Share on Facebook

Main News Page

ਭਾਈ ਖਾਲਸਾ ਦੇ ਸੰਘਰਸ਼ ਦੀ ਹਮਾਇਤ ਕਰਨ, ਬਾਦਲ ਚੰਡੀਗੜ੍ਹ ਤੋਂ ਮੋਹਾਲੀ ਕਿਉਂ ਨਹੀਂ ਆ ਸਕੇ ?

ਅੰਮ੍ਰਿਤਸਰ: (24 ਦਸੰਬਰ, ਨਰਿੰਦਰ ਪਾਲ ਸਿੰਘ): ਅਦਾਲਤਾਂ ਵਲੋਂ ਸੁਣਾਈਆਂ ਸਜਾਵਾਂ ਭੁਗਤਣ ਦੇ ਬਾਵਜੂਦ ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਲਈ ਭੁਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਮਾਮਲੇ ਵਿਚ ਪੰਜ ਸਿੰਘ ਸਾਹਿਬਾਨ ਨੇ ਅਹਿਮ ਫੈਸਲਾ ਕਰਦਿਆਂ ਬੀਤੇ ਕੱਲ੍ਹ ਆਦੇਸ਼ ਦਿੱਤਾ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਦੀ ਪ੍ਰਕਿਰਿਆ ਸ਼ੁਰੂ ਹੋ ਚੁਕੀ ਹੈ ਇਸ ਲਈ ਭਾਈ ਖਾਲਸਾ, ਭੁਖ ਹੜਤਾਲ ਖਤਮ ਕਰ ਦੇਣ। ਪੰਜ ਸਿੰਘ ਸਾਹਿਬਾਨ ਦੇ ਇਸ ਆਦੇਸ਼ ਬਾਅਦ ਪੰਥਕ ਹਲਕਿਆਂ ਵਿਚ ਇਹ ਚਰਚਾ ਸ਼ੁਰੂ ਹੋਈ ਹੈ, ਕਿ ਕੀ ਵਾਕਿਆ ਹੀ ਭਾਈ ਗੁਰਬਖਸ ਸਿੰਘ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ ਦੀ ਪੂਰਤੀ ਹੋ ਚੁਕੀ ਹੈ?

ਕੀ ਭਾਈ ਗੁਰਬਖਸ਼ ਸਿੰਘ ਖਾਲਸਾ ਦੁਆਰਾ ਵਿੱਢੇ ਸੰਘਰਸ਼ ਨਾਲ ਸਹਿਮਤੀ ਪ੍ਰਗਟਾਉਣ ਲਈ ੪ ਦਸੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਕੇ ਮੋਹਾਲੀ ਪੁਜੇ ਬੰਦੀ ਛੋੜ ਮਾਰਚ ਦੀ ਮਨਸ਼ਾ ਪੂਰੀ ਹੋ ਚੁਕੀ ਹੈ ?

ਇਸ ਸਵਾਲ ਇਸ ਲਈ ਵੀ ਅਹਿਮ ਹਨ ਕਿਉਂਕਿ ਭਾਈ ਗੁਰਬਖਸ਼ ਸਿੰਘ ਖਾਲਸਾ ਵਲੋਂ ੧੪ ਨਵੰਬਰ ਨੂੰ ਗੁਰਦੁਆਰਾ ਅੰਬ ਸਾਹਿਬ ਵਿਖੇ ਭੁਖ ਹੜਤਾਲ ਤੇ ਬੈਠਣ ਬਾਅਦ ਗਿਆਨੀ ਗੁਰਬਖਸ਼ ਸਿੰਘ ਆਪ ਉਨ੍ਹਾਂ ਨੂੰ ਥਾਪੜਾ ਦੇਣ ਪੁਜੇ ਸਨ। ਇਸ ਥਾਪੜਾ ਦੇਣ ਦੀ ਕਾਰਵਾਈ ਦੇ ਕੁਝ ਦਿਨ ਬਾਅਦ ਹੀ ਗਿਆਨੀ ਗੁਰਬਚਨ ਸਿੰਘ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਸਿੱਖ ਧਰਮ ਵਿੱਚ ਭੁਖ ਹੜਤਾਲ ਦਾ ਕੋਈ ਵਿਧਾਨ ਨਹੀਂ ਹੈ ਲੇਕਿਨ ਉਹ ਵਾਰ ਵਾਰ ਇਸ ਤੱਥ ਨੂੰ ਅਣਦੇਖਿਆ ਕਰਦੇ ਰਹੇ ਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਅਤੇ ਮਾਸਟਰ ਤਾਰਾ ਸਿੰਘ ਵੀ ਭੁਖ ਹੜਤਾਲ ਤੇ ਬੈਠੇ ਸਨ ਜਦਕਿ ਸ੍ਰ ਦਰਸ਼ਨ ਸਿੰਘ ਫੇਰੂਮਾਨ ੭੪ ਦਿਨ ਭੁਖ ਹੜਤਾਲ ਤੇ ਹੋਣ ਕਾਰਣ ਗੁਰਪੁਰੀ ਪਿਆਨਾ ਕਰ ਗਏ ਸਨ ਅਤੇ ਅੱਜ ਵੀ ਸ੍ਰ ਦਰਸ਼ਨ ਸਿੰਘ ਫੇਰੂਮਾਨ ਦੇ ਨਾਮ ਨਾਲ ਸ਼ਬਦ ਸ਼ਹੀਦ ਲਿਖਿਆ ਜਾਂਦਾ ਹੈ।

ਗਿਆਨੀ ਗੁਰਬਚਨ ਸਿੰਘ ਆਪਣੇ ਹਰ ਬਿਆਨ ਵਿੱਚ ਭਾਈ ਖਾਲਸਾ ਦੇ ਸੰਘਰਸ਼ ਦੀ ਹਮਾਇਤ ਵੀ ਕਰਦੇ ਰਹੇ ਹਨ ਤੇ ਇਹ ਵੀ ਕਹਿਣਾ ਨਹੀਂ ਭੁਲੇ ਕਿ ਉਹ ਭਾਈ ਖਾਲਸਾ ਦੇ ਮਾਮਲੇ ਵਿਚ ਪੰਜਾਬ ਸਰਕਾਰ ਨੂੰ ਕੋਈ ਆਦੇਸ਼ ਨਹੀਂ ਦੇ ਸਕਦੇ, ਲੇਕਿਨ ਇਹ ਵੀ ਮੰਨਦੇ ਰਹੇ ਕਿ ਉਨ੍ਹਾ ਦੀ ਮੁਖ ਮੰਤਰੀ ਪਰਕਾਸ਼ ਸਿੰਘ ਬਾਦਲ ਨਾਲ ਇਸ ਮਾਮਲੇ ਤੇ ਗਲਬਾਤ ਵੀ ਹੋਈ ਹੈ।

- ਗਿਆਨੀ ਗੁਰਬਚਨ ਸਿੰਘ ਦੇ ਇਸ ਤਰਕ ਬਾਅਦ ਇਹ ਸਵਾਲ ਵੀ ਸਾਹਮਣੇ ਆਇਆ ਹੈ ਕਿ ਕੀ ਸੁਰਜੀਤ ਸਿੰਘ ਬਰਨਾਲਾ, ਤਤਕਾਲੀਨ ਪੰਜਾਬ ਸਰਕਾਰ ਦੇ ਮੁਖ ਮੰਤਰੀ ਨਹੀਂ ਸਨ,ਜਿਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਪੁਲਿਸ ਵਾੜਨ ਕਾਰਣ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਤਨਖਾਹ ਲਾਈ ਗਈ ਸੀ?

- ਕੀ ਪਰਕਾਸ਼ ਸਿੰਘ ਬਾਦਲ ਇਕ ਸਿੱਖ ਮੁਖ ਮੰਤਰੀ ਤੇ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਵਾਲੀ ਸਿੱਖ ਪਾਰਟੀ ਅਕਾਲੀ ਦਲ ਬਾਦਲ ਦੇ ਸ੍ਰਪਰਸਤ ਨਹੀਂ ਹਨ ?

- ਜੇ ਗਿਆਨੀ ਗੁਰਬਚਨ ਸਿੰਘ ਵਾਕਿਆ ਹੀ ਕਿਸੇ ਸਰਕਾਰ ਨੂੰ ਪੱਤਰ ਨਹੀਂ ਲਿਖ ਸਕਦੇ ਤਾਂ ਸਾਲ ੨੦੧੧ ਵਿਚ ਉਨ੍ਹਾ ਦੇ ਸਕਤਰੇਤ ਦੁਆਰਾ ਮਹਾਂਰਾਸ਼ਟਰ ਦੇ ਪੁਲਿਸ ਮੁਖੀ ਨੂੰ ਲਿਖਿਆ ਪੱਤਰ ਗਲਤ ਨਹੀਂ ਸੀ ?

ਬੀਤੇ ਕੱਲ੍ਹ ਭਾਈ ਖਾਲਸਾ ਨੂੰ ਭੁਖ ਹੜਤਾਲ ਖਤਮ ਕਰਨ ਦਾ ਆਦੇਸ਼ ਦੇਣ ਉਪਰੰਤ ਗਿਆਨੀ ਗੁਰਬਚਨ ਸਿੰਘ ਅੱਜ ਸਵੇਰੇ ਹੀ ਮੁਹਾਲੀ ਪੁਜ ਗਏ ਸਨ। ਸਵਾਲ ਤਾਂ ਇਹ ਵੀ ਹੈ ਕਿ ਦਿੱਲੀ ਵਿਚ ਨਵੰਬਰ ੮੪ ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਏ ਜਾਣ ਨੂੰ ਲੈਕੇ ਭੁਖ ਹੜਤਾਲ ਤੇ ਬੈਠੀ ਬੀਬੀ ਨਿਰਪ੍ਰੀਤ ਕੌਰ ਦੀ ਭੁਖ ਹੜਤਾਲ ਤਾਂ ਪੰਜ ਸਿੰਘ ਸਾਹਿਬਾਨ ਦੇ ਕਿਸੇ ਆਦੇਸ਼ ਬਿਨ੍ਹਾਂ ਹੀ ਖਤਮ ਕਰਵਾਣ ਲਈ ਗਿਆਨੀ ਗੁਰਬਚਨ ਸਿੰਘ ਦਿੱਲੀ ਪੁਜ ਗਏ ਸਨ ਤੇ ਐਸ ਮੌਕੇ ਉਥੇ ਗਿਆਨੀ ਗੁਰਬਚਨ ਸਿੰਘ ਤੋਂ ਇਲਾਵਾ ਪਰਕਾਸ਼ ਸਿੰਘ ਬਾਦਲ ਸਮੇਤ ਭਾਜਪਾ ਦੇ ਉਚ ਕੋਟੀ ਆਗੂ ਵੀ ਮੌਜੂਦ ਸਨ ।

ਦੂਸਰੇ ਪਾਸੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਦੀ ਹੁਣ ਤੀਕ ਦੀ ਪ੍ਰਾਪਤੀ ਦੀ ਗਲ ਕੀਤੀ ਜਾਏ, ਤਾਂ ਹੁਣ ਤੀਕ ਪ੍ਰਾਪਤ ਜਾਣਕਾਰੀ ਅਨੁਸਾਰ ਭਾਈ ਲਾਲ ਸਿੰਘ ਦੀ ਪੈਰੋਲ ਤੇ ਰਿਹਾਈ ਉਪਰੰਤ ਭਾਈ ਗੁਰਮੀਤ ਸਿੰਘ ਪੈਰੋਲ ਤੇ ਰਿਹਾਈ ਅੱਜ ਸਵੇਰੇ ਹੀ ਹੋਈ ਹੈ, ਜਦਕਿ ਕੁਝ ਸਿੰਘ ਅਜੇ ਵੀ ਰਿਹਾਈ ਦੀ ਉਡੀਕ ਵਿੱਚ ਹਨ । ਅਜੇਹੇ ਹਾਲਾਤਾਂ ਵਿੱਚ ਕੀ ਗਿਆਨੀ ਗੁਰਬਚਨ ਸਿੰਘ ਭਾਈ ਗੁਰਬਖਸ਼ ਸਿੰਘ ਦੁਆਰਾ ਕੀਤੀ ਅਰਦਾਸ ਨੂੰ ਤੋੜਨ ਦੇ ਦੋਸ਼ੀ ਨਹੀਂ ਹੋਣਗੇ ?

ਸਵਾਲ ਤਾਂ ਇਹ ਵੀ ਹੈ ਕਿ ਆਖਿਰ ਭਾਈ ਖਾਲਸਾ ਦੇ ਸੰਘਰਸ਼ ਦੀ ਹਮਾਇਤ ਕਰਨ ਲਈ ਮੁਖ ਮੰਤਰੀ ਪਰਕਾਸ਼ ਸਿੰਘ ਬਾਦਲ ਚੰਡੀਗੜ੍ਹ ਤੋਂ ਮੁਹਾਲੀ ਕਿਉਂ ਨਹੀਂ ਆ ਸਕੇ ?

ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬ ਵਲੋਂ ਜਾਰੀ ਬੀਤੇ ਕੱਲ੍ਹ ਦੇ ਆਦੇਸ਼ ਬਾਅਦ ਭੱਵਿਖ ਵਿਚ ਸਿੱਖ ਦੀ ਅਰਦਾਸ ਤੇ ਇਸਦੀ ਮਹੱਤਤਾ ਦੇ ਅਰਥ ਬਦਲ ਨਹੀਂ ਜਾਣਗੇ, ਇਹ ਚਿੰਤਾ ਸਿੱਖ ਚਿੰਤਕਾਂ ਤੇ ਪੰਥ ਪ੍ਰਸਤਾਂ ਨੂੰ ਜਰੂਰ ਹੈ।

ਬਾਦਲ ਦੇ ਚਮਚਿਆਂ ਨਾਲ ਘਿਰੇ ਭਾਈ ਗੁਰਬਖਸ਼ ਸਿੰਘ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top