Share on Facebook

Main News Page

ਬੰਦੀ ਸਿੰਘਾਂ ਦੀ ਰਿਹਾਈ ਦੇ ਸੰਘਰਸ਼ ਦਾ ਡਰਾਮਾਈ ਅੰਤ
-: ਗੁਰਿੰਦਰ ਪਾਲ ਸਿੰਘ ਧਨੌਲਾ

"ਸੁਨਣੇ ਵਾਲੋ ਕਲੇਜਾ ਥਾਮ ਲੋ, ਅਬ ਦਿਲ ਜਲੇ ਫਰਿਆਦ ਕਰਤੇ ਹੈ", ਬੀਤੇ ਕੁਝ ਦਹਾਕਿਆਂ ਦੇ ਸਿੱਖ ਸੰਘਰਸ਼ ਨਾਲ ਸਬੰਧਤ ਬਹੁਤ ਸਾਰੇ ਸਿੱਖ ਅੱਜ ਵੀ ਜੇਲ ਦੀਆਂ ਸਲਾਖਾਂ ਪਿਛੇ ਕੌਮ ਦੀਆਂ ਅਣਦੇਖੀਆਂ ਦਾ ਸ਼ਿਕਾਰ ਹੋਏ ਭਾਣਾ ਮੰਨ ਰਹੇ ਹਨ। ਕਿਸੇ ਦੀ ਤਾਂ ਠੀਕ ਪੈਰਵੀ ਨਹੀਂ ਹੋਈ ਤੇ ਕਿਸੇ ਦੇ ਪ੍ਰੀਵਾਰ ਦੀ ਕੌਮ ਸੰਭਾਲ ਨਹੀਂ ਕਰ ਸਕੀ? ਕੁੱਝ ਸ਼ਾਤਰਬੁੱਧੀ ਲੋਕ ਇਸ ਸੰਘਰਸ਼ੀ ਅੱਗ ਤੇ ਆਪਣੀ ਸਿਆਸੀ ਗੁੱਲੀ ਰਾੜਕੇ ਮਜ਼ੇ ਲੁੱਟ ਰਹੇ ਹਨ। ਜਿਨ ਦਾ ਦਾਅ ਨਹੀਂ ਲੱਗਿਆ, ਉਹ ਰਾਜਨੀਤਿਕਾਂ ਦੇ ਪਿਛਲੱਗ ਬਣਕੇ ਵਕਤ ਲੰਘਾਉਣ ਵਿੱਚ ਬਿਹਤਰੀ ਸਮਝਦੇ ਹਨ।

ਚਲੋ ਖੈਰ! ਗੱਲ ਮੁਦੇ ਤੋਂ ਪਰਾਂ ਨਾ ਜਾਵੇ। ਆਪ ਸਭ ਜਾਣਦੇ ਹੋ ਕਿ ੧੪ ਨਵੰਬਰ ਨੂੰ ਇਕ ਸਿਖ ਭਾਈ ਗੁਰਬਖਸ਼ ਸਿੰਘ ਠਸਕਾ ਅਲੀ (ਹਰਿਆਣਾ) ਨੇ ਗੁਰਦੁਆਰਾ ਅੰਬ ਸਾਹਿਬ ਵਿਖੇ ਅਰਦਾਸ ਕੀਤੀ ਕਿ "ਮੈਂ ਮਰਨ ਵਰਤ ਆਰੰਭ ਕਰ ਰਿਹਾ ਹਾਂ ਉਨਾਂ ਸਿੰਘਾਂ ਵਾਸਤੇ ਜਿਹੜੇ ਸਜਾਵਾਂ ਪੂਰੀਆਂ ਕਰ ਚੁੱਕੇ ਹਨ"। ਪਰ ਹਾਲੇ ਤੱਕ ਰਿਹਾਈ ਨਸੀਬ ਨਹੀਂ ਹੋਈ। ਭਾਈ ਸਾਹਿਬ ਨੇ ਬੈਨਰ ਛਾਪਕੇ ਤੇ ਪ੍ਰੈਸ ਰਾਹੀਂ ਨਾਹਰਾ ਦਿੱਤਾ ਕਿ "ਜਾਂ ਤਾਂ ਸਿੰਘ ਰਿਹਾ ਹੋਣਗੇ, ਜਾਂ ਫਿਰ ਭਾਣਾ ਵਰਤੇਗਾ" ਜਾਂ ਕਿਤੇ ਇਹ ਵੀ ਛਪ ਗਿਆ "ਜਾਂ ਤਾਂ ਸਿੰਘ ਰਿਹਾ ਹੋਣਗੇ, ਜਾਂ ਫਿਰ ਮੈਂ ਫਤਹਿ ਬੁਲਵਾਂਗਾ", ਇਹ ਬਹੁਤ ਦਲੇਰੀ ਭਰਿਆ ਤੇ ਅੱਜ ਮੌਕੇ 'ਤੇ ਚੁੱਕਿਆ ਸਹੀ ਕਦਮ ਸੀ। ਕੁਝ ਦਿਨ ਡਗਮਗਾਉਂਦੇ ਲੰਘੇ ਹੌਲੀ ਹੌਲੀ ਪੂਰੇ ਸੰਸਾਰ ਵਿੱਚ ਇਹ ਮੁੱਦਾ ਉਭੱਰ ਗਿਆ। ਹਰ ਥਾਂ ਧਰਨੇ ਮੁਜਾਹਰੇ ਮਾਰਚ ਹੋਣ ਲੱਗੇ।

ਇਹ ਮਰਨਵਰਤ ਅਰੰਭ ਕਰਨ ਤੋਂ ਪਹਿਲਾਂ ਭਾਈ ਗੁਰਬਖਸ਼ ਸਿੰਘ ਨੇ ਗਵਰਨਰ ਪੰਜਾਬ, ਪ੍ਰਧਾਨ ਮੰਤਰੀ, ਸੋਨੀਆਂ ਗਾਂਧੀ ਅਤੇ ਹੋਰ ਸਬੰਧਤ ਧਿਰਾਂ ਨੂੰ ਮਰਨਵਰਤ ਅਰੰਭ ਕਰਨ ਬਾਰੇ ਲੋੜੀਂਦੀ ਜਾਣਕਾਰੀ ਵੀ ਦਿੱਤੀ ਤੇ ਜਿਸ ਦਿਨ ਅਰਦਾਸ ਕੀਤੀ ਤੇ ਵਰਤ ਸ਼ੁਰੂ ਕੀਤਾ ਤਾਂ ਕੁਝ ਉਨਾਂ ਆਗੂ ਨੁਮਾਂ ਲੋਕਾਂ ਨੂੰ ਵੀ ਬੁਲਾਇਆ ਜਿੰਨਾਂ ਨੂੰ ਗੁਰਬਖਸ਼ ਸਿੰਘ ਜਾਣਦੇ ਸਨ। ਪਰ ਪਹਿਲੇ ਦਸ ਦਿਨ ਤਾਂ ਇਹ ਆਗੂ ਮਯੂਸ ਹੋਕੇ ਕਦੇ ਗੁਰਬਖਸ਼ ਸਿੰਘ ਨੂੰ ਕੋਸਦੇ ਸਨ ਤੇ ਕਦੇ ਆਪਣੇ ਆਲੇ ਦੁਆਲੇ ਤੇ ਨਜਲਾ ਸੁੱਟਦੇ ਸਨ। ਇਹ ਵੀ ਸੁਨਣ ਵਿੱਚ ਆਉਣਾ ਸੀ ਕਿ ਸ਼ਾਇਦ ਗੁਰਬਖਸ਼ ਸਿੰਘ ਵਰਤ ਨੂੰ ਅਧਵਾਟੇ ਛੱਡਕੇ ਹਰਨ ਹੋ ਜਾਵੇਗਾ।

ਦੋ ਹਫਤਿਆਂ ਪਿਛੋਂ ਜਦੋਂ ਇਹ ਮਾਮਲਾ ਫੇਸ ਬੁੱਕ, ਇੰਟਰਨੈਟ ਰਾਹੀਂ ਤੇ ਪਹਿਰੇਦਾਰ ਅਖਬਾਰ ਨੇ ਪੂਰੀ ਤਰਾਂ ਗਰਮਾ ਦਿੱਤਾ ਤਾਂ ਸ਼ਰਮੋਂ ਕੁ ਸ਼ਰਮੀਂ ਕੁਝ ਵਾਹਿਦ ਆਗੂ ਸੰਘਰਸ਼ ਦੀ ਸਾਰ ਲੈਣ ਲਈ ਪਹੁੰਚਣੇ ਸ਼ੁਰੂ ਹੋਏ। ਜਿਸ ਤੋਂ ਥੋੜਾਂ ਜਿਹਾ ਉਤਸ਼ਾਹ ਵੇਖਕੇ ਇੱਕ ਸੰਘਰਸ਼ ਕਮੇਟੀ ਹੋਂਦ ਵਿੱਚ ਆ ਗਈ। ਪਰ ਉਸ ਕਮੇਟੀ ਦੇ ਮੈਂਬਰ ਨਾਂ ਤਾਂ ਨਾਮੀ ਗੁਨਾਮੀ ਸਨ ਤੇ ਨਾ ਹੀ ਠੋਸ ਜਨ ਅਧਾਰ ਵਾਲੇ ਹਨ। ਲੇਕਿਨ ਸਿੱਖਾਂ ਦੀਆਂ ਕੁਝ ਸੰਸਥਾਵਾਂ ਦੇ ਨਾਲ ਥੋੜਾ ਬਹੁਤਾ ਸੰਪਰਕ ਜਰੂਰ ਰੱਖਦੇ ਹਨ। ਇਸ ਕਮੇਟੀ ਨੇ ਇਹ ਗਲਾਵਾਂ ਗਲੋਂ ਲਾਹੁਣ ਲਈ ਸੰਤ ਸਮਾਜ, ਸ਼੍ਰੋਮਣੀ ਕਮੇਟੀ ਤੇ ਅਕਾਲਤਖਤ ਸਾਹਿਬ ਦੇ ਜਥੇਦਾਰ ਨਾਲ ਆਪਣੇ ਸਾਧਨਾਂ ਰਾਹੀਂ ਰਾਬਤਾ ਕਾਇਮ ਕਰ ਲਿਆ। ਜਿਸ ਦਿਨ ਜਥੇਦਾਰ ਅਤੇ ਸੰਤ ਸਮਾਜ ਅੰਬ ਸਾਹਿਬ ਆਇਆ ਸੀ ਤਾਂ ਕਮੇਟੀ ਨੂੰ ਪੂਰੀ-ਪੂਰੀ ਉਮੀਦ ਸੀ ਕਿ ਗੁਰਬਖਸ਼ ਸਿੰਘ ਦੇ ਮੂੰਹ ਨੂੰ ਜੁਸ ਦਾ ਗਲਾਸ ਲਾਕੇ ਅੱਜ ਮਾਮਲਾ ਖਤਮ ਹੋ ਜਾਵੇਗਾ। ਪਰ ਗੁਰਬਖਸ਼ ਸਿੰਘ ਦੇ ਉਸ ਦਿਨ ਦੇ ਸਟੈਂਡ ਨੇ ਕੁਝ ਤਲਖੀਆਂ ਨੂੰ ਜਨਮ ਦਿੱਤਾ ਤੇ ਜਥੇਦਾਰ ਤਿੰਨ ਦਿਨਾਂ ਦੀ ਮੋਹਲਤ ਲੈਕੇ ਪੱਲਾ ਛੁਡਾ ਗਿਆ। ਉਸ ਤੋਂ ਅਗਲੀ ਰਾਤ ਹੀ ਭਾਈ ਗੁਰਬਖਸ਼ ਸਿੰਘ ਨੂੰ ਪੁਲਿਸ ਚੁੱਕਕੇ ਲੈ ਗਈ। ਪੰਜਾਬ ਦੇ ਸਿੱਖਾਂ ਤੇ ਇਸ ਗੱਲ ਦਾ ਕੋਈ ਬਹੁਤਾ ਅਸਰ ਨਹੀਂ ਹੋਇਆ। ਪਰ ਵਿਦੇਸ਼ਾ ਵਿੱਚ ਜੋਰਦਾਰ ਅਵਾਜ ਉੱਠੀ।

ਕੁਝ ਦਿਨ ਭਾਈ ਦਮਨਦੀਪ ਸਿੰਘ ਨੂੰ ਮਰਨਵਰਤ 'ਤੇ ਬਿਠਾਇਆ ਗਿਆ ਤੇ ਅਖੀਰ ਲੋਕਾਂ ਵਿੱਚ ਉਭਰ ਰਹੇ ਜਜਬਾਤ ਵੇਖਕੇ ਸਰਕਾਰ ਨੇ ਜਬਰ ਦਾ ਰਾਹ ਛੱਡਕੇ ਸਾਜਸੀ ਸਮਝੌਤੇ ਵਾਲੀ ਪਹੁੰਚ ਅਪਣਾਉਣ ਲਈ ਗੁਰਬਖਸ਼ ਸਿੰਘ ਨੂੰ ਰਿਹਾ ਕਰ ਦਿੱਤਾ ਤੇ ਉਸ ਨੇ ਦੁਬਾਰਾ ਮੋਰਚਾ ਸੰਭਾਲ ਲਿਆ। ਫਿਰ ਇਸ ਦਿਨ ਤੋਂ ਸਰਕਾਰ ਨਾਲ ਸਬੰਧਤ ਧਿਰਾਂ ਨੇ ਗੁਰਬਖਸ਼ ਸਿੰਘ ਦੇ ਅਤੇ ਕਮੇਟੀ ਦੇ ਆਲੇ ਦੁਆਲੇ ਆਪਣਾ ਚੱਕਰਵਿਊ ਬਣਾਉਣਾ ਅਰੰਭ ਕਰ ਦਿੱਤਾ। ਮਰਨਵਰਤ ਦੀ ਅਰੰਭਤਾ ਵੇਲੇ ਇਹ ਸਪਸ਼ਟ ਨਹੀਂ ਸੀ ਕਿ ਕਿੰਨੇ ਸਿੰਘ ਸਜਾ ਪੂਰੀ ਕਰ ਚੁੱਕੇ ਹਨ। ਜਥੇਦਾਰ ਨੇ ਵੀ ਜਦੋਂ ਸਿੰਘਾਂ ਦੀ ਸੂਚੀ ਦੀ ਮੰਗ ਕੀਤੀ ਤਾਂ ਮੌਕੇ ਤੇ ਕੋਈ ਸੂਚੀ ਤਿਆਰ ਨਹੀਂ ਸੀ। ਕੁਝ ਦਿਨਾਂ ਬਾਅਦ ਕਦੇ ਦੋ, ਕਦੇ ਤਿੰਨ ਫਿਰ ਅਖੀਰ ਛੇ ਸਿੰਘਾਂ ਦੀ ਨਿਸ਼ਾਨਦੇਹੀ ਕੀਤੀ ਗਈ। ਬਾਅਦ ਵਿੱਚ ਇੱਕ ਵਕੀਲ ਵੱਲੋਂ ਇੱਕ ਸੌ ਉਨੀਂ ਨਜਰਬੰਦਾਂ ਦੀ ਲਿਸਟ ਖੁਲਾਸਾ ਕੀਤਾ।

ਇਹ ਸੰਘਰਸ਼ ਥੋੜਾ-ਥੋੜਾ ਸੁਲਘਣ ਵੀ ਲੱਗ ਪਿਆ ਸੀ ਤੇ ਸਰਕਾਰ ਦੀ ਬਾਜ ਅੱਖ ਵੀ ਹਰ ਵੇਲੇ ਸਥਿਤੀ ਦਾ ਜਾਇਜਾ ਲੈ ਰਹੀ ਸੀ। ਖੁਫੀਆ ਏਜੰਸੀਆਂ ਨੇ ਕੱਲੇ-ਕੱਲੇ ਬੰਦੇ ਦਾ ਵਜਨ ਤੋਲਕੇ ਸਰਕਾਰ ਨੂੰ ਦੱਸ ਦਿੱਤਾ ਸੀ। ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਭਰੋਸੇ ਵਿੱਚ ਲੈਕੇ ਰਿਹਾਈਆਂ ਵਾਸਤੇ ਕੋਈ ਅਜਿਹੀ ਸਹਿਮਤੀ ਲੱਭਣ ਲਈ ਏਜੰਡਾ ਤਿਆਰ ਕੀਤਾ ਜਾ ਰਿਹਾ ਸੀ ਕਿ ਜਿਸ ਨਾਲ ਪੰਜਾਬ ਵਿਚਲੀ ਅਕਾਲੀ ਸਰਕਾਰ ਦੀ ਸ਼ਾਖ ਵੀ ਖਰਾਬ ਨਾ ਹੋਵੇ ਤੇ ਆਉਂਦੀਆਂ ਲੋਕ ਸਭਾ ਚੋਣਾਂ ਵਿੱਚ ਹਿੰਦੂ ਤੇ ਸਿਖ ਦੋਵੇਂ ਵੋਟਰ ਹੀ ਅਕਾਲੀ ਪਾਰਟੀ ਨਾਲ ਨਰਾਜ ਨਾ ਹੋਣ। ਇਹ ਆਮ ਜਿਹੀ ਗੱਲ ਹੈ ਕਿ ਉਪਰੋਂ ਵੇਖਣ ਨੂੰ ਸਰਕਾਰ ਵਿਰੋਧੀ ਦਿੱਸਣ ਵਾਲੇ ਬਹੁਤੇ ਆਗੂ ਮੁੱਖ ਮੰਤਰੀ ਦੇ ਪਿਛਲੇ ਦਰਵਾਜੇ ਦੇ ਅਕਸਰ ਮਹਿਮਾਨ ਹੁੰਦੇ ਹਨ ਤੇ ਉਹ ਅਜਿਹੀ ਮੌਕਾ ਸਿਰਾਸ਼ੀ ਹੱਥੋਂ ਨਹੀਂ ਜਾਣ ਦਿੰਦੇ ਜਿਸ ਨਾਲ ਪਿਛਲੇ ਦਰਵਾਜੇ ਦੀ ਕੁੰਡੀ ਸਦਾ ਲਈ ਬੰਦ ਹੋਣ ਦਾ ਖਤਰਾ ਪੈਦਾ ਹੁੰਦਾ ਹੋਵੇ। ਸਰਕਾਰ ਦੇ ਖੁਫ਼ੀਆ ਵਿਭਾਗ ਦੇ ਆਲਾ ਅਫਸਰ ਸ਼ੁਰੂਆਤੀ ਦਿਨਾਂ ਵਿੱਚ ਹੀ ਆਪਣੇ ਕੁਝ ਖੈਰ ਖਵਾਹ ਆਗੂਆਂ ਰਾਹੀਂ ਪਲ ਪਲ ਦੀ ਜਾਣਕਾਰੀ ਹਾਸਲ ਕਰ ਰਹੇ ਸਨ ਤੇ ਸਮੇਂ ਸਮੇਂ ਸਰਕਾਰ ਨੂੰ ਮੋਹਰੇ ਬਦਲਣ ਤੇ ਬਦਲਵੀਂ ਚਾਲ ਚੱਲਣ ਦੀ ਸਲਾਹ ਦੇ ਰਹੇ ਸਨ। ਕੁਝ ਦੂਹਰੀ ਦਿੱਖ ਵਾਲੇ ਲੋਕ ਜਿਹੜੇ ਉਪਰੋਂ ਸੰਤ ਹੋਣ ਦਾ ਭਲੇਖਾ ਵੀ ਪਾਉਂਦੇ ਹਨ ਪਰ ਸਰਕਾਰ ਦੇ ਖਾਸ ਵਫਾਦਾਰਾਂ ਦੀ ਕਤਾਰ ਦੇ ਮੋਹਰੀ ਵੀ ਹਨ, ਸੰਘਰਸ਼ ਕਮੇਟੀ ਤੇ ਗੁਰਬਖਸ਼ ਸਿੰਘ ਦਾ ਭਰੋਸਾ ਜਿੱਤਕੇ ਘੁਸਪੈਠ ਕਰਨ ਵਿੱਚ ਕਾਮਯਾਬ ਹੋਏ ਤਾਂ ਸਰਕਾਰ ਨੂੰ ਸੁੱਖ ਦਾ ਸਾਹ ਆ ਗਿਆ ਸੀ ਕਿ ਹੁਣ ਕੋਈ ਗੱਲ ਸਰਕਾਰ ਤੋਂ ਬੇਵਾਹਰੀ ਨਹੀਂ ਹੋ ਸਕਦੀ।

"ਨੀਮ ਹਕੀਮ ਖ਼ਤਰਾ ਏ ਜਾਨ" ਸੰਘਰਸ਼ ਕਮੇਟੀ ਦੇ ਅਨਾੜੀ ਪ੍ਰਬੰਧਕਾਂ ਨੇ ਸੰਘਰਸ਼ ਨੂੰ ਲੰਬਾ ਤਾਂ ਕੀਤਾ, ਪਰ ਇਸਦੀ ਮਜਬੂਤੀ ਤੇ ਵਿਸ਼ਾਲਤਾ ਨੂੰ ਵਧਣ ਫੁੱਲਣ ਨਹੀਂ ਦਿੱਤਾ। ਇਥੋਂ ਤੱਕ ਕੇ ਜਿਨਾਂ ਲੋਕਾਂ ਦੀ ਭਾਈ ਗੁਰਬਖਸ਼ ਸਿੰਘ ਵਾਰ ਵਾਰ ਸਲਾਹੁਤਾ ਕਰਦੇ ਸਨ, ਜਿਨਾਂ ਵਿੱਚ ਵਿਸ਼ੇਸ਼ ਕਰਕੇ ਬਾਬਾ ਬਲਜੀਤ ਸਿੰਘ ਦਾਦੂਵਾਲ, ਭਾਈ ਪੰਥਪ੍ਰੀਤ ਸਿੰਘ, ਸ਼੍ਰੀ ਸ਼ਸ਼ੀਕਾਂਤ ਡੀ.ਜੀ.ਪੀ ਅਤੇ ਭਾਈ ਦਮਨਦੀਪ ਸਿੰਘ ਨੂੰ ਵੀ ਕਮੇਟੀ ਨੇ ਕਿਤੇ ਪ੍ਰਬੰਧਾ ਦੇ ਨੇੜੇ ਨਹੀਂ ਫਟਕਣ ਦਿੱਤਾ। ਕਿਉਂਕਿ ਇਨਾਂ ਦੀ ਸਮੂਲੀਅਤ ਬਾਦਲ ਸਰਕਾਰ ਨੂੰ ਕਦਾਚਿਤ ਮਨਜੂਰ ਨਹੀਂ ਸੀ। ਇਸ ਤਰਾਂ ਹੀ ਸ: ਸਿਮਰਨਜੀਤ ਸਿੰਘ ਮਾਨ ਜਾਂ ਉਨਾਂ ਦੀ ਪਾਰਟੀ ਦੇ ਕਿਸੇ ਨੁਮਾਇੰਦੇ ਨੂੰ ਇਸ ਕਮੇਟੀ ਦੇ ਨੇੜੇ ਨਹੀਂ ਲੱਗਣ ਦਿੱਤਾ ਗਿਆ ਤਾਂ ਕਿ ਕਿਸੇ ਨਤੀਜੇ ਤੇ ਪਹੁੰਚਣ ਵੇਲੇ ਵਿਦਰੋਹ ਦਾ ਸਾਹਮਣਾ ਨਾ ਕਰਨਾ ਪਵੇ ਤੇ ਨਾ ਹੀ ਗਲਬਾਤ ਵਿੱਚ ਕੋਈ ਅੜਿੱਕਾ ਮਹਿਸੂਸ ਹੋਵੇ। ਸਾਰੇ ਕੰਮਾਂ ਤੇ ਪਬੰਦੀ ਲਾਉਣ ਜਾਂ ਪੜਦਾ ਪਾਉਣ ਵੇਲੇ ਭਾਈ ਗੁਰਬਖਸ਼ ਸਿੰਘ ਦਾ ਨਾਮ ਵਰਤਣਾ ਇੱਕ ਖੇਡ ਬਣ ਗਿਆ ਸੀ। ਪਰ ਕਮੇਟੀ ਵਿੱਚ ਦੋ ਮੈਂਬਰਾਂ ਅਮਰੀਕ ਸਿੰਘ ਅਜਨਾਲਾ ਅਤੇ ਬੀਬੀ ਕਸ਼ਮੀਰ ਕੌਰ ਨੂੰ ਅਛੋਪਲੇ ਜਿਹੇ ਹੀ ਪਾ ਦਿੱਤਾ ਗਿਆ । ਉਹ ਵੀ ਇਸ ਲਈ ਕਿ ਉਨਾਂ ਨੇ ਕਮੇਟੀ ਦੇ ਕੰਮ ਜਾਂ ਫੈਸਲੇ ਤੇ ਕੋਈ ਦਲੀਲ ਦੇਕੇ ਕਿੰਤੂ ਨਹੀਂ ਕਰ ਸਕਣਾ । ਇਥੋਂ ਤੱਕ ਵੀ ਕਿ ਜੇ ਕੋਈ ਬੁਲਾਰਾ ਸਟੇਜ ਤੋਂ ਕੌੜੀ ਪਰ ਸੱਚੀ ਗੱਲ ਕਹਿ ਗਿਆ ਤਾਂ ਉਸਨੂੰ ਖ਼ਬਰ ਦਾ ਹਿੱਸਾ ਨਹੀਂ ਬਨਣ ਦਿੱਤਾ ਜਾਂਦਾ ਤੇ ਮੀਡੀਆਂ ਦਾ ਪੂਰਾ ਧਿਆਨ ਰੱਖਿਆ ਜਾਂਦਾ ਸੀ ਕਿ ਕੋਈ ਅਜਿਹੀ ਗੱਲ ਜਿਹੜੀ ਬਾਦਲ ਸਰਕਾਰ ਦੇ ਖਿਲਾਫ਼ ਜਾਂ ਅਖੌਤੀ ਸੰਤ ਸਮਾਜ ਦੇ ਵਿਰੁੱਧ ਜਾਂਦੀ ਹੋਵੇ, ਕਿਤੇ ਉਨਾਂ ਲੋਕਾਂ ਤੱਕ ਨਾਂ ਪਹੁੰਚ ਜਾਵੇ। ਅਜਿਹਾ ਬੋਲਣ ਵਾਲੇ ਬੁਲਾਰਿਆਂ ਤੇ ਖਾਸ ਨਜਰ ਰੱਖੀ ਜਾਂਦੀ ਹੈ ਕਿ ਕਿਤੇ ਭੁਲੇਖੇ ਨਾਲ ਸੱਚ ਬੋਲਕੇ ਕੋਈ ਭਾਂਡਾ ਹੀ ਨਾਂ ਭੰਨ ਦੇਵੇ ।

ਸੰਤ ਸਮਾਜ ਨੂੰ ਮੁੱਢੋਂ ਖੁਸ਼ ਰੱਖਣ ਲਈ ਅਤੇ ਜਥੇਦਾਰ ਗੁਰਬਚਨ ਸਿੰਘ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਅਕਾਲ ਤਖਤ ਦੇ ਸਾਬਕਾ ਜਥੇਦਾਰ ਪ੍ਰੋ: ਦਰਸ਼ਨ ਸਿੰਘ ਨੂੰ ਖੁੱਦ ਮੀਟਿੰਗ ਲਈ ਬੁਲਾਕੇ ਵੀ ਮੀਟਿੰਗ ਤੋਂ ਬਾਹਰ ਹੀ ਰੱਖਿਆ ਗਿਆ। ਇੱਥੋਂ ਤੱਕ ਕਿ ਸਾਧ ਲਾਣੇ ਦੀ ਕਰੋਪੀ ਤੋਂ ਬਚਣ ਅਤੇ ਹਮਾਇਤ ਪ੍ਰਾਪਤ ਕਰਨ ਲਈ ਚੌਪਈ ਦੇ ਅਖੰਡ ਜਾਪ ਵੀ ਕਰਵਾਏ ਗਏ। ਪਰ ਸਾਧ ਲਾਣਾ ਫਿਰ ਵੀ ਖਮੋਸ਼ ਹੀ ਰਿਹਾ।

ਖੈਰ! ਇਕ ਪਾਸੇ ਭਾਈ ਗੁਰਬਖਸ਼ ਸਿੰਘ ਦੀ ਵਸੀਅਤ ਨੂੰ ਲੈਕੇ ਵਸੀਅਤ ਮਾਰਚ ਜਾ ਰਿਹਾ ਸੀ ਤੇ ਦੂਜੇ ਪਾਸੇ ਕਮੇਟੀ ਦੇ ਕੁਝ ਮੈਂਬਰ ਪ੍ਰਕਾਸ਼ ਸਿੰਘ ਬਾਦਲ ਨਾਲ ਬੈਠਕੇ ਸਾਂਝਾ ਰਸਤਾ ਲੱਭ ਰਹੇ ਸਨ ਜਿਸ ਨਾਲ ਬਾਦਲ ਸਰਕਾਰ ਨੂੰ ਕੋਈ ਨੁਕਸਾਨ ਨਾ ਹੋਵੇ। ਅਖੀਰ ਰਿਹਾਈ ਦਾ ਰੋਲਾ ਪਾਇਆ ਗਿਆ ਤੇ ਇੱਕ ਸਿੰਘ ਭਾਈ ਲਾਲ ਸਿੰਘ ਉਰਫ ਮਨਜੀਤ ਸਿੰਘ ਦੀ ਪੈਰੋਲ ਤੇ ਰਿਹਾਈ ਹੋਈ । ਜਿਸਦਾ ਰੌਲਾ ਪੈ ਗਿਆ। ਕਈ ਪਾਸੇ ਤੋਂ ਨੁਕਤਾਚੀਨੀ ਹੋਈ। ਉੱਘੇ ਵਕੀਲ ਸ: ਨਵਕਿਰਨ ਸਿੰਘ ਵੱਲੋਂ ਵੀ ਇੰਟਰਨੈਟ ਪੜਣ ਨੂੰ ਮਿਲਿਆ ਕਿ ਪੈਰੋਲ ਰਿਹਾਈ ਨਹੀਂ ਹੁੰਦੀ। ਇਹ ਵੀ ਸੱਚ ਹੈ ਕਿ ਭਾਈ ਲਾਲ ਸਿੰਘ ਪਹਿਲਾਂ ਵੀ ਪੈਰੋਲ ਤੇ ਕਈ ਵਾਰੀ ਆ ਚੁੱਕਿਆ ਹੈ ਤੇ ਹੁਣ ਵੀ ਉਸਦੀ ਪੈਰੋਲ ਹੋਣ ਹੀ ਵਾਲੀ ਸੀ ਜਿਸਨੂੰ ਸੰਘਰਸ਼ ਕਮੇਟੀ ਨੇ ਆਪਣੀ ਜਿੱਤ ਦਾ ਪਹਿਲਾਂ ਪੜਾਅ ਦੱਸਦਿਆਂ ਨਾਲ ਹੀ ਬੁੜੈਲ ਜੇਲ ਵਿੱਚ ਨਜਰਬੰਦ ਤਿੰਨ ਸਿੰਘਾਂ ਦੀ ਜਲਦੀ ਰਿਹਾਈ ਦਾ ਐਲਾਨ ਵੀ ਕੀਤਾ ਗਿਆ। ਭਾਈ ਲਾਲ ਸਿੰਘ ਸਤਿਕਾਰ ਵਜੋਂ ਜਦੋਂ ਅੰਬ ਸਾਹਿਬ ਵਿਖੇ ਭਾਈ ਗੁਰਬਖਸ਼ ਸਿੰਘ ਨੂੰ ਮਿਲਣ ਲਈ ਆਏ ਤਾਂ ਇੱਕ ਪ੍ਰਬੰਧਕ ਨੇ ਵਾਰ-ਵਾਰ ਭਾਈ ਲਾਲ ਸਿੰਘ ਨੂੰ ਪ੍ਰਕਾਸ਼ ਸਿੰਘ ਬਾਦਲ ਦਾ ਕੈਮਰੇ ਸਾਹਮਣੇ ਧੰਨਵਾਦ ਕਰਨ ਲਈ ਮਜਬੂਰ ਕੀਤਾ

ਲੇਕਿਨ ਰਿਹਾਈ ਅਤੇ ਪੈਰੋਲ ਦੇ ਫਰਕ ਨੂੰ ਸਮਝਦਿਆਂ ਬੁੜੈਲ ਵਿਚਲੇ ਨਜਰਬੰਦਾਂ ਨੇ ਪਹਿਲਾਂ ਤਾਂ ਪੈਰੋਲ ਵਾਲੀਆਂ ਅਰਜ਼ੀਆਂ ਤੇ ਦਸਤਖਤ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਸੀ। ਪਰ ਬਾਅਦ ਵਿੱਚ ਕੁਝ ਹੀਲੇ ਜੁਟਾਕੇ ਉਨਾਂ ਦੇ ਦਸਤਖਤ ਕਰਵਾ ਲਏ ਗਏ। ਪਰ ਇਥੇ ਵੀ ਮਾਮਲਾ ਉਸ ਸਮੇਂ ਪੇਚੀਦਾ ਹੋ ਗਿਆ ਜਦੋਂ ਸੰਘਰਸ਼ ਪ੍ਰਬੰਧਕ ਇਕ ਨਜ਼ਰਬੰਦ ਭਾਈ ਲਖਵਿੰਦਰ ਸਿੰਘ ਲੱਖਾ ਦੇ ਜੀਜੇ ਜੰਗ ਸਿੰਘ ਅਤੇ ਭੈਣ ਬੀਬੀ ਸੁਖਵਿੰਦਰ ਕੌਰ ਨਾਲ ਮਿਹਣੋ ਮਿਹਣੀ ਹੋਣ ਲੱਗ ਪਏ ਤੇ ਮਹੌਲ ਤਲਖੀਆਂ ਭਰਪੂਰ ਹੋ ਗਿਆ। ਦੋਸ਼ ਇਹ ਸੀ ਕਿ ਨਜ਼ਰਬੰਦਾਂ ਨੂੰ ਪੈਰੋਲ ਤੇ ਰਿਹਾ ਹੋਣ ਤੋਂ ਸਾਇਦ ਭਾਈ ਜੰਗ ਸਿੰਘ ਮੁਕਰਾ ਰਹੇ ਹਨ। ਜਿਸ ਨਾਲ ਰਿਹਾਈ ਮਿਥੇ ਸਮੇਂ ਤੇ ਨਹੀਂ ਹੋ ਸਕੀ। ਪ੍ਰਬੰਧਕ ਅੰਦਰੇ ਅੰਦਰ ਗੁੱਸੇ ਦੀ ਅੱਗ ਵਿੱਚ ਬਲ ਰਹੇ ਸਨ ਤੇ ਅਗਲੀ ਸਵੇਰ ਹੀ ਭਾਈ ਲੱਖਾ ਦੇ ਪਿਤਾ ਤੋਂ ਇੱਕ ਗਰਮਾ ਗਰਮ ਬਿਆਨ ਜਾਰੀ ਕਰਵਾ ਦਿੱਤਾ ਗਿਆ ਕਿ ਮੇਰਾ ਜਵਾਈ ਤੇ ਧੀ ਸੰਗਤ ਨੂੰ ਗੁਮਰਾਹ ਕਰਕੇ ਪੈਸੇ ਇੱਕਠੇ ਕਰ ਰਹੇ ਹਨ। ਇਨਾਂ ਦਾ ਸੰਘਰਸ਼ ਜਾਂ ਭਾਈ ਲੱਖਾ ਨਾਲ ਕੋਈ ਵਾਸਤਾ ਨਹੀਂ। ਇਸ ਦਿਨ ਹੀ ਭਾਈ ਜੰਗ ਸਿੰਘ ਤੇ ਭਾਈ ਲੱਖਾ ਦੀ ਭੈਣ ਨੇ ਭਾਈ ਲਖਵਿੰਦਰ ਸਿੰਘ ਸਿੰਘ ਲੱਖਾ ਦੀ ਹੱਥ ਲਿਖਤ ਇੱਕ ਚਿੱਠੀ ਜਾਰੀ ਕੀਤੀ ਜਿਸ ਵਿੱਚ ਉਨਾਂ ਸਮੂੰਹ ਸਿਖ ਸੰਗਤਾਂ ਦੇ ਯੋਗਦਾਨ ਦਾ ਧੰਨਵਾਦ ਕਰਦਿਆਂ ਆਪਣੇ ਹਰ ਕਾਰਜ਼ ਦੀ ਜਿੰਮੇਵਾਰੀ ਆਪਣੀ ਭੈਣ ਅਤੇ ਜੀਜੇ ਨੂੰ ਸੌਂਪਣ ਦੇ ਨਾਲ-ਨਾਲ ਪੰਥ ਨੂੰ ਇਕੱਠੇ ਹੋਣ ਅਪੀਲ ਵੀ ਕੀਤੀ ਹੈ। ਭਾਈ ਜੰਗ ਸਿੰਘ ਨੇ ਇਹ ਵੀ ਕਿਹਾ ਕਿ ਅਸੀਂ ਕਿਸੇ ਰਾਹ ਵਿੱਚ ਰੋੜਾ ਨਹੀਂ ਸਿਰਫ਼ ਨਜਰਬੰਦ ਸਿੰਘਾਂ ਵੱਲੋਂ ਦਿੱਤਾ ਸੁਨੇਹਾ ਸੁਣਾਉਣ ਤੇ ਹੀ ਸੰਘਰਸ਼ ਕਮੇਟੀ ਨੇ ਸਾਨੂੰ ਬਦਨਾਮ ਕਰਨਾ ਅਰੰਭ ਕਰ ਦਿੱਤਾ ਹੈ।

ਇਸ ਤੋਂ ਇਲਾਵਾ ਪਿਛਲੇ ਪੰਜ-ਛੇ ਦਿਨਾਂ ਤੋਂ ਕੁਝ ਉਹ ਚੇਹਰੇ ਜਿਹੜੇ ੩੩ ਦਿਨ ਕੁੰਭਕਰਨੀ ਨੀਂਦ ਸੁੱਤੇ ਰਹੇ ਤੇ ਹੁਣ ਸਟੇਜ ਤੇ ਚਹੁੰ ਜਾਣਿਆਂ ਦੀ ਥਾਂ ਰੋਕ ਕੇ ਚੌੜੇ ਹੋ ਹੋ ਬੈਠਦੇ ਹਨ ਤੇ ਪ੍ਰਬੰਧਕ ਵਾਰ ਵਾਰ ਉਨਾਂ ਦੇ ਨਾਮ ਲੈਕੇ ਤਰੀਫ਼ਾ ਦੇ ਪੁਲ ਬੰਨ ਰਹੇ ਹਨ। ਕਿਉਂਕਿ ਅਜਿਹਾ ਕੁਝ ਕੀਤੇ ਬਿਨਾਂ ਸਮੇਂ ਦੀ ਸਰਕਾਰ ਅਤੇ ਬਾਦਲ ਪ੍ਰੀਵਾਰ ਦੀ ਖੁਸ਼ਨੂੰਦੀ ਨਸੀਬ ਨਹੀਂ ਹੋ ਸਕਦੀ।

ਪੈਰੋਲ ਰੂਪੀ ਰਿਹਾਈਆਂ ਨੂੰ ਵੱਡੀ ਜਿੱਤ ਕਹਿਕੇ ਪੰਥ ਦੀ ਮਹਾਨ ਪ੍ਰਾਪਤੀ ਵਜੋਂ ਪਰਚਾਰਿਆ ਜਾ ਰਿਹਾ ਹੈ। ਭਾਈ ਗੁਰਬਖਸ਼ ਸਿੰਘ ਦਾ ਚਾਅ ਵੀ ਸਿਰ ਤੇ ਨਹੀਂ ਚੁੱਕਿਆ ਜਾ ਰਿਹਾ ਹੈ। ਉਨਾਂ ਦੀ ਬੋਲੀ ਵਿੱਚ ਵੀ ਕਾਫ਼ੀ ਬਦਲਾਅ ਆ ਚੁੱਕਾ ਹੈ। ਤਿੰਨ ਸਿੰਘਾਂ ਦੀ ਰਿਹਾਈ ਦੀ ਰੁਕਾਵਟ ਤੇ ਕਮੇਟੀ ਤਾਂ ਕੈਮਰੇ ਤੇ ਮਾਈਕ ਤੋਂ ਪਾਸੇ ਹੋ ਕੇ ਪ੍ਰੀਵਾਰਾਂ ਨੂੰ ਰਿਹਾਈ ਦਾ ਰੋੜਾ ਗਰਦਾਨ ਰਹੀ ਹੈ। ਪਰ ਗੁਰਬਖਸ਼ ਸਿੰਘ ਤਾਂ ਆਪਣੇ ਭਾਸ਼ਨ ਵਿੱਚ ਨਜ਼ਰਬੰਦਾਂ ਦੇ ਪ੍ਰੀਵਾਰਾਂ ਨੂੰ ਕੋਸਦੇ ਹਨ ਤੇ ਗੁੱਸਾ ਕੱਢਦਿਆਂ ਸਾਫ ਕਹਿ ਰਹੇ ਹਨ ਕਿ ਕੁਝ ਗੱਦਾਰਾਂ ਦੀ ਮਿਹਰਬਾਨੀ ਕਰਕੇ ਰਿਹਾਈਆਂ ਪਛੜ ਰਹੀਆਂ ਹਨ। ਇਸਤੇ ਨਜਰਬੰਦਾਂ ਦੇ ਪ੍ਰੀਵਾਰਾ ਅੰਦਰ ਕਾਫ਼ੀ ਰੋਹ ਵੇਖਣ ਨੂੰ ਮਿਲ ਰਿਹਾ ਹੈ, ਕਿ ਇੱਕ ਪਾਸੇ ਸਾਡੇ ਪਰਿਵਾਰਕ ਮੈਂਬਰ ਪਿਛਲੇ ਦੋ ਦਹਾਕਿਆਂ ਤੋਂ ਜੇਲਾਂ ਵਿਚ ਸੜ ਰਹੇ ਹਨ ਤੇ ਪ੍ਰੀਵਾਰ ਦਸੌਂਟੇ ਕੱਟ ਰਹੇ ਹਨ। ਅੱਜ ਕਸ਼ਟ ਝੱਲਣ ਵਾਲੇ ਪਰਿਵਾਰਾਂ ਨੂੰ ਗਦਾਰਾਂ ਦੀ ਉਪਾਧੀ ਨਾਲ ਸੰਬੋਧਨ ਕੀਤਾ ਜਾ ਰਿਹਾ ਹੈ। ਇਸ ਤਰਾਂ ਇਹ ਸੰਘਰਸ਼ ਰਿਹਾਈ ਯੁਧ ਤੋਂ ਹੁਣ ਪੈਰੋਲ ਤੇ ਆਕੇ ਸਮਾਪਤ ਹੁੰਦਾ ਨਜ਼ਰ ਆ ਰਿਹਾ ਹੈ।

ਭਾਈ ਗੁਰਬਖਸ਼ ਸਿੰਘ ਨੇ ਪਿਛਲੇ ਕੱਝ ਦਿਨ ਜਥੇਦਾਰ ਅਕਾਲ ਤਖਤ ਸਾਹਿਬ, ਸੰਤ ਸਮਾਜ ਅਤੇ ਬਾਦਲ ਦੀਆਂ ਤਰੀਫ਼ਾ ਦੀ ਵੀ ਕਸਰ ਨਹੀਂ ਛੱਡੀ। ਤਿੰਨ ਸਿੰਘਾਂ ਦੀ ਰਿਹਾਈ ਜਾਂ ਪੈਰੋਲ ਵਿੱਚ ਅੜਿਕੇ ਨੂੰ ਵੇਖਦਿਆਂ ਭਾਈ ਗੁਰਬਖਸ਼ ਸਿੰਘ ਵਾਰ-ਵਾਰ ਸੰਗਤ ਤੋਂ ਹੱਥ ਖੜੇ ਕਰਵਾਕੇ ਫਤਵਾ ਲੈ ਰਹੇ ਹਨ ਕਿ ਸੰਗਤ ਦੱਸੇ ਜੇ ਸਿੰਘ ਰਿਹਾ ਨਹੀਂ ਹੋਣਾ ਚਾਹੁੰਦੇ ਤਾਂ ਫਿਰ ਜੇ ਮੈਂ ਅੰਨ ਪਾਣੀ ਛਕ ਲਵਾਂ ਤਾਂ ਕੋਈ ਗੁਨਾਹ ਤਾਂ ਨਹੀਂ ਨਾ? ਮੇਰੀ ਅਰਦਾਸ ਤਾਂ ਨਹੀਂ ਟੁੱਟਦੀ? ਸਾਹਮਣੇ ਬੈਠੇ ਲੋਕ ਭੋਲੇਪਣ ਅਤੇ ਜਜਬਾਤਾਂ ਵਿੱਚ ਆਕੇ ਤੋਤੇ ਵਾਂਗੂੰ ਮਗਰ ਮਗਰ ਬੋਲਕੇ ਹਾਂ ਦੀ ਹਾਮੀਂ ਭਰ ਰਹੇ ਹਨ।

ਕੱਲ ਸ਼ਾਮੀਂ ਭਾਈ ਗੁਰਬਖਸ਼ ਸਿੰਘ ਕੋਲ ਅਕਾਲ ਤਖਤ ਦੇ ਜਥੇਦਾਰ ਦਾ ਇੱਕ ਪੱਤਰ ਪਹੁੰਚਿਆ ਜਿਸ ਨੂੰ ਉਸਨੇ ਮੱਥੇ ਨਾਲ ਲਾ ਕੇ ਖੋਲਿਆ। ਇਸ ਪੱਤਰ ਵਿੱਚ ਉਸਨੂੰ ਮਰਨਵਰਤ ਖਤਮ ਕਰਨ ਲਈ ਆਦੇਸ਼ ਜਾਰੀ ਕੀਤਾ ਗਿਆ ਸੀ। ਉਧਰ ਸਨਿੱਚਰਵਾਰ ਨੂੰ ਹੋਣ ਵਾਲੇ ਰਿਹਾਈਆਂ ਦੀ ਫਾਈਲ ਤੇ ਗਵਰਨਰ ਹਾਊਸ ਵੱਲੋਂ ਕੋਈ ਅੰਤਮ ਕਾਰਵਾਈ ਨਹੀਂ ਹੋਈ ਜਿਸਤੇ ਭਾਈ ਗੁਰਬਖਸ਼ ਸਿੰਘ ਨੇ ਹਾਜ਼ਰ ਸੰਗਤਾਂ ਨੂੰ ਨਾਲ ਲੈਕੇ ਬੁੜੈਲ ਜੇਲ ਅਗੇ ਪਹੁੰਚ ਗਏ। ਜਿੱਥੇ ਪ੍ਰਸਾਸ਼ਨਿਕ ਅਧਿਕਾਰੀਆਂ ਨੇ ਸਿੰਘਾਂ ਦੀ ਪੈਰੋਲ ਤੇ ਰਿਹਾਈ ਵਿੱਚ ਹੋ ਰਹੀ ਦੇਰੀ ਦਾ ਖੁਲਾਸਾ ਕੀਤਾ ਕਿ ਹਾਲੇ ਪੈਰੋਲ ਦੇ ਕਾਗਜ਼ ਪੱਤਰ ਪੂਰੇ ਨਹੀਂ ਹੋਏ।

ਅੱਧੀ ਰਾਤ ਵੇਲੇ ਅਚਾਣਕ ਪਰ ਆਪਣੇ ਹਿਸਾਬ ਨਾਲ ਮਿਥੇ ਪ੍ਰੋਗਰਾਮ ਅਨੁਸਾਰ ਫ਼ਲਾਂ ਦੇ ਟੋਕਰੇ ਲੈਕੇ ਬਾਬਾ ਧੁੰਮਾਂ ਵੀ ਅੰਬ ਸਾਹਿਬ ਆ ਟਪਕਿਆ ਤੇ ਭਾਈ ਗੁਰਬਖਸ਼ ਸਿੰਘ ਤੋਂ ਖ਼ਰੀਆਂ ਖ਼ਰੀਆਂ ਸੁਣੀਆਂ।

 

ਅੱਜ ਪਹੁ ਫ਼ੁਟਾਲੇ ਦੇ ਨਾਲ ਹੀ ਜ਼ਥੇਦਾਰ ਗੁਰਬਚਨ ਸਿੰਘ ਅਤੇ ਗਿਆਨੀ ਮੱਲ ਸਿੰਘ ਪਹੁੰਚ ਗਏ। ਕਮਰਾ ਨੰਬਰ ”੨” ਵਿੱਚ ਦੋਹੇ ਸਿੰਘ ਸਾਹਿਬ ਤੇ ਕਮਰਾ ਨੰਬਰ ”੧੦” ਵਿੱਚ ਸੰਘਰਸ਼ ਕਮੇਟੀ ਪਰ ਕਮਰਾ ਨੰਬਰ ”੭” ਭਾਈ ਗੁਰਬਖਸ਼ ਸਿੰਘ ? ਕਮਰਿਆਂ ਦੇ ਨੰਬਰ ਹੀ ਬਹੁਤ ਕੁੱਝ ਬਿਆਨ ਰਹੇ ਸਨ? ਕਮੇਟੀ ਵੀ ਆਪਣੀਆਂ ਤਰੇੜਾਂ ਨਾ ਛੁਪਾ ਸਕੀ। ਭਾਈ ਗੁਰਬਖਸ਼ ਸਿੰਘ ਬਾਰੇ ਐਲਾਨ ਕਰ ਦਿੱਤਾ ਗਿਆ ਕਿ ਉਂਨਾਂ ਦੀ ਸੇਹਤ ਠੀਕ ਨਹੀਂ ਉਹ ਕਿਸੇ ਨੂੰ ਨਹੀਂ ਮਿਲਣਗੇ। ਲੇਕਿਨ ਅੰਦਰ ਇੱਕ ਵਕਾਰੀ ਜੰਗ ਚੱਲ ਰਹੀ ਸੀ। ਸਰਕਾਰ ਨਾਲ ਹੋਈ ਵਾਰਤਾ ਅਨੁਸਾਰ ਵਰਤ ਤਰੁੰਤ ਖ਼ਤਮ ਕਰਨਾਂ ਸੀ ਕਿਉਂਕਿ ਭਾਈ ਗੁਰਬਖਸ਼ ਸਿੰਘ ਨੂੰ ਨਿਮੂੰਨੀਆ ਹੋ ਜਾਣ ਦਾ ਖਤਰਾ ਬਣਿਆ ਹੋਇਆ ਸਰਕਾਰ ਕਿਸੇ ਵੀ ਹਾਲਤ ਵਿੱਚ ਭਾਈ ਗੁਰਬਖਸ਼ ਸਿੰਘ ਨੂੰ ਸ਼ਹੀਦ ਨਹੀਂ ਬਨਣ ਦੇਣਾ ਚਾਹੁੰਦੀ। ਜਥੇਦਾਰ ਅਤੇ ਕਮੇਟੀ ਦੋਹੇਂ ਵਰਤ ਖਤਮ ਕਰਵਾਉਂਣ ਨੂੰ ਉਤਾਵਲੇ ਸਨ। ਪਰ ਭਾਈ ਗੁਰਬਖਸ਼ ਸਿੰਘ ਇਸ ਗੱਲ ਤੇ ਅੜਿਆ ਰਿਹਾ ਕਿ ਛੇ ਸਿੰਘ ਸਾਹਮਣੇ ਲਿਆਓ।

ਪਰ ਆਖ਼ਿਰ ਪੰਥ ਦੀ ਬੇੜੀ ਵਿੱਚ ਹਮੇਸ਼ਾ ਵੱਟੇ ਪਾਉਣ ਦੇ ਮਾਹਿਰ ਅਖਾਉਤੀ ਸੰਤ ਹਰੀ ਸਿੰਘ ਰੰਧਾਵੇ ਨੇ ਭਾਈ ਮੋਹਕਮ ਸਿੰਘ ਅਤੇ ਪੀਰਮਹੁੰਮਦ ਦੀ ਸਹਾਇਤਾ ਨਾਲ ਜਥੇਦਾਰਾ ਵੱਲੋਂ ਲਿਆਂਦਾ ਸਰਕਾਰੀ ਫਾਰਮੁੱਲਾ ਲਾਗੂ ਕਰਵਾ ਦਿੱਤਾ। ਪਹਿਲਾਂ ਤਹਿ ਪਾਲਸੀ ਅਨੁਸਾਰ ਲੱਗਭੱਗ ਸੌ ਦੇ ਕਰੀਬ ਸੀ.ਆਈ.ਡੀ. ਅਧਿਕਾਰੀਆਂ ਅਤੇ ਟਾਸਕ ਫ਼ੋਰਸ ਦੇ ਪੰਜ ਦਰਜਨਾਂ ਜਵਾਨਾਂ ਦੀ ਸੁਰੱਖਿਆ ਹੇਠ ਜਥੇਦਾਰ ਆਪਣੀ ਬਾਦਲੀ ਬੋਲੀ ਵਿੱਚ ਭਾਈ ਗੁਰਬਖਸ਼ ਸਿੰਘ ਨੂੰ ਹਸਪਤਾਲ ਦਾਖਲ ਹੋਕੇ ਇਲਾਜ ਤੇ ਅਗਲੇ ਦਿਨ ਅਕਾਲ ਤਖਤ ਸਾਹਿਬ ਤੇ ਪਹਿਲਾਂ ਤੋਂ ਅਰੰਭ ਪਾਠ ਦੇ ਭੋਗ ਤੇ ਆਉਣ ਦੀ ਹਦਾਇਤ ਕਰਕੇ ਚਲਦੇ ਬਣੇ।

ਭਾਈ ਗੁਰਬਖਸ਼ ਸਿੰਘ ਜ਼ੋਰਦਾਰ ਜੈਕਾਰੇ ਬੁਲਾਏ ਤੇ ਸੰਗਤ ਨੂੰ ਕਿਹਾ ਕਿ ਸਰਕਾਰ ਵੱਲੋਂ ਸਾਰੇ ਸਿੰਘਾਂ ਦੀ ਰਿਹਾਈ ਦਾ ਲਿਖ਼ਤੀ ਭਰੋਸਾ ਮੇਰੇ ਕੋਲ ਆ ਗਿਆ ਹੈ। ਪਰ ਸੰਗਤ ਜਥੇਦਾਰ ਅਤੇ ਭਾਈ ਗੁਰਬਖਸ਼ ਸਿੰਘ ਦੇ ਬਿਆਨਾਂ ਤੇ ਵਿਸ਼ਵਾਸ਼ ਨਹੀਂ ਕਰ ਰਹੀ ਹੈ, ਹਰ ਇੱਕ ਜੁਬਾਨ ਤੇ ਇਹੀ ਸੀ ਕਿ ਜਿਸਦਾ ਡਰ ਸੀ ਕਿ ਧੋਖਾ ਹੋਵੇਗਾ ਓਹੀ ਹੋਇਆ। ਹਾਜ਼ਰ ਸੰਗਤ ਦੀ ਮਯੂਸੀ ਵੇਖਕੇ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਤਰੁੰਤ ਸਿੱਖ ਜ਼ਜ਼ਬਾਤਾਂ ਦੀ ਤਰਜ਼ਮਾਨੀ ਕਰਦਿਆਂ ਕਿਹਾ ਕਿ ਸਰਕਾਰਾਂ,ਜਥੇਦਾਰਾਂ ਅਤੇ ਸਰਕਾਰੀ ਬੰਦਿਆਂ ਦੇ ਬਚਨਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਅਗਰ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਇਸ ਮਹੀਨੇ ਦੇ ਅੰਤ ਤੱਕ ਨਾ ਹੋਈ ਤਾਂ ਇਹ ਮੋਰਚਾ ਬੰਦੀ ਸਿੰਘਾਂ ਦੇ ਪ੍ਰੀਵਾਰਾਂ ਅਤੇ ਸੰਗਤ ਦੇ ਸਹਿਯੋਗ ਨਾਲ ਜਾਰੀ ਰਹੇਗਾ। ਹਾਲੇ ਸੰਘਰਸ਼ ਖਤਮ ਨਹੀਂ ਹੋਇਆ। ਉਸ ਵੇਲੇ ਹੀ ਸੰਘਰਸ਼ ਕਮੇਟੀ ਨੇ ਵੀ ਅਸਤੀਫਾ ਦੇ ਦਿੱਤਾ ਹੈ।

ਇਹ ਕਹਾਣੀ ਹੈ ਬੰਦੀ ਸਿੰਘ ਮੋਰਚੇ ਦੇ ਹੀਰੋ ਭਾਈ ਗੁਰਬਖਸ਼ ਸਿੰਘ ਅਤੇ ਸੰਘਰਸ਼ ਕਮੇਟੀ ਦੇ ਸਫ਼ਰ ਦੀ, ਜੋ ੧੪ ਨਵੰਬਰ ਨੂੰ ਪੰਥਕ ਪਲੇਟ ਫਾਰਮ ਤੋਂ ਚੱਲਕੇ ਅਖੀਰ ਬਾਦਲ ਦੇ ਬੂਹੇ ਖਤਮ ਹੋ ਗਿਆ ਹੈ।

ਹੁਣ ਇਸਦੇ ਕੁੱਝ ਇਤਿਹਾਸਿਕ, ਅਧਿਆਤਮਿਕ ਅਤੇ ਕੌਮੀ ਪੱਖ ਨੂੰ ਵੀ ਵਿਚਾਰੀਏ

ਸਿੱਖ ਧਰਮ ਅੰਦਰ ਅਰਦਾਸ ਇੱਕ ਅਤਿ ਮਹੱਤਵਪੂਰਣ ਮਰਿਆਦਾ ਅਤੇ ਸੰਕਲਪ ਹੈ। ਜਿਸਨੂੰ ਨਿਭਾਉਣ ਅਤੇ ਨੇਪਰੇ ਚਾੜਣ ਲਈ ਹਜ਼ਾਰਾ ਨਹੀਂ ਲੱਖਾਂ ਸ਼ਹਾਦਤਾਂ ਹੋਈਆਂ ਹਨ। ਇਹ ਅਰਦਾਸ ਕਦੇ ਬਾਬਾ ਬੰਦਾ ਸਿੰਘ ਬਹਾਦਰ, ਬਾਬਾ ਦੀਪ ਸਿੰਘ, ਭਾਈ ਬੋਤਾ ਸਿੰਘ ਗਰਜਾ ਸਿੰਘ, ਭਾਈ ਸੁੱਖਾ ਸਿੰਘ ਮਹਿਤਾਬ ਸਿੰਘ ਤੇ ਕਦੇ ਅਕਾਲੀ ਫੂਲਾ ਸਿੰਘ ਨੇ ਕੀਤੀ ਸੀ ਜਦੋਂ ਅੱਟਕ ਵਰਗੇ ਸੁਨਹਿਰੀ ਇਤਿਹਾਸ ਸਿਰਜਕੇ ਸਿੱਖੀ ਦੇ ਵਾਰਸ ਅਖਾਉਣ ਦਾ ਮਾਣ ਪ੍ਰਾਪਤ ਕੀਤਾ ਸੀ।

ਅਜੋਕੇਯੁੱਗ ਵਿੱਚ ਸ਼ਹੀਦ ਭਾਈ ਲੱਛਮਣ ਸਿੰਘ ਧਾਰੋਕੀ, ਗਿ: ਦਿੱਤ ਸਿੰਘ, ਪ੍ਰੋ: ਗੁਰਮੁੱਖ ਸਿੰਘ, ਬਾਬਾ ਖੜਕ ਸਿੰਘ, ਸ਼ਹੀਦ ਸ਼: ਸੇਵਾ ਸਿੰਘ ਠੀਕਰੀਵਾਲਾ, ਸ਼ਹੀਦ ਸ਼: ਦਰਸ਼ਨ ਸਿੰਘ ਫੇਰੂਮਾਨ, ਸ਼ਹੀਦ ਬਾਬਾ ਜਰਨੈਲ ਸਿੰਘ ਭਿੰਡਰਾ ਵਾਲੇ, ਭਾਈ ਬੇਅੰਤ ਸਿੰਘ ਸਤਵੰਤ ਸਿੰਘ ਕੇਹਰ ਸਿੰਘ, ਭਾਈ ਸੁੱਖਾ ਭਾਈ ਜਿੰਦਾ, ਭਾਈ ਦਲਾਵਰ ਸਿੰਘ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਰਾਜੋਆਣਾ ਅਤੇ ਉਨਾਂ ਦੇ ਨਜ਼ਰਬੰਦ ਸਾਥੀਆਂ ਨੇ ਵੀ ਆਪਣੀਆਂ ਕੀਤੀਆ ਅਰਦਾਸਾਂ ਤੇ ਪਹਿਰਾ ਦੇ ਕੇ ਬਜੁਰਗਾ ਵੱਲੋਂ ਲਿਖੇ ਹਰਫਾ ਨੂੰ ਆਪਣੇ ਖੂਨ ਦਾ ਰੰਗ ਦੇਕੇ ਗੂਹੜੇ ਕੀਤਾ।

ਬੰਦੀ ਸਿੰਘਾਂ ਦੀ ਰਿਹਾਈ ਤੋਂ ਪਹਿਲਾਂ ਵੀ ਅਰਦਾਸ ਹੋਈ ਸੀ ਕਿ ਜਾਂ ਤਾਂ ਸਿੰਘ ਰਿਹਾ ਹੋਣਗੇ ਜਾਂ ਭਾਣਾ ਵਰਤੇਗਾ ”ਹੁਣ ਇਹ ਕੌੜੀ ਸਚਾਈ ਹੈ ਤੇ ਕਈ ਲੋਕਾਂ ਨੂੰ ਸੰਘੋਂ ਲੰਘਾਉਣੀ ਔਖੀ ਵੀ ਹੋਵੇਗੀ। ਦਾਸ ਲੇਖਕ ਨੂੰ ਇਹ ਸੱਚ ਲਿਖਣ ਬਦਲੇ ਕੁਝ ਸਮਾਂ ਤਾਹਨੇ ਮਿਹਣੇ ਤੇ ਟਕੋਰਾਂ ਵੀ ਸਹਿਣੀਆਂ ਪੈਣਗੀਆ। ਪਰ ਸਮਾਂ ਆਉਣ ਤੇ ਸਭ ਨੂੰ ਸੱਚ ਨਾਲ ਸਹਿਮਤ ਹੋਣਾ ਪਵੇਗਾ। ਲੇਕਿਨ ਇਹ ਵੀ ਸੱਚ ਹੈ ਕਿ ਭਾਈ ਗੁਰਬਖਸ਼ ਸਿੰਘ ਨੂੰ ਕੀਤੀ ਅਰਦਾਸ ਬਦਲੇ ਹੁਣ ਇੱਕ ਰਸਤਾ ਚੁਨਣਾ ਪਵੇਗਾ ਕਿ ਉਸਨੇ ਭਾਈ ਸੇਵਾ ਸਿੰਘ ਠੀਕਰੀਵਾਲਾ ਜਾਂ ਭਾਈ ਦਰਸ਼ਨ ਸਿੰਘ ਫੇਰੂਮਾਨ ਵਾਂਗੂ ਅਰਦਾਸ ਤੇ ਪਹਿਰਾ ਦੇ ਕੇ ਕਾਰਜ਼ ਸਫ਼ਲ ਕਰਨਾਂ ਹੈ ਜਾਂ ਸਹਾਦਤ ਨੂੰ ਗੱਲ ਲਾਕੇ ਸਿੱਖਾਂ ਦੀ ਨਿੱਤ ਦੀ ਅਰਦਾਸ ਦਾ ਹਿੱਸਾ ਬਨਣਾ ਹੈ ਜਾਂ ਫਿਰ ਸੰਪੂਰਨ ਸਿੰਘ ਰਾਮਾ ਸੰਤ ਫਤਿਹ ਸਿੰਘ ਅਤੇ ਮਾਸਟਰ ਤਾਰਾ ਸਿੰਘ ਵਾਂਗੂ ਪੰਥ ਦੇ ਭਗੌੜਿਆ ਦੀ ਕਤਾਰ ਵਿੱਚ ਖੜੇ ਹੋਣਾ ਹੈ। ਇਹ ਜਿੰਦਗੀ ਜਾਂ ਸਵਾਸ ਉਨੇ ਹੀ ਆਉਣੇ ਹਨ ਜਿੰਨੇ ਅਕਾਲ ਪੁਰਖ ਨੇ ਲਿੱਖੇ ਹਨ। ਪਰ ਇੱਕ ਗੱਲ ਨਹੀਂ ਭੁਲਣੀ ਚਾਹੀਦੀ ਕਿ ਜਿੰਦਗੀ ਅਸਲ ਵਿੱਚ ਮੌਤ ਨੂੰ ਸੰਵਾਰਨ ਲਈ ਹੀ ਮਿਲੀ ਹੈ। ਜਿਸਦਾ ਮਰਨਾ ਸਹਿਲਾ ਹੋ ਜਾਵੇ ਉਸਦਾ ਜੀਵਨ ਸਫਲ ਮੰਨਿਆ ਜਾਂਦਾ ਹੈ।

ਇਥੇ ਮੇਰਾ ਇਹ ਮਕਸਦ ਨਹੀਂ ਕਿ ਮੈਂ ਭਾਈ ਗੁਰਬਖਸ਼ ਸਿੰਘ ਦੀ ਯਕੀਨਨ ਮੌਤ ਚਾਹੁੰਦਾ ਹਾਂ। ਪਰ ਮੈਂ ਸਿਧਾਂਤਾਂ ਦੀ ਸਲਾਮਤੀ ਜਰੂਰ ਮੰਗਦਾ ਹਾਂ। ਜਿਨਾਂ ਨੂੰ ਘਟੀਆ ਕਿਰਦਾਰ ਅਤੇ ਹਲਕੇ ਆਚਰਨ ਵਾਲੇ ਲੋਕਾਂ ਨੇ ਬਹੁਤ ਜਖਮੀ ਕੀਤਾ ਹੋਇਆ ਹੈ। ਇਹ ਮਰਨਵਰਤ ਰੱਖਣਾ ਜਾਂ ਅਰਦਾਸ ਕਰਨੀ ਗੁਰਬਖਸ਼ ਸਿੰਘ ਦੀ ਕੋਈ ਮਜਬੂਰੀ ਨਹੀਂ ਸੀ ਪਰ ਇਸਨੂੰ ਨਿਭਾਉਣਾ ਜਾਂ ਕਿਸੇ ਫੈਸਲੇ ਤੇ ਪੁੱਜਣਾ ਮਜਬੂਰੀ ਅਤੇ ਜਰੂਰੀ ਹੈ ਕਿਉਂਕਿ ਹੁਣ ਇਸ ਨਾਲ ਕਰੋੜਾਂ ਸਿੱਖਾਂ ਦੀਆਂ ਭਾਵਨਾਵਾਂ, ਸਿੱਖ ਸਿਧਾਂਤ, ਮਰਿਆਦਾ, ਸਿੱਖ ਇਤਿਹਾਸ ਤੇ ਆਉਂਦੀਆਂ ਪੀੜੀਆਂ ਦਾ ਭਰੋਸਾ ਅਤੇ ਸਰਕਾਰ ਤੇ ਬਣਿਆ ਇੱਕ ਭੈਅ ਜੁੜਿਆ ਹੋਇਆ ਹੈ। ਹੁਣ ਇਥੇ ਗੁਰਬਖਸ਼ ਸਿੰਘ ਦੀ ਜਾਣ ਦੀ ਕੀਮਤ ਸਿਧਾਂਤਾ ਦੇ ਪਲੜੇ ਪਾਕੇ ਨਹੀਂ ਤੋਲੀ ਜਾ ਸਕਦੀ। ਪਹਿਲੀ ਗੱਲ ਤਾਂ ਜਦੋਂ ਅਜੇ ਕਾਰਜ ਅਧੂਰਾ ਹੈ ਕਿ ਹਾਲੇ ਦੋ ਸਿੰਘ ਪੈਰੋਲ ਤੇ ਰਿਹਾ ਹੋਏ ਹਨ। ਇੱਕ ਪਹਿਲਾਂ ਵੀ ਕਈ ਵਾਰ ਪੈਰੋਲ ਤੇ ਆ ਚੁੱਕਾ ਹੈ, ਪੈਰੋਲ ਦੌਰਾਨ ਹੀ ਉਸਦਾ ਵਿਆਹ ਹੋਇਆ ਤੇ ਬੱਚੇ ਵੀ ਜਨਮੇ ਹਨ ਹੋ ਸਕਦਾ ਹੈ ਬੁੜੈਲ ਵਾਲੇ ਬਾਕੀ ਦੋ ਸਿੰਘ ਵੀ ਪੈਰੋਲ ਤੇ ਬਾਹਰ ਆ ਜਾਣ ਫਿਰ ਵੀ ਗਿਣਤੀ ਚਾਰ ਬਣਦੀ ਹੈ। ਰਹਿੰਦੇ ਦੇ ਦੋ ਸਿੰਘ ਜਿਨਾਂ ਚਿਰ ਪੈਰੋਲ ਤੇ ਜਾਂ ਰਿਹਾ ਹੋਕੇ ਨਹੀਂ ਆਉਂਦੇ ਤਾਂ ਕਾਰਜ਼ ਅਧੂਰਾ ਹੈ।

ਗੁਰੂ ਅੱਗੇ ਪ੍ਰਣ ਨਿਭਾਉਣ ਦੀ ਅਰਦਾਸ ਕਰਨ ਵਾਲਾ ਭਾਈ ਗੁਰਬਖਸ਼ ਸਿੰਘ ਸੰਗਤ ਸਾਹਮਣੇ ਵਾਰ ਵਾਰ ਲੇਲੜੀਆਂ ਕਿਉਂ ਕੱਢ ਰਿਹਾ ਹੈ ਕਿ ਦੱਸੋ ਜੇ ਸਿੰਘ ਬਾਹਰ ਆਉਣਾ ਨਹੀਂ ਮੰਨਦੇ ਤਾਂ ਮੈਂ ਪ੍ਰਸ਼ਾਦਾ ਪਾਣੀ ਛੱਕ ਲਵਾਂ ? ਅਜਿਹਾ ਆਖਕੇ ਭਾਈ ਸਾਹਿਬ ੪੨ ਦਿਨਾਂ ਦੀ ਘਾਲਣਾ ਖੂਹ ਵਿੱਚ ਪਾਉਣ ਦੀ ਬਜਾਏ ਇੱਕ ਦੋ ਦਿਨ ਹੋਰ ਸਬਰ ਕਰਨ ਇਹ ਸੰਗਤ ਸੋਚੇਗੀ ਕਿ ਜੇ ਸਿੰਘ ਹੀ ਬਾਹਰ ਨਹੀਂ ਆਉਣਾ ਚਾਹੁੰਦੇ ਤਾਂ ਇੱਕ ਜਿੰਦਗੀ ਹੋਰ ਦਾਅ ਤੇ ਲਾਉਣ ਦਾ ਕੀ ਲਾਭ ਹਾਨ ਹੈ।

ਸਿੰਘ ਤਾਂ ਆਉਣਾ ਚਾਹੁੰਦੇ ਹਨ, ਪਰ ਪੈਰੋਲ ਦੀ ਬਾਜਾਇ ਪੱਕੀ ਰਿਹਾਈ ਮੰਗਦੇ ਹਨ। ਇਹ ਹੁਣ ਕਮੇਟੀ ਦੱਸੇ ਕਿ ਪੈਰੋਲ ਨੂੰ ਰਿਹਾਈ ਦਾ ਨਾਮ ਦੇ ਕੇ ਸਿੱਖਾ ਦੇ ਵਲਵਲਿਆਂ ਅਤੇ ਜਜਬਾਤਾਂ ਦਾ ਹਨਣ ਕਿਉਂ ਕੀਤਾ ਜਾ ਰਿਹਾ ਹੈ। ਜੇ ਕਮੇਟੀ ਇਸਨੂੰ ਪੜਾਅ ਵਾਰ ਪ੍ਰਾਪਤੀ ਕਹਿੰਦੀ ਹੈ ਤਾਂ ਫਿਰ ਇਹ ਸਾਰੇ ਉਹ ਹਨ ਜਿਨਾਂ ਨੇ ਸੰਤ ਲੌਂਗੋਵਾਲ ਅਤੇ ਰਾਜੀਵ ਗਾਂਧੀ ਸਮਝੌਤੇ ਨੂੰ ਹੁਣ ਤੱਕ ਸਿੱਖ ਕੌਮ ਨਾਲ ਕੀਤੀ ਗਈ ਵੱਡੀ ਗਦਾਰੀ ਵਜੋਂ ਪਰਚਾਰਿਆ ਹੈ। ਜਦੋਂ ਕਿ ਸੰਤ ਲੌਂਗੋਵਾਲ ਨੇ ਵੀ ਉਸ ਸਮੇਂ ਆਪਣੇ ਇਸ ਸਮਝੌਤੇ ਨੂੰ ਦਮਦਮਾ ਆਖਿਆ ਸੀ ਫਿਰ ਇਸ ਸਮਝੌਤੇ ਤੇ ਉਸ ਸਮਝੌਤੇ ਵਿੱਚ ਕੀ ਫਰਕ ਰਹਿ ਗਿਆ। ਉਸ ਸਮੇਂ ਦੇ ਲੌਂਗੋਵਾਲ ਤੇ ਹੁਣ ਦੇ ਪ੍ਰਬੰਧਕੀ ਆਗੂਆਂ ਦੀ ਕਿਰਦਾਰ ਵਿੱਚ ਕੋਈ ਫਰਕ ਬਾਕੀ ਨਾ ਰਿਹਾ। ਪੈਰੋਲ ਹੁਣ ਪੇ ਰੋਲ ਬਣ ਗਈ ਮਹਿਸੂਸ ਹੋ ਰਹੀ ਹੈ ? ਗੱਲ ਇੱਕੇ ਕਿਸੇ ਦੀ ਮੌਤ ਜਾਂ ਸਲਾਮਤੀ ਦੀ ਨਹੀਂ ਗੱਲ ਤਾਂ ਕੌਮੀ ਸਿੱਧਾਂਤਾਂ ਅਤੇ ਮਰਿਆਦਾ ਦੀ ਹੈ, ਸਿੱਖਾਂ ਦੀ ਸਭ ਤੋਂ ਅਹਿਮ ਪ੍ਰਤਿਗਿਆ ਅਰਦਾਸ ਹੀ ਹੈ। ਉਸਦੇ ਅਰਥ ਕੀ ਹਨ? ਪ੍ਰਬੰਧਕ ਸਰਕਾਰੀ ਚਾਹ ਪੀਕੇ ਭਾਈ ਗੁਰਬਖਸ਼ ਸਿੰਘ ਦੀ ਅਰਦਾਸ ਕਿਉਂ ਭੰਗ ਕਰਵਾ ਰਹੇ ਹਨ। ਨਾਲ ਨਾਲ ਸਿੱਖਾਂ ਦੇ ਸੂਹੇ ਇਤਿਹਾਸ ਤੇ ਕਾਲੀਆਂ ਲਕੀਰਾਂ ਕਿਉਂ ਵਾਹੀਆਂ ਜਾ ਰਹੀਆਂ ਹਨ।

ਇਨਾਂ ਪ੍ਰਬੰਧਕਾਂ ਦਾ ਤਾਂ ਅਰਦਾਸ ਭੰਗ ਕਰਨਾ ਇੱਕ ਸੁਭਾਅ ਬਣ ਚੁੱਕਿਆ ਹੈ। ਕੁਝ ਸਮਾਂ ਪਹਿਲਾਂ ਗੁਰਦੁਆਰਾ ਵੜੈਚ ਦੇ ਮਾਮਲੇ ਵਿੱਚ ਰਾਧਾ ਸਵਾਮੀਆਂ ਨਾਲ ਪੈਦਾ ਹੋਏ ਵਿਵਾਦ ਨੂੰ ਲੈਕੇ ਜਥੇਦਾਰ ਅਕਾਲ ਤਖਤ ਦੀ ਪੰਥ ਵਿਰੋਧੀ ਨੀਤੀ ਨੂੰ ਵੇਖਦਿਆਂ ਸੰਘਰਸ਼ ਕਰਦੀਆਂ ਸਾਰੀਆਂ ਧਿਰਾਂ ਨੇ ਗੁਰਦੁਆਰਾ ਸਤਲਾਣੀ ਸਾਹਿਬ ਵਿਖੇ ਅਰਦਾਸ ਕੀਤੀ ਸੀ ਕਿ ਜਥੇਦਾਰ ਗੁਰਬਚਨ ਸਿੰਘ ਦਾ ਮੁਕੰਮਲ ਬਾਈਕਾਟ ਕੀਤਾ ਜਾਵੇਗਾ ਕਿਉਂਕਿ ਇਸ ਜਥੇਦਾਰ ਨੇ ਕਿਸੇ ਵੀ ਮਸਲੇ ਨੂੰ ਹਲ ਨਹੀਂ ਕੀਤਾ। ਸਗੋਂ ਪੰਥ ਵਿਰੋਧੀਆਂ ਜਾਂ ਸਰਕਾਰ ਨੂੰ ਫਾਇਦਾ ਪਹੁੰਚਾਇਆ ਹੈ। ਇਸ ਲਈ ਜਥੇਦਾਰ ਨੂੰ ਕਿਸੇ ਵੀ ਮਾਮਲੇ ਵਿੱਚ ਬੇਨਤੀ ਨਹੀਂ ਕੀਤੀ ਜਾਵੇਗੀ। ਇਨਾਂ ਆਗੂਆਂ ਵਿੱਚ ਸ. ਸਿਮਰਨਜੀਤ ਸਿੰਘ ਮਾਨ, ਬਾਬਾ ਬਲਜੀਤ ਸਿੰਘ ਦਾਦੁਵਾਲ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਮੋਹਕਮ ਸਿੰਘ ਅਤੇ ਸਰਦਾਰ ਹਰਪਾਲ ਸਿੰਘ, ਚੀਮਾ ਸ਼ਾਮਲ ਸਨ। ਜਦੋਂ ਕਿ ਭਾਈ ਮੋਹਕਮ ਸਿੰਘ ਅਤੇ ਭਾਈ ਹਰਪਾਲ ਸਿੰਘ ਚੀਮਾ ਤਾਂ ਪਹਿਲਾਂ ਹੀ ਸੂਚੀ ਦੇਣ ਵੇਲੇ ਅਰਦਾਸ ਦਾ ਉਲੰਘਣ ਕਰਕੇ ਜਥੇਦਾਰ ਨੂੰ ਮਿਲ ਚੁੱਕੇ ਹਨ ਤੇ ਅਮਰੀਕ ਸਿੰਘ ਅਜਨਾਲਾ ਵਸੀਅਤ ਮਾਰਚ ਵਾਲੇ ਦਿਨ ਜਥੇਦਾਰ ਨੂੰ ਮਿਲੇ ਹਨ। ਪਰ ਉਸ ਦਿਨ ਸ. ਸਿਮਰਨਜੀਤ ਸਿੰਘ ਮਾਨ ਅਤੇ ਸੰਤ ਬਲਜੀਤ ਸਿੰਘ ਦਾਦੂਵਾਲ ਅਰਦਾਸ ਦੇ ਭੈਅ ਹੇਠ ਅਕਾਲ ਤਖਤ ਦੇ ਸਾਹਮਣੇ ਬੈਠੇ ਰਹੇ, ਜਥੇਦਾਰ ਨੂੰ ਮਿਲਣ ਲਈ ਸਕੱਤਰੇਤ ਵਿੱਚ ਨਹੀਂ ਗਏ।

ਭਾਈ ਗੁਰਬਖਸ਼ ਸਿੰਘ ਦੀ ਜਾਨ ਦੀ ਸਲਾਮਤੀ ਦੇ ਨਾਮ ਦੀ ਆੜ ਵਿਚ ਸੰਘਰਸ਼ ਕਮੇਟੀ ਵੱਲੋਂ ਬਾਦਲਾਂ ਨਾਲ ਕੀਤੇ ਕੌਲ ਨਿਭਾਏ ਜਾ ਰਹੇ ਹਨ। ਪਰ ਸਿੱਖੀ ਸਿਧਾਂਤ, ਅਰਦਾਸ ਸਭ ਕੁਝ ਰੋੜਕੇ ਜਜ਼ਬਾਤਾਂ ਦੀ ਖਿੱਲੀ ਉਡਾਈ ਜਾ ਰਹੀ ਹੈ। ਸਾਰੀ ਕੌਮ ਪਿਛਲੇ ਦੋ ਦਹਾਕੇ ਵਿੱਚਲੇ ਸੰਘਰਸ਼ਾਂ ਵਾਂਗੂ ਇਸ ਵਾਰੀ ਵੀ ਲੁੱਟੀ ਗਈ ਮਹਿਸੂਸ ਕਰ ਰਹੀ ਹੈ, ਇਸ ਵਿੱਚ ਜਥੇਦਾਰਾਂ ਦੇ ਮਚਲਾਉਪੁਣੇ, ਭਾਈ ਗੁਰਬਖਸ਼ ਸਿੰਘ ਦੀ ਸਧਾਰਣਤਾ, ਪ੍ਰਬੰਧਕਾਂ ਦੀ ਕੂਟਤਾ ਤੇ ਸਿਧਾਂਤਾਂ ਦੀ ਸਲਾਮਤੀ ਨੂੰ ਦੇਖਕੇ, ਖੁਦ ਕੌਮ ਫੈਸਲਾ ਕਰੇ, ਕਿ ਅਸੀਂ ਹਰ ਸੰਘਰਸ਼ ਤੋਂ ਬਾਅਦ ਕਿਥੇ ਜਾ ਖਲੌਂਦੇ ਹਾਂ?

ਹੁਣ ਪੰਥ ਦਰਦੀਆਂ ਨੂੰ ਸਿਧਾਂਤਾਂ ਦੀ ਪ੍ਰਪੱਕਤਾ ਅਤੇ ਸਿੰਘਾਂ ਦੀ ਰਿਹਾਈ ਵਾਸਤੇ ਆਰ ਪਾਰ ਦੀ ਲੜਾਈ ਲੜਣ ਲਈ ਕਮਰਕੱਸੇ ਕਰ ਲੈਣੇ ਚਾਹੀਦੇ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top