Share on Facebook

Main News Page

ਦਸਮ ਗ੍ਰੰਥ, ਅੰਗਰੇਜ਼ਾਂ ਤੇ ਬ੍ਰਾਹਮਣਵਾਦੀਆਂ ਦੀ ਸਾਂਝੀ ਸਾਜ਼ਿਸ਼
-: ਹਰਚਰਨ ਸਿੰਘ (ਸੰਪਾਦਕ - ਸਿੱਖ ਵਿਰਸਾ)
Phone: 403-681-8689 Email: hp8689@gmail.com

‘ਦਸਮ ਗ੍ਰੰਥ’ ਬਾਰੇ ਵੱਖ-ਵੱਖ ਨਜ਼ਰੀਏ

ਵੈਸੇ ਤਾਂ ਦਸਮ ਗ੍ਰੰਥ ਦਾ ਮਸਲਾ ਉਤਨਾ ਹੀ ਪੁਰਾਣਾ ਹੈ, ਜਿਤਨਾ ਕਿ ਇਸਦੀ ਹੋਂਦ, ਪਰ ਇਹ ਮਸਲਾ 1999 ਤੋਂ ਜ਼ਿਆਦਾ ਚਰਚਾ ਵਿੱਚ ਹੈ। ਇਸ ਵੇਲੇ ਸਿੱਖਾਂ ਵਿੱਚ ਇਸਦੇ ਹੱਕ ਤੇ ਵਿਰੋਧ ਵਿੱਚ ਤਿੰਨ ਧੜੇ ਬਣ ਚੁੱਕੇ ਹਨ,

- ਇੱਕ ਉਹ ਜੋ ਇਸਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਸੰਪੂਰਨ ਰਚਨਾ ਮੰਨਦੇ ਹਨ ਤੇ ਇਸਨੂੰ ਗੁਰਦੁਆਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਨਾ ਚਾਹੁੰਦੇ ਹਨ ਤੇ ਇਸਦੇ ਪਾਠ ਵੀ ਗੁਰੂ ਗ੍ਰੰਥ ਸਾਹਿਬ ਵਾਂਗ ਕਰਨ ਦੇ ਹਾਮੀ ਹਨ।

- ਦੂਸਰੇ ਉਹ ਜੋ ਸਾਰੇ ਦਸਮ ਗ੍ਰੰਥ ਨੂੰ ਰੱਦ ਕਰਦੇ ਹਨ, ਉਨ੍ਹਾਂ ਅਨੁਸਾਰ ਇਸਦਾ ਸਿੱਖ ਧਰਮ ਜਾਂ ਗੁਰੂ ਗੋਬਿੰਦ ਸਿੰਘ ਜੀ ਨਾਲ ਕੋਈ ਸਬੰਧ ਨਹੀਂ, ਇਸਦੀਆਂ ਸਾਰੀਆਂ ਰਚਨਾਵਾਂ ਵੱਖ-ਵੱਖ ਸਮਿਆਂ ਵਿੱਚ ਵੱਖ-ਵੱਖ ਲਿਖਾਰੀਆਂ ਵਲੋਂ ਲਿਖੀਆਂ ਗਈਆਂ ਸਨ, ਜਿਨ੍ਹਾਂ ਵਿੱਚ ਬਹੁਤੀਆਂ ਹਿੰਦੂ ਗ੍ਰੰਥਾਂ ਦੇ ਉਲੱਥੇ ਹੀ ਹਨ, ਜਿਸਨੂੰ ਬਾਅਦ ਵਿੱਚ ਇੱਕ ਸਾਜ਼ਿਸ਼ ਅਧੀਨ 1897 ਵਿੱਚ ਅੰਗਰੇਜ਼ਾਂ ਦੀ ਮੱਦਦ ਨਾਲ ਸੰਤਾਂ-ਮਹੰਤਾਂ ਵਲੋਂ ਬਣਾਈ ‘ਸੋਧਕ ਕਮੇਟੀ’ ਵਲੋਂ ਵੱਖ-ਵੱਖ 32 ਹੱਥ ਲਿਖਤ ਗ੍ਰੰਥਾਂ ਜਾਂ ਪੋਥੀਆਂ ਦੇ ਅਧਾਰ ਤੇ ਤਿਆਰ ਕੀਤਾ ਗਿਆ ਸੀ। ਜਿਸਦਾ ਨਾਮ ‘ਦਸਮ ਗ੍ਰੰਥ’ ਰੱਖਿਆ ਗਿਆ, ਜੋ ਕਿ ਬਦਲਦਾ ਬਦਲਦਾ ਹੁਣ 1999 ਤੋਂ ਆਰ. ਐਸ. ਐਸ. ਦੀ ਸਾਜ਼ਿਸ਼ ਨਾਲ ‘ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ’ ਤੱਕ ਪਹੁੰਚ ਚੁੱਕਾ ਹੈ।

- ਤੀਸਰੀ ਧਿਰ ਉਹ ਹੈ, ਜੋ ‘ਦਸਮ ਗ੍ਰੰਥ’ ਵਿਚਲੀਆਂ ਕੁਝ ਬਾਣੀਆਂ ‘ਜਾਪੁ ਸਾਹਿਬ’, ‘ਅਕਾਲ ਉਸਤਤਿ’, ‘ਚੌਪਈ’, ‘ਸਵਈਏ’, ‘ਜ਼ਫਰਨਾਮਾ’ ਆਦਿ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਮੰਨਦੀ ਹੈ, ਪਰ ਬਾਕੀ ਦਸਮ ਗ੍ਰੰਥ ਨੂੰ ਹਿੰਦੂ ਗ੍ਰੰਥਾਂ ਜਾਂ ਹੋਰ ਕਵੀਆਂ ਦੀ ਰਚਨਾ ਮੰਨਦੀ ਹੈ।

ਪਰ ਇਹ ਤੀਸਰੀ ਧਿਰ ਵੀ ‘ਦਸਮ ਗ੍ਰੰਥ’ ਦਾ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਵਾਂਗ ਕਰਨ ਦੇ ਵਿਰੁੱਧ ਹੈ।

ਬ੍ਰਾਹਮਣਵਾਦ ਕੀ ਹੈ ?

‘ਦਸਮ ਗ੍ਰੰਥ’ ਦੇ ਮਸਲੇ ਨੂੰ ਸਮਝਣ ਲਈ, ਸਾਨੂੰ ਹਿੰਦੁਸਤਾਨ ਤੇ ਬ੍ਰਾਹਮਣਵਾਦ ਬਾਰੇ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ। ਜਦੋਂ ਤੱਕ ਅਸੀਂ ਬ੍ਰਾਹਮਣਵਾਦ ਦੇ ਅਸਲੀ ਖਾਸੇ ਨੂੰ ਨਹੀਂ ਸਮਝਦੇ, ‘ਦਸਮ ਗ੍ਰੰਥ’ ਜਾਂ ਸਿੱਖਾਂ ਦੇ ਬਹੁਤੇ ਮਸਲਿਆਂ ਨੂੰ ਨਹੀਂ ਸਮਝਿਆ ਜਾ ਸਕਦਾ। ਹਿੰਦੁਸਤਾਨ ਵਿੱਚ ‘ਬ੍ਰਾਹਮਣਵਾਦ’ ਦਾ ਸਿੱਧੇ ਜਾਂ ਅਸਿੱਧੇ ਢੰਗ ਨਾਲ 3500 ਸਾਲ ਤੋਂ ਬੋਲ-ਬਾਲਾ ਹੈ। ਬ੍ਰਾਹਮਣਵਾਦੀ ਤਾਕਤਾਂ ਕੋਲ ਬੇਸ਼ਕ ਇਨ੍ਹਾਂ 3500 ਸਾਲਾਂ ਵਿਚੋਂ 1200 ਸਾਲਾਂ ਵਿੱਚ ਹਿੰਦੁਸਤਾਨ ਦੇ ਵੱਡੇ ਹਿੱਸੇ ਤੇ ਰਾਜਸੀ ਤਾਕਤ ਨਹੀਂ ਸੀ, ਪਰ ਧਾਰਮਿਕ ਤੇ ਸਮਾਜਿਕ ਖੇਤਰ ਵਿੱਚ ਸਾਰੇ ਸਮੇਂ ਦੌਰਾਨ ਤਾਕਤ ਬ੍ਰਾਹਮਣਾਂ ਕੋਲ ਹੀ ਰਹੀ ਸੀ।

‘ਬ੍ਰਾਹਮਣਵਾਦ’ ਦਾ ਆਰੰਭ ਭਾਰਤ ਵਿੱਚ 4000 ਸਾਲ ਪਹਿਲਾਂ ਅਰਬ, ਸੈਂਟਰਲ ਏਸ਼ੀਆ, ਯੂਰਪ ਆਦਿ ਖੇਤਰਾਂ ਵਿਚੋਂ ਉਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਆਏ, ‘ਆਰੀਅਨ ਨਸਲ’ (ਗੋਰੇ ਜਾਂ ਭੂਰੇ ਰੰਗ ਵਾਲੇ ਲੋਕ) ਦੇ ਕਬੀਲਿਆਂ ਨਾਲ ਹੋਇਆ ਸੀ। ਜਿਨ੍ਹਾਂ ਨੇ ਉਤਰੀ ਪੱਛਮੀ ਭਾਰਤ ਦੇ ਮੈਦਾਨੀ, ਉਪਜਾਊ ਤੇ ਵਧੀਆ ਮੌਸਮ ਵਾਲੇ ਇਲਾਕਿਆਂ ਵਿੱਚ ਧੱਕੇ ਨਾਲ ਵਸਣ ਦੇ ਮਕਸਦ ਨਾਲ ਤਕਰੀਬਨ 500 ਸਾਲ, ਭਾਰਤ ਦੇ ਮੂਲ ਨਿਵਾਸੀ ਦਰਾਵੜ੍ਹਾਂ (ਕਾਲੇ ਲੋਕਾਂ) ਨਾਲ ਯੁੱਧ ਕੀਤੇ।ਹਿੰਦੂਆਂ ਦੇ ਧਾਰਮਿਕ ਗ੍ਰੰਥਾਂ ‘ਰਮਾਇਣ’, ‘ਮਹਾਂਭਾਰਤ’ ‘ਰਿਗਵੇਦ’ ਆਦਿ ਵਿੱਚ ਆਰੀਅਨਾਂ (ਦੇਵੀ, ਦੇਵਤਿਆਂ, ਬ੍ਰਾਹਮਣਾਂ, ਕਸ਼ਤਰੀਆਂ, ਸਵਰਨਾਂ) ਤੇ ਮੂਲਵਾਸੀ ਭਾਰਤੀ ਦਰਵੜਾਂ (ਦੈਂਤਾਂ, ਦਾਨਵਾਂ, ਰਾਖਸ਼ਾਂ, ਸ਼ੂਦਰਾਂ, ਅਛੂਤਾਂ) ਦੇ ਯੁੱਧਾਂ ਦਾ ਹੀ ਵਰਨਣ ਹੈ।ਇਨ੍ਹਾਂ 500 ਸਾਲ ਦੇ ਯੁੱਧਾਂ ਤੋਂ ਬਾਅਦ ਆਰੀਅਨਾਂ ਨੇ ਦਰਵੜਾਂ ਨੂੰ ਹਰਾ ਕੇ, ਉਨ੍ਹਾਂ ਦੀ ਸਭਿਅਤਾ (ਜਿਸਦੇ ਚਿੰਨ੍ਹ ਪਿਛਲੀ ਸਦੀ ਵਿੱਚ ਹੜੱਪਾ ਤੇ ਮਹਿੰਜੋਦੜੋ ਦੀ ਖੁਦਾਈ ਦੌਰਾਨ ਮਿਲੇ ਸਨ) ਨੂੰ ਤਬਾਹ ਕਰਕੇ, ਉਨ੍ਹਾਂ ਨੂੰ ਗੁਲਾਮ ਬਣਾ ਕੇ, ਆਪਣੀ ਨਵੀਂ ਆਰੀਅਨ ਸਭਿਅਤਾ (ਬ੍ਰਾਹਮਣੀ ਵਿਚਾਰਧਾਰਾ) ਵੇਦਾਂ, ਉਪਨਿਸ਼ਦਾਂ, ਸ਼ਸਤਰਾਂ, ਸਿੰਮਰਿਤੀਆਂ, ਪੁਰਾਣਾਂ, ਰਮਾਇਣ, ਮਹਾਂਭਾਰਤ, ਗੀਤਾ ਆਦਿ ਰਾਹੀਂ ਸਥਾਪਿਤ ਕੀਤੀ। ਜਿਸ ਵਿੱਚ ਉਨ੍ਹਾਂ ਨੇ ਆਪਣੇ ਯੁੱਧਾਂ ਦੇ ਨਾਇਕਾਂ ਨੂੰ ਦੇਵਤਿਆਂ (ਬ੍ਰਹਮਾ, ਵਿਸ਼ਨੂੰ, ਸ਼ਿਵ, ਰਾਮ, ਕ੍ਰਿਸ਼ਨ ਆਦਿ), ਦੇਵੀਆਂ (ਕਾਲੀ ਮਾਤਾ, ਨੈਣਾਂ ਦੇਵੀ, ਵੈਸ਼ਨੋ ਦੇਵੀ ਆਦਿ) ਦੀ ਉਪਾਧੀਆਂ ਦੇ ਕੇ ਉਨ੍ਹਾਂ ਨੂੰ ਪੂਜਣਯੋਗ ਭਗਵਾਨ ਆਦਿ ਦਾ ਦਰਜਾ ਦੇ ਕਿ ਉਨ੍ਹਾਂ ਦੇ ਮੰਦਰ ਬਣਾਏ।

ਇਸੇ ਸਮੇਂ ਵਿੱਚ ਉਨ੍ਹਾਂ ਨੇ ਗੁਲਾਮ ਬਣਾਏ ਭਾਰਤੀਆਂ ਦੀ ਤਿੰਨ ਤਰ੍ਹਾਂ ਵੰਡ ਕੀਤੀ, ਕਿੱਤਾ ਮੁੱਖੀ ਭਾਰਤੀ ਲੋਕਾਂ ਨੂੰ ਵੈਸ਼ ਕਿਹਾ ਗਿਆ, ਉਨ੍ਹਾਂ ਦੀ ਜਮੀਨ, ਜਾਇਦਾਦ ਅਤੇ ਪੈਦਾਵਰ ਦੇ ਸਾਧਨਾਂ ਤੇ ਮਾਲਕੀ ਆਪਣੀ ਬਣਾ ਲਈ, ਆਰੀਅਨਾਂ ਵਿਰੁੱਧ ਲੜਨ ਵਿੱਚ ਸਾਥ ਦੇਣ ਵਾਲਿਆਂ ਨੂੰ ਸ਼ੂਦਰ ਤੇ ਉਨ੍ਹਾਂ ਨਾਲ ਸਿੱਧੇ ਤੌਰ ਤੇ ਲੜਨ ਵਾਲੇ ਕਬੀਲਿਆਂ ਨੂੰ ਅਛੂਤ (Untouchable) ਦਾ ਦਰਜਾ ਦਿੱਤਾ ਗਿਆ। ਉਨ੍ਹਾਂ ਦੇ ਆਰਥਿਕ, ਸਮਾਜਿਕ, ਧਾਰਮਿਕ ਤੇ ਰਾਜਸੀ ਸਾਰੀ ਤਰ੍ਹਾਂ ਦੇ ਅਧਿਕਾਰ ਖੋਹ ਲਏ ਗਏ। ਉਨ੍ਹਾਂ ਨੂੰ ਸਦੀਵੀ ਗੁਲਾਮ ਬਣਾਉਣ ਦੇ ਮਨਸ਼ੇ ਤਹਿਤ ਮਨੂ ਸਿਮ੍ਰਿਤੀ ਵਰਗੇ ਗ੍ਰੰਥਾਂ ਰਾਹੀਂ ਵਰਣ ਆਸ਼ਰਮ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ, ‘ਕਰਮ ਫਿਲਾਸਫੀ’ ਲਾਗੂ ਕੀਤੀ ਗਈ, ਜਿਸ ਰਾਹੀਂ ਇਹ ਕਿਹਾ ਗਿਆ ਕਿ ਤੁਹਾਡੇ ਤੇ ਜੋ ਜ਼ੁਲਮ ਤਸ਼ੱਦਦ ਹੋ ਰਹੇ ਹਨ, ਜੇ ਤੁਸੀਂ ਗੁਲਾਮ ਹੋ, ਜੇ ਤੁਹਾਡੇ ਹੱਕ ਖੋਹੇ ਗਏ ਹਨ, ਇਹ ਸਭ ਸਾਡੇ ਕਰਕੇ ਨਹੀਂ, ਸਗੋਂ ਇਹ ਤੁਹਾਡੇ ਪਿਛਲੇ ਜਨਮਾਂ ਦਾ ਫਲ ਹੈ, ਜੇ ਹੁਣ ਤੁਸੀਂ ਇਸ ਜਨਮ ਵਿੱਚ ਬ੍ਰਾਹਮਣਾਂ ਤੇ ਕਸ਼ਤਰੀਆਂ ਦੀ ਸੇਵਾ ਕਰੋਗੇ ਤਾਂ ਨਾ ਤੁਹਾਨੂੰ ਅਗਲਾ ਜਨਮ ਚੰਗੀ ਜਾਤ ਵਿੱਚ ਮਿਲੇਗਾ, ਸਗੋਂ ਸਵਰਗਾਂ ਵਿੱਚ ਵੀ ਥਾਂ ਮਿਲੇਗੀ। ਇਸ ਤਰ੍ਹਾਂ ਉਨ੍ਹਾਂ ਵਰਣ-ਆਸ਼ਰਮ (ਜਾਤ-ਪਾਤ) ਨੂੰ ਕਰਮ ਫਿਲਾਸਫੀ ਰਾਹੀਂ ਜਨਮ ਨਾਲ ਜੋੜ ਕੇ ਗੁਲਾਮੀ ਨੂੰ ਪੀੜ੍ਹੀ-ਦਰ-ਪੀੜ੍ਹੀ ਪੱਕਾ ਕਰ ਦਿੱਤਾ।

ਇਹੀ ਵਜ੍ਹਾ ਹੈ ਕਿ ਦੁਨੀਆਂ ਵਿੱਚ ਹਾਰੀਆਂ ਜਮਾਤਾਂ ਵਲੋਂ ਹਾਕਮ ਜਮਾਤਾਂ ਦੀਆਂ ਗੁਲਾਮੀਆਂ, ਕਾਲਿਆਂ ਵਲੋਂ ਗੋਰਿਆਂ ਦੀ ਗੁਲਾਮੀ ਜਾਂ ਦੁਨੀਆਂ ਭਰ ਵਿੱਚ ਗੋਰਿਆਂ ਦੀ ਰਾਜਸੀ ਗੁਲਾਮੀ ਤੋਂ ਲੋਕਾਂ ਨੇ ਸੰਘਰਸ਼ਾਂ ਰਾਹੀਂ ਆਜ਼ਾਦੀ ਲੈ ਲਈ, ਪਰ ਬ੍ਰਾਹਮਣ ਆਰੀਅਨਾਂ ਵਲੋਂ ਭਾਰਤੀ ਲੋਕਾਂ ਤੇ ਜਾਤ ਦੀ ਗੁਲਾਮੀ ਦੇ ਬੰਧਨ ਵੱਡੇ ਵੱਡੇ ਮਹਾਂਪੁਰਸ਼ ਵੀ ਨਹੀਂ ਲਾਹ ਸਕੇ ਅਤੇ ਇਹ ਗੁਲਾਮੀ 21ਵੀਂ ਸਦੀ ਵਿੱਚ ਵੀ ਬਦਸਤੂਰ ਜਾਰੀ ਹੈ। ਇਸਨੂੰ ਥੋੜੀ ਠੱਲ ਪਿਛਲੀ ਸਦੀ ਦੇ ਇਨਕਲਾਬੀ ਪੁਰਸ਼ ਡਾ. ਭੀਮ ਰਾਉ ਅੰਬੇਦਕਰ ਵਲੋਂ ਭਾਰਤੀ ਸੰਵਿਧਾਨ (ਹਿੰਦੂ ਸੰਵਿਧਾਨ ਹੀ ਸਮਝਿਆ ਜਾਵੇ) ਵਿੱਚ ਦਲਿਤਾਂ, ਅਛੂਤਾਂ, ਪਿਛੜੇ ਵਰਗਾਂ ਨੂੰ ਜਾਤ ਅਧਾਰਿਤ ਰਿਜ਼ਰਵੇਸ਼ਨ ਲੈ ਕੇ ਦੇਣ ਨਾਲ ਪਈ ਹੈ। ਬੇਸ਼ਕ ਗੁਰੂ ਨਾਨਕ ਸਾਹਿਬ ਦੇ ਨਾਮ ਤੇ ਬਣੇ ਸਿੱਖ ਧਰਮ, ਜੋ ਕਿ ਮਨੁੱਖੀ ਬਰਾਬਰਤਾ ਦੀ ਵਿਚਾਰਧਾਰਾ ਲੈ ਕੇ ਜਨਮਿਆ ਸੀ, ਵਿੱਚ ਅੱਜ ਵੀ ਜਾਤ-ਪਾਤੀ ਮਾਨਸਿਕਤਾ ਉਸੇ ਤਰ੍ਹਾਂ ਜਾਰੀ ਹੈ।

ਇਸ ਤਰ੍ਹਾਂ ਹਮਲਾਵਰ ਆਰੀਅਨਾਂ ਨੇ 3500 ਸਾਲ ਪਹਿਲਾਂ ਹਿੰਦੁਸਤਾਨੀ ਮੂਲ ਨਿਵਾਸੀ ਦਰਾਵੜਾਂ ਨੂੰ ਹਰਾ ਕੇ ਆਪਣੇ ਬੁੱਧੀਮਾਨ ਲੋਕਾਂ ਨੂੰ ਬ੍ਰਾਹਮਣ ਦਾ ਦਰਜਾ ਤੇ ਸਾਥੀ ਹਮਲਾਵਰਾਂ ਨੂੰ ਕਸ਼ੱਤਰੀ (ਖੱਤਰੀ) ਦਾ ਦਰਜਾ ਦੇ ਕੇ ਜੋ ਵਿਚਾਰਧਾਰਾ ਵੇਦਾਂ, ਉਪਨਿਸ਼ਦਾਂ, ਸ਼ਾਸਤਰਾਂ, ਸਿਮਰਿਤੀਆਂ, ਪੁਰਾਣਾਂ ਆਦਿ ਰਾਹੀਂ ਲਾਗੂ ਕੀਤੀ ਸੀ, ਉਸਨੂੰ ਬ੍ਰਾਹਮਣੀ ਜਾਂ ਵੇਦਾਂਤਿਕ ਜਾਂ ਹਿੰਦੂਤਵੀ ਵਿਚਾਰਧਾਰਾ ਕਿਹਾ ਜਾਂਦਾ ਹੈ। ਇਹ ਵਿਚਾਰਧਾਰਾ ਇਹ ਮੰਨ ਕੇ ਚੱਲਦੀ ਹੈ ਕਿ ਦੁਨੀਆਂ ਵਿੱਚ ਸਿਰਫ ਆਰੀਅਨ ਨਸਲ ਦੇ ਲੋਕ ਹੀ ਉਚੇ ਤੇ ਸੁੱਚੇ ਹਨ, ਉਹ ਦੁਨੀਆਂ ਤੇ ਸਿਰਫ ਰਾਜ ਕਰਨ ਲਈ ਹੀ ਜੰਮੇ ਹਨ, ਬਾਕੀ ਸਾਰੀਆਂ ਨਸਲਾਂ ਜਨਮ ਤੋਂ ਹੀ ਉਨ੍ਹਾਂ ਤੋਂ ਨੀਵੀਆਂ ਤੇ ਘਟੀਆ ਹਨ, ਉਨ੍ਹਾਂ ਦੀਆਂ ਦਾਸੀਆਂ ਹਨ। ਇਹੀ ਭਰਮ ਗੋਰੇ ਨਸਲਵਾਦੀ ਵੀ ਬਹੁਤ ਸਦੀਆਂ ਤੱਕ ਪਾਲਦੇ ਰਹੇ ਸਨ, ਕਿ ਰਾਜ ਕਰਨ ਦਾ ਹੱਕ ਸਿਰਫ ਗੋਰਿਆਂ ਨੂੰ ਹੀ ਹੈ, ਕਾਲੇ, ਭੂਰੇ, ਪੀਲੇ ਆਦਿ ਹੋਰ ਰੰਗਾਂ ਨਸਲਾਂ ਦੇ ਲੋਕ ਸਿਰਫ ਗੋਰਿਆਂ ਦੀ ਚਾਕਰੀ ਕਰਨ ਲਈ ਹੀ ਜੰਮੇ ਹਨ।

ਬ੍ਰਾਹਮਣਵਾਦ ਦਾ ਇੱਕ ਖਾਸਾ ਇਹ ਹੈ ਕਿ ਜਿਥੇ ਉਹ ਦੂਜਿਆਂ ਨੂੰ ਆਪਣੇ ਤੋਂ ਨੀਵਾਂ ਤੇ ਦਾਸ ਸਮਝ ਕੇ ਚਲਦਾ ਹੈ, ਉਥੇ ਉਹ ਇਹ ਵੀ ਸਮਝਦਾ ਹੈ ਕਿ ਉਨ੍ਹਾਂ ਦੀ ਵਿਚਾਰਧਾਰਾ ਹੀ ਸਭ ਤੋਂ ਸਰਬੋਤਮ ਹੈ।ਹਿੰਦੁਸਤਾਨ ਦਾ ਇਤਿਹਾਸ ਇਸ ਗੱਲ ਗਵਾਹ ਹੈ ਕਿ ਜੋ ਵਿਅਕਤੀ ਜਾਂ ਵਿਚਾਰਧਾਰਾ ਇਸ ਖਿੱਤੇ ਵਿੱਚ ਬ੍ਰਾਹਮਣਵਾਦ ਦੇ ਖਿਲਾਫ ਖੜੀ ਹੋਈ, ਉਸਨੂੰ ਜਾਂ ਤੇ ਰਾਜਸੀ ਸ਼ਕਤੀ ਨਾਲ ਤਬਾਹ ਕਰ ਦਿੱਤਾ ਗਿਆ ਤੇ ਜਾਂ ਫਿਰ ਬ੍ਰਾਹਮਣਵਾਦ ਦੇ ਅਜਗਰ ਨੇ ਉਸ ਵਿੱਚ ਘੁਸਪੈਠ ਕਰਕੇ ਉਸਦਾ ਬ੍ਰਾਹਮਣੀਕਰਨ ਕਰਕੇ ਨਿਗਲ ਲਿਆ। ਜਿਹੜੀ ਵਿਚਾਰਧਾਰਾ ਉਨ੍ਹਾਂ ਤੋਂ ਖਤਮ ਨਾ ਹੋਵੇ ਜਾਂ ਲੋਕਾਂ ਵਿੱਚ ਮਕਬੂਲ ਹੋ ਜਾਵੇ, ਉਸ ਵਿੱਚ ਉਹ ਅਜਿਹੀ ਘੁਸਪੈਠ ਕਰਦੇ ਹਨ ਕਿ ਉਸਨੂੰ ਘੁਣ ਜਾਂ ਸਿਉਂਕ ਵਾਂਗ ਅੰਦਰੋ ਅੰਦਰ ਨਿਗਲ ਜਾਂਦੇ ਹਨ ਤੇ ਉਸਤੇ ਅਜਿਹੀ ਬ੍ਰਾਹਮਣਵਾਦੀ ਰੰਗਤ ਚਾੜਦੇ ਹਨ ਕਿ ਉਹ ਵਿਚਾਰਧਾਰਾ ਜਿੰਦਾ ਦਿਸਣ ਦੇ ਬਾਵਜੂਦ ਵੀ ਆਪਣਾ ਅਸਲੀ ਇਨਕਲਾਬੀ ਖਾਸਾ ਗੁਆ ਬੈਠਦੀ ਹੈ। ਜਿਸਦੀਆਂ ਵੱਡੀਆਂ ਮਿਸਾਲਾਂ ਬੁੱਧ, ਜੈਨ ਤੇ ਪਾਰਸੀ ਧਰਮ ਹਨ।

ਇਹ ਤਿੰਨੋ ਧਰਮ ਮੁਢਲੇ ਰੂਪ ਵਿੱਚ ਇਨਕਲਾਬੀ ਤੇ ਲੋਕ ਪੱਖੀ ਵਿਚਾਰਧਾਰਾਵਾਂ ਸਨ।ਪਰ ਅੱਜ ਬ੍ਰਾਹਮਣਵਾਦ ਇਨ੍ਹਾਂ ਨੂੰ ਨਾ ਸਿਰਫ ਵਿਚਾਰਧਾਰਕ ਤੌਰ ਤੇ ਹੀ ਨਿਗਲ ਚੁੱਕਾ ਹੈ, ਸਗੋਂ ਜਦੋਂ ਬ੍ਰਾਹਮਣਵਾਦੀ ਤਾਕਤਾਂ ਨੂੰ 1947 ਵਿੱਚ ਪੂਰੀ ਰਾਜਸੀ ਤਾਕਤ ਮਿਲੀ (ਜਿਸ ਲਈ ਸਾਰੀਆਂ ਕੌਮਾਂ ਨੇ ਸਾਂਝਾ ਸੰਘਰਸ ਲੜਿਆ ਸੀ) ਤਾਂ ਉਨ੍ਹਾਂ ਨੇ ਇਨ੍ਹਾਂ ਤਿੰਨਾਂ ਧਰਮਾਂ ਸਮੇਤ ਸਿੱਖਾਂ ਨੂੰ ਕਲਮ ਦੇ ਇਕੋ ਵਾਰ ਨਾਲ ਭਾਰਤੀ ਸੰਵਿਧਾਨ ਵਿੱਚ ਹਿੰਦੂਆਂ ਦੀ ਇੱਕ ਸ਼ਾਖਾ ਬਣਾ ਦਿੱਤਾ। ਬੇਸ਼ਕ ਮੁਢਲੇ ਰੂਪ ਵਿੱਚ ਇਹ ਸਾਰੇ ਧਰਮ, ਬ੍ਰਾਹਮਣਵਾਦ ਦੇ ਵਿਰੋਧ ਵਿੱਚ ਉਠੇ, ਬ੍ਰਾਹਮਣਵਾਦ ਵਿਰੁੱਧ ਲੜੇ, ਪਰ ਅੱਜ ਇਨ੍ਹਾਂ ਦਾ ਪੂਰੀ ਤਾਂ ਬ੍ਰਾਹਮਣੀਕਰਣ (ਹਿੰਦੂਕਰਣ) ਕੀਤਾ ਜਾ ਚੁੱਕਾ ਹੈ। ਬ੍ਰਾਹਮਣਵਾਦੀ ਵਿਚਾਰਧਾਰਾ ਦਾ ਮੁਢਲਾ ਖਾਸਾ, ਜਿਥੇ ਮਨੁੱਖੀ ਅਣ ਬਰਾਬਰੀ (ਵਰਣ ਆਸ਼ਰਮ) ਤੇ ਖੜਾ ਹੈ, ਉਥੇ ਇਹ ਵਿਚਾਰਧਾਰਾ ਇਤਨੀ ਤੰਗ ਨਜ਼ਰੀ ਦੀ ਸ਼ਿਕਾਰ ਹੈ ਕਿ ਕਿਸੇ ਹੋਰ ਵਿਚਰਧਾਰਾ ਨੂੰ ਬਰਦਾਸ਼ਤ ਨਹੀਂ ਕਰਦੀ। ਇਨ੍ਹਾਂ ਦਾ ਇਕੋ ਹੀ ਫਾਰਮੂਲਾ ਹੈ ਕਿ ਜੇ ਹਿੰਦੁਸਤਾਨ ਵਿੱਚ ਰਹਿਣਾ ਹੈ ਤਾਂ ਬ੍ਰਾਹਮਣੀ ਵਿਚਾਰਧਾਰਾ ਨੂੰ ਸਰਬੋਤਮ ਮੰਨ ਕੇ, ਉਨ੍ਹਾਂ ਦੀ ਸਮਾਜਿਕ, ਧਾਰਮਿਕ ਤੇ ਹੁਣ ਰਾਜਸੀ ਗੁਲਾਮੀ ਕਬੂਲ ਕਰਕੇ ਰਹੋ, ਜੇ ਤੁਸੀਂ ਆਪਣੇ ਆਪ ਨੂੰ ਜਾਂ ਆਪਣੀ ਵਿਚਾਰਧਾਰਾ ਨੂੰ ਬ੍ਰਾਹਮਣੀ ਵਿਚਾਰਧਾਰਾ ਤੋਂ ਸਰਬੋਤਮ ਸਮਝਦੇ ਹੋ, ਸਮਾਜਿਕ, ਧਾਰਮਿਕ, ਰਾਜਸੀ ਗੁਲਾਮੀ ਕਬੂਲ ਨਹੀਂ ਕਰਦੇ ਤਾਂ ਫਿਰ ਉਹ ਜਦੋਂ ਮੌਕਾ ਮਿਲੇ ਤੁਹਾਡੇ ਤੇ ਰਾਜਸੀ ਤਾਕਤ ਨਾਲ ਸਰੀਰਕ ਹਮਲਾ ਕਰਨਗੇ (ਜਿਸ ਤਰ੍ਹਾਂ ਸਿੱਖਾਂ ਉਪਰ 1947 ਤੇ ਫਿਰ 1984-1995 ਤੱਕ ਕੀਤਾ ਗਿਆ ਅਤੇ ਮੁਸਲਮਾਨਾਂ, ਇਸਾਈਆਂ, ਦਲਿਤਾਂ, ਹੋਰ ਘੱਟ ਗਿਣਤੀਆਂ ਤੇ 1947 ਤੋਂ ਲਗਾਤਾਰ ਦੰਗਿਆਂ ਜਾਂ ਵੱਖਵਾਦੀ ਮੂਵਮੂਟਾਂ ਦੇ ਨਾਮ ਤੇ ਹਮਲੇ ਜਾਰੀ ਹਨ) ਜਾਂ ਫਿਰ ਤੁਹਾਡੇ ਵਿੱਚ ਅਜਿਹੀ ਘੁਸਪੈਠ ਕਰਨਗੇ ਕਿ ਤੁਹਾਡਾ ਬ੍ਰਾਹਮਣੀਕਰਨ (ਹਿੰਦੁਕਰਨ) ਕਰਕੇ ਹੀ ਹਟਣਗੇ, ਜਿਸ ਤਰ੍ਹਾਂ ਬੋਧੀਆਂ, ਜੈਨੀਆਂ, ਪਾਰਸੀਆਂ ਦਾ ਕੀਤਾ ਜਾ ਚੁੱਕਾ ਹੈ ਅਤੇ ਮੁਸਲਮਾਨਾਂ, ਇਸਾਈਆਂ ਤੇ ਸਿੱਖਾਂ ਦਾ ਜਾਰੀ ਹੈ।

ਸਿੱਖਾਂ ਵਿੱਚ ਬ੍ਰਾਹਮਣਵਾਦੀਆਂ ਦੀ ਘੁਸਪੈਠ

ਹਿੰਦੁਸਤਾਨ ਵਿੱਚ ਬ੍ਰਾਹਮਣਵਾਦ ਦੀ ਵਰਣ ਆਸ਼ਰਮ (ਮਨੁੱਖੀ ਨਾ ਬਰਾਬਰੀ) ਵਿਚਾਰਧਾਰਾ ਅਤੇ ਧਰਮ ਦੇ ਨਾਮ ਤੇ ਮਨੁੱਖਤਾ ਦੀ ਕਰਮਕਾਂਡਾਂ ਤੇ ਮਰਿਯਾਦਾਵਾਂ ਰਾਹੀਂ ਆਰਥਿਕ, ਸਮਾਜਿਕ, ਰਾਜਸੀ, ਧਾਰਮਿਕ ਲੁੱਟ (ਸੋਸ਼ਣ) ਖਿਲਾਫ ਬੁੱਧ ਤੇ ਜੈਨ ਧਰਮ ਤੋਂ ਤਕਰੀਬਨ 1000 ਸਾਲ ਬਾਅਦ ਪਹਿਲੀ ਵਾਰ ਗੁਰੂ ਨਾਨਕ ਸਾਹਿਬ ਨੇ ਸਿੱਖ ਲਹਿਰ ਖੜੀ ਕੀਤੀ, ਜਿਸਨੇ ਬ੍ਰਾਹਮਣਵਾਦੀ ਕਿਲ੍ਹਾ ਢਾਹੁਣ ਲਈ ਬੜੇ ਯੋਜਨਾਬੱਧ ਢੰਗ ਨਾਲ ਹਮਲੇ ਸ਼ੁਰੂ ਕੀਤੇ। ਇਥੇ ਇਹ ਵੀ ਵਰਨਣਯੋਗ ਹੈ ਕਿ ਬ੍ਰਾਹਮਣਵਾਦ ਖਿਲਾਫ ਅਜਿਹੀ ਲੜਾਈ ਗੁਰੂ ਨਾਨਕ ਸਾਹਿਬ ਤੋਂ 200-300 ਸਾਲ ਪਹਿਲਾਂ ਭਗਤੀ ਲਹਿਰ ਦੇ ਰੂਪ ਵਿੱਚ ਕਬੀਰ ਜੀ, ਰਵਿਦਾਸ ਜੀ, ਨਾਮਦੇਵ ਜੀ ਆਦਿ ਵਰਗੇ ਵੱਡੇ-ਵੱਡੇ ਇਨਕਲਾਬੀ ਮਹਾਂਪੁਰਸ਼ ਵੀ ਲੜ ਰਹੇ ਸਨ, ਪਰ ਭਗਤੀ ਲਹਿਰ ਦੇ ਆਗੂ ਆਪਣੀ ਲਹਿਰ ਨੂੰ ਗੁਰੂ ਨਾਨਕ ਸਾਹਿਬ ਵਾਂਗ ਯੋਜਨਬੱਧ ਨਹੀਂ ਕਰ ਸਕੇ ਸਨ। ਜਿਥੇ ਗੁਰੂ ਨਾਨਕ ਸਾਹਿਬ ਨੇ ਆਪਣੀ ਵਿਚਾਰਧਾਰਾ ਨੂੰ ਪੱਕੇ ਪੈਰੀਂ ਕਰਨ ਲਈ 10 ਗੁਰੂ ਸਾਹਿਬਾਨ ਦੇ ਰੂਪ ਵਿੱਚ 239 ਸਾਲ ਇਹ ਸੰਘਰਸ਼ ਜਾਰੀ ਰੱਖਿਆ, ਉਥੇ ਨਾ ਸਿਰਫ ਉਨ੍ਹਾਂ ਦੇ ਸਮਾਂਤਰ (Parrallel) ਬ੍ਰਾਹਮਣ ਨੇ ਉਨ੍ਹਾਂ ਦੇ ਘਰਾਂ ਵਿਚੋਂ ਹੀ ਬੰਦੇ ਖੜੇ ਕਰਕੇ ਆਪਣਾ ਵਿਰੋਧ ਜਾਰੀ ਰੱਖਿਆ, ਸਗੋਂ ਮੌਕੇ ਦੀਆਂ ਮੁਗਲ ਹਕੂਮਤਾਂ ਨੂੰ ਵੀ ਸਿੱਖ ਲਹਿਰ ਦੇ ਖਿਲਾਫ ਭੁਗਤਾਉਣ ਲਈ ਯਤਨ ਕਰਦੇ ਰਹੇ।

ਬ੍ਰਾਹਮਣਵਾਦੀਆਂ ਨੇ ਗੁਰੂ ਨਾਨਕ ਸਾਹਿਬ ਦੇ ਵੱਡੇ ਲੜਕੇ ਸ੍ਰੀ ਚੰਦ ਨੂੰ ਉਨ੍ਹਾਂ ਖਿਲਾਫ ਭੁਗਤਾ ਕੇ ਨਾ ਸਿਰਫ ਪਹਿਲੀ ਸਫਲਤਾ ਹਾਸਿਲ ਕਰ ਲਈ ਸੀ, ਸਗੋਂ ਗੁਰੂ ਨਾਨਕ ਸਾਹਿਬ ਦੀ ਸਿੱਖ ਲਹਿਰ ਦੇ ਮੁਕਾਬਲੇ ਉਨ੍ਹਾਂ ਦੇ ਲੜਕੇ ਸ੍ਰੀ ਚੰਦ ਰਾਹੀਂ ਨਵਾਂ ਹਿੰਦੂਵਾਦੀ ਉਦਾਸੀ ਮੱਤ ਸ਼ੁਰੂ ਕਰਵਾ ਦਿੱਤਾ ਸੀ, ਜੋ ਕਿ ਹੁਣ ਤੱਕ ਸਿੱਖਾਂ ਖਿਲਾਫ ਭੁਗਤ ਰਿਹਾ ਹੈ। ਇਨ੍ਹਾਂ ਉਦਾਸੀ ਮੱਤ ਦੇ ਪੈਰੋਕਾਰਾਂ ਨੂੰ ਹੀ ਬਾਅਦ ਵਿੱਚ ਮਹੰਤ ਕਿਹਾ ਗਿਆ ਸੀ, ਜਿਨ੍ਹਾਂ ਨੂੰ ਗੁਰਦੁਆਰਾ ਸੁਧਾਰ ਲਹਿਰ ਵੇਲੇ ਸਿੱਖਾਂ ਨੇ ਜ਼ਬਰਦਸਤ ਲਹਿਰ ਚਲਾ ਕੇ ਗੁਰਦੁਆਰਿਆਂ ਵਿਚੋਂ ਕੱਢਿਆ ਸੀ। ਇਨ੍ਹਾਂ ਦੇ ਪੈਰੋਕਾਰ ਹੀ ਅੱਜ ਨਵੇਂ ਰੂਪ ਵਿੱਚ ਸਾਧਾਂ, ਸੰਤਾਂ, ਬ੍ਰਹਮ ਗਿਆਨੀਆਂ, ਮਹਾਂਪੁਰਸ਼ਾਂ ਦੇ ਰੂਪ ਵਿੱਚ ਸਿੱਖੀ ਨੂੰ ਢਾਹ ਲਗਾ ਰਹੇ ਹਨ। ਗੁਰੂ ਨਾਨਕ ਸਾਹਿਬ ਦੇ ਦੂਸਰੇ ਪੁੱਤਰ ਲੱਖਮੀ ਚੰਦ ਤੇ ਉਸਦੇ ਪਰਿਵਾਰ ਨੂੰ ਵਰਤਿਆ ਗਿਆ ਤੇ ਅੱਜ ਤੱਕ ਉਨ੍ਹਾਂ ਦੀ ਔਲਾਦ ਬੇਦੀ ਖਾਨਦਾਨ (ਊਨੇ ਵਾਲੇ ਬੇਦੀਆਂ ਰਾਹੀਂ) ਬਣ ਕੇ ਸਿੱਖ ਲਹਿਰ ਖਿਲਾਫ ਭੁਗਤ ਰਹੀ ਹੈ। ਬ੍ਰਾਹਮਣੀ ਤਾਕਤਾਂ ਨੇ ਗੁਰੂ ਅੰਗਦ ਸਾਹਿਬ ਦੇ ਲੜਕੇ ਦਾਤੂ ਤੇ ਦਾਸੂ ਨੂੰ ਸਿੱਖੀ ਦੇ ਵਿਰੋਧ ਵਿੱਚ ਖੜਾ ਕੀਤਾ, ਗੁਰੂ ਅਮਰਦਾਸ ਜੀ ਦੇ ਲੜਕਿਆਂ ਮੋਹਣੀ ਤੇ ਮੋਹਰੀ ਨੂੰ ਗੁਰੂ ਘਰ ਦੇ ਵਿਰੋਧ ਲਈ ਵਰਤਿਆ ਗਿਆ, ਗੁਰੂ ਰਾਮਦਾਸ ਜੀ ਦੇ ਲੜਕਿਆਂ ਪ੍ਰਿਥੀ ਚੰਦ ਤੇ ਮਹਾਂਦੇਵ ਨੂੰ ਵਿਰੋਧ ਵਿੱਚ ਖੜਾ ਕੀਤਾ ਗਿਆ। ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪਰਿਵਾਰ ਵਿਚੋਂ ਧੀਰਮਲ ਤੇ ਰਾਮ ਰਾਏ ਨੂੰ ਖੜਾ ਕੀਤਾ ਗਿਆ।

ਬ੍ਰਾਹਮਣੀ ਤਾਕਤਾਂ ਨੇ ਜਿਥੇ ਸਿੱਖ ਲਹਿਰ ਨੂੰ ਫੇਲ੍ਹ ਕਰਨ ਲਈ ਜਾਂ ਉਸ ਵਿੱਚ ਘੁਸਪੈਠ ਕਰਨ ਦੇ ਮਨਸੂਬਿਆਂ ਨਾਲ ਗੁਰੂ ਸਾਹਿਬਾਨ ਦੇ ਪਰਿਵਾਰਾਂ ਵਿਚੋਂ ਹੀ ਸੰਨ੍ਹ ਲਾ ਲਈ ਸੀ, ਉਥੇ ਦੂਜੇ ਪਾਸੇ ਮੁਗਲੀਆ ਹਕੂਮਤ ਤੇ ਕੱਟੜਪੰਥੀ ਮੁਲਾਣਿਆਂ ਨੂੰ ਸਿੱਖ ਲਹਿਰ ਖਿਲਾਫ ਭੁਗਤਾਉਣ ਲਈ ਅੰਦਰਖਾਤੇ ਆਪਣੇ ਅਸਰ ਰਸੂਖ ਰਾਹੀਂ ਅਨੇਕਾਂ ਸਾਜ਼ਿਸ਼ਾਂ ਕੀਤੀਆਂ ਗਈਆਂ। ਜਿਸ ਕਾਰਨ ਗੁਰੂ ਅਰਜਨ ਸਾਹਿਬ ਤੇ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦੀ ਦੇਣੀ ਪਈ, ਗੁਰੂ ਹਰਿ ਗੋਬਿੰਦ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਮੁਗਲਾਂ ਨਾਲ ਕਈ ਲੜਾਈਆਂ ਲੜਨੀਆਂ ਪਈਆਂ ਤੇ ਆਪਣੇ ਬੱਚੇ ਸ਼ਹੀਦ ਕਰਾਉਣੇ ਪਏ।ਪਰ ਗੁਰੂ ਸਾਹਿਬਾਨ ਦੇ ਜੀਵਨ ਕਾਲ ਵਿੱਚ ਬ੍ਰਾਹਮਣਵਾਦੀ ਤਾਕਤਾਂ ਬਹੁਤ ਜ਼ਿਆਦਾ ਸਫਲ ਨਹੀਂ ਹੋ ਸਕੀਆਂ, ਭਾਵੇਂ ਕਿ ਗੁਰੂ ਕਾਲ ਦੇ ਵਿੱਚ ਹੀ ਉਨ੍ਹਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਧੀਰਮੱਲੀਆਂ ਰਾਮਰਾਈਆਂ ਰਾਹੀਂ ਕਬਜ਼ਾ ਕਰ ਲਿਆ ਸੀ, ਜੋ ਕਿ ਕੁਝ ਸਮੇਂ ਲਈ (1850-1925) ਅੰਗਰੇਜਾਂ ਦੇ ਕੰਟਰੋਲ ਵਿੱਚ ਰਿਹਾ, ਪਰ 1947 ਤੋਂ ਫਿਰ ਇਨ੍ਹਾਂ ਤਾਕਤਾਂ ਦੇ ਕੰਟਰੋਲ ਵਿੱਚ ਹੈ। ਹੁਣ 1999 ਤੋਂ ਆਰ.ਐਸ.ਐਸ. ਵਰਗੀਆਂ ਫਾਸ਼ੀ ਹਿੰਦੂ ਤਾਕਤਾਂ ਸਿੱਖਾਂ ਦੇ ਪੰਜਾਂ ਤਖਤਾਂ ਤੇ ਪੂਰੀ ਤਰ੍ਹਾਂ ਕਾਬਿਜ਼ ਹਨ। ਪਰ ਗੁਰੂ ਕਾਲ ਵਿੱਚ ਜਿਉਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਆਖਰੀ ਸਮੇਂ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਦੇਣ ਦਾ ਫੈਸਲਾ ਕਰ ਲਿਆ। ਉਦੋਂ ਹੀ ਇਹ ਤਾਕਤਾਂ ਨਵੇਂ ਰੂਪ ਵਿੱਚ ਆ ਪ੍ਰਗਟ ਹੋਈਆਂ। ਜਿਸਦਾ ਵੇਰਵਾ ਅੱਗੇ ਦਿੱਤਾ ਜਾ ਰਿਹਾ ਹੈ।

ਸਿੱਖਾਂ ਦਾ ਬ੍ਰਾਹਮਣੀਕਰਨ (ਹਿੰਦੂਕਰਨ) ਕਿਵੇਂ ਕੀਤਾ ਗਿਆ ?

ਗੁਰੂ ਗੋਬਿੰਦ ਸਿੰਘ ਜੀ ਦੇ ਸੰਸਾਰਕ ਯਾਤਰਾ ਪੂਰੀ ਕਰਨ ਤੋਂ ਬਾਅਦ ਬਾਬਾ ਬੰਦਾ ਬਹਾਦਰ ਵਲੋਂ ਮੁਗਲੀਆ ਹਕੂਮਤ ਨਾਲ ਸਿੱਧੀ ਟੱਕਰ ਲੈਣ ਬਾਅਦ ਕੁਝ ਚਿਰ ਲਈ ਖਾਲਸਾ ਰਾਜ ਕਾਇਮ ਹੋਇਆ, ਪਰ ਜਲਦੀ ਹੀ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਮੁਗਲੀਆ ਹਕੂਮਤ ਦਾ ਫਿਰ ਜ਼ੋਰ ਪੈ ਗਿਆ ਤੇ ਗੁਰੂ ਦੀ ਫੌਜ ਦੇ ਸਿਪਾਹੀਆਂ (ਖਾਲਸਿਆਂ) ਨੂੰ ਜੰਗਲਾਂ, ਪਹਾੜਾਂ, ਮਾਰੂਥਲਾਂ ਵਿੱਚ ਜਾਣਾ ਪੈ ਗਿਆ। ਇਹ ਸੰਘਰਸ਼ 1716 ਤੋਂ 1800 ਤੱਕ ਚਲਦਾ ਰਿਹਾ, ਜਦੋਂ ਤੱਕ ਸਿੱਖਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿੱਚ 1801 ਵਿੱਚ ਸਿੱਖ ਰਾਜ ਕਾਇਮ ਨਹੀਂ ਕਰ ਲਿਆ।ਇਹ ਉਹ ਸਮਾਂ ਸੀ, ਜਦੋਂ ਬ੍ਰਾਹਮਣੀ ਤਾਕਤਾਂ ਨੇ ਸਿੱਖੀ ਵਿੱਚ ਘੁਸਪੈਠ ਕਰਕੇ ਉਸਦਾ ਬ੍ਰਾਹਮਣੀਕਰਨ (ਹਿੰਦੂਕਰਨ) ਕਰਨ ਲਈ ਚੰਗਾ ਸਮਾਂ ਜਾਣਿਆ। ਹਿੰਦੂਆਂ ਦੇ ਗ੍ਰੰਥਾਂ, ਵੇਦਾਂ, ਸ਼ਾਸਤਰਾਂ, ਉਪਨਿਸ਼ਦਾਂ, ਸਿੰਮਰਿਤੀਆਂ, ਪੁਰਾਣਾਂ ਦੇ ਸਕਾਲਰ ਬ੍ਰਾਹਮਣ (ਜੋ ਕਿ ਉਨ੍ਹਾਂ ਸਮਿਆਂ ਵਿੱਚ ਆਮ ਤੌਰ ਤੇ ਕੇਸਾਧਾਰੀ ਹੁੰਦੇ ਸਨ ਤੇ ਪੱਗ ਬੰਨਦੇ ਸਨ, ਅੱਜ ਵੀ ਬਹੁਤੇ ਹਿੰਦੂ ਸਾਧ ਕੇਸ ਦਾੜੀ ਰੱਖਦੇ ਹਨ ਤੇ ਪੱਗ ਵੀ ਬੰਨ੍ਹਦੇ ਹਨ) ਸਿੱਖੀ ਭੇਸ ਧਾਰ ਕੇ ਨਿਰਮਲਿਆਂ ਦੇ ਰੂਪ ਵਿੱਚ ਪੰਜਾਬ ਆ ਵੜੇ ਤੇ ਆਪਣੇ ਡੇਰੇ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਬਣਾ ਲਏ। ਉਸੇ ਸਮੇਂ ਬ੍ਰਾਹਮਣੀ ਤਾਕਤਾਂ ਵਲੋਂ ਗੁਰੂਆਂ ਦੇ ਪਰਿਵਾਰਾਂ ਵਿਚੋਂ ਬੰਦੇ ਖੜੇ ਕਰਕੇ ਸਮਾਂਤਰ ਚਲਾਈ ਜਾ ਰਹੀ ‘ਉਦਾਸੀ ਮੱਤ’ ਨਾਮ ਦੀ ਵਿਚਾਰਧਾਰਾ ਦੇ ਨਾਮ ਤੇ ਹਰਿਦੁਆਰ ਦੇ ਪਾਂਡੇ (ਜੋ ਕਿ ਅਕਸਰ ਮੋਨੇ ਹੁੰਦੇ ਸਨ, ਪਰ ਪੱਗ ਬੰਨ੍ਹਦੇ ਸਨ, ਕਈ ਉਨ੍ਹਾਂ ਵਿੱਚ ਵੀ ਕੇਸ ਦਾੜ੍ਹੀ ਰੱਖਦੇ ਸਨ ਤੇ ਪੱਗ ਬੰਨ੍ਹਦੇ ਸਨ) ਪਿੰਡਾਂ ਦੇ ਗੁਰਦੁਆਰਿਆਂ (ਜਿਨ੍ਹਾਂ ਨੂੰ ਉਸ ਸਮੇਂ ਧਰਮਸ਼ਾਲ ਕਿਹਾ ਜਾਂਦਾ ਸੀ) ਤੇ ਆ ਕਾਬਿਜ਼ ਹੋਏ। ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਆਮ ਤੌਰ ਵੈਸ਼, ਸ਼ੂਦਰ ਤੇ ਅਛੂਤ ਲੋਕ ਹੀ ਸਿੱਖੀ ਵਿੱਚ ਸ਼ਾਮਿਲ ਹੁੰਦੇ ਸਨ, ਬ੍ਰਾਹਮਣ ਤੇ ਕਸ਼ੱਤਰੀ ਲੋਕ ਬਹੁਤ ਘੱਟ ਸਿੱਖ ਬਣਦੇ ਸਨ, ਬੇਸ਼ਕ ਗੁਰੂ ਸਾਹਿਬਾਨ ਆਪ ਖੱਤਰੀ ਪਰਿਵਾਰਾਂ ਵਿਚੋਂ ਸਨ, ਪਰ ਉਨ੍ਹਾਂ ਦੇ ਪਰਿਵਾਰ ਜ਼ਿਆਦਾਤਰ ਉਨ੍ਹਾਂ ਦੇ ਖਿਲਾਫ ਹੀ ਭੁਗਤਦੇ ਰਹੇ। ਵੈਸ਼, ਸ਼ੂਦਰ ਤੇ ਅਛੂਤ, ਉਹ ਲੋਕ ਸਨ, ਜਿਨ੍ਹਾਂ ਤੋਂ ਮਨੂਵਾਦੀਆਂ ਨੇ ਪੜ੍ਹਨ ਲਿਖਣ ਦੇ ਸਾਰੇ ਅਧਿਕਾਰ ਹਜਾਰਾਂ ਸਾਲਾਂ ਤੋਂ ਖੋਹੇ ਹੋਏ ਸਨ।ਇਸ ਤਰ੍ਹਾਂ ਇਨ੍ਹਾਂ ਬਨਾਰਸ (ਕਾਂਸ਼ੀ) ਦੇ ਵਿਦਵਾਨ ਪੰਡਤਾਂ (ਨਿਰਮਲਿਆਂ) ਤੇ ਹਰਦਿੁਆਰ ਦੇ ਵਿਦਵਾਨ ਪੰਡਤਾਂ (ਮਹੰਤਾਂ) ਨੂੰ ਪਿੰਡਾਂ ਵਿੱਚ ਸਿੱਖੀ ਦਾ ਬ੍ਰਾਹਮਣੀਕਰਨ ਕਰਨਾ ਬੜਾ ਸੌਖਾ ਸੀ।

1725-1800 ਦੇ ਸਮੇਂ ਵਿੱਚ ਜਿਥੇ ਇੱਕ ਪਾਸੇ ਨਿਰਮਲੇ ਪੰਡਤਾਂ ਨੇ ਅਨੇਕਾਂ ਗ੍ਰੰਥ (ਜਿਨ੍ਹਾਂ ਵਿੱਚ ਭਾਈ ਬਾਲੇ ਵਾਲੀ ਜਨਮ ਸਾਖੀ, ਭਾਈ ਮਿਹਰਬਾਨ ਵਾਲੀ ਜਨਮਸਾਖੀ, ਗੁਰ ਬਿਲਾਸ ਪਾ: ਛੇਵੀਂ, ਗੁਰ ਬਿਲਾਸ ਪਾ: ਦਸਵੀਂ, ਗੁਰੂ ਕੀਆਂ ਸਾਖੀਆਂ, ਬਚਿੱਤਰ ਨਾਟਕ, ਦਸਵੇਂ ਪਾਤਸ਼ਾਹ ਕਾ ਗ੍ਰੰਥ, ਸੌ ਸਾਖੀ, ਪਰਚੀਆਂ ਸੇਵਾਦਾਸ, ਮਹਿਮਾ ਪ੍ਰਕਾਸ਼, ਵਿਦਿਆ ਸਾਗਰ ਗ੍ਰੰਥ, ਪ੍ਰੇਮ ਸੁਮਾਰਗ ਗ੍ਰੰਥ, ਪ੍ਰਾਚੀਨ ਪੰਥ ਪ੍ਰਕਾਸ਼, ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ, ਨਾਨਕ ਪੰਥੀ ਕਾਵਿਯਾ, ਸ੍ਰੀ ਗੁਰ ਸੋਭਾ, ਸਰਬ ਲੋਹ ਗ੍ਰੰਥ, ਅਨੇਕਾਂ ਨਕਲੀ ਰਹਿਤਨਾਮੇ ਤੇ ਹੁਕਮਨਾਮੇ, ਸ਼ਸਤਰਨਾਮ ਮਾਲਾ ਤੋਂ ਇਲਾਵਾ ਹੋਰ ਕਈ ਗ੍ਰੰਥ ਸ਼ਾਮਿਲ ਹਨ) ਲਿਖੇ ਗਏ।

ਉਥੇ ਦੂਜੇ ਪਾਸੇ ਹਰਿਦੁਆਰ ਦੇ ਪਾਂਡਿਆਂ (ਉਦਾਸੀ ਮਹੰਤਾਂ) ਨੇ ਗੁਰਦੁਆਰਿਆਂ ਤੇ ਸਿੱਖ ਸਮਾਜ ਦਾ ਹਿੰਦੂਕਰਨ ਕਰਨ ਲਈ ਅਨੇਕਾਂ ਬ੍ਰਾਹਮਣੀ ਰੀਤਾਂ-ਰਸਮਾਂ, ਕਰਮਕਾਂਡ ਸਿੱਖਾਂ ਵਿੱਚ ਸ਼ੁਰੂ ਕਰ ਦਿੱਤੇ, ਜਿਨ੍ਹਾਂ ਵਿਚੋਂ ਕੱਢਣ ਲਈ ਗੁਰੂ ਸਾਹਿਬਾਨ 239 ਸਾਲ ਯਤਨ ਕਰਦੇ ਰਹੇ ਸਨ। ਇਨ੍ਹਾਂ ਨਿਰਮਲੇ ਸੰਤਾਂ ਤੇ ਉਦਾਸੀ ਮਹੰਤਾਂ ਦੀ ਸਿੱਖ ਸਮਾਜ ਵਿੱਚ ਉਸ ਵੇਲੇ ਹੋਰ ਚੜ੍ਹ ਮਚ ਗਈ, ਜਦੋਂ ਸਿੱਖ ਰਾਜ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸ਼ਰਧਾ (ਅਗਿਆਨਤਾ) ਵੱਸ ਵੱਡੀਆਂ ਵੱਡੀਆਂ ਜਗੀਰਾਂ ਗੁਰਦੁਆਰਿਆਂ ਤੇ ਡੇਰਿਆਂ ਦੇ ਨਾਮ ਲਗਾ ਦਿੱਤੀਆਂ। ਜਿਥੇ ਸਿੱਖੀ ਸੋਚ ਨੂੰ ਪਰਨਾਏ ਸਿੱਖ 1708 ਤੋਂ 1800 ਈ: ਤੱਕ ਸਿੱਖ ਰਾਜ ਕਾਇਮ ਕਰਨ ਲਈ ਲੜਦੇ ਰਹੇ, ਜਦੋਂ ਸਿੱਖ ਰਾਜ ਆਇਆ ਤਾਂ ਉਹ ਸਿੱਖ ਰਾਜ ਵਧਾਉਣ ਲਈ (1801-1849) ਲੜਦੇ ਰਹੇ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਖਾਤਮੇ ਤੇ ਅੰਗਰੇਜ਼ ਦੇ ਆਉਣ ਤੱਕ ਸਿੱਖੀ ਦਾ ਪੂਰੀ ਤਰ੍ਹਾਂ ਬ੍ਰਾਹਮਣੀਕਰਨ ਹੋ ਚੁੱਕਾ ਸੀ

ਇਥੇ ਇਹ ਦੱਸਣਾ ਵੀ ਜਰੂਰੀ ਹੈ ਕਿ ਬ੍ਰਾਹਮਣਾਂ ਨੂੰ ਸਿੱਖੀ ਦਾ ਹਿੰਦੂਕਰਨ ਕਰਨ ਲਈ ਇਤਨੇ ਗ੍ਰੰਥ ਕਿਉਂ ਲਿਖਣੇ ਪਏ? ਪੁਰਾਣੇ ਧਰਮਾਂ (ਬੁੱਧ, ਜੈਨ ਤੇ ਪਾਰਸੀ ਆਦਿ) ਦੇ ਮਹਾਂਪੁਰਸ਼ਾਂ ਨੇ ਆਪਣੀ ਵਿਚਾਰਧਾਰਾ ਨੂੰ ਆਪਣੇ ਸਮੇਂ ਵਿੱਚ ਆਪਣੇ ਹੱਥੀਂ ਕਲਮਬੱਧ ਨਹੀਂ ਕੀਤਾ ਸੀ, ਇਸ ਲਈ ਬ੍ਰਾਹਮਣਾਂ ਨੂੰ ਉਨ੍ਹਾਂ ਦੀ ਵਿਚਾਰਧਾਰਾ ਦਾ ਬ੍ਰਾਹਮਣੀਕਰਨ ਕਰਨ ਲਈ ਉਨ੍ਹਾਂ ਮਹਾਂਪੁਰਸ਼ਾਂ ਦੇ ਨਾਮ ਤੇ ਗ੍ਰੰਥ ਲਿਖਣੇ ਔਖੇ ਨਹੀਂ ਸਨ, ਉਨ੍ਹਾਂ ਅਜਿਹਾ ਹੀ ਕੀਤਾ ਸੀ। ਪਰ ਗੁਰੂ ਸਾਹਿਬਾਨ ਨੇ ਆਪਣੀ ਵਿਚਾਰਧਾਰਾ ਨੂੰ ਕਲਮਬੰਦ ਕਰਕੇ ਗ੍ਰੰਥ ਤਿਆਰ ਕੀਤਾ ਤੇ ਆਪਣੇ ਹੱਥੀਂ ਇਸਨੂੰ ਗੁਰਤਾ ਗੱਦੀ ਦੇ ਕੇ ਸਦੀਵੀ ਗੁਰੂ ਥਾਪ ਦਿੱਤਾ। ਹੁਣ ਬ੍ਰਾਹਮਣ ਲਈ ਇਸ ਵਿੱਚ ਰਲਾ ਪਾਉਣਾ ਸੌਖਾ ਕੰਮ ਨਹੀਂ ਸੀ। ਗੁਰੂ ਕਿ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਪੂਰਨ ਸਤਿਕਾਰ ਦੇਣ ਲੱਗ ਪਏ ਸਨ। ਬੇਸ਼ਕ 18ਵੀਂ ਸਦੀ ਦੇ ਔਖੇ ਸਮਿਆਂ ਵਿੱਚ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਪੜ੍ਹਨ ਤੇ ਵਿਚਾਰਨ ਦਾ ਮੌਕਾ ਨਹੀਂ ਮਿਲਿਆ, ਪਰ ਉਹ ਇਸਨੂੰ ਆਪਣਾ ਗੁਰੂ ਮੰਨ ਕੇ ਜੰਗਾਂ ਯੁੱਧਾਂ ਵਿੱਚ ਵੀ ਨਾਲ ਹੀ ਰੱਖਦੇ ਸਨ, ਇਹੀ ਵਜ੍ਹਾ ਹੈ ਕਿ ਵੱਡੇ ਘੱਲੂਘਾਰੇ ਮੌਕੇ ਲੜਾਈ ਦੇ ਮੈਦਾਨ ਵਿੱਚ ਹੱਥ ਲਿਖਤ ਅਸਲੀ ਦਮਦਮੀ ਬੀੜ ਅਗਨ ਭੇਟ ਹੋ ਗਈ ਸੀ। ਇਸ ਲਈ ਪੰਡਤ ਵਿਦਵਾਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਛੇੜਛਾੜ ਕਰਨ ਦੀ ਥਾਂ ਇਹ ਠੀਕ ਸਮਝਿਆ ਕਿ ਬ੍ਰਾਹਮਣੀ ਵਿਚਾਰਧਾਰਾ ਵਾਲੇ ਕਈ ਨਵੇਂ ਗ੍ਰੰਥ ਖੜੇ ਕਰ ਦਿੱਤੇ ਜਾਣ ਤੇ ਮਹੰਤਾਂ ਰਾਹੀਂ ਗੁਰਦੁਆਰਿਆਂ ਵਿੱਚ ਇਨ੍ਹਾਂ ਦਾ ਹੀ ਪ੍ਰਚਾਰ ਕੀਤਾ ਜਾਵੇ ਅਤੇ ਸਿੱਖਾਂ ਨੂੰ ਹੌਲੀ ਹੌਲੀ ਹਿੰਦੂਆਂ ਵਾਲੇ ਕਰਮਕਾਂਡਾਂ ਨੂੰ ਨਵਾਂ ਰੂਪ ਦੇ ਕੇ ਗੁਰੂ ਗ੍ਰੰਥ ਸਾਹਿਬ ਦੀ ਮੂਰਤੀ ਵਾਂਗ ਪੂਜਾ ਕਰਨ ਲਗਾ ਦਿੱਤਾ ਜਾਵੇ ਤੇ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਸਿਰਫ ਵੱਖ-ਵੱਖ ਤਰ੍ਹਾਂ ਦੇ ਪਾਠ ਕਰਨ ਲਈ ਹੀ ਵਰਤਿਆ ਜਾਵੇ। ਜਿਸਦੇ ਨਤੀਜੇ ਅੱਜ ਸਾਡੇ ਸਾਹਮਣੇ ਹਨ, ਗੁਰਦੁਆਰੇ ਸਿੱਖੀ ਕਮਾਉਣ ਦੀ ਪਾਠਸ਼ਾਲਾ (ਧਰਮਸ਼ਾਲਾ) ਦੀ ਥਾਂ ਮੰਦਰਾਂ ਵਾਂਗ ਪੂਜਾ ਪਾਠ ਦੇ ਸਥਾਨ ਬਣ ਚੁੱਕੇ ਹਨ। ਜਿਥੇ ਗੁਰੂ ਗ੍ਰੰਥ ਸਾਹਿਬ ਅੱਗੇ ਪੈਸੇ ਇਕੱਠੇ ਕਰਨ ਲਈ ਗੋਲਕ ਰੱਖੀ ਹੁੰਦੀ ਹੈ ਤੇ ਗੁਰਬਾਣੀ ਦੇ ਪਾਠ ਹਰ ਗੁਰਦੁਆਰੇ ਵਿੱਚ ਵੇਚੇ ਜਾਂਦੇ ਹਨ।

ਸਿੱਖ ਰਾਜ ਦੇ ਖਾਤਮੇ ਤੱਕ ਨਿਰਮਲੇ ਸਾਧਾਂ, ਉਦਾਸੀ ਮਹੰਤਾਂ ਤੇ ਬੇਦੀਆਂ ਨੇ ਸਿੱਖਾਂ ਦਾ ਹਿੰਦੂਕਰਨ ਇਸ ਹੱਦ ਕਰ ਦਿੱਤਾ ਸੀ ਕਿ ਮਨੁੱਖੀ ਬਰਾਬਰਤਾ ਤੇ ਸਰਬਤ ਦੇ ਭਲੇ ਦੀ ਵਿਚਾਰਧਾਰਾ ਲੈ ਕੇ ਜਨਮਿਆ ਸਿੱਖ ਧਰਮ ਬੁਰੀ ਤਰ੍ਹਾਂ ਜਾਤ-ਪਾਤ ਦਾ ਹੀ ਨਹੀਂ, ਸਗੋਂ ਛੂਤ-ਛਾਤ ਦਾ ਵੀ ਸ਼ਿਕਾਰ ਹੋ ਚੁੱਕਾ ਸੀ, ਜੋ ਕਿ ਅਜੇ ਵੀ ਸਿੱਖਾਂ ਵਿੱਚ ਪ੍ਰਚਲਤ ਹੈ। ਗੁਰੂ ਅਮਰਦਾਸ ਜੀ ਮੌਕੇ ਸਿੱਖਾਂ ਵਿਚੋਂ ਸਤੀ ਤੇ ਘੁੰਡ ਕੱਢਣ ਦੀ ਇਸਤਰੀ ਵਿਰੋਧੀ ਰਸਮ ਖਤਮ ਕਰ ਦਿੱਤੀ ਗਈ ਸੀ, ਪਰ ਸਿੱਖਾਂ ਦੇ ਰਾਜ ਵਿੱਚ ਹੀ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੇ ਕਈ ਰਾਣੀਆਂ ਨੂੰ ਸਤੀ ਕੀਤਾ ਗਿਆ, ਘੁੰਡ ਕੱਢਣ ਦਾ ਰਿਵਾਜ ਤਾਂ ਪਿਛਲੇ 25-30 ਸਾਲ ਪਹਿਲਾਂ ਤੱਕ ਪੰਜਾਬ ਦੇ ਪਿੰਡਾਂ ਵਿੱਚ ਆਮ ਹੀ ਸੀ। ਏਕਾ ਨਾਰੀ ਜਤੀ ਹੋਏ ਦਾ ਪ੍ਰਚਾਰ ਕਰਨ ਵਾਲੇ ਸਿੱਖ ਧਰਮ ਦੇ ਨਾਮ ਤੇ ਬਣੇ ਸਿੱਖ ਰਾਜ ਦੇ ਰਾਜੇ ਦੀਆਂ ਅਨੇਕਾਂ ਰਾਣੀਆਂ ਸਨ। ਇਥੇ ਤੱਕ ਕਿ ਗੁਰੂ ਨਾਨਕ ਸਾਹਿਬ ਦੀ ਅੰਸ਼ ਵਿਚੋਂ ਕਹੇ ਜਾਂਦੇ ਬਾਬਾ ਖੇਮ ਸਿੰਘ ਬੇਦੀ ਇੱਕ ਪਾਸੇ ਕਿਰਪਾਨ ਪਾਉਂਦੇ ਸਨ ਅਤੇ ਦੂਜੇ ਪਾਸੇ ਜਨੇਊ ਪਾਉਂਦੇ ਸਨਹਰਿਮੰਦਰ ਸਾਹਿਬ ਦੀ ਪ੍ਰੀਕਰਮਾ ਵਿੱਚ 24 ਅਵਤਾਰਾਂ ਤੇ ਹੋਰ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਰੱਖ ਦਿੱਤੀਆਂ ਗਈਆਂ ਸਨ। ਜਿਨ੍ਹਾਂ ਨੂੰ ਸਿੰਘ ਸਭਾ ਮੂਵਮੈਂਟ ਵੇਲੇ ਚੁਕਾਇਆ ਗਿਆ ਸੀ, ਇਨ੍ਹਾਂ ਮੂਰਤੀਆਂ ਨਾਲ ਹੀ ਅੰਮ੍ਰਿਤਸਰ ਵਿੱਚ ਹਿੰਦੂਆਂ ਵਲੋਂ ਹਰਿਮੰਦਰ ਸਾਹਿਬ ਦੀ ਨਕਲ ਵਾਲਾ ਦੁਰਗਿਆਨਾ ਮੰਦਰ ਬਣਾਇਆ ਗਿਆ ਸੀ। ਸਿੱਖਾਂ ਦੇ ਵਿਆਹ ਬੇਦੀ ਗੱਡ ਕੇ ਅੱਗ ਦੁਆਲੇ ਹੁੰਦੇ ਸਨ। ਹਿੰਦੂਆਂ ਵਾਂਗ ਸਿੱਖ ਵੀ ਸੂਤਕ ਪਾਤਕ, ਸਰਾਧਾਂ ਆਦਿ ਨੂੰ ਮੰਨਦੇ ਸਨ। ਉਚ ਜਾਤੀਏ ਸਿੱਖ ਮਜ਼ਹਬੀ ਕਹੇ ਜਾਂਦੇ ਸਿੱਖਾਂ ਨੂੰ ਆਪਣੇ ਚੌਕੇ ਨਹੀਂ ਚੜ੍ਹਨ ਦਿੰਦੇ ਸਨ। ਇਥੋਂ ਤੱਕ ਕਿ ਦਰਬਾਰ ਸਾਹਿਬ ਦੇ ਪੁਜਾਰੀ ਅਛੂਤ ਸਿੱਖਾਂ ਦਾ ਪ੍ਰਸ਼ਾਦ ਤੱਕ ਪ੍ਰਵਾਨ ਨਹੀਂ ਕਰਦੇ ਸਨ। ਉਨ੍ਹਾਂ ਨੂੰ ਪੰਗਤ ਵਿੱਚ ਬਰਾਬਰ ਬੈਠ ਕੇ ਲੰਗਰ ਛਕਣ ਦਾ ਅਧਿਕਾਰ ਨਹੀਂ ਸੀ। ਕਹਿਣ ਤੋਂ ਭਾਵ ਇਹ ਹੈ ਕਿ ਨਿਰਮਲਿਆਂ ਤੇ ਮਹੰਤਾਂ ਦੀ ਸਾਜ਼ਿਸ਼ ਨਾਲ ਸਿੱਖਾਂ ਦਾ ਇਸ ਪੱਧਰ ਤੱਕ ਹਿੰਦੂਕਰਨ ਕਰ ਦਿੱਤਾ ਗਿਆ ਸੀ ਕਿ 19ਵੀਂ ਸਦੀ ਦੇ ਅਖੀਰ ਵਿੱਚ ਸ਼ੁਰੂ ਹੋਈ ਸਿੰਘ ਸਭਾ ਲਹਿਰ ਤੇ ਗੁਰਦੁਆਰਾ ਸੁਧਾਰ ਲਹਿਰ ਤੱਕ ਪਹੁੰਚਦਿਆਂ ਸਿੱਖ ਉਹ ਸਾਰਾ ਕੁਝ ਕਰਦੇ ਸਨ, ਜਿਨ੍ਹਾਂ ਵਿਚੋਂ ਕੱਢਣ ਲਈ ਗੁਰੂ ਸਾਹਿਬਾਨ ਨੇ 239 ਸਾਲ ਲਗਾਏ ਸਨ।

ਇਹ ਤਾਂ ਸਿੰਘ ਸਭਾ ਲਹਿਰ ਤੇ ਗੁਰਦੁਆਰਾ ਸੁਧਾਰ ਲਹਿਰ ਦਾ ਨਤੀਜਾ ਹੈ ਕਿ ਸਿੱਖ ਮੁੜ ਕੇ ਥੋੜਾ ਬਹੁਤ ਸਿੱਖੀ ਵੱਲ ਆਏ ਤੇ ਸਿੱਖਾਂ ਨੇ ਗੁਰਦੁਆਰਿਆਂ ਵਿਚੋਂ ਸੰਤਾਂ-ਮਹੰਤਾਂ ਦੀ ਮਰਿਯਾਦਾ ਬੰਦ ਕਰਾ ਕੇ ਪੰਥ ਦੀ ਨਵੀਂ ‘ਸਿੱਖ ਰਹਿਤ ਮਰਿਯਾਦਾ’ ਬਣਾਈ। ਜਿਹੜੀ ਕਿ ਹੌਲੀ-ਹੌਲੀ ਇਨ੍ਹਾਂ ਨਿਰਮਲੇ ਸੰਤਾਂ ਤੇ ਉਦਾਸੀ ਮਹੰਤਾਂ ਦੇ ਨਵੇਂ ਰੂਪ ਡੇਰਿਆਂ ਵਾਲੇ ਸੰਤਾਂ ਬ੍ਰਹਮ ਗਿਆਨੀਆਂ ਨੇ ਵਿਗਾੜਨੀ ਸ਼ੁਰੂ ਕੀਤੀ ਹੋਈ ਹੈ। ਬਹੁਤ ਸਾਰੀਆਂ ਮਰਿਯਾਦਾਵਾਂ ਜਿਹੜੀਆਂ ਕਿ ਇਨ੍ਹਾਂ ਮਹੰਤਾਂ ਨੇ ਸ਼ੁਰੂ ਕੀਤੀਆਂ ਸਨ ਤੇ ਪੰਥ ਨੇ ਸਿੱਖੀ ਵਿਰੋਧੀ ਜਾਣ ਬੰਦ ਕਰਾ ਦਿੱਤਾ ਸੀ, ਉਨ੍ਹਾਂ ਨੂੰ ਅੱਜ ਇਹ ਡੇਰਦਾਰ ਸਾਧ ਤੇ ਉਨ੍ਹਾਂ ਦੇ ਚੇਲੇ ਪੁਰਾਤਨ ਸਮੇਂ ਤੋਂ ਸੀਨਾ-ਬ-ਸੀਨਾ ਚਲੀ ਆਉਂਦੀ ਮਰਿਯਾਦਾ ਕਹਿ ਕਿ ਜਾਰੀ ਰੱਖ ਰਹੇ ਹਨ ਤੇ ਪੰਥ ਵਿੱਚ ਵੰਡੀਆਂ ਪਾਉਣ ਦਾ ਕਾਰਨ ਬਣ ਰਹੇ ਹਨ। ਅੱਜ ਸਿੱਖਾਂ ਵਿੱਚ ਜਿਤਨੇ ਵੀ ਡੇਰੇ, ਟਕਸਾਲਾਂ, ਜਥੇ ਹਨ, ਇਨ੍ਹਾਂ ਸਭ ਦਾ ਪਿਛੋਕੜ ਹਰਿਦੁਆਰ ਦੇ ਪਾਂਡਿਆਂ ਤੇ ਕਾਂਸ਼ੀ ਦੇ ਬ੍ਰਾਹਮਣ ਵਿਦਵਾਨਾਂ ਨਾਲ ਜੁੜਦਾ ਹੈ, ਜੇ ਕਿਸੇ ਨੂੰ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਇਨ੍ਹਾਂ ਡੇਰਿਆਂ ਟਕਸਾਲਾਂ ਵਲੋਂ ਛਪੀਆਂ ਕਿਤਾਬਾਂ ਪੜ੍ਹ ਕੇ ਦੇਖ ਲਵੋ, ਸਭ ਅਸਲੀਅਤ ਪਤਾ ਚੱਲ ਜਾਵੇਗੀ ਕਿ ਹਰ ਡੇਰੇ ਦੇ ਮੋਢੀ ਨੇ ਮੁਢਲੀ ਪੜ੍ਹਾਈ ਕਿਥੋਂ ਕੀਤੀ ਸੀ?

ਮੌਜੂਦਾ ਦਸਮ ਗ੍ਰੰਥ ਹੋਂਦ ਵਿੱਚ ਕਿਵੇਂ ਆਇਆ ?

1897 ਤੋਂ ਪਹਿਲਾਂ ਮੌਜੂਦਾ ਰੂਪ ਵਾਲੇ ‘ਦਸਮ ਗ੍ਰੰਥ’ ਨਾਮ ਦੇ ਕਿਸੇ ਗ੍ਰੰਥ ਦੀ ਹੋਂਦ ਦਾ ਇਤਿਹਾਸ ਵਿੱਚ ਕਿਤੇ ਜ਼ਿਕਰ ਨਹੀਂ ਮਿਲਦਾ, ਪਰ ਬਹੁਤ ਸਾਰੀਆਂ ਮੌਜੂਦਾ ਦਸਮ ਗ੍ਰੰਥ ਦੀਆਂ ਰਚਨਾਵਾਂ ਵੱਖ-ਵੱਖ ਗ੍ਰੰਥਾਂ ਵਿੱਚ ਜਰੂਰ ਮੌਜੂਦ ਸਨ, ਜਿਨ੍ਹਾਂ ਵਿਚੋਂ ‘ਬਚਿੱਤਰ ਨਾਟਕ’ ਨਾਮ ਦੇ ਇੱਕ ਗ੍ਰੰਥ ਵਿੱਚ ਹਿੰਦੂਆਂ ਦੇ ਕਈ ਗ੍ਰੰਥਾਂ (ਸ਼ਿਵ ਪੁਰਾਣ, ਵਾਰ ਦੁਰਗਾ, ਚੌਬੀਸ ਅਵਤਾਰ, ਸ਼ਿਵ ਸ਼ਸਤਰਮਾਲਾ, ਸ਼ਿਵ ਮਹਾਪੁਰਾਣ, ਚੰਡੀ ਦੀ ਵਾਰ, ਮਾਰਕੰਡੇ ਪੁਰਾਣ, ਸ੍ਰੀਮਦ ਭਗਵਤ ਪੁਰਾਣ, ਤ੍ਰਿਯਾ ਚਰਿਤਰ ਆਦਿ) ਦੇ ਪੰਜਾਬੀ ਵਿੱਚ ਉਲੱਥੇ ਮਿਲਦੇ ਸਨ। ਜਿਸ ਤਰ੍ਹਾਂ ਪਹਿਲਾਂ ਦੱਸਿਆ ਗਿਆ ਹੈ ਕਿ ਬ੍ਰਾਹਮਣਵਾਦੀ ਤਾਕਤਾਂ ਨੇ ਕਿਵੇਂ ਨਿਰਮਲਿਆਂ ਤੇ ਉਦਾਸੀਆਂ ਰਾਹੀਂ ਸਿੱਖਾਂ ਦਾ ਹਿੰਦੂਕਰਨ ਕੀਤਾ ਤੇ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਅਨੇਕਾਂ ਗ੍ਰੰਥ ਲਿਖ ਕੇ ਪ੍ਰਚਲਤ ਕੀਤੇ ਗਏ। ਇਥੇ ਇਹ ਵਰਨਣਯੋਗ ਹੈ ਕਿ ਦੂਜੀਆਂ ਵਿਚਾਰਧਾਰਾਵਾਂ ਦਾ ਹਿੰਦੂਕਰਨ ਕਰਨ ਲਈ ਜਦੋਂ ਬ੍ਰਾਹਮਣ ਵਿਦਵਾਨ ਨਵੇਂ ਗ੍ਰੰਥ ਲਿਖਦੇ ਸਨ ਤੇ ਉਹ ਉਸਦੇ ਲੇਖਕ ਦਾ ਨਾਮ ਨਹੀਂ ਲਿਖਦੇ ਸਨ, ਇਥੇ ਤੱਕ ਉਨ੍ਹਾਂ ਆਪਣੇ ਵੀ ਬਹੁਤ ਸਾਰੇ ਗ੍ਰੰਥਾਂ ਦੇ ਕਰਤਾ ਦਾ ਨਾਮ ਨਹੀਂ ਲਿਖਿਆ ਹੋਇਆ। ਜਿਹੜੇ ਗ੍ਰੰਥ ਨਿਰਮਲੇ ਵਿਦਵਾਨਾਂ ਰਾਹੀਂ 1725-1800 ਤੱਕ ਲਿਖੇ ਗਏ, ਉਨ੍ਹਾਂ ਵਿਚੋਂ ਬਹੁਤਿਆਂ ਦੇ ਲਿਖਾਰੀਆਂ ਦਾ ਨਾਮ ਨਹੀਂ ਮਿਲਦਾ, ਜੇ ਮਿਲਦਾ ਹੈ ਤਾਂ ਉਹ ਕਲਪਿਤ ਪਾਤਰ ਹਨ। ਜਿਨ੍ਹਾਂ ਵਿਚੋਂ ਪ੍ਰਮੁੱਖ ਭਾਈ ਬਾਲੇ ਵਾਲੀ ਜਨਮਸਾਖੀ, ਗੁਰਬਿਲਾਸ ਪਾ: 6, ਬਚਿੱਤਰ ਨਾਟਕ, ਸਰਬ ਲੋਹ ਗ੍ਰੰਥ, ਸੌ ਸਾਖੀਆਂ ਆਦਿ ਦੇ ਨਾਮ ਵਰਨਣਯੋਗ ਹਨ, ਜਿਨ੍ਹਾਂ ਵਿੱਚ ਹਿੰਦੂ ਗ੍ਰੰਥਾਂ ਵਾਂਗ ਲਿਖਾਰੀ ਦਾ ਨਾਮ ਨਹੀਂ ਮਿਲਦਾ।

ਸਿੱਖਾਂ ਦੇ ਕਿਸੇ ਵੀ ਗ੍ਰੰਥ ਦੇ ਅਸਲੀ ਜਾਂ ਨਕਲੀ ਹੋਣ ਦੀ ਪਰਖ ਇਥੋਂ ਹੋ ਸਕਦੀ ਹੈ, ਕਿ ਜੇ ਉਸਦਾ ਕੋਈ ਕਰਤਾ ਨਹੀਂ ਜਾਂ ਉਸਦੇ ਕਰਤਾ ਦਾ ਸਬੰਧ ਨਿਰਮਲਿਆਂ ਜਾਂ ਮਹੰਤਾਂ ਨਾਲ ਹੈ, ਤਾਂ ਉਹ ਨਕਲੀ ਸਮਝਣਾ ਚਾਹੀਦਾ ਹੈ। ਜਿਥੇ ਨਿਰਮਲੇ ਵਿਦਵਾਨਾਂ ਨੇ ਗੁੰਮਨਾਮ ਲੇਖਕਾਂ ਦੇ ਅਨੇਕਾਂ ਗ੍ਰੰਥ 1725-1800 ਤੱਕ ਲਿਖੇ, ਉਥੇ ਫਿਰ ਸਿੱਖ ਰਾਜ ਦੇ ਆਖਰੀ ਸਾਲਾਂ ਤੇ ਬਾਅਦ ਵਿੱਚ ਆਪਣੇ ਨਵੇਂ ਤਿਆਰ ਕੀਤੇ, ਸਿੱਖ ਵਿਦਵਾਨਾਂ ਦੇ ਨਾਮ ਤੇ ਤਿੰਨ ਵੱਡੇ ਗ੍ਰੰਥ ਲਿਖੇ। ਜਿਨ੍ਹਾਂ ਵਿਚੋਂ ਇੱਕ ਕਵੀ ਸੰਤੋਖ ਸਿੰਘ ਦਾ ‘ਸੂਰਜ ਪ੍ਰਕਾਸ਼ ਗ੍ਰੰਥ’, ਦੂਜਾ ਗਿਆਨੀ ਗਿਆਨ ਸਿੰਘ ਦਾ ‘ਪੰਥ ਪ੍ਰਕਾਸ਼’ ਤੇ ਤੀਜਾ ਰਤਨ ਸਿੰਘ ਭੰਗੂ ਦਾ ‘ਪ੍ਰਾਚੀਨ ਪੰਥ ਪ੍ਰਕਾਸ਼’ ਸਾਮਿਲ ਹਨ।

ਫਿਰ ਬੜੇ ਯੋਜਨਾਬੱਧ ਢੰਗ ਨਾਲ ਇਨ੍ਹਾਂ ਗ੍ਰੰਥਾਂ ਦਾ ਪ੍ਰਚਾਰ ਹੀ ਨਹੀਂ ਕੀਤਾ, ਸਗੋਂ ਨਿਰਮੀਲਆਂ ਦੇ ਡੇਰਿਆਂ ਤੇ ਮਹੰਤਾਂ ਦੇ ਪ੍ਰਬੰਧ ਵਾਲੇ ਗੁਰਦੁਆਰਿਆਂ (ਵੈਸੇ ਤਕਰੀਬਨ ਸਾਰੇ ਇਤਿਹਾਸਕ ਗੁਰਦੁਆਰੇ ਤੇ ਤਖਤ ਮਹੰਤਾਂ ਦੇ ਕੰਟਰੋਲ ਵਿੱਚ ਹੀ ਸਨ) ਵਿੱਚ ਗੁਰੂ ਗ੍ਰੰਥ ਸਾਹਿਬ ਦੀ ਕਥਾ ਵਿਚਾਰ ਦੀ ਥਾਂ ਇਨ੍ਹਾਂ ਗ੍ਰੰਥਾਂ ਦੀ ਕਥਾ ਸ਼ੁਰੂ ਕੀਤੀ ਗਈ, ਜੋ ਕਿ ਅੱਜ ਵੀ ਬਦਸਤੂਰ ਜਾਰੀ ਹੈ। 1897 ਤੋਂ ਪਹਿਲਾਂ ਸਿਰਫ ਇੱਕ ਜਗ੍ਹਾ 1812 ਵਿੱਚ ਅੰਗਰੇਜ਼ ਲੇਖਕ ਜੌਹਨ ਮੈਲਕਮ ਨੇ ਆਪਣੀ ਕਿਤਾਬ ‘ਸਕੈਚ ਆਫ ਸਿਖਸ’ ਵਿੱਚ ਲਿਖਿਆ ਹੈ ਕਿ ਉਸਨੇ ਨਿਰਮਲਿਆਂ ਦੇ ਇੱਕ ਡੇਰੇ ਵਿੱਚ ਇੱਕ ਗ੍ਰੰਥ ਦੇਖਿਆ ਸੀ, ਜਿਸਦਾ ਨਾਮ ‘ਦਸਮ ਪਾਤਸ਼ਾਹ ਕਾ ਗ੍ਰੰਥ’ ਸੀ। ਪਰ ਉਸ ਵਿੱਚ ਕਿਹੜੀਆਂ ਰਚਨਾਵਾਂ ਸਨ, ਇਸ ਬਾਰੇ ਨਹੀਂ ਦੱਸਿਆ ਗਿਆ। ਉਨ੍ਹਾਂ ਸਮਿਆਂ ਵਿੱਚ ਗੁਰੂ ਅਰਜਨ ਸਾਹਿਬ ਵਲੋਂ ਸੰਪਾਦਿਤ ਬੀੜ ਨੂੰ ‘ਆਦਿ ਬੀੜ’ ਤੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਜਿਸ ਬੀੜ ਨੂੰ ਗੁਰਤਾ ਗੱਦੀ ਦਿੱਤੀ ਸੀ, ਉਸਨੂੰ ਸਿੱਖ ‘ਦਸਮ ਪਾਤਸ਼ਾਹ ਦਾ ਗ੍ਰੰਥ’ ਵੀ ਕਹਿੰਦੇ ਸਨ। ਭਾਈ ਮਨੀ ਸਿੰਘ ਨਾਲ ਸਬੰਧਤ ਸਾਖੀਆਂ, ਮਾਤਾ ਸੁੰਦਰੀ ਵਲੋਂ ਲਿਖੀਆਂ ਚਿੱਠੀਆਂ, ਸੁੱਖਾ ਸਿੰਘ ਮਹਿਤਾਬ ਸਿੰਘ ਵਲੋਂ ਦਸਮ ਬਾਣੀ ਦੀ ਇੱਕ ਬੀੜ ਬਣਾਉਣ ਆਦਿ ਦੀਆਂ ਕਹਾਣੀਆਂ ਬਾਅਦ ਵਿੱਚ ਨਿਰਮਲਿਆਂ ਤੇ ਮਹੰਤਾਂ ਵਲੋਂ ਦਸਮ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਜਾਂ ਉਨ੍ਹਾਂ ਦੇ ਸਮੇਂ ਨਾਲ ਜੋੜਨ ਲਈ ਹੀ ਘੜੀਆਂ ਗਈਆਂ ਹਨ, ਇਨ੍ਹਾਂ ਵਿੱਚ ਕੋਈ ਸਚਾਈ ਨਹੀਂ ਹੈ।

ਬੇਸ਼ਕ ਬ੍ਰਾਹਮਣਾਂ ਨੇ ਨਿਰਮਲਿਆਂ ਰਾਹੀਂ ਅਨੇਕਾਂ ਨਕਲੀ ਗ੍ਰੰਥ ਤਿਆਰ ਕਰ ਲਏ ਸਨ, ਪਰ ਫਿਰ ਉਹ ਅਜਿਹੀ ਤਾਕ ਵਿੱਚ ਸਨ ਕਿ ਕੋਈ ਅਜਿਹਾ ਗ੍ਰੰਥ ਤਿਆਰ ਕੀਤਾ ਜਾਵੇ, ਜਿਸਦਾ ਸਬੰਧ ਗੁਰੂ ਸਾਹਿਬਾਨ ਨਾਲ ਹੋਵੇ ਤੇ ਉਸਨੂੰ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਤੇ ਲਿਆਂਦਾ ਜਾਵੇ। ਉਧਰ ਦੂਜੇ ਪਾਸੇ 18ਵੀਂ ਸਦੀ ਦੇ ਅਖੀਰ ਵਿੱਚ ਅੰਗਰੇਜ਼ ਵੀ ਪੰਜਾਬ ਤੇ ਕਬਜ਼ਾ ਕਰਨ ਲਈ ਤਿਆਰੀਆਂ ਕਰਨ ਲੱਗ ਪਏ ਸਨ।ਅੰਗਰੇਜ਼ਾਂ ਦੀ ਸਾਰੀ ਦੁਨੀਆਂ ਵਿੱਚ ਇੱਕ ਪਾਲਿਸੀ ਸੀ ਕਿ ਜਦੋਂ ਉਹ ਕਿਸੇ ਵੀ ਦੇਸ਼ ਜਾਂ ਕੌਮ ਨੂੰ ਗੁਲਾਮ ਬਣਉਂਦੇ ਸਨ, ਸਭ ਤੋਂ ਪਹਿਲਾਂ ਇਸਾਈ ਮਿਸ਼ਨਰੀਆਂ ਰਾਹੀਂ ਉਸ ਕੌਮ ਦੇ ਧਰਮ, ਕਲਚਰ, ਸਮਾਜ ਦੀ ਬਣਤਰ ਤੇ ਖਾਸੇ ਬਾਰੇ ਜਾਣਕਾਰੀ ਹਾਸਿਲ ਕਰਦੇ ਸਨ। ਉਨ੍ਹਾਂ ਦੀਆਂ ਕਮਜ਼ੋਰੀਆਂ ਤੇ ਤਾਕਤ ਦਾ ਅੰਦਾਜ਼ਾ ਇਨ੍ਹਾਂ ਦੇ ਕਲਚਰ ਜਾਂ ਧਰਮ ਗ੍ਰੰਥਾਂ ਦੀ ਸਟੱਡੀ ਕਰਕੇ ਲਗਾਉਂਦੇ ਸਨ।ਜਿਸ ਤਰ੍ਹਾਂ 18ਵੀਂ ਸਦੀ ਵਿੱਚ ਜਦੋਂ ਸਿੰਘਾਂ ਨੇ ਅਬਦਾਲੀ ਦੀਆਂ ਫੌਜਾਂ ਤੇ ਹਮਲੇ ਸ਼ੁਰੂ ਕੀਤੇ ਸਨ, ਤਾਂ ਉਸਨੇ ਪਤਾ ਕਰਨਾ ਚਾਹਿਆ ਕਿ ਇਹ ਕੌਣ ਲੋਕ ਹਨ, ਜੋ ਉਸ ਵਰਗੇ ਤਾਕਤਵਰ ਹਮਲਾਵਰ ਤੇ ਹਮਲੇ ਕਰ ਰਹੇ ਹਨ ਤੇ ਇਨ੍ਹਾਂ ਨੂੰ ਤਾਕਤ ਕਿਥੋਂ ਮਿਲਦੀ ਹੈ ਤਾਂ ਕਾਜ਼ੀ ਨੂਰ ਮੁਹੰਮਦ ਅਨੁਸਾਰ ਅਬਦਾਲੀ ਨੂੰ ਮੁਗਲ ਵਿਦਵਾਨਾਂ ਨੇ ਦੱਸਿਆ ਕਿ ਸਿੱਖਾਂ ਨੂੰ ਤਾਕਤ ਹਰਿਮੰਦਰ ਸਾਹਿਬ ਤੋਂ ਮਿਲਦੀ ਹੈ, ਇਹ ਇਨ੍ਹਾਂ ਦਾ ਮੱਕਾ ਹੈ ਤਾਂ ਉਸਨੇ ਹਰਿਮੰਦਰ ਸਾਹਿਬ ਢਾਹੁਣ ਦਾ ਫੈਸਲਾ ਲਿਆ ਸੀ। ਇਸੇ ਤਰ੍ਹਾਂ ਜਦੋਂ ਅੰਗਰੇਜ਼ ਮਿਸ਼ਨਰੀਆਂ ਨੂੰ ਪਤਾ ਲੱਗਾ ਕਿ ਅਸਲੀ ਸਿੱਖ ਖਾਲਸਿਆਂ ਦੀ ਤਾਕਤ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੇ ਹਰਿਮੰਦਰ ਸਾਹਿਬ ਹੈ ਤਾਂ ਉਨ੍ਹਾਂ ਨੇ ਜਿਥੇ ਇੱਕ ਪਾਸੇ ਗੁਰਦਆਰਿਆਂ ਤੇ ਪਹਿਲਾਂ ਹੀ ਕਾਬਿਜ ਮਹੰਤਾਂ ਨੂੰ ਆਪਣੇ ਲਈ ਵਰਤਣ ਵਾਸਤੇ ਯਤਨ ਸ਼ੁਰੂ ਕਰ ਦਿੱਤੇ ਤੇ ਹਰਿਮੰਦਰ ਸਾਹਿਬ, ਅਕਾਲ ਤਖਤ, ਨਨਕਾਣਾ ਸਾਹਿਬ, ਪਟਨਾ ਸਾਹਿਬ ਤੇ ਹੋਰ ਇਤਿਹਾਸਕ ਸਥਾਨਾਂ ਤੇ ਆਪਣੇ ਖਰੀਦੇ ਹੋਏ ਮਹੰਤ ਲਗਾ ਲਏ ਸਨ, ਉਥੇ ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਤੇ ਗ੍ਰੰਥ ਖੜਾ ਕਰਨ ਦੀ ਤਿਆਰੀ ਕੀਤੀ।

ਇਸ ਮਕਸਦ ਲਈ ਉਨ੍ਹਾਂ ਨੇ ਨਿਰਮਲਿਆਂ ਤੇ ਮਹੰਤਾਂ ਰਾਹੀਂ 1895-96 ਵਿੱਚ ਇੱਕ ‘ਸੋਧਕ ਕਮੇਟੀ’ ਬਣਾ ਕੇ ਉਸ ਵੇਲੇ ਪੰਜਾਬ ਤੇ ਪਟਨਾ ਸਾਹਿਬ ਦੇ ਏਰੀਏ ਵਿੱਚ ਨਿਰਮਲਿਆਂ ਤੇ ਮਹੰਤਾਂ ਦੇ ਡੇਰਿਆਂ ਤੇ ਪਈਆਂ ਬਚਿਤਰ ਨਾਟਕ ਤੇ ਹਿੰਦੂ ਗ੍ਰੰਥਾਂ ਦੇ ਉਲੱਥੇ ਵਾਲੀਆਂ 32 ਬੀੜਾਂ (ਪੋਥੀਆਂ ਜਾਂ ਗ੍ਰੰਥਾਂ) ਵਿਚੋਂ ਰਚਨਾਵਾਂ ਇਕੱਠੀਆਂ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪੰਨਿਆਂ ਦਾ ਇੱਕ ਗ੍ਰੰਥ ਬਣਾਇਆ ਗਿਆ, ਜਿਸਨੂੰ ਇਸੇ ਸੋਧਕ ਕਮੇਟੀ ਵਲੋਂ 1897 ਵਿੱਚ ਪਹਿਲੀ ਵਾਰ ‘ਦਸਮ ਗ੍ਰੰਥ’ ਦਾ ਨਾਮ ਦਿੱਤਾ ਗਿਆ। ਫਿਰ ਇਸਦਾ ਨਾਮ ਬਦਲ ਕੇ 20ਵੀਂ ਸਦੀ ਦੇ ਸ਼ੁਰੂ ਵਿੱਚ ‘ਸ੍ਰੀ ਦਸਮ ਗ੍ਰੰਥ’ ਕੀਤਾ ਗਿਆ, ਫਿਰ ਬਦਲ ਕੇ ‘ਸ੍ਰੀ ਦਸਮ ਗ੍ਰੰਥ ਸਾਹਿਬ’, ਫਿਰ 1999 ਵਿੱਚ ਜਦੋਂ ਦਿੱਲੀ ਵਿਚਲੀ ਅਕਾਲੀਆਂ ਦੀ ਭਾਈਵਾਲ ਹਿੰਦੂਵਾਦੀ ਭਾਜਪਾ ਸਰਕਾਰ ਨੇ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਮਨਾਉਣ ਲਈ 300 ਕਰੋੜ ਰੁਪਇਆ ਬਾਦਲ ਸਰਕਾਰ ਨੂੰ ਦਿੱਤਾ ਗਿਆ ਤਾਂ ਮੀਡੀਆ ਰਿਪੋਰਟਾਂ ਅਨੁਸਾਰ ਉਸ ਵਿਚੋਂ 100 ਕਰੋੜ ਤੋਂ ਵੱਧ ਆਰ. ਐਸ. ਐਸ. (ਰਾਸ਼ਟਰੀ ਸਿੱਖ ਸੰਗਤ) ਨੂੰ ਸਿੱਖਾਂ ਦਾ ਹਿੰਦੂਕਰਨ ਕਰਨ ਦੇ ਮਨਸ਼ੇ ਨਾਲ ਦਿੱਤਾ ਗਿਆ।

ਯਾਦ ਰਹੇ ਆਰ. ਐਸ. ਐਸ. (ਰਾਸ਼ਟਰੀ ਸਵੈਮ ਸੇਵਕ ਸੰਘ) ਨੇ ਇਸ ਮਕਸਦ ਲਈ ਕਈ ਸਾਲ ਪਹਿਲਾਂ 1986 ਵਿੱਚ ਵਿਕਾਊ ਮਾਲ ਸਿੱਖਾਂ ਦੀ ਇੱਕ ਸੰਸਥਾ ਆਰ. ਐਸ. ਐਸ. (ਰਾਸ਼ਟਰੀ ਸਿੱਖ ਸੰਗਤ) ਬਣਾਈ ਸੀ, ਜਿਸਦਾ 1998 ਵਿੱਚ ਪੁਨਰਗਠਨ ਕਰਕੇ 1999 ਦੇ 300 ਸਾਲਾ ਖਾਲਸਾ ਸਾਜਨਾ ਦਿਵਸ ਜ਼ਸ਼ਨਾਂ ਮੌਕੇ ਸਿੱਖਾਂ ਦਾ ਨਵੇਂ ਸਿਰਿਉਂ ਹਿੰਦੂਕਰਨ ਕਰਨ ਦਾ ਮਹੂਰਤ ਕੀਤਾ ਗਿਆ। ਇਸੇ ਮਕਸਦ ਲਈ 1999 ਤੋਂ ਕੁਝ ਸਾਲ ਪਹਿਲਾਂ ਲੰਬੇ ਸਮੇਂ ਤੋਂ ਸਾਧਾਂ ਦੀ ਤਿਆਰ ਕੀਤੀ ਜਾ ਰਹੀ ਫੌਜ ਦੀ ਸੰਸਥਾ ‘ਸੰਤ ਸਮਾਜ’ ਦਾ ਗਠਨ ਵੀ ਕੀਤਾ ਗਿਆ, ਜਿਸਨੂੰ 3 ਪ੍ਰਮੁੱਖ ਏਜੰਡੇ ਦਿੱਤੇ ਗਏ, ਜਿਨ੍ਹਾਂ ਵਿੱਚ

- ਪਹਿਲਾ ‘ਦਸਮ ਗ੍ਰੰਥ’ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸਾਬਿਤ ਕਰਕੇ ਪਹਿਲਾਂ ਆਪਣੇ ਡੇਰਿਆਂ ਵਿੱਚ ਇਸਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਨਾ, ਫਿਰ ਹੌਲੀ-ਹੌਲੀ ਦੇਸ਼-ਵਿਦੇਸ਼ ਦੇ ਗੁਰਦੁਆਰਿਆਂ ਵਿੱਚ ਪ੍ਰਚਾਰ ਕਰਕੇ ਆਪਣਾ ਦਾਇਰਾ ਵਧਾਉਣਾ ਤਾਂ ਕਿ ਉਥੇ ਇਸਦਾ ਪ੍ਰਕਾਸ਼ ਕੀਤਾ ਜਾ ਸਕੇ।

- ਦੂਜਾ ਪੰਥ ਵਲੋਂ ਗੁਰਦੁਆਰਾ ਸੁਧਾਰ ਮੂਵਮੈਂਟ ਰਾਹੀਂ ਗੁਰਦੁਆਰਿਆਂ ਵਿਚੋਂ ਸੰਤਾਂ-ਮਹੰਤਾਂ ਨੂੰ ਭਜਾ ਕੇ ਬਣਾਈ ‘ਸਿੱਖ ਰਹਿਤ ਮਰਿਯਾਦਾ’ ਨੂੰ ਤੋੜਨਾ ਤੇ ਮੁੜ ਕੇ ਨਿਰਮਲਿਆਂ ਤੇ ਮਹੰਤਾਂ ਵਾਲੀ ਪੁਰਾਤਨ ਮਰਿਯਾਦਾ ਨੂੰ ਲਾਗੂ ਕਰਨਾ, ਇਸ ਮਕਸਦ ਲਈ ਕਈ ਡੇਰਿਆਂ ਨੇ ਲੰਬਾ ਸਮਾਂ ਪਹਿਲਾਂ ‘ਸਿੱਖ ਰਹਿਤ ਮਰਿਯਾਦਾ’ ਦੇ ਮੁਕਾਬਲੇ ਆਪਣੀ ਆਪਣੀ ਵੱਖਰੀ ਮਰਿਯਾਦਾ ਬਣਾ ਲਈ ਸੀ।

- ਤੀਸਰਾ ਕੰਮ ਪੰਥ ਵਲੋਂ ਆਪਣੀ ਵੱਖਰੀ ਕੌਮ ਦੇ ਪ੍ਰਤੀਕ ‘ਨਾਨਕਸ਼ਾਹੀ ਕੈਲੰਡਰ’ ਨੂੰ ਖਤਮ ਕਰਕੇ ਮੁੜ ਬ੍ਰਾਹਮਣਾਂ ਵਾਲਾ ਬਿਕਰਮੀ ਕੈਲੰਡਰ ਲਾਗੂ ਕਰਨਾ।

ਯਾਦ ਰਹੇ ਕੁਝ ਦਿਨ ਪਹਿਲਾਂ ਹੀ ‘ਸੰਤ ਸਮਾਜ’ ਦੇ ਜਨਰਲ ਸਕੱਤਰ ਹਰੀ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਅਕਾਲ ਤਖਤ ਦੇ ਜਥੇਦਾਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਸੀ, ਜਿਸ ਵਿੱਚ ‘ਨਾਨਕਸ਼ਾਹੀ ਕੈਲੰਡਰ’ ਰੱਦ ਕਰਕੇ ਪੁਰਾਣਾ ਹਿੰਦੂਆਂ ਦਾ ਬਿਕਰਮੀ ਕੈਲੰਡਰ ਲਾਗੂ ਕਰਨ ਤੇ ‘ਸਿੱਖ ਰਹਿਤ ਮਰਿਯਾਦਾ’ ਵਿੱਚ ਸੋਧਾਂ ਕਰਕੇ ਪੁਰਾਤਨ ਨਿਰਮਲਿਆਂ ਤੇ ਮਹੰਤਾਂ ਦੀ ਮਰਿਯਾਦਾ ਲਾਗੂ ਕਰਨ ਲਈ ਕਿਹਾ ਗਿਆ ਸੀ।

ਇਸ ਮਕਸਦ ਲਈ 1998-99 ਵਿੱਚ ਸਭ ਤੋਂ ਪਹਿਲਾਂ ਆਰ.ਐਸ.ਐਸ. ਨੇ ਆਪਣੇ ਪੁਰਾਣੇ ਏਜੰਟ ਗੋਬਿੰਦ ਸਦਨ ਵਾਲੇ ਸੰਤ ਵਿਰਸਾ ਸਿੰਘ ਰਾਹੀਂ ਪਹਿਲੀ ਵਾਰ ਸਾਰੇ ਦਸਮ ਗ੍ਰੰਥ ਨੂੰ ਵੈਬ ਸਾਈਟ ਤੇ ਅਰਥਾਂ ਸਮੇਤ ਪਾਇਆ ਤਾਂ ਕਿ ਦੁਨੀਆਂ ਭਰ ਵਿੱਚ ਇਸਦਾ ਆਸਾਨੀ ਨਾਲ ਪ੍ਰਚਾਰ ਕੀਤਾ ਜਾ ਸਕੇ, ਫਿਰ ਆਪਣੇ ਦੂਜੇ ਪਿਆਦੇ ਪਟਨਾ ਸਾਹਿਬ ਵਾਲੇ ਪੁਜਾਰੀ ਇਕਬਾਲ ਸਿੰਘ ਰਾਹੀਂ ‘ਦਸਮ ਗ੍ਰੰਥ’ ਦੀਆਂ 500 ਬੀੜਾਂ ਛਾਪੀਆਂ ਗਈਆਂ। ਜਿਨ੍ਹਾਂ ਦੇ ਕਵਰ ਤੇ ਪਹਿਲੀ ਵਾਰ ਇਸਦਾ ਨਾਮ ‘ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ’ ਲਿਖਿਆ ਗਿਆ।

ਫਿਰ ਰੁਲਦਾ ਸਿੰਘ ਰਾਹੀਂ ਪੰਜਾਬ ਦੇ ਪਿੰਡਾਂ ਵਿੱਚ ਆਰ.ਐਸ.ਐਸ. ਦੀਆਂ ਬਰਾਂਚਾਂ ਬਣਾਈਆਂ ਗਈਆਂ ਤੇ ਵੱਡੀ ਪੱਧਰ ਤੇ ਸਿੱਖ ਗੁਰੂਆਂ ਨੂੰ ਹਿੰਦੂ ਦੇਵੀ ਦੇਵਤਿਆਂ ਦੇ ਅਵਤਾਰ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਲਈ ‘ਸੰਤ ਸਮਾਜ’ ਨੇ ਲੁਕਵੇਂ ਰੂਪ ਵਿੱਚ ਪੂਰਾ ਸਾਥ ਦਿੱਤਾ।

ਇਸੇ ਲੜੀ ਵਿੱਚ ਆਰ.ਐਸ.ਐਸ. ਨੇ ਟਕਸਾਲ ਵਿੱਚ ਲੰਬੇ ਸਮੇਂ ਤੋਂ ਪਲਾਂਟ ਕੀਤੇ ਹੋਏ ਪੂਰਨ ਸਿੰਘ ਰਾਹੀਂ ‘ਬਚਿਤਰ ਨਾਟਕ’ ਦੇ ਆਧਾਰ ਤੇ ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਦੱਸਿਆ। ਇਸੇ ਜਥੇਦਾਰ ਰਾਹੀਂ ਨਾਨਕਸ਼ਾਹੀ ਕੈਲੰਡਰ ਰੱਦ ਕਰਾਉਣ ਬੀਬੀ ਜਗੀਰ ਕੌਰ ਨੂੰ ਪੰਥ ਵਿਚੋਂ ਛੇਕਿਆ ਗਿਆ ਸੀ, ਕਿਉਂਕਿ ਬੀਬੀ ਜਗੀਰ ਕੌਰ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਾਉਣ ਲਈ ਦ੍ਰਿੜ ਸੀ। ਬੀਬੀ ਨੂੰ ਪੰਥ ਵਿਚੋਂ ਛੇਕਣ ਵਾਲਾ ਹੁਕਮਨਾਮਾ ਵੀ ਪੂਰਨ ਸਿੰਘ ਨੇ ਆਰ.ਐਸ.ਐਸ. ਦੇ ਹੈਡਕੁਆਟਰ ਗੂਨਾ ਤੋਂ ਹੀ ਜਾਰੀ ਕੀਤਾ ਸੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਸਿੱਖ ਸਿਆਸਤ ਤੋਂ ਲਾਂਭੇ ਕਰਕੇ ਬਾਦਲ ਲਈ ਰਾਹ ਪੱਧਰਾ ਕਰਨ ਵਿੱਚ ਵੀ ਆਰ.ਐਸ.ਐਸ. ਦੀ ਅਹਿਮ ਭੂਮਿਕਾ ਸੀ ਕਿਉਂਕਿ ਉਹ ਆਰ.ਐਸ.ਐਸ. ਦਾ ਏਜੰਡਾ ਲਾਗੂ ਕਰਨ ਵਿੱਚ ਰੁਕਾਵਟ ਬਣ ਸਕਦਾ ਸੀ। ਇਸ ਵੇਲੇ ਆਰ.ਐਸ.ਐਸ. ਦਾ ਬਾਦਲਕਿਆਂ, ਸ਼੍ਰੋਮਣੀ ਕਮੇਟੀ, ਤਖਤਾਂ ਦੇ ਜਥੇਦਾਰਾਂ ਤੇ ਸੰਤ ਸਮਾਜ ਤੇ ਪੂਰਨ ਕੰਟਰੋਲ ਹੈ।

ਜੂਨ 1984 ਤੇ ਨਵੰਬਰ 1984 ਵਿੱਚ ਹਜ਼ਾਰਾਂ ਸਿੱਖਾਂ ਨੂੰ ਮਾਰਨ ਬਾਅਦ ਹਿੰਦੂਤਵੀ ਸ਼ਕਤੀਆਂ ਇਹ ਭਰਮ ਪਾਲਦੀਆਂ ਸਨ, ਕਿ ਹੁਣ ਸਿੱਖਾਂ ਦੀ ਬੱਸ ਕਰਾ ਦਿੱਤੀ ਗਈ ਹੈ ਤੇ ਮੁੜ ਕੇ 50 ਸਾਲ ਨਹੀਂ ਉਠ ਸਕਣਗੇ। ਪਰ 1985 ਵਿੱਚ ਸਿੱਖ ਨੌਜਵਾਨਾਂ ਵਲੋਂ ਹਥਿਆਰਬੰਦ ਸੰਘਰਸ਼ ਸ਼ੁਰੂ ਕਰ ਦਿੱਤਾ ਗਿਆ, ਜਿਸਨੂੰ ਭਾਰਤੀ ਸਟੇਟ ਨੇ ਇੱਕ ਵਾਰ ਫਿਰ ਪੂਰੀ ਤਾਕਤ ਨਾਲ 1985-1995 ਤੱਕ ਚੁਣ ਚੁਣ ਕੇ ਸਿੱਖ ਨੌਜਵਾਨ ਨੂੰ ਮਾਰਨ ਬਾਅਦ ਬੁਰੀ ਤਰ੍ਹਾਂ ਕੁਚਲ ਦਿੱਤਾ ਤੇ ਫਿਰ ਬਾਦਲਕਿਆਂ ਰਾਹੀਂ ਸਿੱਖਾਂ ਦਾ ਬ੍ਰਾਹਮਣੀਕਰਨ ਕਰਨ ਲਈ ਆਰ.ਐਸ.ਐਸ. ਨੇ ਆਪਣਾ ਕੰਮ ਸ਼ੁਰੂ ਕੀਤਾ, ਜਿਸ ਵਿੱਚ ਪੰਜਾਬ ਦੀ ਸਿਆਸੀ ਤਾਕਤ ਬਾਦਲ ਦੇ ਹਵਾਲੇ ਕਰਨ ਦੇ ਨਾਲ ਉਨ੍ਹਾਂ ਤੋਂ ਇਹ ਅਹਿਦ ਲਿਆ ਗਿਆ ਕਿ ਸ਼੍ਰੋਮਣੀ ਕਮੇਟੀ ਤੇ ਤਖਤਾਂ ਦੇ ਪੁਜਾਰੀਆਂ ਦੀ ਵਾਗਡੋਰ ਸਾਡੇ ਹੱਥ ਫੜਾ ਦਿਉ। ਸੰਤ ਸਮਾਜ ਤੇ ਪਹਿਲਾਂ ਹੀ ਉਨ੍ਹਾਂ ਦਾ ਇੱਕ ਵਿੰਗ ਸੀ। ਇਸ ਤਰ੍ਹਾਂ 1999 ਤੋਂ ਬੜੇ ਯੋਜਨਾਬੱਧ ਢੰਗ ਨਾਲ ਆਰ.ਐਸ.ਐਸ. ਸ਼੍ਰੋਮਣੀ ਕਮੇਟੀ, ਸੰਤ ਸਮਾਜ, ਤਖਤਾਂ ਦੇ ਪੁਜਾਰੀਆਂ ਤੇ ਡੇਰਿਆਂ ਤੋਂ ਪੜ੍ਹੇ ਹੋਏ ਪ੍ਰਚਾਰਕਾਂ ਰਾਹੀਂ ਆਪਣਾ ਏਜੰਡਾ ਲਾਗੂ ਕਰ ਰਹੀ ਹੈ।

ਬੇਸ਼ਕ 1999 ਤੋਂ ਹੁਣ ਤੱਕ ਕੁਝ ਸੁਹਿਰਦ ਪੰਥਕ ਸੰਸਥਾਵਾਂ, ਪੰਥਕ ਵਿਦਵਾਨਾਂ ਤੇ ਮਿਸ਼ਨਰੀ ਵਿਚਾਰਧਾਰਾ ਵਾਲਿਆਂ ਦੀ ਸਿਧਾਂਤਕ ਸਮਝ ਕਾਰਨ, ਆਰ.ਐਸ.ਐਸ. ਉਹ ਕੁਝ ਕਰਨ ਵਿੱਚ ਸਫਲ ਨਹੀਂ ਹੋ ਸਕੀ, ਜੋ ਉਹ ਪਿਛਲੇ 10 ਸਾਲਾਂ ਵਿੱਚ ਕਰਨਾ ਚਾਹੁੰਦੀ ਸੀ। ਭਾਵੇਂ ਕਿ ਉਹ ਪੰਥਕ ਧਿਰਾਂ ਤੇ ਵਿਦੇਸ਼ੀ ਗੁਰਦੁਆਰਿਆਂ ਵਿੱਚ ਸੰਨ੍ਹ ਲਾਉਣ ਵਿੱਚ ਕਾਮਯਾਬ ਹੋ ਚੁੱਕੇ ਹਨ। ‘ਦਸਮ ਗ੍ਰੰਥ’ ਨੂੰ ਉਹ ਹਰ ਹਾਲਤ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਖੜਾ ਕਰਨਾ ਚਾਹੁੰਦੇ ਹਨ, ਇਸੇ ਲਈ ਜਦੋਂ ਸੁਹਿਰਦ ਪੰਥਕ ਧਿਰਾਂ ਨੇ ਇਸਦਾ ਡਟਵਾਂ ਤੇ ਦਲੀਲ ਭਰਪੂਰ ਜਵਾਬ ਦਿੱਤਾ, ਤਾਂ ਉਨ੍ਹਾਂ ਬ੍ਰਾਹਮਣੀ ਤਾਕਤਾਂ ਨੇ ਜਥੇਦਾਰ ਵੇਦਾਂਤੀ ਤੋਂ 2003 ਵਿੱਚ ਇੱਕ ਪੱਤਰ ਜਾਰੀ ਕਰਵਾਇਆ ਕਿ ਕੋਈ ਵੀ ਦਸਮ ਗ੍ਰੰਥ ਤੇ ਪਬਲਿਕ ਚਰਚਾ ਨਾ ਕਰੇ, ਜਦੋਂ ਤੱਕ ਪੰਥ ਵਲੋਂ ਕੋਈ ਫੈਸਲਾ ਨਹੀਂ ਕੀਤਾ ਜਾਂਦਾ।ਹੈਰਾਨੀ ਦੀ ਗੱਲ ਹੈ ‘ਦਸਮ ਗ੍ਰੰਥ’ ਦੇ ਵਿਰੋਧ ਵਿੱਚ ਲਿਖਣ ਜਾਂ ਬੋਲਣ ਕਰਕੇ ਗੁਰਬਖਸ਼ ਸਿੰਘ ਕਾਲਾਅਫਗਾਨਾ, ਜੁਗਿੰਦਰ ਸਿੰਘ ਸਪੋਕਸਮੈਨ, ਪ੍ਰੋ: ਦਰਸ਼ਨ ਸਿੰਘ ਆਦਿ ਨੂੰ ਪੰਥ ਵਿਚੋਂ ਛੇਕਿਆ ਗਿਆ। ਪ੍ਰੋ: ਸਰਬਜੀਤ ਸਿੰਘ ਧੁੰਦਾ ਨੂੰ ਅਕਾਲ ਤਖਤ ਤੇ ਸੱਦਿਆ ਗਿਆ। ਪ੍ਰੋ: ਗੁਰਤੇਜ ਸਿੰਘ ਤੋਂ ਪ੍ਰੋ: ਆਫ ਸਿੱਖਇਜ਼ਮ ਦਾ ਖਿਤਾਬ ਵਾਪਿਸ ਲਿਆ ਗਿਆ। ਪ੍ਰੋ: ਇੰਦਰ ਸਿੰਘ ਘੱਗਾ ਤੇ ਕਈ ਵਾਰ ਹਮਲਾ ਕੀਤਾ ਗਿਆ। ਸਿੱਖ ਮਿਸ਼ਨਰੀ ਕਾਲਿਜ਼ਾਂ ਨੂੰ ਬੰਦ ਕਰਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਰਹੀਆਂ। ਇਥੋਂ ਤੱਕ ਕਿ ਅਨੇਕਾਂ ਗੁਰਦੁਆਰੇ ਜੋ ਕਿਸੇ ਸਮੇਂ ਪੰਥਕ ਸਟੇਜ ਮੰਨੇ ਜਾਂਦੇ ਸਨ, ਉਨ੍ਹਾਂ ਤੇ ਮਿਸ਼ਨਰੀ ਪ੍ਰਚਾਰਕਾਂ ਨੂੰ ਪ੍ਰਚਾਰ ਕਰਨ ਦੀ ਇਜ਼ਾਜਤ ਨਹੀਂ। ਇਸੇ ਤਰ੍ਹਾਂ ਹੋਰ ਕਈ ਵਿਦਵਾਨਾਂ ਨੂੰ ਪੰਥ ਵਿਚੋਂ ਛੇਕਣ ਦਾ ਡਰਾਵਾ ਦੇ ਕੇ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ।

ਪਰ ਦੂਜੇ ਪਾਸੇ ‘ਦਸਮ ਗ੍ਰੰਥ’ ਦੇ ਹਮਾਇਤੀ ਵਿਦਵਾਨ ਖੁੱਲੇਆਮ ਦੇਸ਼ਾਂ-ਵਿਦੇਸ਼ਾਂ ਵਿੱਚ ‘ਦਸਮ ਗ੍ਰੰਥ’ ਤੇ ਸੈਮੀਨਾਰ ਕਰਦੇ ਹਨ, ਡੇਰਿਆਂ ਦੇ ਪ੍ਰਚਾਰਕ ਸ਼ਰੇਆਮ ਗੁਰਦੁਆਰਾ ਸਟੇਜਾਂ ਤੇ ਦਸਮ ਗ੍ਰੰਥ ਦਾ ਪ੍ਰਚਾਰ ਕਰਦੇ ਹਨ। ਦੋ ਤਖਤਾਂ ਸਮੇਤ ਕਈ ਸਾਧਾਂ ਦੇ ਡੇਰਿਆਂ ਤੇ ਨਿਹੰਗਾਂ ਦੀਆਂ ਛਾਉਨੀਆਂ ਵਿੱਚ ਦਸਮ ਗ੍ਰੰਥ ਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕੀਤਾ ਜਾਂਦਾ ਹੈ, ਉਸਦੇ ਅਖੰਡ ਪਾਠ, ਸਹਿਜ ਪਾਠ ਰੱਖੇ ਜਾਂਦੇ ਹਨ, ਉਸਦੀ ਸੰਥਿਆ ਦਿੱਤੀ ਜਾਂਦੀ ਹੈ। ਪਰ ਉਨ੍ਹਾਂ ਤੇ ਕਦੇ ਕਿਸੇ ਨੇ ਕੋਈ ਐਕਸਨ ਨਹੀਂ ਲਿਆ। ਕੀ ਅਜੇ ਵੀ ਕਿਸੇ ਨੂੰ ਕੋਈ ਸ਼ੱਕ ਹੈ ਕਿ ‘ਦਸਮ ਗ੍ਰੰਥ’ ਨੂੰ ਪ੍ਰਮੋਟ ਕੌਣ ਕਰ ਤੇ ਕਰਾ ਰਹੇ ਹਨ ਤੇ ਉਨ੍ਹਾਂ ਦਾ ਅਸਲ ਮਨਸ਼ਾ ਕੀ ਹੈ?

ਵਿਦੇਸ਼ਾਂ ਦੇ ਕਈ ਗੁਰਦੁਆਰਿਆਂ ਵਿੱਚ ਪ੍ਰਬੰਧਕ ਕਿਸੇ ਪ੍ਰਚਾਰਕ ਨੂੰ ਸੱਦਣ ਤੋਂ ਪਹਿਲਾਂ ਪੁਛਦੇ ਹਨ ਕਿ ਤੁਸੀਂ ਦਸਮ ਗ੍ਰੰਥ ਦਾ ਹੱਕ ਵਿੱਚ ਜਾਂ ਵਿਰੋਧ ਵਿੱਚ, ਜੇ ਵਿਰੋਧ ਕਹੋ ਤਾਂ ਸੱਦਿਆ ਨਹੀਂ ਜਾਂਦਾ, ਜੇ ਹੱਕ ਵਿੱਚ ਹੋਵੋ ਤਾਂ ਧੱਕੇ ਨਾਲ ਦਸਮ ਗ੍ਰੰਥ ਬਾਰੇ ਪ੍ਰਚਾਰ ਕਰਾਇਆ ਜਾਂਦਾ ਹੈ। ਇਸ ਸਭ ਤੋਂ ਪਤਾ ਚਲਦਾ ਹੈ ਕਿ ਕਿਵੇਂ ਆਰ.ਐਸ.ਐਸ. ਸਿੱਖ ਸਫਾਂ ਤੇ ਗੁਰਦੁਆਰਿਆਂ ਵਿੱਚ ਘੁਸਪੈਠ ਕਰ ਚੁੱਕੀ ਹੈ। ਬਹੁਤ ਸਾਰੇ ਭੋਲੇ-ਭਾਲੇ ਸ਼ਰਧਾਵਾਨ ਤੇ ਪੰਥਕ ਜ਼ਜਬੇ ਵਾਲੇ ਲੋਕ ਗੁੰਮਰਾਹ ਹੋ ਕੇ ਪੰਥ ਖਿਲਾਫ ਭੁਗਤ ਰਹੇ ਹਨ। ਉਨ੍ਹਾਂ ਨੂੰ ਆਰ.ਐਸ.ਐਸ. ਤੇ ਬ੍ਰਾਹਮਣੀ ਤਾਕਤਾਂ ਦੀ ਚਾਲ ਦੀ ਸਮਝ ਨਹੀਂ ਹੈ ਤੇ ਉਹ ਜਾਣੇ-ਅਣਜਾਣੇ ਸਿੱਖ ਕੌਮ ਦਾ ਨੁਕਸਾਨ ਕਰਨ ਵਿੱਚ ਭਾਈਵਾਲ ਬਣ ਰਹੇ ਹਨ। ਉਨ੍ਹਾਂ ਸੁਹਿਰਦ ਪੰਥਕ ਜ਼ਜਬੇ ਵਾਲੇ ਸਿੰਘਾਂ ਨੂੰ ਜ਼ਜ਼ਬਾਤੀ ਸੋਚ ਛੱਡ ਕੇ ਡੂੰਘੀ ਸੋਚ ਵਿਚਾਰ ਕਰਨ ਦੀ ਲੋੜ ਹੈ ਤੇ ਆਰ.ਐਸ.ਐਸ. ਦੀਆਂ ਚਾਲਾਂ ਨੂੰ ਜਾਨਣ ਦੀ ਲੋੜ ਹੈ।

ਕੀ ਕੀਤਾ ਜਾਵੇ ?

ਅਜਿਹੇ ਸੁਹਿਰਦ ਸਿੱਖ ਜੋ ਭੰਬਲਭੂਸੇ ਵਿੱਚ ਹਨ, ਕਿ ਸਹੀ ਤੇ ਗਲਤ ਦੀ ਪਛਾਣ ਕਿਵੇਂ ਕੀਤੀ ਜਾਵੇ। ਪੰਥਕ ਤੇ ਪੰਥ ਵਿਰੋਧੀਆਂ ਦੀ ਪਛਾਣ ਲਈ ਕੁਝ ਸੁਝਾਅ ਇਸ ਤਰ੍ਹਾਂ ਹਨ:

  1. ਜਿਹੜੇ ਲੋਕ ਸ੍ਰੀ ਅਕਾਲ ਤਖਤ ਸਾਹਿਬ ਦੀ ਛਪੀ ਹੋਈ ਪੰਥ ਪ੍ਰਵਾਨਤ ‘ਸਿੱਖ ਰਹਿਤ ਮਰਿਯਾਦਾ’ ਦੀ ਥਾਂ ਡੇਰਿਆਂ ਦੀ ਮਰਿਯਾਦਾ ਨੂੰ ਮੰਨਦੇ ਤੇ ਪ੍ਰਮੋਟ ਕਰਦੇ ਹਨ, ਉਹ ਪੰਥ ਹਿਤੈਸ਼ੀ ਨਹੀਂ
  2. ਜਿਹੜੇ ਲੋਕ ਸ. ਪਾਲ ਸਿੰਘ ਪੁਰੇਵਾਲ ਵਲੋਂ 1997 ਵਿੱਚ ਸ਼੍ਰੋਮਣੀ ਕਮੇਟੀ ਨੂੰ ਪੇਸ਼ ਕੀਤੇ ਕੈਲੰਡਰ, ਜਿਸਨੂੰ ਕਈ ਸੋਧਾਂ ਕਰਕੇ ਅਕਾਲ ਤਖਤ ਤੋਂ 2003 ਵਿੱਚ ਜਾਰੀ ਕੀਤਾ ਗਿਆ ਸੀ, ਉਸਦੇ ਵਿਰੋਧੀ ਹਨ, ਉਹ ਪੰਥਕ ਹਿਤੈਸ਼ੀ ਨਹੀ।
  3. ਜਿਹੜੇ ਲੋਕ ‘ਦਸਮ ਗ੍ਰੰਥ’ ਨੂੰ ਪ੍ਰਮੋਟ ਕਰਦੇ ਹਨ, ਉਸਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਨਾ ਚਾਹੁੰਦੇ ਹਨ, ਉਸਦੇ ਪਾਠ ਕਰਦੇ, ਕਰਾਉਂਦੇ ਹਨ, ਉਹ ਪੰਥ ਹਿਤੈਸ਼ੀ ਨਹੀਂ।
  4. ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਛੱਡ ਕੇ ਬਾਲੇ ਵਾਲੀ ਜਨਮ ਸਾਖੀ, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼ ਤੇ ਹੋਰ ਕਈ ਤਰ੍ਹਾਂ ਦੇ ਨਕਲੀ ਗ੍ਰੰਥਾਂ ਨੂੰ ਪ੍ਰਮੋਟ ਕਰਦੇ ਹਨ, ਉਹ ਪੰਥ ਹਿਤੈਸ਼ੀ ਨਹੀਂ।
  5. ਜਿਹੜੇ ਲੋਕ ਸਾਂਝੀ ਪੰਥਕ ਸੰਸਥਾ ‘ਗੁਰਦੁਆਰੇ’ ਦੇ ਮੁਕਾਬਲੇ ਤੇ ਆਪਣਾ ਡੇਰਾ ਬਣਾਉਂਦੇ ਹਨ, ਪੰਥ ਤੋਂ ਵੱਖਰੀ ਮਰਿਯਾਦਾ ਰੱਖਦੇ ਹਨ ਤੇ ਇਨ੍ਹਾਂ ਡੇਰਿਆਂ ਤੇ ਡੇਰਾਵਾਦੀਆਂ ਨੂੰ ਪ੍ਰਮੋਟ ਕਰਦੇ ਹਨ, ਉਹ ਪੰਥ ਹਿਤੈਸ਼ੀ ਨਹੀਂ।
  6. ਉਹ ਲੋਕਾਂ ਜਿਨ੍ਹਾਂ ਦਾ ਸਿੱਧਾ ਜਾਂ ਅਸਿੱਧਾ ਸਬੰਧ ਆਰ.ਐਸ.ਐਸ. ਵਰਗੀਆਂ ਹਿੰਦੂਵਾਦੀ ਕੱਠੜਪੰਥੀ ਸੰਸਥਾਵਾਂ ਨਾਲ ਹੈ ਜਾਂ ਉਨ੍ਹਾਂ ਨਾਲ ਹੈ, ਜਿਨ੍ਹਾਂ ਦਾ ਆਰ.ਐਸ.ਐਸ. ਨਾਲ ਸਬੰਧ ਹੈ, ਜਿਵੇਂ ਕਿ ਬਾਦਲਕੇ, ਸੰਤ ਸਮਾਜ ਤੇ ਤਖਤਾਂ ਦੇ ਪੁਜਾਰੀ, ਉਹ ਪੰਥ ਹਿਤੈਸ਼ੀ ਨਹੀਂ
  7. ਉਹ ਲੋਕ ਜੋ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਦਾਰਾ ਨੂੰ ਛੱਡ ਦਿਖਾਵਿਆਂ, ਪਹਿਰਾਵਿਆਂ ਤੇ ਬ੍ਰਾਹਮਣੀ ਕਰਮਕਾਂਡਾਂ ਨੂੰ ਪ੍ਰਮੋਟ ਕਰਦੇ ਹਨ, ਉਹ ਪੰਥ ਹਿਤੈਸ਼ੀ ਨਹੀਂ।
  8. ਪੰਥਕ ਸਿਰਫ ਉਹੀ ਹਨ, ਜੋ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਤੇ ਪੰਥ ਦੀ ਮਰਿਯਾਦਾ ਨੂੰ ਪ੍ਰਮੋਟ ਕਰਦੇ ਹਨ। ਗੁਰੂਆਂ ਦੇ ਸਰਬਤ ਦੇ ਭਲੇ ਵਾਲੀ ਮਾਨਵਤਾ ਪੱਖੀ ਵਿਚਾਰਧਾਰਾ ਦੇ ਹਾਮੀ ਹਨ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top