Share on Facebook

Main News Page

ਅਕਾਲ ਤਖ਼ਤ ਸਾਹਿਬ ਜਾਂ ਅਕਾਲ ਬੁੰਗਾ ਅਤੇ ਜਥੇਦਾਰ
-: ਗੁਰਿੰਦਰਪਾਲ ਸਿੰਘ ਧਨੌਲਾ
93161 76519

ਪੰਜਵੇਂ ਨਾਨਕ ਗੁਰੂ ਅਰਜਨ ਦੇਵ ਪਾਤਸ਼ਾਹਿ ਦੀ ਸ਼ਹੀਦੀ ਉਪਰੰਤ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹਿ ਨੇ ਗੁਰਗੱਦੀ 'ਤੇ ਬਿਰਾਜਮਾਨ ਹੁੰਦਿਆਂ ਹੀ ਗੁਰੂ ਪਿਤਾ ਦੀ ਸ਼ਹੀਦੀ ਦੇ ਪਿਛੋਕੜ ਨੂੰ ਗੰਭੀਰਤਾ ਨਾਲ ਨਿਹਾਰਦਿਆਂ ਅਤੇ ਆਲੇ ਦੁਆਲੇ ਸਮੇਂ ਦੀ ਹਕੂਮਤ ਦੇ ਜ਼ੁਲਮਾਂ ਦੀ ਅੱਗ ਦੇ ਸੇਕ ਨੂੰ ਅਨੁਭਵ ਕਰਦਿਆਂ, ਇੱਕ ਰੁਹਾਨੀ ਰਾਜਸੀ ਸ਼ਕਤੀ ਪੈਦਾ ਕਰਨ ਦਾ ਫ਼ੁਰਨਾ ਲਿਆ। ਉਸ ਵੇਲੇ ਸਮੇਂ ਦੇ ਹਾਕਮ ਜਹਾਂਗੀਰ ਬਾਦਸ਼ਾਹ ਨੇ ਇੱਕ ਸ਼ਾਹੀ ਫ਼ੁਰਮਾਨ ਜਾਰੀ ਕੀਤਾ ਸੀ। ਜਿਸ ਵਿਚ ਕਿਸੇ ਗ਼ੈਰ ਮੁਸਲਿਮ ਨੂੰ ਸਿਰ 'ਤੇ ਪੱਗ ਬੰਨਣ, ਘੋੜੇ ਦੀ ਸਵਾਰੀ ਕਰਨ, ਸਸ਼ਤਰ ਰੱਖਣ ਅਤੇ ਆਪਣੇ ਧਰਮ ਦਾ ਪ੍ਰਚਾਰ ਕਿਸੇ ਚਬੂਤਰੇ 'ਤੇ ਚੜਕੇ ਕਰਨ ਤੋਂ ਸਖ਼ਤ ਮਨਾਹੀ ਕਰਦਿਆਂ ਨਾਲ ਇਹ ਵੀ ਕਹਿ ਦਿੱਤਾ, ਕਿ ਜੇ ਕਿਸੇ ਹਕੂਮਤੀ ਨੇ ਪਾਨ ਥੁੱਕਣਾ ਹੋਵੇ ਤਾਂ ਹਿੰਦੂ ਦਾ ਮੂੰਹ ਸਭ ਤੋਂ ਵਧੀਆ ਉਗਲਦਾਨ ਹੋਵੇਗਾ।

ਅਜਿਹਾ ਕਰਨਾ ਸਿੱਧੇ ਤੌਰ 'ਤੇ ਮੌਲਿਕ, ਮੁਢਲੇ ਅਤੇ ਮਨੁੱਖੀ ਅਧਿਕਾਰਾਂ ਦਾ ਸਿੱਧਾ ਉਲੰਘਣ ਸੀ। ਇਸ ਕਰਕੇ ਹੀ ਜਹਾਂਗੀਰ ਬਾਦਸ਼ਾਹ ਨੇ ਗੁਰੂ ਅਰਜਨ ਦੇਵ ਪਾਤਸ਼ਾਹਿ ਨੂੰ ਸ਼ਹੀਦ ਕਰਵਾ ਦਿੱਤਾ ਸੀ, ਕਿਉਂਕਿ ਉਨ੍ਹਾਂ ਨੇ ਪੋਥੀ ਸਾਹਿਬ ਭਾਵ ਇੱਕ ਅਜਿਹੇ ਧਾਰਮਿਕ ਗਰੰਥ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਕਰ ਦਿੱਤਾ ਸੀ। ਜਦੋਂ ਸਤਿਗੁਰ ਜੀ ਨੇ ਮੁਗ਼ਲ ਹਕੂਮਤ ਦੇ ਇਸ ਜ਼ਬਰ ਦਾ ਮੁਕਾਬਲਾ ਕਰਨ ਲਈ ਵਿਉਂਤਬੰਦੀ ਕੀਤੀ, ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਭਾਈ ਗੁਰਦਾਸ ਅਤੇ ਬਾਬਾ ਬੁੱਢਾ ਜੀ ਨੂੰ ਇੱਕ ਉਚਾ ਚਬੂਤਰਾ ਬਣਾਉਣ ਲਈ ਕਿਹਾ ਅਤੇ ਨਾਲ ਹੀ ਇਹ ਵੀ ਹਦਾਇਤ ਕੀਤੀ, ਕਿ ਇਸਦੀ ਉਚਾਈ ਦਿੱਲੀ ਦੇ ਤਖ਼ਤ ਤੋਂ ਉਚੀ ਹੋਣੀ ਚਾਹੀਦੀ ਹੈ।

ਭਾਈ ਰਤਨ ਸਿੰਘ ਭੰਗੂ ਇਸ ਚਬੂਤਰੇ ਦੀ ਉਸਾਰੀ ਬਾਰੇ ਲਿਖ਼ਦੇ ਹਨ ''ਬੁੱਢਾ ਔ ਗੁਰਦਾਸ ਬਣਾਇਓ, ਰਾਜ ਕਿਸੀ ਕੋ ਹਾਥ ਨਾ ਲਗਾਇਓ'', ਦੋਵਾਂ ਮਹਾਨ ਵਿਦਵਾਨ ਪੁਰਸ਼ਾਂ ਤੋਂ ਬਿਨਾਂ ਕਿਸੇ ਨੇ ਵੀ ਇਸ ਚਬੂਤਰੇ ਦੀ ਉਸਾਰੀ ਲਈ ਹੱਥ ਵਟਾਈ ਨਹੀਂ ਕੀਤੀ ਸੀ। ਇਸ ਚਬੂਤਰੇ ਨੂੰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹਿ ਨੇ ਅਕਾਲ ਬੁੰਗੇ ਦਾ ਨਾਮ ਦਿੱਤਾ ਤੇ ਇਸ ਉਪਰ ਬੈਠ ਕੇ ਖ਼ੁਦ ਆਪਣੇ ਗਲੇ ਵਿਚ ਦੋ ਤਲਵਾਰਾਂ ਪਹਿਨੀਆਂ। ਜਿਸ ਨੂੰ ਮੀਰੀ ਅਤੇ ਪੀਰੀ ਦੀ ਰਾਖ਼ੀ ਅਤੇ ਸੁਮੇਲਤਾ ਦਾ ਨਾਮ ਦੇ ਕੇ, ਧਰਮੀ ਤੇ ਨਿਰਪੱਖ ਰਾਜਨੀਤੀ ਹੋਂਦ ਵਿਚ ਲਿਆਉਣ ਲਈ ਪਹਿਲਾ ਉਦਮ ਕੀਤਾ।

ਅੱਜ ਵੀ ਸਿੱਖ ਦੀ ਦਸਤਾਰ ਥੱਲੇ ਬੰਨੀ ਜਾਣ ਵਾਲੀ ਕੇਸਕੀ ਅਸਲ ਵਿਚ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹਿ ਵਲੋਂ ਦਿੱਤੀ ਦਾਤ ਹੈ, ਕਿਉਂਕਿ ਮੁਗ਼ਲਾਂ ਵਲੋਂ ਸਿਰ 'ਤੇ ਪੱਗ ਬੰਨਣ ਦੀ ਰੋਕ ਦੇ ਵਿਰੋਧ ਵਿਚ ਸਤਿਗੁਰੂ ਜੀ ਨੇ ਹਰ ਸਿੱਖ ਨੂੰ ਦੋਹਰੀ ਦਸਤਾਰ ਬੰਨਣ ਦੀ ਤਾਕੀਦ ਕੀਤੀ ਸੀ। ਇਸ ਤੋਂ ਇਲਾਵਾ ਸਤਿਗੁਰਾਂ ਨੇ ਸ਼ਾਹੀ ਫ਼ੁਰਮਾਨ ਦੇ ਮੁਕਾਬਲੇ ਰੱਬੀ ਹੁਕਮ ਸੁਣਾਉਂਦਿਆਂ, ਉਸ ਉਚੇ ਚਬੂਤਰੇ ਅਕਾਲ ਬੁੰਗੇ ਉਪਰ ਖੜੇ ਹੋ ਕੇ, ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਪ੍ਰੇਰਨਾਂ ਕੀਤੀ ਕਿ ਅੱਜ ਤੋਂ ਬਾਅਦ ਜਿਹੜਾ ਵੀ ਗੁਰੂ ਘਰ ਦਾ ਪਿਆਰਾ ਸਾਡੇ ਦਰਸ਼ਨਾਂ ਲਈ ਆਵੇਗਾ, ਉਹ ਸਿਰ 'ਤੇ ਦੂਹਰੀ ਦਸਤਾਰ ਸਜ਼ਾ ਕੇ, ਗਲ ਵਿਚ ਸਾਸ਼ਤਰ ਪਹਿਨਕੇ, ਘੋੜੇ ਉਪਰ ਚੜਕੇ ਆਵੇ ਅਤੇ ਹੋਰਨਾਂ ਰਸਦਾਂ ਦੇ ਨਾਲ ਨਾਲ, ਹੁਣ ਭੇਟਾ ਵਜੋਂ ਘੋੜੇ ਅਤੇ ਸਾਸ਼ਤਰ ਵੀ ਲੈ ਕੇ ਆਵੇ।

ਇਹ ਸੀ ਅਕਾਲ ਬੁੰਗੇ ਜਿਸਨੂੰ ਅੱਜ ਕੱਲ ਅਕਾਲ ਤਖ਼ਤ ਸਾਹਿਬ ਕਿਹਾ ਜਾਂਦਾ ਹੈ, ਉਸਦੀ ਸਿਰਜਨਾਂ ਵਿਚਲਾ ਰਹੱਸ। ਸਤਿਗੁਰੂ ਜੀ ਨੂੰ ਦਰਬਾਰ ਸਾਹਿਬ ਦੇ ਵਿਚ ਇੱਕ ਹੋਰ ਗੁਰਦੁਆਰਾ ਬਣਾਉਣ ਦੀ ਜ਼ਰੂਰਤ ਨਹੀਂ ਸੀ। ਇਹ ਇੱਕ ਸੰਸਥਾ ਸਿੱਖਾਂ ਨੂੰ ਰਾਜਸੀ ਤੌਰ 'ਤੇ ਨਿਰਪੱਖ ਰਾਜਨੀਤੀ ਦੀ ਪ੍ਰੇਰਨਾਂ ਦਾ ਇੱਕ ਸਰੋਤ ਸਥਾਪਿਤ ਕਰਕੇ ਦਿੱਤਾ ਸੀ, ਕਿ ਜਦੋਂ ਵੀ ਕਦੇ ਜਹਾਂਗੀਰੀ ਨਿਜ਼ਾਮ ਲੋਕਾਂ ਦੇ ਹੱਕਾਂ ਨੂੰ ਕੁਚਲਣ ਦੀ ਗੱਲ ਕਰੇ ਜਾਂ ਮਨੁੱਖੀ ਅਧਿਕਾਰਾਂ ਦਾ ਹਨਣ ਕਰਨ ਦਾ ਯਤਨ ਕਰੇ, ਤਾਂ ਉਸ ਸਮੇਂ ਅਕਾਲ ਬੁੰਗੇ ਤੋਂ ਇੱਕ ਜ਼ੋਰਦਾਰ ਵਿਰੋਧ, ਜਿਹੜਾ ਅਕਾਲ ਦੀ ਸੀਮਾਂ ਵਿਚ ਰਹੇ ਹੋਣਾ ਚਾਹੀਦਾ ਹੈ। ਗੁਰੂ ਸਾਹਿਬ ਨੇ ਇਸ ਸੰਸਥਾ ਦੀ ਸੰਭਾਲ ਲਈ ਭਾਈ ਗੁਰਦਾਸ ਜੀ ਨੂੰ ਜਿੰਮੇਵਾਰੀ ਸੌਂਪੀ, ਲੇਕਿਨ ਉਨ੍ਹਾਂ ਨੂੰ ਕੋਈ ਅਜਿਹਾ ਅਧਿਕਾਰ ਨਹੀਂ ਦਿੱਤਾ ਸੀ ਕਿ ਉਹ ਆਪਣੇ ਤੌਰ 'ਤੇ ਕੋਈ ਹੁਕਮਨਾਮਾ ਜਾਰੀ ਕਰ ਸਕਣ ਜਾਂ ਕੋਈ ਆਦੇਸ਼ ਦੇ ਸਕਦੇ ਹੋਣ

ਸਮਾਂ ਲੰਘਦਾ ਗਿਆ ਦਸਮ ਪਿਤਾ ਨੇ ਗੁਰੂ ਨਾਨਕ ਪਾਤਸ਼ਾਹਿ ਦੇ ਸੁਪਨੇ ਨੂੰ ਅੰਤਿਮ ਰੂਪ ਦਿੰਦਿਆਂ, ਸਿੱਖ ਕੌਮ ਨੂੰ ਸੰਪੂਰਨ ਕਰਦਿਆਂ ਸਿੰਘ ਅਤੇ ਕੌਰ ਨਾਮ ਦੀ ਬਖ਼ਸ਼ਿਸ਼ ਕਰਕੇ ਖੰਡੇ ਬਾਟੇ ਦੀ ਪਾਹੁਲ ਦੇ ਕੇ, ਇੱਕ ਵੱਖ਼ਰੀ ਕੌਮ ਦਾ ਦਰਜ਼ਾ ਦੇ ਦਿੱਤਾ। ਇਸ ਸਮੇਂ ਦੌਰਾਨ ਸ੍ਰੀ ਦਰਬਾਰ ਸਾਹਿਬ ਸਮੇਤ ਹੋਰ ਗੁਰੂ ਸਥਾਨ ਗੁਰੂ ਸਾਹਿਬ ਦੇ ਸਿੱਧੇ ਪ੍ਰਬੰਧ ਵਿਚ ਵੀ ਨਾ ਰਹੇ। ਇਸਦੀ ਮਿਸਾਲ ਇਸ ਗੱਲ ਤੋਂ ਵੀ ਮਿਲਦੀ ਹੈ ਕਿ ਕਿਸੇ ਸਮੇਂ ਮਸ਼ੰਦਾਂ ਨੇ ਗੁਰੂ ਤੇਗ ਬਹਾਦਰ ਨੂੰ ਦਰਬਾਰ ਸਾਹਿਬ ਵਿਚ ਵੜਨ ਤੋਂ ਮਨਾਂ ਕਰ ਦਿੱਤਾ ਸੀ। ਇਸ ਲਈ ਇਤਿਹਾਸ ਵਿਚ ਅਕਾਲ ਬੁੰਗੇ ਜਾਂ ਅਕਾਲ ਤਖ਼ਤ ਸਾਹਿਬ ਦੇ ਰੋਲ ਦੀ ਕੋਈ ਬਹੁਤੀ ਮਹੱਤਤਾ ਉਸ ਵੇਲੇ ਨਜ਼ਰ ਨਹੀਂ ਆਉਂਦੀ

ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਵਿਚ ਵੀ ਦਰਬਾਰ ਸਾਹਿਬ ਦੇ ਪ੍ਰਬੰਧਕਾਂ ਅਤੇ ਅਕਾਲ ਬੁੰਗੇ 'ਤੇ ਕਾਬਜ਼ ਪੁਜ਼ਾਰੀਆਂ ਦੀ ਕਾਰਗੁਜ਼ਾਰੀ ਵੀ ਪੰਥਕ ਹਿੱਤਾਂ ਵਿਚ ਨਹੀਂ ਕਹੀ ਜਾ ਸਕਦੀ। ਇਸ ਪਿਛੋਂ ਵੀ ਲੰਮਾਂ ਸਮਾਂ ਸਿੰਘ ਮਿਸਲਾਂ ਵਿਚ ਹੁੰਦੇ ਹੋਏ ਜੰਗਾਂ ਯੁੱਧਾਂ ਵਿਚ ਵਿਚਰਦੇ ਰਹੇ। ਉਸ ਸਮੇਂ ਵੀ ਇਹ ਧਾਰਮਿਕ ਸਥਾਨ ਕਦੇ ਕਿਸੇ ਜਥੇ ਦੇ ਕਬਜ਼ੇ ਅਤੇ ਕਦੇ ਮੁਗ਼ਲਾਂ ਦੇ ਕਬਜ਼ੇ ਜਾਂ ਮੁਗ਼ਲਾਂ ਦੇ ਹਮਰਾਹਾਂ ਦੇ ਕਬਜ਼ੇ ਵਿਚ ਰਹੇ। ਲੇਕਿਨ ਜਦੋਂ ਸਿੱਖ ਮਿਸਲਾਂ ਇਕੱਠੀਆਂ ਹੋਈਆਂ ਤਾਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਂਦ ਵਿਚ ਆਇਆ, ਤਾਂ ਉਸ ਸਮੇਂ ਨਿਹੰਗ ਸਿੰਘਾਂ ਦੀ ਫ਼ੌਜ ਦੇ ਜਰਨੈਲ ਅਕਾਲੀ ਫੂਲਾ ਸਿੰਘ ਅਕਾਲ ਤਖ਼ਤ ਤੇ ਕਾਬਜ਼ ਸਨ। ਉਨ੍ਹਾਂ ਦਾ ਮਾਣਸਤਿਕਾਰ ਪੰਥ ਵਿਚ ਬਹੁਤ ਜ਼ਿਆਦਾ ਸੀ। ਹਰ ਕੋਈ ਉਨ੍ਹਾਂ ਦੀ ਕਹਿਣੀ ਕਰਨੀ ਦੀ ਸੁਮੇਲਤਾ ਅਤੇ ਗੁਰੂ ਪ੍ਰਤੀ ਸਮਰਪਿਤ ਭਾਵਨਾਂ ਤੋਂ ਕਾਇਲ ਸੀ। ਏਥੋਂ ਤੱਕ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਰੇ ਵੀ ਜੇ ਕੋਈ ਕਿਸੇ ਨੂੰ ਸ਼ਿਕਾਇਤ ਹੋਵੇ, ਤਾਂ ਉਹ ਅਕਾਲੀ ਫੂਲਾ ਸਿੰਘ ਕੋਲ ਹੀ ਕੀਤੀ ਜਾ ਸਕਦੀ ਸੀ। ਇਤਿਹਾਸ ਵਿਚ ਪੜਨ ਨੂੰ ਮਿਲਦਾ ਹੈ ਕਿ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਦਾੜੀ ਨੂੰ ਕਲਫ਼ ਲਗਾ ਕੇ ਕਾਲੀ ਕਰ ਲਿਆ ਸੀ, ਤਾਂ ਅਕਾਲੀ ਫੂਲਾ ਸਿੰਘ ਨੇ ਸਪੱਸ਼ਟ ਕਹਿ ਦਿੱਤਾ ਸੀ ''ਜਾ ਆਖ਼ੋ ਕਾਣੇ ਢੱਗੇ ਨੂੰ ਕਿਉਂ ਕਾਲੇ ਕੀਤਾ ਬੱਗੇ ਨੂੰ, ਜਦੋਂ ਇੱਕ ਦਿਨ ਮਰਨਾ ਹੈ ਫ਼ਿਰ ਮੂੰਹ ਕਾਲਾ ਕਿਉਂ ਕਰਨਾ ਹੈ'', ਉਨ੍ਹਾਂ ਅੰਦਰ ਇਹ ਦਲੇਰੀ ਧਾਰਮਿਕ ਤੌਰ 'ਤੇ ਪਰਪੱਕਤਾ ਅਤੇ ਇੱਕ ਨਿਰਪੱਖ ਸਖ਼ਸ਼ੀਅਤ ਕਰਕੇ ਹੀ ਸੀ। ਇਸੇ ਕਾਰਨ ਹੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅਵੱਗਿਆ ਕੀਤੀ, ਤਾਂ ਅਕਾਲੀ ਫੂਲਾ ਸਿੰਘ ਨੇ ਉਨ੍ਹਾਂ ਨੂੰ ਤਲਬ ਕੀਤਾ ਸੀ ਕਿ ਅਕਾਲ ਬੂੰਗਾ, ਅਕਾਲ ਤਖ਼ਤ ਸਾਨੂੰ ਜਿਸ ਧਰਮੀ, ਨਿਰਪੱਖ ਅਤੇ ਉਚ ਆਚਰਣ ਵਾਲੀ ਰਾਜਨੀਤੀ ਦਾ ਸੰਦੇਸ਼ ਦਿੰਦਾ ਹੈ। ਤੁਸੀਂ ਬਤੌਰ ਮਹਾਰਾਜਾ ਉਸਦੀ ਉਲੰਘਣਾ ਕਰਕੇ ਪੰਥਕ ਹਿੱਤਾਂ ਨਾਲ ਧੋਖ਼ਾ ਕਰ ਰਹੇ ਹੋ। ਕੁੱਝ ਇੱਕ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਉਸ ਸਮੇਂ ਅਕਾਲੀ ਫੂਲਾ ਸਿੰਘ ਦੇ ਇਸ ਆਦੇਸ਼ ਦੀ ਪਰਵਾਹ ਨਾ ਕਰਦਿਆਂ ਉਥੇ ਜਾਣ ਤੋਂ ਪਾਸਾ ਵੱਟ ਲਿਆ ਸੀ, ਤਾਂ ਅਕਾਲੀ ਫੂਲਾ ਸਿੰਘ ਨੇ ਆਮ ਸਿੱਖ ਸੰਗਤਾਂ ਨੂੰ ਕਿਹਾ ਸੀ ਕਿ ਮਹਾਰਾਜਾ ਗੁਰੂ ਸਾਹਿਬ ਵਲੋਂ ਨਿਰਧਾਰਤ ਰਾਜਨੀਤੀ ਵਾਲੇ ਗੁਣਾਂ ਤੋਂ ਆਕੀ ਹੋ ਗਿਆ ਹੈ। ਇਸ ਲਈ ਇਸਨੂੰ ਕੋਈ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਮੂੰਹ ਨਾ ਲਗਾਵੇ।

ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੇ ਅਕਾਲੀ ਫੂਲਾ ਸਿੰਘ ਦੇ ਇਸ ਆਦੇਸ਼ ਦੀ ਪਰਖ਼ ਕਰਨ ਲਈ ਪਰਵਾਹ ਨਾ ਕਰਦਿਆਂ ਜਦੋਂ ਕੁੱਝ ਲੋਕਾਂ ਤੇ ਪਰਖ਼ ਕਰਨੀ ਚਾਹੀ, ਤਾਂ ਜਿਸ ਵੇਲੇ ਮਹਾਰਾਜਾ ਰਣਜੀਤ ਸਿੰਘ ਆਪਣੇ ਮਹਿਲ ਤੋਂ ਬਾਹਰ ਨਿਕਲੇ ਤਾਂ ਪਹਿਰੇ 'ਤੇ ਖੜੇ ਪਹਿਰੇਦਾਰਾਂ ਨੇ ਜਿਹੜੇ ਹਰ ਵੇਲੇ ਹੱਥ ਜੋੜ ਕੇ ਫ਼ਤਹਿ ਬੁਲਾਉਂਦੇ ਸਨ ਨੇ ਮੂੰਹ ਦੂਸਰੇ ਪਾਸੇ ਕਰ ਲਿਆ। ਸ਼ੇਰ ਏ ਪੰਜਾਬ ਨੇ ਸੋਚਿਆ ਕਿ ਸ਼ਾਇਦ ਉਨ੍ਹਾਂ ਨੇ ਬੇਧਿਆਨੀ ਵਿਚ ਮੈਨੂੰ ਵੇਖਿਆ ਨਹੀਂ। ਇਸ ਲਈ ਮਹਾਰਾਜਾ ਰਣਜੀਤ ਸਿੰਘ ਨੇ ਦੁਬਾਰਾ ਪਿੱਛੇ ਮੁੜ ਕੇ ਉਚੀ ਆਵਾਜ਼ ਵਿਚ ਫ਼ਤਹਿ ਬੁਲਾਈ। ਤਾਂ ਪਹਿਰੇਦਾਰਾਂ ਨੇ ਜਵਾਬ ਦਿੱਤਾ ਕਿ ਸਰਕਾਰ ਅਸੀਂ ਤੁਹਾਡੀ ਫ਼ਤਹਿ ਨਹੀਂ ਮੰਨ ਸਕਦੇ, ਕਿਉਂਕਿ ਪੰਥ ਨੇ ਆਦੇਸ਼ ਕੀਤਾ ਹੈ ਕਿ ਤੁਸੀਂ ਪੰਥਕ ਮਰਿਯਾਦਾ ਦੀ ਪਰਵਾਹ ਨਹੀਂ ਕੀਤੀ। ਇਸ ਕਰਕੇ ਤੁਹਾਡੇ ਨਾਲ ਮਿਲਵਰਤਨ ਨਾ ਰੱਖਣ ਦੀ ਪ੍ਰੇਰਨਾਂ ਹੋਈ ਹੈ। ਇਸ ਤੋਂ ਮਹਾਰਾਜਾ ਰਣਜੀਤ ਸਿੰਘ ਨੂੰ ਅਹਿਸਾਸ ਹੋਇਆ ਕਿ ਮੈਂ ਜੋ ਪੰਥਕ ਕਦਰਾਂ ਕੀਮਤਾਂ ਨੂੰ ਠੇਸ ਪਹੁੰਚਾਈ ਹੈ, ਉਸਦਾ ਨਤੀਜਾ ਕੁੱਝ ਦਿਨਾਂ ਬਗ਼ਾਵਤ ਦੇ ਰੂਪ ਵਿਚ ਸਾਹਮਣੇ ਆਵੇਗਾ। ਸ਼ੇਰ ਏ ਪੰਜਾਬ ਨੇ ਤੁਰੰਤ ਸਮਝ ਕਰਦਿਆਂ ਖ਼ੁਦ ਅਕਾਲੀ ਫੂਲਾ ਸਿੰਘ ਕੋਲ ਜਾ ਪੇਸ਼ ਹੋਏ। ਜਿਥੇ ਉਨ੍ਹਾਂ ਨੂੰ ਪੰਥਕ ਮਰਿਯਾਦਾ ਵਿਚ ਸੰਕੇਤਕ ਮਾਤਰ ਦੰਡ ਭਾਵ ਤਨਖ਼ਾਹ ਲਗਾਈ ਗਈ।

ਲੇਕਿਨ ਇਸ ਪਿਛੋਂ ਜਦੋਂ ਅੰਗਰੇਜ਼ ਨੇ ਸਿੱਖ ਰਾਜ ਆਪਣੇ ਕਬਜ਼ੇ ਵਿਚ ਲੈ ਲਿਆ ਤਾਂ ਦਰਬਾਰ ਸਾਹਿਬ ਸਮੇਤ ਅਕਾਲ ਤਖ਼ਤ ਅਤੇ ਹੋਰ ਸਾਰੇ ਗੁਰਦੁਆਰਿਆਂ 'ਤੇ ਮਹੰਤ ਕਾਬਜ਼ ਹੋ ਗਏ। ਜਿਥੇ ਉਨ੍ਹਾਂ ਨੇ ਆਪਣੀ ਮਰਜ਼ੀ ਦਾ ਪ੍ਰਬੰਧ ਬਣਾ ਲਿਆ। ਗੁਰੂ ਹਰਗੋਬਿੰਦ ਸਾਹਿਬ ਦੀ ਮਰਿਯਾਦਾ ਖ਼ਤਮ ਕਰਕੇ, ਆਪਣੀ ਮਰਿਯਾਦਾ ਲਾਗੂ ਕਰ ਦਿੱਤੀ। 18 ਮਾਰਚ 1887 ਨੂੰ ਗੁਰੂ ਪਿਆਰੇ ਪ੍ਰੋਫੈਸਰ ਗੁਰਮੁੱਖ ਸਿੰਘ ਉਪਰ ਇਹ ਦੋਸ਼ ਲਗਾ ਕੇ ਉਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਪੰਥ ਵਿਚੋਂ ਛੇਕਣ ਦਾ ਆਦੇਸ਼ ਜਾਰੀ ਹੋਇਆ, ਕਿ ਉਨ੍ਹਾਂ ਨੇ ਹਿੰਦੂ ਧਰਮ ਦੇ ਸਨਾਤਮੀ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਇਹ ਪ੍ਰੋਫੈਸਰ ਗੁਰਮੁੱਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਦੀ ਸੁਰਮਗਤੀ ਸੀ, ਕਿ ਉਨ੍ਹਾਂ ਨੇ ਇਸ ਆਦੇਸ਼ ਦਾ ਡਟਵਾਂ ਵਿਰੋਧ ਕੀਤਾ। ਇਹ ਆਦੇਸ਼ ਜਾਰੀ ਕਰਨ ਵੇਲੇ ਥੱਲੇ ਦਸਤਖ਼ਤ ਕਰਨ ਵਾਲਿਆਂ ਵਿਚ ਮਾਨ ਸਿੰਘ ਸਰਬਰਾ, ਵਾ ਹਾਜ਼ਰੀਨ ਸਿੰਘਾਨ, ਵਾ ਗ੍ਰੰਥੀਅਨ, ਵਾ ਪੁਜ਼ਾਰੀਅਨ, ਕਾਨ ਸਿੰਘ ਮਜੀਠੀਆ ਰਹੀਸ਼, ਭਾਈ ਹਰਨਾਮ ਸਿੰਘ, ਮੁੱਖ ਗਰੰਥੀ ਦਰਬਾਰ ਸਾਹਿਬ, ਗੁਲਾਬ ਸਿੰਘ ਮਹੰਤ ਅਕਾਲ ਬੁੰਗਾ, ਤੇਜ ਸਿੰਘ ਅਤੇ ਜਵਾਹਰ ਸਿੰਘ ਮੋਹਤਮਿਨ ਅਕਾਲ ਬੁੰਗਾ ਸ਼ਾਮਲ ਸਨ

ਇਸ ਪਿਛੋਂ ਜਦੋਂ ਗੁਰੂਧਾਮਾਂ ਦੀ ਆਜ਼ਾਦੀ ਲਈ ਗੁਰਦੁਆਰਾ ਸੁਧਾਰ ਲਹਿਰ ਚੱਲੀ ਤਾਂ ਗੁਰਦੁਆਰਾ ਐਕਟ ਬਣਾਉਣ ਦੀ ਗੱਲ ਸਾਹਮਣੇ ਆਈ, ਤਾਂ ਉਸ ਸਮੇਂ ਅੰਗਰੇਜ਼ ਨੇ ਇਹ ਐਕਟ ਬਣਾਉਂਦਿਆਂ ਸਿੱਖ ਧਰਮ ਅੰਦਰ ਇੱਕ ਧਾਰਮਿਕ ਅਦਾਲਤ ਬਣਾਉਣ ਦਾ ਨਿਰਣਾਂ ਲਿਆ, ਕਿਉਂਕਿ ਈਸਾਈ ਧਰਮ ਵਿਚ ਵੀ ਪੋਪ ਦੀ ਪੱਦਵੀ ਇੱਕ ਧਾਰਮਿਕ ਜੱਜ ਦੀ ਪਦਵੀਂ ਵਾਂਗੂੰ ਹੀ ਹੈ। ਉਦੋਂ ਤੋਂ ਜਥੇਦਾਰ ਅਕਾਲ ਤਖ਼ਤ ਦੀ ਹੋਂਦ ਪੱਕੇ ਰੂਪ ਵਿਚ ਸਾਹਮਣੇ ਆਈ ਹੈ।

ਗੁਰਦੁਆਰਾ ਐਕਟ ਹੋਂਦ ਵਿਚ ਆਉਣ ਤੋਂ ਪਹਿਲਾਂ ਉਸ ਸਮੇਂ ਦੇ ਸਰਬਰਾਹ ਅਰੂੜ ਸਿੰਘ ਨੇ ਜ਼ਾਲਮ ਅੰਗਰੇਜ਼ ਅਫ਼ਸਰ ਜਿਸਨੇ ਜਲਿਆਂ ਵਾਲੇ ਬਾਗ ਵਿਚ ਹਜ਼ਾਰਾਂ ਭਾਰਤੀਆਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਸੀ, ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ।

ਸੋ, ਇਸੇ ਤਰ੍ਹਾਂ ਅਕਾਲ ਬੁੰਗੇ ਜਾਂ ਅਕਾਲ ਤਖ਼ਤ ਦੀ ਵਰਤੋਂ ਸਮੇਂ ਸਮੇਂ ਹੁੰਦੀ ਆਈ ਹੈ। ਪਰ ਇਸਨੂੰ ਹੋਂਦ ਵਿਚ ਲਿਆਉਣ ਪਿਛੇ ਜੋ ਗੁਰੂ ਸਾਹਿਬ ਦਾ ਮਕਸਦ ਸੀ, ਉਸ ਮਕਸਦ ਵਾਸਤੇ ਅੱਜ ਤੱਕ ਅਕਾਲ ਬੁੰਗੇ ਦੇ ਸੇਵਾਦਾਰ ਨੇ ਕਦੇ ਆਪਣੀ ਡਿਊਟੀ ਨਹੀਂ ਨਿਭਾਈ, ਜਦੋਂ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ ਹੈ, ਉਦੋਂ ਤੋਂ ਪਹਿਲੇ ਪਹਿਰ ਵਿਚ ਤਾਂ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਸਲਾਹ ਨਾਲ ਵਿਚਰਦੇ ਰਹੇ ਹਨ ਅਤੇ ਫ਼ੇਰ ਹੌਲੀ ਹੌਲੀ ਇੱਕ ਮੁਲਾਜ਼ਮ ਵਾਂਗੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਅਧੀਨਗੀ ਹੇਠ ਵਿਚਰਦਿਆਂ ਪੰਥਕ ਫ਼ੈਸਲਿਆਂ ਦੀ ਥਾਂ ਉਨ੍ਹਾਂ ਦੇ ਨਿੱਜੀ ਫ਼ੈਸਲਿਆਂ ਨੂੰ ਲਾਗੂ ਕਰਦੇ ਕਰਦੇ ਅੱਜ ਅਕਾਲ ਬੁੰਗੇ ਦੀ ਅਜਮਤ ਨੂੰ ਅਰਸੋਂ ਫ਼ਰਸ਼ ਤੇ ਲੈ ਆਏ ਹਨ।

1999 ਦੇ ਤ੍ਰੈ ਸਤਾਬਦੀ ਖ਼ਾਲਸਾ ਸਮਾਗਮਾਂ ਸਮੇਂ ਜਦੋਂ ਬਾਦਲ ਟੌਹੜਾ ਦੀ ਆਪਸ ਵਿਚ ਖੜਕੀ, ਤਾਂ ਉਸ ਸਮੇਂ ਸਭ ਤੋਂ ਪਹਿਲਾਂ ਜਥੇਦਾਰ ਦੀ ਬਲੀ ਦੇ ਕੇ ਉਸਨੂੰ ਲਾਂਭੇ ਕੀਤਾ ਗਿਆ। ਪਰ ਨਾਲ ਹੀ ਅਕਾਲੀ ਰਾਜਨੀਤੀ ਨੇ ਇਹ ਸੋਚਿਆ ਕਿ ਆਹ ਅੜਿੱਕਾ ਸਾਹਿਬ ਜਾਂ ਦੂਰ ਕੀਤਾ ਜਾਵੇ ਜਾਂ ਇਸਨੂੰ ਇਸ ਤਰੀਕੇ ਦਾ ਬਣਾ ਦਿੱਤਾ ਜਾਵੇ ਕਿ ਇਸਦੀ ਅਹਿਮੀਅਤ ਇੱਕ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਤੋਂ ਵਧਕੇ ਨਾ ਰਹੇ। ਅੱਜ ਜਦੋਂ ਸਿੱਖ ਵਡਿਆਈ ਕਰਦੇ ਹਨ ਤਾਂ ਛੇਵੇਂ ਪਾਤਸ਼ਾਹਿ ਦੇ ਤਖ਼ਤ ਦੇ ਸੇਵਾਦਾਰ ਅਕਾਲੀ ਫੂਲਾ ਸਿੰਘ ਦੇ ਵਾਰਸ ਕਹਿ ਕੇ ਵਡਿਆਉਂਦੇ ਹਨ। ਪਰ ਇਹ ਕਦੇ ਵੀ ਨਹੀਂ ਕੋਈ ਸੋਚਦਾ ਕਿ ਅਕਾਲ ਬੁੰਗੇ ਤੇ ਬੈਠਾ ਸੇਵਾਦਾਰ ਅਕਾਲੀ ਫੂਲਾ ਸਿੰਘ ਵਾਲੇ ਗੁਣਾਂ ਦਾ ਧਾਰਨੀ ਹੈ, ਜਿਹੜਾ ਸਮੇਂ ਦੇ ਸਿੱਖ ਬਾਦਸ਼ਾਹ ਨੂੰ ਕੌੜੀ ਅਤੇ ਸੱਚੀ ਗੱਲ ਕਹਿਣ ਦੀ ਹਿੰਮਤ ਰੱਖਦਾ ਹੋਵੇ।

ਅੱਜ ਦੇ ਤਖ਼ਤਾਂ ਦੇ ਸੇਵਾਦਾਰਾਂ ਅੰਦਰ ਇਹ ਦੰਮ ਨਹੀਂ ਰਿਹਾ, ਕਿ ਉਹ ਕਿਸੇ ਸਿੱਖ ਮੁੱਦੇ ਉਪਰ ਮੁੱਖ ਮੰਤਰੀ ਜਾਂ ਅਕਾਲੀ ਪ੍ਰਧਾਨ ਨੂੰ ਕੋਈ ਸੰਦੇਸ਼ ਜਾਰੀ ਕਰ ਸਕਣ। ਸਗੋਂ ਹੁਣ ਤਾਂ ਉਸ ਅਕਾਲੀ ਪ੍ਰਧਾਨ ਜਾਂ ਸਰਕਾਰ ਦੇ ਮਾੜੇ ਕਾਰਨਾਮਿਆਂ ਨੂੰ ਜੱਗ ਜ਼ਾਹਿਰ ਕਰਨ ਵਾਲੇ ਲੋਕਾਂ ਨੂੰ ਹਾਕਮਾਂ ਦੇ ਕਹਿਣ 'ਤੇ ਬੁਲਾਕੇ ਜ਼ਲੀਲ ਕੀਤਾ ਜਾਂਦਾ ਹੈ। ਅੱਜ ਦੇ ਜਥੇਦਾਰਾਂ ਦੀ ਏਨੀ ਹਿੰਮਤ ਨਹੀਂ ਕਿ ਉਹ ਆਪਣੀ ਮਰਜ਼ੀ ਨਾਲ ਕਿਸੇ ਪੰਥਕ ਕਾਰਜ਼ ਸਬੰਧੀ ਕੋਈ ਨਿਰਣਾ ਲੈ ਸਕਣ। ਹੁਣ ਤਾਂ ਹਰ ਕੰਮ ਕਰਨ ਤੋਂ ਪਹਿਲਾਂ ਚੰਡੀਗੜ ਫ਼ੋਨ ਕਰਕੇ ਇਜਾਜ਼ਤ ਲੈਣੀ ਪੈਂਦੀ ਹੈ। ਸੰਨ 2000 ਤੋਂ ਲੈ ਕੇ ਜਿਸ ਤਰੀਕੇ ਅਕਾਲ ਤਖ਼ਤ ਦੀ ਰਾਜਨੀਤੀਵਾਨਾਂ ਵਲੋਂ ਆਪਣੇ ਨਿੱਜ ਵਾਸਤੇ ਦੁਰਵਰਤੋਂ ਕੀਤੀ ਜਾ ਰਹੀ ਹੈ, ਉਸ ਨੇ ਇਸਦੇ ਸੇਵਾਦਾਰਾਂ ਦੇ ਰੁਤਬੇ ਨੂੰ ਬਦਨਾਮ ਕਰਕੇ ਰੱਖ ਦਿੱਤਾ ਹੈ। ਅੱਜ ਜਦੋਂ ਕੋਈ ਸੇਵਾਦਾਰ ਅਕਾਲ ਤਖ਼ਤ ਤੋਂ ਆਦੇਸ਼ ਜਾਰੀ ਕਰਦਾ ਹੈ, ਤਾਂ ਬਹੁਤੇ ਸਿੱਖ ਇਸ ਕਰਕੇ ਪਰਵਾਹ ਨਹੀਂ ਕਰਦੇ ਕਿ ਇਹ ਆਦੇਸ਼ ਸਰਕਾਰ ਦੇ ਕਹਿਣ ਤੇ ਜਾਰੀ ਹੋਇਆ ਹੈ ਅਤੇ ਬਾਕੀ ਦੇ ਇਸ ਕਰਕੇ ਅਵੇਸਲੇ ਹੋ ਜਾਂਦੇ ਹਨ, ਕਿ ਚਲੋ ਜੇ ਕੋਈ ਗੱਲ ਹੋਈ ਵੀ ਆਪੇ ਸਾਡੇ ਇਲਾਕੇ ਦੇ ਰਾਜਨੀਤਕ ਬੰਦੇ ਵਿਚ ਪੈ ਕੇ ਕੋਈ ਰਾਹ ਲੱਭ ਲੈਣਗੇ।

ਮੌਜੂਦਾ ਸਮੇਂ ਦੌਰਾਨ ਸਿੱਖ ਧਰਮ ਉਪਰ ਚਹੁੰਪਾਸਿਉਂ ਹਮਲੇ ਜਾਰੀ ਹਨ। ਇੱਕ ਪਾਸੇ ਦੇਹਧਾਰੀ, ਗੁਰੂਡੰਮ ਜਾਂ ਸਿੱਖ ਵਿਰੋਧੀ ਡੇਰੇ ਨਿੱਤ ਨਵੀਂ ਛੇੜਛਾੜ ਕਰਕੇ ਸਿੱਖਾਂ ਨੂੰ ਜ਼ਲੀਲ ਕਰਦੇ ਹਨ। ਦੂਜੇ ਪਾਸੇ ਗੁਰਦੁਆਰਿਆਂ ਵਿਚਲੀ ਕੁਰੱਪਸ਼ਨ ਅਤੇ ਗੁਰੂ ਦੀ ਗੋਲਕ ਦੀ ਰਾਜਨੀਤੀ ਲਈ ਹੋ ਰਹੀ ਵਰਤੋਂ ਅਤੇ ਰਾਜ ਕਰਦੀ ਪਾਰਟੀ ਰਾਹੀਂ ਦਖ਼ਲਅੰਦਾਜ਼ੀ ਕਰਕੇ ਕੱਟੜਵਾਦੀ ਹਿੰਦੂ ਜਥੇਬੰਦੀ ਆਰ.ਐਸ.ਐਸ. ਜਾਂ ਬੀ.ਜੇ.ਪੀ ਵਲੋਂ ਨਿੱਤ ਦਿਹਾੜੇ ਸਿੱਖਾਂ ਦੀ ਧਾਰਮਿਕ ਮਰਿਯਾਦਾ ਅਤੇ ਸਿਧਾਂਤਾ ਵਿਚ ਕੀਤੀ ਜਾ ਰਹੀ ਘੁਸਪੈਠ ਜਾਂ ਅਦਲਾਬਦਲੀ ਕਰਕੇ ਜਾਗ੍ਰਤ ਸਿੱਖ ਬੁਰੀ ਤਰ੍ਹਾਂ ਚਿੰਤਾਂ ਵਿਚ ਹਨ। ਜਦੋਂ ਕਦੇ ਵੀ ਕੋਈ ਥੋੜੀ ਬਹੁਤ ਸ਼ਰਾਰਤ ਹੁੰਦੀ ਹੈ ਤਾਂ ਸਿੱਖ ਪੰਥ ਦੇ ਜਜ਼ਬਾਤਾਂ ਦਾ ਹੜ ਉਠਦਾ ਹੈ। ਇਹ ਸਿੱਖਾਂ ਦੀ ਬਦਕਿਸਮਤੀ ਹੈ ਕਿ ਪੰਜਾਬ ਵਿਚ ਪੰਥਕ ਸਰਕਾਰ ਹੁੰਦਿਆਂ ਨੁਕਸਾਨ ਫ਼ਿਰ ਵੀ ਸਿੱਖਾਂ ਦਾ ਹੀ ਹੁੰਦਾ ਹੈ। ਜਦੋਂ ਸਿੱਖ ਰੋਹ ਵਿਚ ਆਉਂਦੇ ਹਨ ਤਾਂ ਜਜ਼ਬਾਤਾਂ ਨੂੰ ਸ਼ਾਂਤ ਕਰਨ ਲਈ ਸਰਕਾਰ ਫ਼ਿਰ ਜਥੇਦਾਰਾਂ ਦਾ ਸਹਾਰਾ ਲੈਂਦੀ ਹੈ

ਪਿਛਲੇ ਦਸਾਂ ਸਾਲਾਂ ਵਿਚ ਵਾਪਰੀਆਂ ਹਿਰਦੇ ਵਿਧਕ ਘਟਨਾਵਾਂ ਜਿਸ ਵਿਚ ਸਮੇਂ ਦੀ ਸਰਕਾਰ ਅਤੇ ਪੰਥ ਵਿਰੋਧੀਆਂ ਨੇ ਸਿੱਖਾਂ ਦਾ ਮਾਨਸਿਕ, ਧਾਰਮਿਕ ਅਤੇ ਜਾਨੀ ਨੁਕਸਾਨ ਕੀਤਾ ਹੈ, ਤਾਂ ਹਰ ਸਟੇਜ 'ਤੇ ਸਰਕਾਰ ਨੇ ਜਥੇਦਾਰਾਂ ਨੂੰ ਮੋਹਰਾ ਬਣਾ ਕੇ ਵਰਤਿਆ ਹੈ। ਤਖ਼ਤਾਂ ਦੇ ਸੇਵਾਦਾਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹਿ ਦੀ ਬਣਾਈ ਮਰਿਯਾਦਾ ਅਧੀਨ ਆਪਣੀ ਉਚਮਤਾ ਦੀ ਦੁਹਾਈ ਪਾ ਕੇ ਸਿੱਖਾਂ ਨੂੰ ਗੁੰਮਰਾਹ ਕਰਦੇ ਹਨ ਅਤੇ ਹਰ ਸੰਘਰਸ਼ ਨੂੰ ਆਪਣੇ ਹੱਥ ਵਿਚ ਲੈ ਲੈਂਦੇ ਹਨ। ਸਮੇਂ ਤੇ ਬੇਸ਼ੱਕ ਗੁਰੂ ਦੀ ਹਜ਼ੂਰੀ ਵਿਚ ਕੁੱਝ ਵਾਅਦੇ ਵੀ ਕਰਦੇ ਹਨ। ਪਰ ਹਕੂਮਤ ਦਾ ਪੱਖ ਪੂਰਦਿਆਂ ਮੁੜਕੇ ਉਹ ਸਾਰੇ ਵਾਅਦੇ ਧਰੇ ਧਰਾਏ ਰਹਿ ਜਾਂਦੇ ਹਨ।

ਅੱਜ ਦੇ ਜਥੇਦਾਰ ਜਾਂ ਮਹੰਤਾਂ ਵੇਲੇ ਦੇ ਸਰਬਰਾਹਾਂ ਵਿਚ ਕੋਈ ਬਹੁਤਾ ਅੰਤਰ ਨਹੀਂ ਰਿਹਾ। ਉਸ ਸਮੇਂ ਜਲਿਆਂ ਵਾਲਾ ਬਾਗ ਕਾਂਡ ਦੇ ਦੋਸ਼ੀ ਜਨਰਲ ਐਡਵਾਇਰ ਨੂੰ ਸਿਰੋਪੇ ਦਿੱਤੇ ਜਾਂਦੇ ਸਨ ਅਤੇ ਅੱਜ ਭਾਈ ਹਰਮੰਦਰ ਸਿੰਘ ਡੱਬਵਾਲੀ, ਭਾਈ ਕਮਲਜੀਤ ਸਿੰਘ ਸੁਨਾਮ, ਭਾਈ ਦਰਸ਼ਨ ਸਿੰਘ ਲੁਹਾਰਾ ਅਤੇ ਭਾਈ ਜਸਪਾਲ ਸਿੰਘ ਚੌੜਸਿੱਧਵਾਂ ਦੇ ਕਤਲ ਕਰਾਉਣ ਵਾਲੀ ਸਰਕਾਰ ਦੇ ਮੁਖੀ ਨੂੰ "ਫ਼ਖ਼ਰੇ-ਏ-ਕੌਮ" ਦੇ ਸਨਮਾਨਾਂ ਨਾਲ ਨਿਵਾਜਿਆ ਜਾ ਰਿਹਾ ਹੈ

ਹੁਣ ਸਮਾਂ ਮੰਗ ਕਰਦਾ ਹੈ ਕਿ ਜੇਕਰ ਪਹਿਲੇ ਸੇਵਾਦਾਰ ਭਾਈ ਗੁਰਦਾਸ ਜੀ ਨੂੰ ਗੁਰੂ ਸਾਹਿਬ ਨੇ ਕੋਈ ਹੁਕਮਨਾਮਾ ਜਾਰੀ ਕਰਨ ਦਾ ਅਧਿਕਾਰ ਨਹੀਂ ਦਿੱਤਾ ਸੀ, ਸਗੋਂ ਸੇਵਾ ਤੇ ਸੰਭਾਲ ਦੀ ਜਿੰਮੇਵਾਰੀ ਸੌਂਪੀ ਸੀ, ਤਾਂ ਫ਼ਿਰ ਅੱਜ ਜਿਥੇ ਸਿੱਖਾਂ ਦੇ ਜਜ਼ਬਾਤ ਸਿੱਖ ਹਿੱਤਾਂ ਲਈ ਉਭਰਦੇ ਹੋਣ ਉਨ੍ਹਾਂ ਤੇ ਠੰਡਾ ਛਿੱਟਾ ਦੇਣ ਲਈ ਇਸ ਪਦਵੀ ਦੀ ਵਰਤੋਂ ਕਿਉਂ ਹੋ ਰਹੀ ਹੈ। ਕਿਉਂਕਿ ਨਹੀਂ ਇਹ ਹੁਕਮਨਾਮੇਂ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਜਾਰੀ ਹੁੰਦੇ ਸ਼ਰੇਆਮ ਸ਼੍ਰੋਮਣੀ ਕਮੇਟੀ ਚੋਣਾਂ ਵਿਚ ਸ਼ਰਾਬਾਂ ਵਰਤਾਉਂਦੇ ਹੋਣ, ਜਿਹੜਾ ਨਿਜ਼ਾਮ ਸਿੱਖ ਵਿਰੋਧੀ ਡੇਰਿਆਂ ਨੂੰ ਸਰਕਾਰੀ ਸੁਰੱਖਿਆ ਦੇ ਕੇ ਸਿੱਖਾਂ ਦੇ ਧਰਮ ਨੂੰ ਮੂੰਹ ਚੜਾਉਂਦਾ ਹੋਵੇ। ਇਹ ਜਥੇਦਾਰ ਸਿਰਫ਼ ਭਾਈ ਗੁਰਬਖ਼ਸ਼ ਸਿੰਘ ਵਰਗੇ ਵੀਰ ਦੀ ਭੁੱਖ ਹੜਤਾਲ ਬਿਨਾਂ ਕਿਸੇ ਪ੍ਰਾਪਤੀ ਤੋਂ ਖ਼ਤਮ ਕਰਨ ਲਈ ਤੁਰੰਤ ਹਰਕਤ ਵਿਚ ਕਿਉਂ ਆਉਂਦੇ ਹਨ, ਜਦੋਂ ਕਿ ਸਮੇਂ ਦੇ ਅਕਾਲੀ ਹਾਕਮ ਨੂੰ ਵਿਧਾਨ ਸਭਾ ਵਿਚ ਦੋ ਲਾਇਨਾਂ ਦਾ ਮਤਾ ਪਾਉਣ ਲਈ ਕਹਿਣ ਵਾਸਤੇ ਇਨ੍ਹਾਂ ਦਾ ਹੀਆ ਨਹੀਂ ਪੈਂਦਾ।

ਸੋ, ਇਸ ਸਮੇਂ ਪੰਥ ਨੂੰ ਬੜੀ ਗੰਭੀਰਤਾ ਨਾਲ ਸੋਚਣਾ ਪਵੇਗਾ ਕਿ ਗੁਰੂ ਹਰਗੋਬਿੰਦ ਸਾਹਿਬ ਗੁਰੂ ਸਨ। ਜਿਨ੍ਹਾਂ ਦੀ ਜੋਤ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵਿਚ ਸੀ। ਅਤੇ ਉਨ੍ਹਾਂ ਨੇ ਨਾਂਦੇੜ ਦੀ ਧਰਤੀ 'ਤੇ ਇਸ ਸੰਸਾਰ ਤੋਂ ਸਰੀਰਕ ਰੂਪ ਵਿਚ ਸੁਰਖ਼ਰੂ ਹੋਣ ਲੱਗਿਆਂ ਸਿੱਖਾਂ ਨੂੰ ਭਰੋਸਾ ਦਿੱਤਾ ਸੀ ਕਿ ਅੱਜ ਤੋਂ ਸਾਡੀ ਆਤਮਾ ਗ੍ਰੰਥ ਵਿਚ ਅਤੇ ਪ੍ਰਾਣ ਪੰਥ ਵਿਚ ਹੋਣਗੇ। ਫ਼ਿਰ ਅੱਜ ਗੁਰੂ ਦੇ ਪ੍ਰਾਣਾਂ ਵਾਲਾ ਪੰਥ ਕੁੱਝ ਉਨ੍ਹਾਂ ਲੋਕਾਂ ਤੋਂ ਖੁਆਰ ਕਿਉਂ ਹੋ ਰਿਹਾ ਹੈ। ਜਿਨ੍ਹਾਂ ਨੂੰ ਜਹਾਂਗੀਰੀ ਸੋਚ ਭਾਵ ਸਮੇਂ ਦੇ ਹਾਕਮ ਚਲਾਉਂਦੇ ਹਨ, ਪੰਥ ਨੂੰ ਚਾਹੀਦਾ ਹੈ ਕਿ ਖ਼ੁਦ ਅਕਾਲ ਬੁੰਗੇ ਤੇ ਬੈਠ ਕੇ ਜਹਾਂਗੀਰੀ ਸੋਚ ਦਾ ਮੁਕਾਬਲਾ ਕਰੇ ਅਤੇ ਉਨ੍ਹਾਂ ਸਰਬਰਾਹਾਂ ਨੂੰ ਜਿਹੜੇ ਕਦੇ ਜਨਰਲ ਅਡਵਾਇਰ ਨੂੰ ਸਿਰੋਪਾਓ ਦੇਣ ਕਦੇ ਪ੍ਰੋਫੈਸਰ ਗੁਰਮੁੱਖ ਸਿੰਘ ਪੰਥ ਵਿਚੋਂ ਛੇਕ ਦੇਣ ਅਤੇ ਕਦੇ ਕਿਸੇ ਨੂੰ "ਫ਼ਖ਼ਰ-ਏ-ਕੌਮ" ਦੇ ਖ਼ਿਤਾਬ ਨਾਲ ਨਿਵਾਜ ਦੇਣ।

ਇਹ ਫ਼ੈਸਲਾ ਪੰਥ ਨੂੰ ਆਪਣੀ ਆਜ਼ਾਦ ਨਿਰਾਲੀ ਤੇ ਨਿਆਰੀ ਹਸਤੀ ਦੀ ਸਲਾਮਤੀ ਦੇ ਨਾਲ ਨਾਲ ਗੁਰੂ ਸਿਧਾਂਤ ਨਾਲ ਗੁਰ ਮਰਿਯਾਦਾ ਦੀ ਰਾਖ਼ੀ ਲਈ ਤੁਰੰਤ ਕਰਨਾ ਪਵੇਗਾ, ਕਿ ਅਕਾਲ ਬੁੰਗੇ 'ਤੇ ਬੈਠਾ ਕੋਈ ਸੇਵਾਦਾਰ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹਿ ਦੇ ਇਸ ਅਸਥਾਨ ਤੋਂ ਕਿਸੇ ਜਹਾਂਗੀਰ ਦੀ ਤਰਜ਼ਮਾਨੀ ਨਾ ਕਰੇ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top