Share on Facebook

Main News Page

ਭਾਰਤ ਦੇ ਪੱਖਪਾਤੀ ਮੀਡੀਆ ਦਾ ਦੇਖੋ ਹਾਲ

ਭਾਰਤ ਦੇ ਪੱਖਪਾਤੀ ਮੀਡੀਆ ਦਾ ਦੇਖੋ ਹਾਲ, ਪਹਿਲਾਂ ਤਾਂ ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਦੀ ਕਿਸੇ ਵੀ ਭਾਰਤੀ ਅਖਬਾਰ ਨੇ ਕੋਈ ਖਬਰ ਨਹੀਂ ਲਾਈ, ਜੇ ਹੁਣ "ਹਿੰਦੋਸਤਾਨ ਟਾਈਮਸ" ਨੇ ਲਗਾਈ ਵੀ ਹੈ ਤਾਂ ਇਸ ਤਰ੍ਹਾਂ, ਜਿਸ ਦਾ ਹੈਡਿੰਗ ਹੈ "Was it a fast or farce?", "ਕੀ ਇਹ ਭੁੱਖ ਹੜਤਾਲ ਸੀ ਜਾਂ ਡਰਾਮਾ"।

ਪਾਠਕਾਂ ਦੀ ਜਾਣਕਾਰੀ ਲਈ :

- Fast ਦਾ ਮਤਲਬ ਹੁੰਦਾ ਹੈ : ਵਰਤ / ਇਸ ਮਸਲੇ 'ਚ ਭੁੱਖ ਹੜਤਾਲ
- Farse ਮਤਲਬ ਹੁੰਦਾ ਹੈ : ਹਾਸੋਹੀਣਾ ਡਰਾਮਾ (A farce is a broad satire or comedy, though now it's used to describe something that is supposed to be serious but has turned ridiculous.)


ਮਾਮਲਾ ਭਾਈ ਗੁਰਬਖ਼ਸ਼ ਸਿੰਘ ਦਾ : ਸ਼ਰਮਾਂ ਕਾਹਨੂੰ ਲੱਥੀਆਂ
-: ਐੱਚ . ਐੱਸ . ਬਾਵਾ

ਭਾਈ ਗੁਰਬਖ਼ਸ਼ ਸਿੰਘ ਦੀ ਮਰਨਵਰਤ ਵਿਚ ਬਦਲਦੀ ਭੁੱਖ ਹੜਤਾਲ, ਮੰਗ ਬੜੀ ਜਾਇਜ਼ ਹੈ। ਜਿਹੜੇ ਸਿੱਖਾਂ ਨੇ ਆਪਣੀਆਂ ਬਣਦੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਹਨ, ਉ੍ਹਨ੍ਹਾਂ ਨੂੰ ਜੇਲ੍ਹਾਂ ਵਿਚੋਂ ਰਿਹਾ ਕੀਤਾ ਜਾਵੇ। ਕੋਈ ਖ਼ਾਲਿਸਤਾਨ ਦੀ ਮੰਗ ਨਹੀਂ, ਕੋਈ ਵੱਖਵਾਦ ਦਾ ਨਾਅਰਾ ਨਹੀਂ, ਕੋਈ ਗਰਮਖ਼ਿਆਲੀ ਭਾਸ਼ਣ ਨਹੀਂ, ਕੋਈ ਭੜਕਾਹਟ ਨਹੀਂ। ਸਾਰਾ ਕੁਝ ਉਵੇਂ ਹੀ ਚੱਲ ਰਿਹੈ, ਜਿਵੇਂ ਗਾਂਧੀ ਨੇ ਕੀਤਾ ਸੀ, ਜਿਵੇਂ ਅੰਨਾ ਹਜ਼ਾਰੇ ਨੇ ਕੀਤਾ ਸੀ।

ਇਹ ਵੀ ਕਿਹਾ ਜਾ ਰਿਹਾ ਹੈ, ਕਿ ਠੀਕ ਹੈ ਕਿ ਗੱਲ ਸਿੰਘਾਂ ਦੀ ਰਿਹਾਈ ਤੋਂ ਚੱਲੀ ਹੈ, ਪਰ ਅਸਲ ਵਿਚ ਇਹ ਲਹਿਰ ਧਰਮਾਂ ਜਾਤਾਂ ਪਾਤਾਂ ਤੋਂ ਅਗਾਂਹ ਨਿਕਲ ਕੇ, ਉਨ੍ਹਾਂ ਸਾਰੇ ਕੈਦੀਆਂ ਦੀ ਰਿਹਾਈ ਦੀ ਮੰਗ ਕਰਦੀ ਹੈ, ਜਿਹੜੇ ਆਪਣੀ ਸਜ਼ਾਂ ਕੱਟ ਚੁੱਕਣ ਦੇ ਬਾਵਜੂਦ ਰਿਹਾ ਨਹੀਂ ਕੀਤੇ ਜਾ ਰਹੇ।

ਦੇਸ਼ ਦਾ ਕੌਮੀ ਮੀਡੀਆ ਜਿਸਦੇ ਪ੍ਰਤੀਨਿਧ ਗੁਰਦੁਆਰਾ ਅੰਬ ਸਾਹਿਬ ਤੋਂ ਚੰਦ ਮਿੰਟਾਂ ਦੀ ਦੂਰੀ 'ਤੇ ਚੰਡੀਗੜ੍ਹ ਵਿਚ ਮੌਜੂਦ ਹਨ, ਸੁਸਰੀ ਵਾਂਗ ਸੁੱਤਾ ਨਜ਼ਰ ਆ ਰਿਹਾ ਹੈ। ਸੁੱਤੇ ਸਾਡੇ ਚੰਡੀਗੜ੍ਹ ਵਾਲੇ ਦੋਸਤ ਨਹੀਂ ਹਨ, ਇਹ ਵੀ ਅਸੀਂ ਜਾਣਦੇ ਹਾਂ। ਉਨ੍ਹਾਂ ਨੇ ਤਾਂ ਆਪਣੇ ਐਡੀਟਰਾਂ ਨੂੰ ਇਸ ਲਹਿਰ ਦੀ ਗੰਭੀਰਤਾ ਤੇ ਮਹੱਤਤਾ ਤੋਂ ਜਾਣੂ ਕਰਵਾਇਆ ਹੋਵੇਗਾ, ਪਰ ਕੌਮੀ ਤੇ ਦੇਸ਼ ਭਗਤ ਅਖਵਾਉਂਦੇ ਮੀਡੀਆ ਦੀਆਂ ਪ੍ਰਾਥਮਿਕਤਾਵਾਂ ਕੁਝ ਹੋਰ ਹੀ ਹਨ।

ਇਹ ਉਹ ਮੀਡੀਆ ਹੈ ਜਿਹੜਾ “ਸਚਿਨ ਦੇ ਨਿੱਛ ਮਾਰਣ ਦੀ ਖ਼ਬਰ ਬਣਾਉਂਦਾ ਹੈ”, “ਅਮਿਤਾਬ ਨੂੰ ਬੁਖਾਰ ਹੋਵੇ ਤਾਂ ਅੱਧੇ ਘੰਟੇ ਦਾ ਬੁਲੇਟਿਨ ਚਲਾਉਂਦਾ ਹੈ”, “ਰਾਖੀ ਸਾਵੰਤ ਬਾਬਾ ਰਾਮਦੇਵ 'ਤੇ ਕੋਈ ਬੇਤੁਕੀ ਟਿੱਪਣੀ ਕਰੇ ਤਾਂ ਸਾਰੀ ਦਿਹਾੜੀ ਟੇਪਾਂ ਘਸਾਉਂਦਾ ਹੈ”, “ਬਿੱਗ ਬਾਸ ਵਿਚ ਰਾਤ ਦੇ ਹਨੇਰੇ ਵਿਚ ਕੌਣ ਕਿਸਦੀ ਪੱਪੀ ਲੈ ਗਿਆ” ਇਹ ਖ਼ਬਰਾਂ ਵਿਖਾਉਂਦਾ ਹੈ, ਪਹਿਲੇ ਸਫ਼ਿਆਂ 'ਤੇ ਲਾਉਂਦਾ ਹੈ, ਪਰ ਜਦ ਸਿੱਖ ਕੋਈ ਹੱਕ ਸੱਚ ਦੀ ਗੱਲ ਕਰਨ ਸੰਵਿਧਾਨ ਦਾ ਦਾਇਰੇ ਵਿਚ ਰਹਿ ਕੇ ਕੋਈ ਮੁਹਿੰਮ ਆਰੰਭਣ, ਤਾਂ ਇਹ ਮੀਡੀਆ ਉਹਦੇ 'ਤੇ ਕੰਨ ਨਹੀਂ ਧਰਦਾ, ਉਦੋਂ ਇਹਦੀ ਕਲਮ ਦੀ ਜ਼ਮੀਰ ਨਹੀਂ ਜਾਗਦੀ ਉਸ ਪਾਸੇ ਨੂੰ ਇਹ ਆਪਣੇ ਲੈਂਸ ਨਹੀਂ ਘੁਮਾਉਂਦਾ।

ਇਹੀ ਜੇ ਭਾਈ ਗੁਰਬਖ਼ਸ਼ ਸਿੰਘ ਦੀ ਮੁਹਿੰਮ ਗਲਤ ਅਨਸਰਾਂ ਦੇ ਹੱਥਾਂ ਵਿਚ ਆ ਜਾਂਦੀ ਤੇ ਚੰਦ ਸਿੱਖ ਨੌਜਵਾਨ ਤਲਵਾਰਾਂ ਲਹਿਰਾਉਂਦੇ ਮੋਟਰ ਸਾਈਕਲਾਂ 'ਤੇ ਉਨ੍ਹਾਂ ਦੇ ਸਮਰਥਨ ਵਿਚ ਨਿਕਲਦੇ, ਤਾਂ ਇਨ੍ਹਾਂ ਹੀ ਚੈਨਲਾਂ ਨੇ ਆਪਣੀਆਂ ਉ.ਬੀ. ਵੈਨਾਂ ਮੋਹਾਲੀ ਵੱਲ ਨੂੰ ਤੋਰ ਦੇਣੀਆਂ ਸਨ ਤੇ ਸਾਰਾ ਦਿਨ ਸੰਘ ਫਾੜ ਫਾੜ ਚਮਕਾ ਲਿਸ਼ਕਾ ਕੇ ਵਿਖਾਉਣਾ ਸੀ, ਕਿ ਸਿੱਖ ਕਿੰਨੇ ਖ਼ਤਰਨਾਕ ਕਿੰਨੇ ਹਿੰਸਾਵਾਦੀ ਤੇ ਕਿੰਨੇ ਅਨੁਸ਼ਾਸ਼ਨਹੀਨ ਹਨ।

ਖ਼ੈਰ, ਸੱਚ ਨੂੰ ਮਾਰਣ ਦੀ ਤਾਕਤ ਕਿਸੇ ਝੂਠ ਵਿਹ ਨਹੀਂ ਹੁੰਦੀ। ਝੂਠ ਦੇ ਮੁਕਾਇਆਂ ਸੱਚ ਮੁੱਕਦਾ ਹੁੰਦਾ, ਤਾਂ ਕੋਸ਼ਿਸ਼ਾਂ ਸਦੀਆਂ ਤੋਂ ਜਾਰੀ ਹਨ ਮਰ ਗਿਆ ਹੁੰਦਾ ਮੁੱਕ ਗਿਆ ਹੁੰਦਾ। ਇਹ ਅਖੌਤੀ ਦੇਸ਼ ਭਗਤ ਮੀਡੀਆ ਦੇ ਅਲੰਬਰਦਾਰ ਵੀ ਜਦ ਆਪਣੇ ਘਰਾਂ ਨੂੰ ਜਾ ਸ਼ੀਸਿਆਂ ਵਿਚ ਚਿਹਰਾ ਵੇਖਦੇ ਹੋਣਗੇ, ਤਾਂ ਸ਼ਰਮਿੰਦੇ ਹੁੰਦੇ ਹੋਣਗੇ ਇਸ ਗੱਲ 'ਤੇ ਵੀ ਸ਼ੱਕ ਹੀ ਹੈ।

ਸਾਲਾਂ ਸਾਲ ਕੌਮੀ ਚੈਨਲਾਂ ਤੇ ਪ੍ਰਕਾਸ਼ਨਾਂ ਵਿਚ ਨਿਰਪੱਖਤਾ ਤੇ ਦੇਸ਼ਭਗਤੀ ਦੀਆਂ ਦਲੀਲਾਂ ਵੇਚ ਵੇਚ ਵੀ ਜਿਨ੍ਹਾਂ ਨੂੰ ਆਪ ਨੂੰ ਨਿਰਪੱਖਤਾ ਤੇ ਦੇਸ਼ ਭਗਤੀ ਦੇ ਮਤਲਬ ਨਹੀਂ ਆਏ, ਉਸ ਮੀਡੀਆ ਦੀ ਪਰਵਾਹ ਵੀ ਕੀ ਕਰਨੀ ਹੋਈ । ਜਿੱਤ ਹਮੇਸ਼ਾ ਸੱਚ ਦੀ ਹੀ ਹੋਈ ਹੈ, ਝੂਠਿਆਂ ਦੇ ਪੱਲੇ ਕੀ ਪੈਣੇ ਤੁਹਾਨੂੰ ਪਤਾ ਹੀ ਐ।

ਮੈਂ ਤਾਂ ਚੁੱਪ ਹੀ ਰਹਾਂ ਤਾਂ ਖਰਾ ਐ, ਨਹੀਂ ਤਾਂ ਤੁਸੀਂ ਹੀ ਆਖਣੈ, ਬਈ ਬਾਵਾ ਬੋਲਦਾ ਬਹੁਤ ਐ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top