(9
ਜਨਵਰੀ, ਨਰਿੰਦਰ ਪਾਲ ਸਿੰਘ): ਤਖਤ ਸ੍ਰੀ ਪਟਨਾ ਸਾਹਿਬ ਵਿਖੇ ਗਿਆਨੀ ਪ੍ਰਤਾਪ ਸਿੰਘ ਦੀ
ਐਡੀਸ਼ਨਲ ਜਥੇਦਾਰ ਦੀ ਨਿਯੁਕਤੀ ਨੂੰ ਸਹੀ ਕਰਾਰ ਦਿੰਦਿਆਂ ਸ਼੍ਰੋਮਣੀ ਕਮੇਟੀ ਪਰਧਾਨ ਸ੍ਰ
ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਗਿਆਨੀ ਪ੍ਰਤਾਪ ਸਿੰਘ ਨੂੰ ਸੇਵਾ ਸੰਭਾਲ ਸੌਂਪੇ ਜਾਣ
ਦਾ ਕਮੇਟੀ ਦੁਆਰਾ ਅਪਣਾਇਆ ਢੰਗ ਗਲਤ ਸੀ।
ਅੱਜ ਇਥੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਸ੍ਰ ਮੱਕੜ ਨੇ ਕਿਹਾ ਕਿ
ਤਖਤ ਸ੍ਰੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਗਿਆਨੀ ਪਰਤਾਪ ਸਿੰਘ ਠੱਟਾ ਦੇ ਸੇਵਾ
ਸੰਭਾਲ ਸਮਾਗਮ ਬਾਰੇ ਤਾਂ ਕਮੇਟੀ ਦੇ ਕਈ ਮੈਂਬਰਾਨ ਨੂੰ ਵੀ ਨਜਰ ਅੰਦਾਜ ਕੀਤਾ ਤੇ ਇਹ ਸਾਰਾ
ਕੰਮ ਚੋਰੀ ਚੋਰੀ ਅੰਜਾਮ ਦਿੱਤਾ ਹੈ ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਹਮੇਸ਼ਾਂ ਹੀ ਜਥੇਦਾਰ
ਸਾਹਿਬਾਨ ਜਾਂ ਗ੍ਰੰਥੀ ਸਾਹਿਬਾਨ ਦੇ ਸੇਵਾ ਸੰਭਾਲ ਸਮਾਗਮ ਸਮੇਂ ਵੱਖ ਵੱਖ ਸਿੱਖ ਸੰਸਥਾਵਾਂ
ਨੂੰ ਸੱਦਾ ਦਿੱਤਾ ਹੈ ਤੇ ਸਭ ਦੀ ਸਹਿਮਤੀ ਨਾਲ ਹੀ ਕਾਰਜ ਕੀਤੇ ਹਨ ।
ਸ੍ਰ. ਮੱਕੜ ਤਾਂ ਇਹ ਵੀ ਕਹਿ ਗਏ ਕਿ
ਜਿਹੜੇ ਜਥੇਦਾਰ ਸਾਹਿਬਾਨ ਦੁਆਰਾ ਜਾਰੀ ਹੁਕਮਨਾਮਿਆਂ ਨੂੰ ਸਿੱਖ ਸੰਗਤ ਇਲਾਹੀ ਹੁਕਮ ਮੰਨਦੀ
ਹੈ, ਉਸਦੇ ਜਥੇਦਾਰ ਦੀ ਦਸਤਾਰ ਲੱਥਣੀ ਤੇ ਉਸਨੂੰ ਮੁਅਤਲ ਕਰਨਾ ਨਿੰਦਣਯੋਗ ਹੈ,
ਅਤੇ ਇਸ ਲਈ ਕਮੇਟੀ ਦੇ ਉਹ ਮੈਂਬਰ ਦੋਸ਼ੀ ਹਨ ।
ਜਦ ਸ੍ਰ ਮੱਕੜ ਨੂੰ ਇਹ ਪੁਛਿਆ ਗਿਆ ਕਿ
ਸ਼੍ਰੋਮਣੀ ਕਮੇਟੀ ਨੇ ਸਾਲ 1999 ਵਿੱਚ ਭਾਈ ਰਣਜੀਤ ਸਿੰਘ, ਸਾਲ 2000 ਵਿੱਚ ਗਿਆਨੀ ਪੂਰਣ
ਸਿੰਘ ਨੂੰ ਜਥੇਦਾਰੀ ਤੋਂ ਲਾਹਣ ਦਾ ਜੋ ਢੰਗ ਅਪਣਾਇਆ ਸੀ, ਕੀ ਉਹ ਸਹੀ ਸੀ, ਤਾਂ
ਸ੍ਰ. ਮੱਕੜ ਨੇ ਕਿਹਾ ਉਹ ਇਸ ਬਾਰੇ ਨਹੀਂ ਜਾਣਦੇ, ਇਹ ਉਨ੍ਹਾਂ
ਦੇ ਕਾਰਜ ਕਾਲ ਤੋਂ ਪਹਿਲਾਂ ਦੀ ਗੱਲ ਹੈ।
ਕਮੇਟੀ ਪ੍ਰਧਾਨ ਨੂੰ ਜਦ ਦੁਬਾਰਾ ਯਾਦ ਕਰਵਾਇਆ ਗਿਆ ਕਿ ਕੀ ਉਹ ਉਸੇ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਹੀਂ ਹਨ. ਜਿਸ ਕਮੇਟੀ ਦੇ ਬਾਬਾ ਖੜਕ ਸਿੰਘ ਵਰਗੇ ਮਾਣਮੱਤੇ
ਪ੍ਰਧਾਨ ਰਹੇ ਹਨ, ਤਾਂ ਉਨ੍ਹਾਂ ਪਾਸ ਕੋਈ ਜਵਾਬ ਨਹੀਂ ਸੀ । ਕਮੇਟੀ ਪ੍ਰਧਾਨ ਨੇ 29 ਮਾਰਚ
2000 ਵਿੱਚ ਪੰਜ ਸਿੰਘ ਸਾਹਿਬਾਨ ਦੁਆਰਾ ਜਾਰੀ ਉਸ ਆਦੇਸ਼ ਨੂੰ ਵੀ ਗਲਤ ਕਰਾਰ ਦੇ ਦਿੱਤਾ
ਜਿਸ ਵਿੱਚ ਸ਼੍ਰੋਮਣੀ ਕਮੇਟੀ ਨੂੰ ਜਥੇਦਾਰ ਸਾਹਿਬਾਨ ਦੀ ਨਿਯੁਕਤੀ, ਯੋਗਤਾ, ਤਨਖਾਹ,
ਕਾਰਜਖੇਤਰ ਤੇ ਸੇਵਾ ਮੁਕਤੀ ਬਾਰੇ ਨਿਯਮ ਤੈਅ ਕਰਨ ਲਈ ਕੋਈ ਵਿਧਾਨ ਬਣਾਏ ਜਾਣ ਲਈ ਕਿਹਾ
ਗਿਆ ਸੀ। ਇਸ ਬਾਰੇ ਪੁਛੇ ਜਾਣ ਤੇ ਸ੍ਰ. ਮੱਕੜ ਨੇ ਕਿਹਾ ਜੋ ਵਿਧਾਨ ਕਮੇਟੀ ਦੇ 185
ਮੈਂਬਰ ਸਾਹਿਬਾਨ ਨੇ ਬਣਾਇਆ ਹੈ, ਕੀ ਉਹ ਗਲਤ ਹੈ? ਤਖਤ ਸ੍ਰੀ ਪਟਨਾ ਸਾਹਿਬ ਦੀ ਘਟਨਾ ਬਾਰੇ
ਉਨ੍ਹਾਂ ਦੁਹਰਾਇਆ ਕਿ ਸ਼੍ਰੋਮਣੀ ਕਮੇਟੀ ਦੁਆਰਾ ਗਠਿਤ ਜਾਂਚ ਕਮੇਟੀ ਨੇ ਆਪਣੀ ਜਾਂਚ ਸ੍ਰੀ
ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦੇਣੀ ਹੈ।