨ ਸਾਵਧਾਨ ! ਬ੍ਰਾਹਮਣ ਨੇ ਤੁਹਾਡਾ ਪਿਛਾ ਇਥੇ
ਵੀ ਨਹੀਂ ਛੱਡਿਆ ! ਠੰਡ ਨੂੰ ਦੂਰ ਕਰਨ ਲਈ ਜੋ ਅੱਗ ਤੁਸੀਂ ਬਾਲੀ ਸੀ, ਉਸਨੂੰ ਚਾਲਾਕ
ਬ੍ਰਾਹਮਣ ਨੇ ਅਪਨਾ "ਅਗਨੀ ਦੇਵਤਾ" ਬਣਾ ਲਿਆ। ਉਸ ਦੇ ਆਲੇ ਦੁਆਲੇ ਪਰਿਕ੍ਰਮਾਂ ਕਰਵਾ ਕੇ,
ਬ੍ਰਾਹਮਣ ਨੇ ਪੰਜਾਬ ਦੇ ਕਿਸਾਨਾਂ ਦੀ ਇਸ ਖੁਸ਼ੀ ਨੂੰ "ਅਗਨੀ ਦੇਵਤੇ" ਦੀ ਪੂਜਾ ਬਣਾ ਦਿਤਾ।
ਹੁਣ ਇਥੇ ਆ ਕੇ ਇਹ ਤਿਉਹਾਰ ਅਪਣਾਂ ਰੰਗ ਬਦਲ ਲੈਂਦਾ ਹੈ। ਖੁਸ਼ੀ ਦੀ ਥਾਂਵੇ ਇਹ ਬ੍ਰਾਹਮਣੀ
ਤਿਉਹਾਰ ਬਣ ਜਾਂਦਾ ਹੈ। ਕੁੱਝ ਕੂਰੀਤੀਆਂ ਵੀ ਇਸ ਤਿਉਹਾਰ ਨਾਲ ਜੁੜਦੀਆਂ ਚਲੀਆਂ ਗਈਆਂ,
ਜਿਸ ਤਰਾਂ ਸ਼ਰਾਬ ਅਤੇ ਨਸ਼ਿਆਂ ਦੀ ਵਰਤੋਂ, ਅਗਨੀ ਦੇਵਤੇ ਦੀ ਪੂਜਾ ਆਦਿਕ।
ਜੇ ਅੱਜ ਦਾ ਸਿੱਖ ਇਸਨੂੰ ਅਪਣੇ ਪੁਰਵਜਾਂ ਕਿਸਾਨਾਂ ਦੇ ਖੇਤੀਹਰ ਫੇਸਟੀਵਲ ਦੇ ਰੂਪ ਵਿੱਚ
ਅੱਜ ਵੀ ਮਨਾਉਂਦਾ ਹੈ, ਤਾਂ ਇਸ ਵਿਚ ਕੋਈ ਬੁਰਾਈ ਨਹੀਂ। ਲੇਕਿਨ ਜੇ ਬ੍ਰਾਹਮਣ ਦੇ "ਅਗਨੀ
ਦੇਵਤੇ" ਨੂੰ ਪੂਜ ਕੇ, ਉਸ ਦੇ ਆਲੇ ਦੁਆਲੇ ਚਕੱਰ ਕਟਦਾ ਹੈ, ਤਾਂ ਸਿੱਖ ਲਈ ਇਹ ਗੁਰਮਤਿ
ਦੇ ਅਧੀਨ ਨਹੀਂ ਹੈ। ਅਪਣੀ ਸਭਿਅਤਾ ਅਨੁਸਾਰ ਇਸ ਨੂੰ ਖੁਸ਼ੀ ਦਾ ਤਿਉਹਾਰ ਮੰਨ ਕੇ ਮਨਾਉ,
ਤਾਂ ਇਸ ਵਿੱਚ ਕੋਈ ਹਰਜ਼ ਨਹੀਂ। ਲੇਕਿਨ ਬ੍ਰਾਹਮਣ ਦੀ "ਅਗਨੀ ਪੂਜਾ" ਅਤੇ ਉਸ ਅਗਨੀ ਦੇ
ਇਰਦ ਗਿਰਦ ਫੇਰੇ ਲੈਣ ਨਾਲ ਇਹ ਖੁਸ਼ੀਆਂ ਦਾ ਤਿਉਹਾਰ ਅਨਮਤੀ ਕਰਮਕਾਂਡ ਬਣ ਕੇ ਰਹਿ ਜਾਏਗਾ।