Share on Facebook

Main News Page

ਭਾਈ ਗੁਰਬਖਸ ਸਿੰਘ ਖਾਲਸਾ ਵਲੋਂ ਅਰੰਭੇ ਸੰਘਰਸ਼ ਦੀ ਸੰਖੇਪ ਪੜਚੋਲ
-: ਦਲਜੀਤ ਸਿੰਘ ਇਡੀਆਨਾ

ਭਾਈ ਗੁਰਬਖਸ ਸਿੰਘ ਖਾਲਸਾ ਜਿਹਨਾ ਨੇ ਛੇ ਸਿੰਘਾਂ ਦੀ ਰਿਹਾਈ ਵਾਸਤੇ ਭੁੱਖ ਹੜਤਾਲ ਰੱਖੀ ਸੀ, ਜੋ ਕੁਝ ਸਿੰਘਾਂ ਨੂੰ ਪੈਰੋਲ ਮਿਲਣ ਤੋਂ ਬਾਅਦ ਖਤਮ ਹੋ ਗਈ ਹੈ। ਭਾਈ ਗੁਰਬਖਸ ਸਿੰਘ ਖਾਲਸਾ ਸੁਖੀ ਸਾਂਦੀ ਆਪਣੇ ਘਰ ਚਲੇ ਗਏ ਹਨ, ਪਰ ਹੁਣ ਮੇਰੇ ਵਰਗੇ ਫੇਸ੍ਬੁਕੀ ਵਿਦਵਾਨਾਂ ਨੇ ਆਪਣੇ ਸਿੰਗ ਫਸਾ ਲਏ ਹਨ .. ਕੋਈ ਕਹਿੰਦਾ ਗੁਰਬਖਸ਼ ਸਿੰਘ ਗੱਦਾਰ ਹੈ, ਓਹ ਅਰਦਾਸ ਕਰਕੇ ਭੱਜ ਗਿਆ.. ਕੋਈ ਕਹਿੰਦਾ ਓਹ ਸੰਘਰਸ਼ ਜਿੱਤ ਗਿਆ ਹੈ ..

ਸਭ ਦਾ ਆਪੋ ਆਪਣਾ ਨਜਰੀਆ ਹੈ ਸੋਚਣ ਦਾ, ਪਰ ਇਸ ਸੰਘਰਸ਼ ਦੋਰਾਨ ਸਿੱਖ ਕੌਮ ਨੇ ਕੀ ਖੱਟਿਆ ਅਤੇ ਕੀ ਗਵਾਇਆ, ਇਸ ਬਾਰੇ ਆਪਾਂ ਥੋੜੇ ਸ਼ਬਦਾਂ ਵਿਚ ਚਰਚਾ ਕਰਦੇ ਹਾਂ।

ਸਭ ਤੋਂ ਪਹਿਲੀ ਪ੍ਰਾਪਤੀ ਇਹ ਕਿ ..ਇਸ ਲਹਿਰ ਰਾਹੀ ਦੇਸ਼ਾਂ ਵਿਦੇਸਾਂ ਵਿਚ ਖਾਸਕਰ ਨੌਜਵਾਨ ਤਬਕੇ ਜਿਹੜੇ 1990 ਤੋਂ ਬਾਅਦ ਜਨਮੇ ਹਨ, ਓਨ੍ਹਾਂ ਤੱਕ ਇਹ ਗੱਲ ਅਸੀਂ ਵਧੀਆ ਤਰੀਕੇ ਨਾਲ ਪਹੁਚਾਉਣ ਵਿੱਚ ਕਾਮਯਾਬ ਹੋਏ ਹਾਂ ਕਿ ਸਿੱਖਾਂ ਨਾਲ ਬੇਇਨਸਾਫੀ ਹੋ ਰਹੀ ਹੈ। ਇਸ ਨਾਲ ਹਰ ਓਸ ਇਨਸਾਨ ਦੇ ਦਿਲ ਵਿੱਚ ਸਿੱਖਾਂ ਨਾਲ ਹਮਦਰਦੀ ਜਰੂਰ ਹੋਈ ਹੈ, ਜਿਹੜੇ ਇਨਸਾਨੀਅਤ ਨੂੰ ਪਿਆਰ ਕਰਦੇ ਹਨ ਕਿ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ, ਸਿੱਖ ਤਾਂ ਜੇਲਾਂ ਵਿਚ ਰੁਲ ਰਹੇ ਹਨ, ਕਿਓੁਂਕਿ ਓਹ ਸਿੱਖ ਹਨ।

ਅਗਲੀ ਵੱਡੀ ਕਾਮਯਾਬੀ ਇਹ ਹੈ ਕਿ ਸਰਕਾਰਾਂ ਵਲੋਂ ਅਤੇ ਮੀਡੀਏ ਵਲੋਂ ਇਸ ਸੰਘਰਸ਼ ਨੂੰ ਕੋਈ ਬਹੁਤੀ ਅਹਮੀਅਤ ਨਾ ਦੇਣ ਦੇ ਬਾਨਾਂਜੂਦ ਸ਼ੋਸ਼ਲ ਮੀਡੀਏ ਨੇ ਜਿਸ ਤਰਾਂ ਇਸ ਸੰਘਰਸ ਨੂੰ ਘਰ ਘਰ ਤੱਕ ਪਹੁਚਾਇਆ ਹੈ, ਓਸ ਨੇ ਸਰਕਾਰਾਂ ਨੂੰ ਸੋਚਣ ਵਾਸਤੇ ਮਜਬੂਰ ਕਰ ਦਿਤਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਸ਼ੋਸ਼ਲ ਮੀਡੀਏ ਰਾਹੀਂ ਕੋਈ ਵੀ ਲੋਕ ਲਹਿਰ ਬਣ ਸਕਦੀ ਹੈ। ਕਾਸ਼ 1984 ਵੇਲੇ ਸ਼ੋਸ਼ਲ ਮੀਡੀਆ ਹੁੰਦਾ ਤਾਂ ਸਿੱਖਾਂ ਦੇ ਕਾਤਿਲ ਅਜ ਜੇਲਾਂ ਵਿਚ ਹੁੰਦੇ। ਸ਼ੋਸ਼ਲ ਮੀਡਿਆ ਖਾਸ ਕਰਕੇ ਘਟ ਗਿਣਤੀ ਕੌਮਾਂ ਵਾਸਤੇ ਬਹੁਤ ਹੀ ਸਾਰਥਿਕ ਸਾਧਨ ਹੈ, ਜਿਸ ਦਿਨ ਪਿੰਡ ਪਿੰਡ ਇਨਟਰਨੇਟ ਹੋ ਜਾਵੇਗਾ, ਓਸ ਦਿਨ ਤਸਵੀਰ ਹੋਰ ਵੀ ਬਦਲ ਜਾਵੇਗੀ, ਇਹ ਵੀ ਇਸ ਸੰਘਰਸ਼ ਦੀ ਇਕ ਪ੍ਰਾਪਤੀ ਹੈ ।

ਉਸ ਤੋਂ ਅਗਲੀ ਪ੍ਰਾਪਤੀ ਇਸ ਸੰਘਰਸ ਦੀ ਇਹ ਹੈ ਕਿ ਜਿਹੜੇ ਸਿੰਘ ਬੁੜੈਲ ਜੇਲ ਵਿਚ ਸਜ਼ਾ ਪੂਰੀ ਹੋਣ ਦੇ ਬਾਵਜੂਦ ਵੀ ਜੇਲਾਂ ਵਿਚ ਰੁਲ ਰਹੇ ਸਨ, ਓਹਨਾ ਦੀ ਰਿਹਾਈ ਤਾਂ ਇੱਕ ਪਾਸੇ ਪੈਰੋਲ ਵੀ ਨਹੀਂ ਮਿਲਦੀ ਸੀ। ਸੋ, ਇਸ ਸੰਘਰਸ਼ ਦੇ ਨਾਲ ਓਨ੍ਹਾਂ ਨੂੰ ਪੈਰੋਲ ਮਿਲੀ ਹੈ ਅਤੇ ਹੋ ਸਕਦਾ ਆਉਣ ਵਾਲੇ ਸਮੇਂ ਵਿਚ ਵਿੱਚ ਪੱਕੀ ਰਿਹਾਈ ਮਿਲ ਜਾਵੇ, ਕਿਉਂਕਿ ਕਈ ਵਾਰੀ ਕਾਨੂਨੀ ਪ੍ਰਕਿਰਿਆ ਵੀ ਹੁੰਦੀ ਹੈ, ਇਕੱਲੀ ਆਪਣੀ ਜਿੱਦ ਨਹੀਂ ਚਲਦੀ। ਜਿਹੜੇ ਇਥੇ ਰੌਲਾ ਪਾਉਂਦੇ ਹਨ ਕਿ ਗੁਰਬਖਸ ਸਿੰਘ ਅਰਦਾਸ ਕਰਕੇ ਭੱਜ ਗਿਆ ਹੈ ਓਹਨਾ ਵਾਸਤੇ ਇਥੇ ਜਾਣਕਾਰੀ ਦੇਣੀ ਜਰੂਰੀ ਹੈ, ਕਿ ਭਾਈ ਗੁਰਬਖਸ ਸਿੰਘ ਨੇ ਅਸਲ ਵਿਚ ਤਿੰਨ ਸਿੰਘਾਂ ਦੀ ਰਿਹਾਈ ਦੀ ਹੀ ਅਰਦਾਸ ਕੀਤੀ ਸੀ, ਪਰ ਪਰ ਜਦੋਂ ਸੰਘਰਸ਼ ਜੋਰ ਫੜ ਗਿਆ, ਤਾਂ ਤਿੰਨ ਸਿੰਘ ਹੋਰ ਰਿਆਹ ਕਰਵਾਉਣ ਵਾਰੇ ਵਿਚ ਮੰਗ ਐਡ ਕਰ ਲਈ। ਇਨ੍ਹਾਂ ਤਿੰਨ ਸਿੰਘਾਂ ਦੀ ਰਿਹਾਈ ਦਾ ਮਾਮਲਾ ਹੀ ਕਿਓਂ ਸ਼ੁਰੂ ਹੋਇਆ, ਕਿਓੁਂਕਿ ਭਾਈ ਗੁਰਬਖਸ ਸਿੰਘ ਵੀ ਬੁੜੈਲ ਵਿਚ ਕੈਦ ਕੱਟ ਚੁਕਾ ਹੈ, ਪਰ ਜਦੋਂ ਜਦੋਂ ਇਹ ਜੇਲ ਵਿਚੋ ਜਮਾਨਤ 'ਤੇ ਰਿਆਹ ਹੋਕੇ ਆਉਣ ਲੱਗਾ, ਤਾਂ ਬੇਅੰਤ ਕਤਲ ਕੇਸ਼ ਵਿਚ ਸਜਾ ਪੂਰੀ ਕਰ ਚੁਕੇ ਭਾਈ ਗੁਰਮੀਤ ਸਿੰਘ ਨੇ ਕਿਹਾ, "ਗੁਰਬਖਸ ਸਿਆਂ ਵੀਰ ਮੇਰੀ ਭੈਣ ਕਵਾਰੀ ਬੈਠੀ ਹੈ, ਜਿਹੜੀ ਗੂੰਗੀ ਅਤੇ ਬੋਲੀ ਹੈ। ਵੀਰ ਜੇਕਰ ਹੋ ਸਕੇ, ਤਾਂ ਬਾਹਰ ਜਾਕੇ ਮੇਰੀ ਭੈਣ ਦਾ ਵਿਆਹ ਕਰ ਦੇਵੀ"(ਕਿਉਂਕਿ ਗੁਰਮੀਤ ਸਿੰਘ ਸਮੇਤ ਜਿੰਨੇ ਕੇਸ ਵਿਚ ਫੜੇ ਗਏ ਸਨ, ਸਾਰੇ ਘਰੋਂ ਗਰੀਬ ਸਨ। ਅੱਜ ਤੱਕ ਕਿਸੇ ਪੰਥ ਦਰਦੀ, ਕਿਸੇ ਸਾਧ ਸੰਤ ਜਾਂ ਸ਼ਿਰੋਮਣੀ ਕਮੇਟੀ ਨੇ ਇਨਾ ਦੀ ਸਾਰ ਨਹੀਂ ਲਈ) ਇਸ ਗੱਲ ਨੇ ਗੁਰਬਖਸ ਸਿੰਘ ਨੂੰ ਝੰਜੋੜਿਆ ਤੇ ਗੁਰਬਖਸ ਸਿੰਘ, ਭਾਈ ਗੁਰਮੀਤ ਸਿੰਘ ਦੇ ਘਰ ਗਿਆ। ਪਰ ਗੁਰਮੀਤ ਸਿੰਘ ਦੀ ਭੈਣ ਨੇ ਇਕ ਸ਼ਰਤ ਹੋਰ ਰਖ ਦਿੱਤੀ ਕਿ ਜਿੰਨੀ ਦੇਰ, ਮੇਰੇ ਭਰਾ ਜੇਲ ਤੋਂ ਬਾਹਰ ਨਹੀਂ ਆਉਂਦਾ, ਮੈਂ ਵਿਆਹ ਨਹੀਂ ਕਰਵਾਉਣਾ ..

ਇਸ ਗੱਲ ਤੋ ਪ੍ਰਭਾਵਤ ਹੋਕੇ ਭਾਈ ਗੁਰਬਖਸ ਸਿੰਘ ਨੇ ਕਈ ਲੀਡਰਾਂ, ਜਥੇਦਾਰਾਂ, ਡੇਰਿਆਂ ਵਾਲੇ ਸਾਧਾਂ ਸੰਤਾਂ ਕੋਲ ਪਹੁੰਚ ਕੀਤੀ (ਕਿਉਂਕਿ ਗੁਰਬਖਸ ਸਿੰਘ ਨੂੰ ਇੱਕ ਭੁਲੇਖਾ ਸੀ ਅਤੇ ਅਜ ਵੀ ਹੈ, ਕਿ ਜਿਹੜੇ ਚੋਲਿਆਂ ਵਾਲੇ ਸਾਧ ਨੇ, ਖਰੇ ਇਹ ਪੰਥ ਦਰਦੀ ਨੇ, ਇਹ ਗੱਲ ਭਾਈ ਗੁਰਬਖਸ ਸਿੰਘ ਦੀਆਂ ਵੀਡੀਓ ਦੇਖਣ ਤੋਂ ਪਤਾ ਲਗਦਾ ਹੈ, ਕਿ ਓਸ ਦਾ ਝੁਕਾਅ ਸਾਧਾਂ, ਸੰਤਾਂ ਵਲ ਜਿਆਦਾ ਹੀ ਰਿਹਾ ਹੈ) ਪਰ ਕਿਸੇ ਨੇ ਭਾਈ ਗੁਰਬਖਸ ਸਿੰਘ ਦੀ ਇਸ ਗੱਲ ਵੱਲ ਧਿਆਨ ਨਹੀਂ ਦਿਤਾ, ਹੋਰ ਕੋਈ ਚਾਰਾ ਨਾ ਚਲਦਾ ਦੇਖ ਕੇ, ਭਾਈ ਗੁਰਬਖਸ ਸਿੰਘ ਖਾਲਸਾ ਨੇ ਭੁਖ ਹੜਤਾਲ ਰੱਖਣ ਦਾ ਫੈਸਲਾ ਕੀਤਾ ਅਤੇ ਭੁੱਖ ਹੜਤਾਲ 'ਤੇ ਬੈਠ ਗਿਆ। ਪਹਿਲੇ ਦਸ ਬਾਰਾਂ ਦਿਨ ਤਾਂ ਓਥੇ ਕੋਈ ਨਾਮੀਗਰਾਮੀ ਬੰਦਾ ਨਹੀਂ ਪਹੁਚਿਆ, ਕਿਉਂਕਿ ਇਹਨਾ ਸਿਆਸੀ ਲੀਡਰਾਂ ਸਾਧਾਂ ਸੰਤਾਂ ਨੂੰ ਲਗਦਾ ਸੀ, ਇਸ ਨੇ ਕੀ ਕਰ ਲੈਣਾ ਹੈ? ਪਰ ਜਦੋ ਸ਼ੋਸ਼ਲ ਮੀਡੀਏ ਰਾਹੀਂ ਇਹ ਗੱਲ ਬਾਹਰਲੇ ਮੁਲਕਾਂ ਵਿਚ ਫੈਲੀ ਅਤੇ ਬਾਹਰਲੇ ਲੋਕਾਂ ਨੇ ਐਲਾਨ ਕਰ ਦਿਤਾ ਕਿ ਜਿਹੜਾ ਸਾਧ, ਸੰਤ, ਜਥੇਦਾਰ, ਰਾਗੀ, ਢਾਡੀ, ਪ੍ਰਚਾਰਕ ਭਾਈ ਗੁਰਬਖਸ਼ ਸਿੰਘ ਦੀ ਹਮਾਇਤ ਨਹੀਂ ਕਰੇਗਾ, ਅਸੀਂ ਓਨ੍ਹਾਂ ਨੂੰ ਬਾਹਰਲੇ ਦੇਸ਼ਾਂ ਦੀਆਂ ਸਟੇਜਾਂ ਤੋ ਬੋਲਣ ਨਹੀਂ ਦੇਣਾ, ਤਾਂ ਆਪਣੇ ਡਾਲਰ ਪੌਂਡ ਖੁਸਦੇ ਦੇਖ, ਫੇਰ ਸਭ ਦੀ ਦੌੜ ਗੁਰਦਵਾਰਾ ਅੰਬ ਸਾਹਿਬ ਨੂੰ ਲੱਗੀ ਅਤੇ ਹਰ ਇਕ ਗੁਰਬਖਸ ਸਿੰਘ ਨਾਲ ਬੈਠ ਕੇ ਫੋਟੋ ਖਿਚਵਾਉਣ ਲੱਗਾ, ਤਾਂ ਕਿ ਬਾਹਰਲੇ ਸਿੱਖਾਂ ਦੇ ਗੁੱਸੇ ਤੋਂ ਬਚਿਆ ਜਾ ਸਕੇ। ਇਸ ਦੋਰਾਨ ਜਿਹੜੇ ਪਹਿਲੇ ਵੀਹ ਕੁ ਦਿਨ ਭਾਈ ਗੁਰਬਖਸ ਸਿੰਘ ਕੋਲ ਜਾਂਦੇ ਰਹੇ ਓਹ ਸੱਚੇ ਦਿਲੋਂ ਗਏ ਸੀ, ਪਰ ਜਿਹੜੇ ਓਸ ਤੋਂ ਬਾਅਦ ਸਰਗਰਮ ਹੋਏ, ਓਹ ਸਰਕਾਰੀ ਇਸ਼ਾਰਿਆਂ ਤੇ ਸਰਗਰਮ ਹੋਏ ਸਨ। ਇਸ ਦੌਰਾਨ ਜਦੋਂ ਲੁਧਿਆਣੇ ਕੱਬਡੀ ਮੈਚ ਦੋਰਾਨ ਨੌਜਵਾਨ ਗੁਰਪ੍ਰੀਤ ਸਿੰਘ ਗੁਰੀ ਸਟੇਜ 'ਤੇ ਚੜਕੇ ਗੱਜਿਆ ਤਾਂ ਫੇਰ ਸਰਕਾਰ ਦੇ ਕੰਨਾਂ ਵਿਚ ਜੂੰ ਸਰਕੀ, ਤਾਂ ਫੇਰ ਸਰਕਾਰ ਦੇ ਆਪਣੀ ਬੀ ਟੀਮ ਨੂੰ ਥਾਪੀ ਦਿੱਤੀ ..

ਇਸ ਵਾਰ ਬੀ ਟੀਮ ਦੀ ਕਮਾਂਡ ਸੰਤ ਸਮਾਜ ਦੇ ਧੁੰਮੇ ਵੀ ਬਜਾਏ, ਸੰਤ ਸਮਾਜ ਦੇ ਜਨਰਲ ਸਕਤਰ ਹਰੀ ਸਿੰਘ ਰੰਧਾਵੇ ਵਾਲੇ ਨੂੰ ਦਿੱਤੀ ਅਤੇ ਫੈਡਰੇਸ਼ਨ ਵਾਲੀ ਕਮਾਂਡ ਮਹਿਤੇ ਚਾਵਲੇ ਵਾਲੀ ਫੈਡਰੇਸ਼ਨ ਦੀ ਬਜਾਏ, ਕਰਨੈਲ ਸਿੰਘ ਪੀਰ ਮੁਹਮੰਦ ਨੂੰ ਦਿੱਤੀ, ਕਿਉਂਕਿ ਮਹਿਤੇ ਚਾਵਲੇ ਵਾਲੀ ਫੈਡਰੇਸ਼ਨ ਵਾਲੇ ਪਰਮਜੀਤ ਸਿੰਘ ਖਾਲਸੇ ਅਤੇ ਧੁੰਮੇ ਤੋਂ ਲੋਕ ਵਾਕਿਫ਼ ਹੋ ਚੁੱਕੇ ਸਨ, ਇਸ ਕਰਕੇ ਇਸ ਵਾਰ ਜੁੰਮੇਵਾਰੀ ਰੰਧਾਵੇ ਵਾਲੇ ਸਾਧ ਅਤੇ ਪੀਰ ਮੁਹਮੰਦ ਨੂੰ ਦਿਤੀ, ਜਿਹਨਾ ਅਖੀਰ ਤੱਕ ਇਹ ਜੁੰਮੇਵਾਰੀ ਖੂਬ ਨਿਭਾਈ। ਇਹਨਾ ਨੇ ਭਾਈ ਗੁਰਬਖਸ਼ ਸਿੰਘ ਦਾ ਬ੍ਰੇਨ ਵਾਸ਼ ਕਰਨਾ ਸ਼ੁਰੂ ਕਰ ਦਿਤਾ। ਇਹ ਦੋਨੋ ਜਣੇ ਭਾਈ ਸਾਹਿਬ ਦੇ ਆਲੇ ਦਵਾਲੇ ਬੈਠੇ ਰਹਿੰਦੇ ਸਨ ਅਤੇ ਪਲ ਪਲ ਦੀ ਖਬਰ ਸਰਕਾਰ ਨੂੰ ਦੇ ਰਹੇ ਸਨ। ਜੇਕਰ ਹਰੀ ਸਿੰਘ ਰੰਧਾਵੇ ਵਾਲਾ ਗੈਰਹਾਜਿਰ ਹੁੰਦਾ, ਤਾਂ ਓਸ ਦਾ ਮੁੰਡਾ ਗੁਰਪ੍ਰੀਤ ਸਿੰਘ ਆਕੇ ਬੈਠ ਜਾਂਦਾ। ਪਿਛਲੇ ਦਿਨਾ ਵਿਚ ਇਹਨਾ ਦਾ ਇਨਾ ਜੋਰ ਚੜ ਗਿਆ ਕਿ ਸਟੇਜ ਵੀ ਇਹਨਾ ਕੋਲ ਆ ਗਈ ਅਤੇ ਇਹਨਾ ਭਾਈ ਗੁਰਬਖਸ ਸਿੰਘ ਦੇ ਕੰਨ ਭਰਨੇ ਸ਼ੁਰੂ ਕਰ ਦਿਤੇ। ਭਾਈ ਗੁਰਬਖਸ ਸਿੰਘ ਵੀ ਇਹਨਾ ਦਾ ਪ੍ਰਭਾਵ ਕਬੂਲ ਚੁਕਾ ਸੀ ਅਤੇ ਇਹ ਓਹਨਾ ਪੰਥ ਦਰਦੀਆਂ ਨੂੰ ਤਕਰੀਬਨ ਭੁਲ ਚੁੱਕਾ ਸੀ ਜਿਹੜੇ ਪਹਿਲੇ ਦਿਨ ਤੋਂ ਇਸ ਸੰਘਰਸ਼ ਦੇ ਨਾਲ ਸਨ। ਇਨ੍ਹਾਂ ਸਰਕਾਰੀ ਬੰਦਿਆਂ ਲੋਕਾਂ ਨੂੰ ਭਾਈ ਗੁਰਬਖਸ ਸਿੰਘ ਦੇ ਦੇ ਦਿਲ ਵਿਚ ਜਥੇਦਾਰ ਦਾ ਪ੍ਰਤੀ ਹਮਦਰਦੀ ਭਰ ਦਿਤੀ, ਜਿਹੜਾ ਭਾਈ ਗੁਰਬਖਸ ਸਿੰਘ ਜਥੇਦਾਰਾਂ ਨੂੰ ਆੜੇ ਹਥੀ ਲੈਂਦਾ ਸੀ, ਓਹ ਹੁਣ ਜਥੇਦਾਰਾਂ ਦੀਆਂ ਸਿਫਤਾਂ ਦੇ ਪੁਲ ਬੰਨ ਰਿਹਾ ਸੀ ਅਤੇ ਜਿਹੜੇ ਪਹਿਲੇ ਦਿਨ ਤੋਂ ਨਾਲ ਸਨ, ਓਹਨਾ ਨੂੰ ਅਣਗੌਲਿਆ ਕਰ ਦਿੱਤਾ। ਜਦੋਂ ਇਨ੍ਹਾਂ ਭਾਈ ਗੁਰਬਖਸ ਸਿੰਘ ਦਾ ਪੂਰਨ ਤੌਰ 'ਤੇ ਬ੍ਰੇਨ ਵਾਸ਼ ਕਰ ਦਿਤਾ, ਫੇਰ ਇਨ੍ਹਾਂ ਸਿੱਖੀ ਦੇ ਭੇਸ ਵਾਲੇ ਸਰਕਾਰੀ ਦੱਲਿਆਂ ਨੇ ਜਥੇਦਾਰ ਅਤੇ ਧੁੰਮੇ ਨੂੰ ਹਰੀ ਝੰਡੀ ਦਿਤੀ, ਵੀ ਆ ਜਾਓ ਹੁਣ ਗੇਂਦ ਆਪਣੇ ਪਾੜੇ ਵਿਚ ਹੈ, ਤੇ ਝੱਟ ਦੇਣੇ ਜਥੇਦਾਰ ਟਾਸਕ ਫੋਰਸ ਦੇ ਬੰਦੇ ਲੈਕੇ ਓਥੇ ਪਹੁੰਚੇ ਅਤੇ ਸਾਰਾ ਸੰਘਰਸ ਅਤੇ ਭਾਈ ਗੁਰਬਖਸ ਸਿੰਘ ਨੂੰ ਆਪਣੇ ਹੱਕ ਵਿੱਚ ਭੁਗਤਾਇਆ ਗਿਆ। ਜੋ ਲੋਕ ਗੁਰਬਖਸ ਸਿੰਘ ਬਾਰੇ ਰੌਲਾ ਪਾਉਂਦੇ ਹਨ, ਕਿ ਓਹ ਵਿਕ ਗਿਆ ਹੈ, ਨਹੀਂ ਮੈਨੂੰ ਇਸ ਤਰਾਂ ਨਹੀਂ ਲਗਦਾ, ਕਿਉਂਕਿ ਕਈ ਵਾਰ ਬੰਦਾ ਇਹੋ ਜਿਹੇ ਭੇਖ ਵਾਲੇ ਬੰਦਿਆ ਦਾ ਪ੍ਰਭਾਵ ਕਬੂਲ ਜਾਂਦਾ ਹੈ, ਕਿਉਂਕਿ ਭਾਈ ਗੁਰਬਖਸ ਸਿੰਘ ਇਕ ਸਿਧਾ ਸਾਧਾ ਇਨਸਾਨ ਹੈ, ਓਸ ਵਿਚ ਵਲ ਫੇਰ ਨਹੀਂ ਹੈ ਅਤੇ ਓਹ ਇਨ੍ਹਾਂ ਭੇਖੀ ਲੋਕਾਂ ਦੀਆਂ ਚਾਲਾਂ ਤੋ ਵਾਕਿਫ਼ ਨਹੀਂ ਹੈ, ਕਿ ਇਹ ਸਰਕਾਰੀ ਦੱਲੇ, ਕਿਵੇਂ ਧੋਬੀ ਪਟਕਾ ਮਾਰਦੇ ਹਨ।

ਪਰ ਇਸ ਸੰਘਰਸ਼ ਤੋਂ ਇਕ ਵੱਡੀ ਪ੍ਰਾਪਤੀ ਇਹ ਹੈ, ਕਿ ਕਾਫੀ ਲੋਕਾਂ ਨੂੰ ਸਮਝ ਆਈ ਹੈ ਕਿ ਇਸ ਸੰਘਰਸ਼ ਦੋਰਾਨ ਕਿਹੜਾ ਸੱਚੇ ਦਿਲੋਂ ਹਮਾਇਤ ਕਰਦਾ ਹੈ, ਅਤੇ ਕਿਹੜਾ ਸਰਕਾਰ ਨੇ ਬਿਠਾਇਆ ਹੈ। ਇਨ੍ਹਾਂ ਜਥੇਦਾਰਾਂ ਅਤੇ ਸੰਤ ਸਮਾਜ ਵਾਲਿਆਂ ਨੂੰ ਹੁਣ ਵਿਦੇਸ਼ੀ ਧਰਤੀ 'ਤੇ ਪੈਰ ਰਖਣ ਤੋ ਪਹਿਲਾਂ ਸੋਚਣਾ ਜ਼ਰੂਰ ਪਵੇਗਾ।

ਪਰ ਇਸ ਸੰਘਰਸ ਦੀ ਸਭ ਤੋਂ ਮਾੜੀ ਗੱਲ ਜਿਹੜੀ ਮੈਨੂ ਲੱਗੀ, ਕਿ ਇਨਾ ਵਧੀਆ ਸੰਘਰਸ਼ ਜੋ ਪੰਥ ਦਰਦੀਆਂ ਤੋ ਸ਼ੁਰੂ ਹੋਕੇ ਪੰਥ ਦੇ ਗਦਾਰਾਂ ਬਾਦਲ ਦੇ ਨੌਕਰਾਂ ਜੱਥੇਦਾਰਾਂ ਦੇ ਅੱਗੇ ਜਾ ਕੇ ਖਤਮ ਹੋਇਆ ਅਤੇ ਉਪਰੋ ਭਾਈ ਗੁਰਬਖਸ ਸਿੰਘ ਵਲੋਂ ਇਹ ਗੱਲ ਕਹਿਣੀ ਕਿ ਅਕਾਲ ਤਖ਼ਤ ਦਾ ਜਥੇਦਾਰ ਗੁਰੂ ਹਰਗੋਬਿੰਦ ਸਾਹਿਬ ਦੀ ਥਾਪਨਾ ਨਾਲ ਬਣਦਾ ਹੈ। ਪਰ ਸਾਇਦ ਭਾਈ ਗੁਰਬਖਸ ਸਿੰਘ ਨੂੰ ਇਹ ਗੱਲ ਭੁਲ ਗਈ ਕਿ ਅੱਜ ਕਲ ਦੇ ਜਥੇਦਾਰ ਬਾਦਲ ਦੇ ਜੇਬ੍ਹ ਵਿਚੋਂ ਨਿਕਲਦੇ ਹਨ। ਕੀ ਬਾਦਲ, ਗੁਰੂ ਹਰਗੋਬਿੰਦ ਸਾਹਿਬ ਹੈ? ਇਹੋ ਇਕੋ ਇਕ ਗੱਲ ਸੀ, ਜੋ ਮੈਨੂੰ ਵਧੀਆ ਨਹੀਂ ਲੱਗੀ। ਬਾਕੀ ਕੁਲ ਮਿਲਾ ਕੇ ਇਹ ਸੰਘਰਸ ਬਿਨਾ ਕਿਸੇ ਜਾਨੀ ਮਾਲੀ ਨੁਕਸਾਨ ਦੇ ਸੁਖੀ ਸਾਂਦੀ ਸਿਰੇ ਚੜ ਗਿਆ।

ਮੇਰੀ ਸਾਰੇ ਪੰਥ ਦਰਦੀਆਂ ਅੱਗੇ ਬੇਨਤੀ ਹੈ ਆਪੋ ਆਪਣੀ ਨੁਕਤਾਚੀਨੀ ਬੰਦ ਕਰਕੇ, ਇਸ ਸੰਘਰਸ਼ ਦੀਆਂ ਪ੍ਰਾਪਤੀਆ 'ਤੇ ਗੌਰ ਕਰੋ, ਤਾਂ ਕਿ ਆਉਣ ਵਾਲੇ ਸਮੇਂ ਵਿਚ ਇਹੋ ਜਿਹੇ ਸ਼ਾਂਤਮਈ ਸਘਰਸ਼ ਸਿੱਖਾਂ ਨੂੰ ਕੁਝ ਰਾਹਤ ਦਿਵਾ ਸਕਣ। ਪਰ ਨੋਟ ਕਰਨ ਵਾਲੀ ਗੱਲ ਹੈ ਇਸ ਸੰਘਰਸ਼ ਦੋਰਾਨ ਮੋਰਚੇਵਾਲੀ ਜਗਾਹ ਤੇ ਅਨੁਸ਼ਾਸ਼ਨ ਦੀ ਬਹੁਤ ਘਾਟ ਸੀ। ਸੋ, ਅੱਗੇ ਤੋਂ ਜੋ ਵੀ ਕੰਮ ਕਰਨਾ, ਪਹਿਲਾਂ ਓਸ ਦੀ ਰੂਪ ਰੇਖਾ ਤਿਆਰ ਕਰਕੇ ਕਰੋ, ਤਾਂ ਕਿ ਘੱਟ ਤਾਕਤ ਲਾਕੇ ਵਧ ਪ੍ਰਾਪਤੀ ਕੀਤੀ ਜਾ ਸਕੇ। ਗੱਲਾਂ ਕਾਫੀ ਹੋਰ ਸਨ, ਪਰ ਲੇਖ ਕਾਫੀ ਵੱਡਾ ਹੋ ਜਾਣਾ ਸੀ।

ਸੋ ਘਬਰਾਓ ਨਾ, ਸਿੱਖ ਕੌਮ ਨੇ ਕਾਫੀ ਕੁਝ ਪ੍ਰਾਪਤ ਕੀਤਾ ਹੈ, ਜਿਨਾ ਵੀ ਪ੍ਰਾਪਤ ਕੀਤਾ ਹੈ, ਓਨਾਂ ਹੀ ਫਾਇਦਾ ਹੈ ਅਤੇ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ ਹੋਇਆ, ਖਿਮਾ ਦਾ ਜਾਚਿਕ ਹਾਂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਫ਼ਤਹਿ

ਨੋਟ:
ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਆਪਣੇ ਹੱਕ ਵਿਚ ਭੁਗਤਾਉਣ ਵਾਲੀ ਟੀਮ ਧੁੰਮਾਂ ਅਤੇ ਪਰਮਜੀਤ ਸਿੰਘ ਖਾਲਸਾ
ਭਾਈ ਗੁਰਬਖਸ ਸਿੰਘ ਖਾਲਸਾ ਨੂੰ ਆਪਣੇ ਹੱਕ ਵਿਚ ਭੁਗਤਾਉਣ ਵਾਲੀ ਇਸ ਵਾਰੀ ਵਾਲੀ ਟੀਮ ਪੀਰ ਮੁਹਮੰਦ ਅਤੇ ਹਰੀ ਸਿੰਘ ਰੰਧਾਵੇ ਵਾਲਾ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews।org does not necessarily endorse the views and opinions voiced in the news। articles। audios videos or any other contents published on www।khalsanews।org and cannot be held responsible for their views।  Read full details।।।।

Go to Top