Share on Facebook

Main News Page

ਭਾਈ ਗੁਰਬਖਸ਼ ਸਿੰਘ ਖਾਲਸਾ 27 ਦਸੰਬਰ ਨੂੰ ਅਕਾਲ ਤਖ਼ਤ ਵਿਖੇ ਖ਼ਤਮ ਕਰਨਗੇ ਭੁੱਖ ਹੜਤਾਲ

► ਜਥੇ: ਗੁਰਬਚਨ ਸਿੰਘ ਵੱਲੋਂ ਮੁਲਾਕਾਤ ਤੋਂ ਬਾਅਦ ਕੀਤਾ ਜਲ ਗ੍ਰਹਿਣ
►ਸਿੰਘਾਂ ਦੀ ਰਿਹਾਈ ਲਈ ਜਥੇਦਾਰ ਨੂੰ ਸੌਂਪੀ ਜ਼ਿੰਮੇਵਾਰੀ
►ਸਿਹਤ ਖਰਾਬ ਹੋਣ ਕਾਰਨ ਫੋਰਟਿਸ ਹਸਪਤਾਲ ਦਾਖ਼ਲ

ਕੇ. ਐੱਸ. ਰਾਣਾ/ਨਰਿੰਦਰ ਸਿੰਘ ਝਾਂਮਪੁਰ Source: http://beta.ajitjalandhar.com/latestnews/403841.cms

ਅਜੀਤਗੜ੍ਹ, 25 ਦਸੰਬਰ -ਵੱਖ-ਵੱਖ ਜੇਲ੍ਹਾਂ ਵਿਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਜਾਰੀ ਸੰਘਰਸ਼ ਆਪਣੇ ਆਖਰੀ ਪੜਾਅ ਵਿਚ ਪਹੁੰਚ ਗਿਆ ਅਤੇ ਭਾਈ ਖਾਲਸਾ 26 ਨਵੰਬਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿੰਘ ਸਹਿਬਾਨ ਦੀ ਹਾਜ਼ਰੀ ਵਿਚ ਆਪਣੀ ਭੁੱਖ ਹੜਤਾਲ ਖਤਮ ਕਰਨਗੇ। ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਵੱਲੋਂ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਭਾਈ ਗੁਰਬਖਸ਼ ਸਿੰਘ ਨਾਲ ਕਈ ਘੰਟੇ ਮੀਟਿੰਗਾਂ ਕੀਤੀਆਂ ਗਈਆਂ।

ਅੱਜ ਭਾਈ ਗੁਰਬਖਸ਼ ਸਿੰਘ ਨੇ ਜਲ ਗ੍ਰਹਿਣ ਕਰ ਲਿਆ, ਜੋ ਉਨ੍ਹਾਂ ਨੇ ਕੱਲ੍ਹ ਦਾ ਤਿਆਗਿਆ ਹੋਇਆ ਸੀ। ਇਸੇ ਦੌਰਾਨ ਅੱਜ ਬਾਅਦ ਦੁਪਹਿਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ ਵਿਚ ਚੰਡੀਗੜ੍ਹ ਦੀ ਬੁੜੈਲ ਜੇਲ੍ਹ 'ਚ ਬੰਦ ਭਾਈ ਗੁਰਮੀਤ ਸਿੰਘ ਰਿਹਾਅ ਹੋ ਕੇ ਅਜੀਤਗੜ੍ਹ ਦੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਪੁੱਜੇ। ਜਿਥੇ ਭਾਰੀ ਗਿਣਤੀ ਵਿਚ ਸੰਗਤਾਂ ਨੇ ਉਨ੍ਹਾਂ ਦਾ ਜੈਕਾਰਿਆਂ ਨਾਲ ਸਵਾਗਤ ਕੀਤਾ। ਅੱਜ ਪੂਰਾ ਦਿਨ ਗੁਰਦੁਆਰਾ ਅੰਬ ਸਾਹਿਬ ਵਿੱਚ ਗਹਿਮਾ-ਗਹਿਮੀ ਵਾਲਾ ਮਾਹੌਲ ਰਿਹਾ।

ਅੱਜ ਸਵੇਰੇ ਕਰੀਬ ਸਾਢੇ ਸੱਤ ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ੍ਹ ਸਿੰਘ ਗੁਰਦੁਆਰਾ ਅੰਬ ਸਾਹਿਬ ਪੁੱਜੇ, ਪਰ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਨਿੱਤਨੇਮ ਅਤੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਕਰੀਬ 9.30 ਵਜੇ ਸਿੰਘ ਸਾਹਿਬਾਨ ਨਾਲ ਮੀਟਿੰਗ ਕੀਤੀ, ਜਿਥੇ ਭਾਈ ਗੁਰਨਾਮ ਸਿੰਘ, ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਅਖੰਡ ਕੀਰਤਨੀ ਜਥੇ ਦੇ ਬੁਲਾਰੇ ਭਾਈ ਆਰ. ਪੀ ਸਿੰਘ, ਐਡਵੋਕੇਟ ਹਰਪਾਲ ਸਿੰਘ ਚੀਮਾ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ, ਅਮਰ ਸਿੰਘ ਚਾਹਲ, ਗੁਰਨਾਮ ਸਿੰਘ ਸਿੱਧੂ ਅਤੇ ਗੁ. ਅੰਬ ਸਾਹਿਬ ਦੇ ਮੈਨੇਜਰ ਅਮਰਜੀਤ ਸਿੰਘ ਵੀ ਮੌਜੂਦ ਸਨ। ਮੀਟਿੰਗਾਂ ਦਾ ਸਿਲਸਿਲਾ ਸ਼ਾਮ 4.00 ਵਜੇ ਤੱਕ ਜਾਰੀ ਰਿਹਾ, ਇਸ ਦੌਰਾਨ ਕਈ ਵਾਰ ਜਥੇਦਾਰ ਦੂਜੇ ਕਮਰੇ ਵਿੱਚ ਵੀ ਗਏ ਅਤੇ ਇਸ ਸਬੰਧੀ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨਾਲ ਫੋਨ 'ਤੇ ਰਾਬਤਾ ਕਾਇਮ ਕਰਕੇ ਮੌਜੂਦਾ ਸਥਿਤੀ ਤੋਂ ਵੀ ਜਾਣੂ ਕਰਵਾਉਂਦੇ ਰਹੇ।

ਭਾਈ ਗੁਰਬਖਸ਼ ਸਿੰਘ ਨੇ ਆਪਣੇ ਇਰਾਦੇ ਨੂੰ ਮੁੜ ਦੁਹਰਾਉਂਦੇ ਹੋਏ ਕੇਵਲ ਇੰਨਾ ਹੀ ਕਿਹਾ ਕਿ ਉਨ੍ਹਾਂ ਵੱਲੋਂ ਸ਼ੁਰੂ ਕੀਤਾ ਗਿਆ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ, ਜਦੋਂ ਤੱਕ ਸਾਰੇ ਸਿੱਖ ਨੌਜਵਾਨ ਜੇਲ੍ਹਾਂ 'ਚੋਂ ਬਾਹਰ ਨਹੀਂ ਆ ਜਾਂਦੇ। ਇਸੇ ਦੌਰਾਨ ਦੁਪਹਿਰ ਕਰੀਬ ਪੌਣੇ ਇੱਕ ਵਜੇ ਬੁੜੈਲ ਜੇਲ੍ਹ ਤੋਂ ਪੈਰੋਲ 'ਤੇ ਰਿਹਾਅ ਹੋ ਕੇ ਗੁਰਦੁਆਰਾ ਅੰਬ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਭਾਈ ਗੁਰਮੀਤ ਸਿੰਘ ਨੇ ਭਾਈ ਗੁਰਬਖਸ਼ ਸਿੰਘ ਅਤੇ ਸਿੰਘ ਸਹਿਬਾਨ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਤਖ਼ਤ ਸੀ੍ਰ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਮੱਲ ਸਿੰਘ ਸਮੇਤ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਸਾਂਝੇ ਤੌਰ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਸਿੰਘ ਸਾਹਿਬਾਨ ਦਾ ਪੂਰਨ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਦੇ ਕਹਿਣ 'ਤੇ ਆਪਣਾ ਇਲਾਜ ਕਰਾਉਣ ਜਾ ਰਹੇ ਹਨ, ਪਰ ਉਨ੍ਹਾਂ ਇਹ ਸਪੱਸ਼ਟ ਕੀਤਾ ਕਿ ਉਹ ਇਲਾਜ ਦੌਰਾਨ ਕੁਝ ਨਹੀਂ ਖਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਉਹ 26 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾਣਗੇ, ਜਿਥੇ ਬੁੜੈਲ ਜੇਲ੍ਹ ਵਿਚ ਬੰਦ ਭਾਈ ਲਖਵਿੰਦਰ ਸਿੰਘ ਲੱਖਾ ਅਤੇ ਸ਼ਮਸ਼ੇਰ ਸਿੰਘ ਸ਼ੇਰਾ ਵੀ ਪਹੁੰਚਣਗੇ। ਇਸ ਤੋਂ ਇਲਾਵਾ ਅੱਜ ਰਿਹਾਅ ਹੋਏ ਭਾਈ ਗੁਰਮੀਤ ਸਿੰਘ ਅਤੇ ਪਹਿਲਾਂ ਨਾਭਾ ਜੇਲ੍ਹ ਤੋਂ ਰਿਹਾਅ ਹੋਏ ਲਾਲ ਸਿੰਘ ਵੀ ਉਥੇ ਪਹੁੰਚਣਗੇ, ਜਿਨ੍ਹਾਂ ਦੀ ਹਾਜ਼ਰੀ ਵਿਚ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਆਪਣੀ ਭੁੱਖ ਹੜਤਾਲ ਸਮਾਪਤ ਕਰਨ ਦਾ ਐਲਾਨ ਕਰਨਗੇ। ਇਸ ਮੌਕੇ 'ਤੇ ਅੱਜ ਵੀ ਚੰਡੀਗੜ੍ਹ ਅਤੇ ਪੰਚਕੂਲਾ ਦੇ ਕੀਰਤਨੀ ਜਥੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਵਿਚ ਇਕ ਮਾਰਚ ਦੇ ਰੂਪ ਵਿਚ ਪਹੁੰਚੇ।

ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਸੌਂਪੇ ਅਧਿਕਾਰ

ਸਿੰਘਾਂ ਦੀ ਰਿਹਾਈ ਲਈ ਸ਼ੁਰੂ ਕੀਤੇ ਸੰਘਰਸ਼ ਦੌਰਾਨ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਰਣਨੀਤੀ ਤਿਆਰ ਕਰਨ ਲਈ ਬਣਾਈ ਕਮੇਟੀ ਦੇ ਸਮੂਹ ਮੈਂਬਰਾਂ ਨੇ ਸਰਬਸੰਮਤੀ ਨਾਲ ਫ਼ੈਸਲਾ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੂਰਨ ਸਹਿਯੋਗ ਦੇਣ ਦਾ ਐਲਾਨ ਕੀਤਾ। ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਅਰਦਾਸ ਉਪਰੰਤ ਸੰਘਰਸ਼ ਦੀ ਸ਼ੁਰੂਆਤ ਕੀਤੀ ਸੀ, ਇਸ ਲਈ ਉਨ੍ਹਾਂ ਦੀ ਇੱਛਾ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਖ਼ੁਦ ਅਰਦਾਸ ਕਰਕੇ ਇਸ ਸੰਘਰਸ਼ ਨੂੰ ਸਮਾਪਤ ਕਰਨਗੇ। ਇਸ ਕਮੇਟੀ ਵਿਚ ਸ਼ਾਮਿਲ ਹਰਪਾਲ ਸਿੰਘ ਚੀਮਾ, ਰਾਜਿੰਦਰਪਾਲ ਸਿੰਘ, ਬੀਬੀ ਕੁਲਵੀਰ ਕੌਰ, ਗੁਰਨਾਮ ਸਿੰਘ ਸਿੱਧੂ, ਕਸ਼ਮੀਰ ਕੌਰ, ਸਤਨਾਮ ਸਿੰਘ ਪਾਉਂਟਾ ਸਾਹਿਬ, ਅਮਰ ਸਿੰਘ ਚਾਹਲ ਨੇ ਦਸਤਖ਼ਤ ਕੀਤੇ।

ਅੱਜ ਰਵਾਨਾ ਹੋਵੇਗਾ ਖਾਲਸਾ ਮਾਰਚ

ਜੇਲ੍ਹਾਂ ਵਿਚ ਬੰਦ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਸ਼ੁਰੂ ਕੀਤੇ ਸੰਘਰਸ਼ ਦੇ ਅੰਤਿਮ ਪੜਾਅ ਦੌਰਾਨ ਅੱਜ 26 ਦਸੰਬਰ ਨੂੰ ਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਇਕ ਵਿਸ਼ਾਲ ਖਾਲਸਾ ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਲਈ ਰਵਾਨਾ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਹ ਮਾਰਚ ਅਜੀਤਗੜ੍ਹ ਤੋਂ ਹੁੰਦਾ ਹੋਇਆ ਰੋਪੜ, ਨਵਾਂਸ਼ਹਿਰ, ਫਗਵਾੜਾ, ਜਲੰਧਰ, ਬਿਆਸ, ਜੰਡਿਆਲਾ ਗੁਰੂ ਤੋਂ ਹੁੰਦਾ ਹੋਇਆ ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਵਿਖੇ ਪਹੁੰਚੇਗਾ। ਉਨ੍ਹਾਂ ਜਿਥੇ ਸੰਗਤਾਂ ਨੂੰ ਖਾਲਸਾ ਮਾਰਚ ਦਾ ਖਾਲਸਾਈ ਝੰਡਿਆ ਨਾਲ ਸਵਾਗਤ ਕਰਨ ਦੀ ਅਪੀਲ ਕੀਤੀ, ਉਥੇ ਉਨ੍ਹਾਂ ਦੇਸ਼ਾਂ ਵਿਦੇਸ਼ਾਂ ਵਿਚ ਸੰਘਰਸ਼ ਕਰ ਰਹੀਆਂ ਸੰਗਤਾਂ ਨੂੰ ਆਪਣਾ ਸੰਘਰਸ਼ ਸਮਾਪਤ ਕਰਨ ਦੀ ਅਪੀਲ ਕੀਤੀ। ਬੁਲਾਰੇ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ 25 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹਨ, ਜਿਸ ਦੇ ਭੋਗ 27 ਦਸੰਬਰ ਨੂੰ ਪੈਣਗੇ ਅਤੇ ਇਸ ਵਿਚ ਸ਼ਾਮਿਲ ਹੋਣ ਤੋਂ ਬਾਅਦ ਭਾਈ ਗੁਰਬਖ਼ਸ਼ ਸਿੰਘ ਖਾਲਸਾ ਵਾਪਸੀ ਸੰਗਤਾਂ ਨਾਲ ਜਲੰਧਰ, ਫਗਵਾੜਾ, ਲੁਧਿਆਣਾ, ਸਮਰਾਲਾ ਤੋਂ ਹੁੰਦਾ ਹੋਇਆ ਫਤਿਹਗੜ੍ਹ ਸਾਹਿਬ ਵਿਖੇ ਪਹੁੰਚ ਕੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕਰੇਗਾ। ਇਸ ਤੋਂ ਉਪਰੰਤ ਇਹ ਮਾਰਚ ਸੰਗਤੀ ਰੂਪ ਵਿਚ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਪਹੁੰਚੇਗਾ ਅਤੇ 27 ਦਸੰਬਰ ਨੂੰ ਹੀ ਸ਼ਾਮ ਭਾਈ ਗੁਰਬਖਸ਼ ਸਿੰਘ ਖਾਲਸਾ ਹਰਿਆਣਾ ਸਥਿਤ ਆਪਣੇ ਨਿਵਾਸ 'ਤੇ ਪਹੁੰਚਣਗੇ, ਜਿਥੇ ਸੰਗਤਾਂ ਰੈਣ ਸਬਾਈ ਕੀਰਤਨ ਵਿਚ ਸ਼ਾਮਿਲ ਹੋਣਗੀਆਂ।

ਭਾਈ ਗੁਰਮੀਤ ਸਿੰਘ ਬੁੜੈਲ ਜੇਲ੍ਹ 'ਚੋਂ ਰਿਹਾਅ-ਦੋ ਹੋਰ ਸਿੰਘਾਂ ਦੇ ਵੀ ਜਲਦ ਰਿਹਾਅ ਹੋਣ ਦੀ ਉਮੀਦ

ਚੰਡੀਗੜ੍ਹ, 25 ਦਸੰਬਰ (ਗੁਰਪ੍ਰੀਤ ਸਿੰਘ ਨਿੱਝਰ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਭਾਈ ਗੁਰਮੀਤ ਸਿੰਘ ਨੂੰ ਲੰਮੇ ਇੰਤਜ਼ਾਰ ਪਿੱਛੋਂ ਆਖ਼ਰ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਤੋਂ ਪੈਰੋਲ 'ਤੇ ਰਿਹਾਅ ਕਰ ਦਿੱਤਾ ਗਿਆ। ਦੁਪਹਿਰ ਸਮੇਂ ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਉਹ ਸਿੱਧੇ ਗੁਰਦੁਆਰਾ ਅੰਬ ਸਾਹਿਬ ਵਿਖੇ ਭੁੱਖ ਹੜਤਾਲ 'ਤੇ ਬੈਠੇ ਭਾਈ ਗੁਰਬਖ਼ਸ਼ ਸਿੰਘ ਕੋਲ ਪੁੱਜੇ, ਜਿੱਥੇ ਕਿ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ, ਗਿਆਨੀ ਕੇਵਲ ਸਿੰਘ ਅਤੇ ਗਿਆਨੀ ਮੱਲ ਸਿੰਘ ਵੀ ਪੁੱਜੇ ਹੋਏ ਸਨ। ਉੱਥੇ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਭਾਈ ਗੁਰਮੀਤ ਸਿੰਘ ਦਾ ਸਵਾਗਤ ਕੀਤਾ। ਲੁਧਿਆਣਾ ਦੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਕੀਤੇ ਗਏ ਭਾਈ ਗੁਰਮੀਤ ਸਿੰਘ ਦੀ ਰਿਹਾਈ ਦੇ ਹੁਕਮ ਲੁਧਿਆਣਾ ਤੋਂ ਉਨ੍ਹਾਂ ਦੇ ਮਾਤਾ ਅਤੇ ਉਨ੍ਹਾਂ ਦੀ ਭੈਣ ਲੈ ਕੇ ਬੁੜੈਲ ਜੇਲ੍ਹ ਪੁੱਜੇ ਸਨ।

ਇਸ ਮੌਕੇ ਹੋਰ ਸੰਗਤਾਂ ਅਤੇ ਕੁਝ ਆਗੂ ਵੀ ਬੁੜੈਲ ਜੇਲ੍ਹ ਅੱਗੇ ਪਹੁੰਚੇ ਹੋਏ ਸਨ। 'ਬੰਦੀ ਸਿੰਘ ਰਿਹਾਈ ਮੋਰਚਾ ਕਮੇਟੀ' ਦੇ ਮੈਂਬਰ ਐਡਵੋਕੇਟ ਅਮਰ ਸਿੰਘ ਚਾਹਲ ਨੇ ਦੱਸਿਆ ਕਿ ਭਾਈ ਲਖਵਿੰਦਰ ਸਿੰਘ ਦੀ ਪੈਰੋਲ ਦੀ ਅਰਜ਼ੀ ਲੁਧਿਆਣਾ ਦੇ ਜ਼ਿਲ੍ਹਾ ਮੈਜਿਸਟਰੇਟ ਤੋਂ ਅਤੇ ਭਾਈ ਸਮਸ਼ੇਰ ਸਿੰਘ ਸ਼ੇਰਾ ਦੀ ਪੈਰੋਲ ਅਰਜ਼ੀ ਪਟਿਆਲਾ ਦੇ ਜ਼ਿਲ੍ਹਾ ਮੈਜਿਸਟਰੇਟ ਤੋਂ ਤਸਦੀਕ ਹੋਣੀ ਰਹਿੰਦੀ ਹੈ ਅਤੇ ਇਹ ਤਸਦੀਕ ਹੋਣ 'ਤੇ ਭਾਈ ਸਮਸ਼ੇਰ ਸਿੰਘ ਸ਼ੇਰਾ ਦੀ ਰਿਹਾਈ ਕੱਲ੍ਹ ਅਤੇ ਭਾਈ ਲਖਵਿੰਦਰ ਸਿੰਘ ਰਿਹਾਈ ਪਰਸੋਂ ਤੱਕ ਹਰ ਹਾਲਤ ਵਿਚ ਹੋ ਜਾਵੇਗੀ। ਇਸ ਤੋਂ ਇਲਾਵਾ ਬੰਦੀ ਸਿੰਘ ਦੀ ਰਿਹਾਈ ਵਿਚ ਹੋ ਰਹੀ ਦੇਰੀ ਕਾਰਨ ਪੰਥਕ ਵਿਚਾਰ ਮੰਚ ਦੇ ਭਾਈ ਬਲਜੀਤ ਸਿੰਘ ਖ਼ਾਲਸਾ ਨੇ ਵੀ ਬੁੜੈਲ ਜੇਲ੍ਹ ਅੱਗੇ ਧਰਨਾ ਲਾ ਦਿੱਤਾ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੀ ਜੇਲ੍ਹ ਵਿਚ ਬੰਦ ਭਾਈ ਵਰਿਆਮ ਸਿੰਘ ਦੀ ਪੈਰੋਲ ਸਬੰਧੀ ਕਾਗਜ਼ੀ ਕਾਰਵਾਈਆਂ ਪੂਰੀਆਂ ਹੋ ਚੁੱਕੀਆਂ ਹਨ ਅਤੇ ਉਨ੍ਹਾਂ ਦੀ ਰਿਹਾਈ ਭਲਕੇ ਹੋ ਸਕਦੀ ਹੈ। ਦੂਜੇ ਪਾਸੇ ਕਰਨਾਟਕ ਦੀ ਜੇਲ੍ਹ 'ਚ ਟਾਡਾ ਤਹਿਤ ਬੰਦ ਭਾਈ ਗੁਰਦੀਪ ਸਿੰਘ ਨੂੰ ਪੈਰੋਲ ਮਿਲਣ ਵਿਚ ਹਾਲੇ ਕੁਝ ਦਿਨ ਲੱਗ ਸਕਦੇ ਹਨ। ਬੀਤੇ ਦਿਨੀਂ ਨਾਭਾ ਜੇਲ੍ਹ 'ਚੋਂ ਭਾਈ ਲਾਲ ਸਿੰਘ 6 ਹਫ਼ਤਿਆਂ ਦੀ ਪੈਰੋਲ 'ਤੇ ਰਿਹਾਅ ਹੋ ਚੁੱਕੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top