ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ, ਫੌਜਾਂ
ਜਿੱਤ ਕੇ ਅੰਤ ਨੂੰ ਹਾਰੀਆਂ ਨੇ!
14 ਨਵੰਬਰ, 2013 ਤੋਂ ਭਾਈ ਗੁਰਬਖਸ਼ ਸਿੰਘ ਵਲੋਂ ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤਾ ਮਰਨ
ਵਰਤ, 27 ਦਸੰਬਰ, 2013 ਨੂੰ 44ਵੇਂ ਦਿਨ ਬਾਦਲਕਿਆਂ ਦੇ ਪਿਆਦੇ ਸੰਤ ਸਮਾਜੀ ਸਾਧਾਂ ਅਤੇ
ਤਖਤਾਂ ਦੇ ਪੁਜਾਰੀਆਂ ਦੇ ਆਦੇਸ਼ਾਂ ਅਨੁਸਾਰ ਤੋੜਨ ਦਾ ਐਲਾਨ ਕੀਤਾ ਹੈ।
ਯਾਦ ਰਹੇ ਭਾਈ ਗੁਰਬਖਸ਼ ਸਿੰਘ ਨੇ ਇਹ ਸੰਘਰਸ਼ 6 ਸਿੰਘਾਂ ਦੀ ਬਿਨਾਂ ਸ਼ਰਤ ਜ਼ੇਲ੍ਹਾਂ ਤੋਂ
ਪੂਰਨ ਰਿਹਾਈ ਲਈ ਗੁਰਦੁਆਰਾ ਅੰਬ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ
ਅਰਦਾਸ ਕਰਕੇ ਸ਼ੁਰੂ ਕੀਤਾ ਸੀ। ਇਹ 6 ਉਹ ਸਿੱਖ ਖਾੜਕੂ ਸਨ, ਜੋ ਭਾਰਤੀ ਅਦਾਲਤਾਂ ਵਲੋਂ
ਮਿਲੀ ਉਮਰ ਕੈਦ ਦੀ ਸਜ਼ਾ ਭੁਗਤਣ ਤੋਂ ਕਈ ਸਾਲ ਬਾਅਦ ਤੱਕ ਵੀ ਰਿਹਾਅ ਨਹੀਂ ਕੀਤੇ ਜਾ ਰਹੇ।
ਭਾਈ ਸਾਹਿਬ ਨੇ ਇਹ ਪ੍ਰਣ ਕੀਤਾ ਸੀ ਤੇ ਵਾਰ-ਵਾਰ ਦੁਹਰਾਇਆ ਵੀ ਸੀ, ਕਿ 'ਸਿੰਘ ਰਿਹਾਅ
ਹੋਣਗੇ ਜਾਂ ਭਾਣਾ ਵਰਤੇਗਾ?'
ਸੰਘਰਸ਼ ਦੇ ਸ਼ੁਰੂ ਵਿੱਚ ਹੀ (ਪਿਛਲੇ 15 ਸਾਲਾਂ ਵਿੱਚ ਹੋਏ
ਸੰਘਰਸ਼ਾਂ ਵਾਂਗ) ਜਿਸ ਤਰ੍ਹਾਂ ਸੰਤ ਸਮਾਜੀ ਸਾਧਾਂ ਤੇ ਤਖਤਾਂ ਦੇ ਪੁਜਾਰੀਆਂ ਨੇ ਆਪਣੇ
ਆਕਾਵਾਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸਨੂੰ ਤਾਰਪੀਡੋ ਕਰਨ ਦੀਆਂ ਕੋਸ਼ਿਸ਼ਾਂ ਆਰੰਭੀਆਂ
ਹੋਈਆਂ ਸਨ, ਅਸੀਂ ਉਦੋਂ ਹੀ ਫੇਸਬੁੱਕ ਰਾਹੀਂ ਖਦਸ਼ਾ ਜਾਹਿਰ ਕੀਤਾ ਸੀ ਕਿ ਜੇ ਭਾਈ ਸਾਹਿਬ
ਨੇ ਆਪਣੇ ਆਪ ਨੂੰ ਟਕਸਾਲ ਦੇ ਧੁੰਮਾ ਧੜੇ, ਸਮੁੱਚੇ ਸੰਤ ਸਮਾਜ, ਤਖਤਾਂ ਦੇ ਪੁਜਾਰੀਆਂ ਤੇ
ਬਾਦਲਕਿਆਂ ਤੋਂ ਦੂਰੀ ਬਣਾ ਕੇ ਨਾ ਰੱਖੀ ਤਾਂ ਭਾਣਾ ਉਹ ਨਹੀਂ ਵਰਤੇਗਾ, ਜਿਸ ਲਈ ਭਾਈ
ਸਾਹਿਬ ਨੇ ਅਰਦਾਸ ਕੀਤੀ ਸੀ, ਸਗੋਂ ਉਹੀ ਭਾਣਾ ਵਰਤੇਗਾ ਕਿ 'ਫੌਜਾਂ ਜਿੱਤ ਕੇ ਅੰਤ ਨੂੰ
ਹਾਰੀਆਂ ਨੇ'।
ਛੋਟੇ ਹੁੰਦੇ ਸੁਣਦੇ ਸਾਂ ਕਿ 'ਸਿੱਖ ਰਾਜ ਲੈ ਤਾਂ ਸਕਦੇ ਹਨ, ਪਰ
ਰਾਜ ਕਰ ਨਹੀਂ ਸਕਦੇ।' ਹੁਣ ਸਿੱਖਾਂ ਨੇ ਇਹ ਕਲੰਕ ਵੀ ਲੁਆ ਲਿਆ ਹੈ ਕਿ 'ਸਿੱਖ
ਸੰਘਰਸ਼ ਕਰ ਤਾਂ ਸਕਦੇ ਹਨ, ਪਰ ਜਿੱਤ ਨਹੀਂ ਸਕਦੇ।' ਸਾਡੀ ਹਮੇਸ਼ਾਂ ਧਾਰਨਾ ਰਹੀ
ਹੈ, ਕਿ ਭਾਵੇਂ ਕੋਈ ਵੀ ਸੰਘਰਸ਼ ਹੋਵੇ, ਜੇ ਸੰਘਰਸ਼ ਲੜਨ ਵਾਲਿਆਂ ਨੂੰ ਆਪਣੀ ਮੰਜ਼ਿਲ ਸਪੱਸ਼ਟ
ਨਾ ਹੋਵੇ, ਆਪਣਾ ਦੁਸ਼ਮਣ ਸ਼ਪੱਸਟ ਨਾ ਹੋਵੇ ਜਾਂ ਦੋਸਤ ਤੇ ਦੁਸ਼ਮਣ ਦੀ ਪਛਾਣ ਨਾ ਹੋਵੇ ਅਤੇ
ਸਭ ਤੋਂ ਵੱਡੀ ਗੱਲ ਆਪਣੇ ਨਿਸ਼ਾਨੇ ਪ੍ਰਤੀ ਦ੍ਰਿੜਤਾ ਨਾ ਹੋਵੇ, ਕੋਈ ਸੰਘਰਸ਼ ਜਿੱਤਿਆ ਨਹੀਂ
ਜਾ ਸਕਦਾ।
ਭਾਈ ਗੁਰਬਖਸ਼ ਸਿੰਘ ਨੇ ਬੇਸ਼ਕ ਇਹ ਸਾਰਾ ਸੰਘਰਸ਼ ਜ਼ਜਬਾਤੀ ਹੋ ਕੇ ਆਰੰਭਿਆ ਸੀ ਤੇ ਇਸਦਾ ਅੰਤ
ਵੀ ਜ਼ਜਬਾਤੀ ਹੀ ਹੋਣਾ ਸੀ। ਜੇ ਭਾਈ ਸਾਹਿਬ ਦੀ ਇਮਾਨਦਾਰੀ 'ਤੇ ਸ਼ੱਕ ਨਾ ਵੀ ਕੀਤਾ ਜਾਵੇ
ਤਾਂ ਵੀ ਕੌਮਾਂ ਦੇ ਸੰਘਰਸ਼ ਜ਼ਜਬਾਤੀ ਹੋ ਕੇ ਨਹੀਂ, ਨਿਸ਼ਾਨੇ ਦੀ ਸਪੱਸ਼ਟਤਾ, ਨਿਸਾਨੇ ਪ੍ਰਤੀ
ਦ੍ਰਿੜਤਾ, ਦੁਸ਼ਮਣ ਤੇ ਉਸਦੇ ਸਾਥੀਆਂ ਦੀ ਪਛਾਣ ਆਦਿ ਨਾਲ ਹੀ ਲੜੇ ਜਾ ਸਕਦੇ ਹਨ, ਜਿਸ
ਵਿੱਚ ਸਿੱਖ ਲੀਡਰਸ਼ਿਪ ਹਮੇਸ਼ਾਂ ਫੇਲ਼੍ਹ ਹੋਈ ਹੈ।
ਪਿਛਲੇ ਸਮੇਂ ਵਿੱਚ ਸਾਡੇ ਵੱਡੇ ਕੌਮੀ ਲੀਡਰਾਂ ਮਾਸਟਰ ਤਾਰਾ ਸਿੰਘ, ਸੰਤ ਫਤਹਿ ਸਿੰਘ,
ਸੰਤ ਚੰਨਣ ਸਿੰਘ ਆਦਿ ਨੇ ਮਰਨ ਵਰਤ ਰੱਖ ਕੇ ਕੀਤੀਆਂ ਅਰਦਾਸਾਂ ਤੋਂ ਭੱਜ ਕੇ ਕੌਮ ਨੂੰ
ਕਲੰਕਤ ਕੀਤਾ ਸੀ। ਇੱਕ ਵਾਰ ਭਾਈ ਗੁਰਬਖਸ਼ ਸਿੰਘ ਨੇ ਵੀ ਪੁਜਾਰੀਆਂ ਤੇ ਸਾਧਾਂ ਦੀ ਚਾਲ
ਵਿੱਚ ਫਸ ਕੇ ਕੌਮ ਨੂੰ ਉਸੇ ਮੋੜ 'ਤੇ ਲਿਆ ਖੜਾ ਕੀਤਾ ਹੈ, ਜਿਥੋਂ ਕੱਢਣ ਲਈ ਇੱਕ ਹੋਰ
ਫੇਰੂਮਾਨ ਦੀ ਲੋੜ ਹੈ। ਭਾਈ ਗੁਰਬਖਸ਼ ਸਿੰਘ ਦੇ ਪੁਜਾਰੀਆਂ (ਜਿਨ੍ਹਾਂ ਦੀ ਬਾਗਡੋਰ
ਬਾਦਲਕਿਆਂ, ਤੇ ਅੱਗੇ ਬਾਦਲਕਿਆਂ ਦੀ ਬਾਗਡੋਰ ਹਿੰਦੂਤਵੀਆਂ ਹੱਥ ਹੈ) ਦੀ ਚਾਲ ਵਿੱਚ ਫਸ
ਕੇ, ਮਰਨ ਵਰਤ ਤੋੜਨ ਦੇ ਐਲਾਨ ਨਾਲ,
ਸਿੱਖ ਕੌਮ ਦਾ ਜੋ ਵਿਸ਼ਵਾਸ਼ ਇੱਕ ਸਿੱਖ ਦੀ ਗੁਰੂ ਦੀ ਹਜ਼ੂਰੀ ਵਿੱਚ ਕੀਤੀ ਅਰਦਾਸ ਨਾਲ
ਬੱਝਿਆ ਸੀ, ਉਸ ਨੂੰ ਠੇਸ ਜਰੂਰ ਪਹੁੰਚੀ ਹੈ ਕਿਉਂਕਿ ਭਾਈ ਸਾਹਿਬ ਨੂੰ ਮਰਨ ਵਰਤ ਰੱਖਣ ਲਈ
ਕਿਸੇ ਨੇ ਨਹੀਂ ਕਿਹਾ ਸੀ ਤੇ ਇਹ ਉਨ੍ਹਾਂ ਦਾ ਆਪਣਾ ਫੈਸਲਾ ਸੀ, ਪਰ ਗੁਰੂ ਅੱਗੇ ਕੀਤੀ
ਅਰਦਾਸ ਕਰਕੇ ਇਹ ਫੈਸਲਾ ਕੌਮ ਦੀ ਭਾਵਨਾਵਾਂ ਨਾਲ ਜਰੂਰ ਜੁੜ ਗਿਆ ਸੀ ਤੇ ਆਸ ਬੱਝੀ ਸੀ ਕਿ
ਭਾਈ ਗੁਰਬਖਸ਼ ਸਿੰਘ ਆਪਣੇ ਫੈਸਲੇ ਤੇ ਖੜੇ ਰਹਿ ਕਿ ਕੌਮ ਵਿੱਚ ਇੱਕ ਨਵੀਂ ਰੂਹ ਫੂਕਣਗੇ,
ਜਿਸ ਨਾਲ ਕੌਮ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ।
ਪਰ ਇੱਕ ਵਾਰ ਫਿਰ ਕੌਮ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪਵੇਗਾ, ਨਤੀਜੇ ਕੀ ਹੋਣਗੇ, ਸਮਾਂ
ਹੀ ਦੱਸੇਗਾ? ਜੇ ਸਾਡੇ ਪੰਥਕ ਲੀਡਰ ਤਖਤਾਂ ਦੇ ਪੁਜਾਰੀਆਂ ਤੇ ਸੰਤ ਸਮਾਜ ਤੋਂ ਅਗਵਾਈ ਜਾਂ
ਸਾਥ ਦੀ ਆਸ ਰੱਖਣਗੇ, ਕੁਝ ਪ੍ਰਾਪਤ ਨਹੀਂ ਕਰ ਸਕਣਗੇ। ਪੰਜਾਬ ਤੇ ਦੇਸ਼ ਵਿਦੈਸ਼ ਦੀ ਪੰਥਕ
ਕਹਾਉਂਦੀ ਲੀਡਰਸ਼ਿਪ ਨੂੰ ਵੀ ਚਾਹੀਦਾ ਹੈ ਕਿ ਜੇ ਉਨ੍ਹਾਂ ਕੋਲ ਸੰਘਰਸ਼ ਲੜਨ ਜਾਂ ਸੰਘਰਸ਼ ਦੀ
ਅਗਵਾਈ ਕਰਨ ਦੀ ਹਿੰਮਤ, ਸੂਝ-ਬੂਝ ਜਾਂ ਦ੍ਰਿੜਤਾ ਨਹੀਂ, ਤਾਂ ਕੌਮ ਦਾ ਸਮਾਂ, ਸਰਮਾਇਆ ਤੇ
ਸ਼ਕਤੀ ਬਰਬਾਦ ਨਾ ਕਰਨ, ਬਾਦਲਕਿਆਂ ਵਾਂਗ ਭਾਰਤੀ (ਹਿੰਦੂ) ਮੁੱਖਧਾਰਾ ਵਿੱਚ ਸ਼ਾਮਿਲ ਹੋ ਕੇ
ਆਪ ਵੀ ਸ਼ਾਂਤੀ ਨਾਲ ਰਹਿਣ ਤੇ ਸਿੱਖਾਂ ਨੂੰ ਸ਼ਾਂਤੀ ਨਾਲ ਵਸਣ ਦੇਣ।