Share on Facebook

Main News Page

ਬੁੜੈਲ ਜੇਲ੍ਹ 'ਚੋਂ ਭਾਈ ਗੁਰਮੀਤ ਸਿੰਘ ਦੀ ਪੈਰੋਲ 'ਤੇ ਰਿਹਾਈ ਦੇ ਹੁਕਮ

ਚੰਡੀਗੜ੍ਹ, 24 ਦਸੰਬਰ (ਹਰਕਵਲਜੀਤ ਸਿੰਘ)-ਖਾੜਕੂਵਾਦ ਦੇ ਸਮੇਂ ਨਾਲ ਸੰਬੰਧਤ ਸਿੱਖ ਨਜ਼ਰਬੰਦਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਭਾਈ ਗੁਰਬਖ਼ਸ਼ ਸਿੰਘ ਵੱਲੋਂ ਸ਼ੁਰੂ ਕੀਤੇ ਗਏ ਮਰਨ ਵਰਤ ਕਾਰਨ ਜੋ ਤਣਾਅ ਵਾਲੀ ਸਥਿਤੀ ਪੈਦਾ ਹੋ ਰਹੀ ਸੀ, ਉਸ ਸਬੰਧੀ ਆਉਂਦੇ ਕੁਝ ਦਿਨਾਂ ਵਿਚ ਰਾਹਤ ਮਿਲ ਜਾਣ ਦੀ ਸੰਭਾਵਨਾ ਹੈ, ਕਿਉਂਕਿ ਜਿਨ੍ਹਾਂ 6 ਮੁੱਖ ਨਜ਼ਰਬੰਦਾਂ ਦੀ ਰਿਹਾਈ ਸਬੰਧੀ ਮੰਗ ਨੂੰ ਲੈ ਕੇ ਅੰਦੋਲਨ ਚੱਲ ਰਿਹਾ ਹੈ ਉਨ੍ਹਾਂ ਦੀ ਪੈਰੋਲ 'ਤੇ ਰਿਹਾਈ ਹੋ ਜਾਣ ਦੀ ਸੰਭਾਵਨਾ ਹੈ । ਗੁਜਰਾਤ ਨਾਲ ਸੰਬੰਧਿਤ ਸ: ਲਾਲ ਸਿੰਘ ਦੀ 42 ਦਿਨਾਂ ਦੀ ਪੈਰੋਲ 'ਤੇ ਰਿਹਾਈ 2 ਦਿਨਾਂ ਪਹਿਲਾਂ ਹੋ ਗਈ ਸੀ, ਜਦੋਂਕਿ ਅੱਜ ਬੇਅੰਤ ਸਿੰਘ ਕੇਸ ਵਿਚ ਕਥਿਤ ਦੋਸ਼ੀ ਗੁਰਮੀਤ ਸਿੰਘ ਦੀ ਵੀ 28 ਦਿਨਾਂ ਦੀ ਪੈਰੋਲ 'ਤੇ ਰਿਹਾਈ ਸਬੰਧੀ ਚੰਡੀਗੜ੍ਹ ਦੇ ਇੰਸਪੈਕਟਰ ਜਨਰਲ ਜੇਲ੍ਹਾਂ ਸ੍ਰੀ ਮਨੀਸ਼ ਚੌਧਰੀ ਆਈ. ਪੀ. ਐਸ. ਵੱਲੋਂ ਬਕਾਇਦਾ ਹੁਕਮ ਜਾਰੀ ਕਰ ਦਿੱਤੇ ਗਏ । ਹੁਕਮ ਅੱਜ ਰਾਤ ਜਾਰੀ ਹੋਣ ਕਾਰਨ ਗੁਰਮੀਤ ਸਿੰਘ ਨੂੰ ਕੱਲ੍ਹ ਸਵੇਰੇ ਜੇਲ੍ਹ ਤੋਂ ਰਿਹਾਅ ਕੀਤਾ ਜਾਵੇਗਾ ।

ਵਰਨਣਯੋਗ ਹੈ ਕਿ ਸ: ਗੁਰਮੀਤ ਸਿੰਘ ਨੂੰ ਨਜ਼ਰਬੰਦੀ ਤੋਂ ਬਾਅਦ ਪਹਿਲੀ ਵਾਰ ਜੇਲ੍ਹ ਵਿਚੋਂ ਬਾਹਰ ਆਉਣ ਦੀ ਇਜਾਜ਼ਤ ਮਿਲੀ ਹੈ, ਜਦੋਂਕਿ ਉਨ੍ਹਾਂ ਨਾਲ ਨਜ਼ਰਬੰਦ ਦੂਜੇ 2 ਕਥਿਤ ਦੋਸ਼ੀਆਂ ਲਖਵਿੰਦਰ ਸਿੰਘ ਨੂੰ ਉਸ ਦੀ ਭੈਣ ਦੀ ਸ਼ਾਦੀ ਲਈ ਅਤੇ ਸ਼ਮਸ਼ੇਰ ਸਿੰਘ ਨੂੰ ਵੀ ਇਕ-ਇਕ ਦਿਨ ਦੀ ਪੈਰੋਲ ਪਹਿਲਾਂ ਮਿਲ ਚੁੱਕੀ ਹੈ । ਉਕਤ ਦੋਵਾਂ ਨਜ਼ਰਬੰਦਾਂ ਵੱਲੋਂ ਅੱਜ ਪੈਰੋਲ 'ਤੇ ਰਿਹਾਅ ਹੋਣ ਸਬੰਧੀ ਦਾਇਰ ਕੀਤੀਆਂ ਗਈਆਂ ਅਰਜ਼ੀਆਂ 'ਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਦੀ ਪੈਰੋਲ 'ਤੇ ਰਿਹਾਈ ਦੀ ਸਿਫਾਰਸ਼ ਨਾਲ ਕੇਸ ਕੱਲ੍ਹ ਵਾਪਸ ਚੰਡੀਗੜ੍ਹ ਕੇਂਦਰੀ ਪ੍ਰਦੇਸ਼ ਨੂੰ ਭੇਜ ਦਿੱਤਾ ਜਾਵੇਗਾ । ਜਦੋਂਕਿ ਇਸ ਸਬੰਧੀ ਫੈਸਲਾ ਲੈਣ ਦਾ ਅਧਿਕਾਰ ਚੰਡੀਗੜ੍ਹ ਪ੍ਰਸ਼ਾਸਨ ਕੋਲ ਹੈ ।

ਵਰਨਣਯੋਗ ਹੈ ਕਿ ਸ: ਗੁਰਮੀਤ ਸਿੰਘ ਦੀ ਰਿਹਾਈ ਵੀ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਚੰਡੀਗੜ੍ਹ ਕੇਂਦਰ ਪ੍ਰਸ਼ਾਸਨ ਅਤੇ ਕੇਂਦਰੀ ਗ੍ਰਹਿ ਵਿਭਾਗ ਨਾਲ ਇਸ ਮਾਮਲੇ ਨੂੰ ਉਠਾਉਣ ਤੋਂ ਬਾਅਦ ਸੰਭਵ ਹੋ ਸਕੀ । ਸ: ਬਾਦਲ ਵੱਲੋਂ ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ੍ਰੀ ਅਖਿਲੇਸ਼ ਯਾਦਵ ਨਾਲ ਅੱਜ ਤੀਸਰੀ ਵਾਰ ਗੱਲ ਕਰਕੇ ਉਨ੍ਹਾਂ ਨੂੰ ਪੀਲੀਭੀਤ ਜੇਲ੍ਹ ਵਿਚ ਨਜ਼ਰਬੰਦ ਸ: ਵਰਿਆਮ ਸਿੰਘ ਦੀ ਰਿਹਾਈ ਸਬੰਧੀ ਕੇਸ ਦਾ ਮਾਮਲਾ ਛੇਤੀ ਹੱਲ ਕਰਨ ਲਈ ਕਿਹਾ ਗਿਆ । ਯੂ.ਪੀ. ਦੀ ਸਰਕਾਰ ਵੱਲੋਂ ਰਹਿੰਦੀ ਸਜ਼ਾ ਦੀ ਮੁਆਫ਼ੀ ਦੀ ਸਿਫਾਰਿਸ਼ ਨਾਲ ਉਕਤ ਕੇਸ ਰਾਜਪਾਲ ਯੂ.ਪੀ. ਨੂੰ ਭੇਜਿਆ ਹੋਇਆ ਹੈ । 6ਵੇਂ ਨਜ਼ਰਬੰਦ ਸ: ਗੁਰਦੀਪ ਸਿੰਘ ਜੋ ਕਰਨਾਟਕਾ ਨਾਲ ਸਬੰਧਤ ਹਨ ਸਬੰਧੀ ਵੀ ਅੱਜ ਮੁੱਖ ਮੰਤਰੀ ਨੇ ਦੁਬਾਰਾ ਕਰਨਾਟਕਾ ਦੇ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਰਿਹਾਈ ਸਬੰਧੀ ਕੇਸ ਵਿਚ ਤੇਜ਼ੀ ਲਿਆਉਣ ਦੀ ਮੰਗ ਰੱਖੀ ।

ਜਾਣਕਾਰ ਹਲਕਿਆਂ ਦਾ ਕਹਿਣਾ ਹੈ ਕਿ ਅਕਾਲੀ-ਭਾਜਪਾ ਸਰਕਾਰ ਉਕਤ 6 ਨਜ਼ਰਬੰਦ ਸਿੱਖਾਂ ਦੀ ਰਿਹਾਈ ਕਰਵਾ ਕੇ ਭਾਈ ਗੁਰਬਖ਼ਸ਼ ਸਿੰਘ ਨੂੰ ਮਰਨ ਵਰਤ ਛੱਡਣ ਲਈ ਅਪੀਲ ਕਰਨਾ ਚਾਹੁੰਦੀ ਹੈ, ਤਾਂ ਜੋ ਇਸ ਮਸਲੇ ਨੂੰ ਖ਼ਤਮ ਕੀਤਾ ਜਾ ਸਕੇ । ਵਰਨਣਯੋਗ ਹੈ ਕਿ ਇਨ੍ਹਾਂ ਨਜ਼ਰਬੰਦ ਸਿੰਘਾਂ ਦੀ ਰਿਹਾਈ ਦੀ ਮੰਗ ਕਰਨ ਵਾਲੇ ਸੰਗਠਨਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਅਪੀਲ ਕੀਤੀ ਗਈ ਸੀ ਅਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਵੱਲੋਂ ਰਾਜ ਸਰਕਾਰ ਨੂੰ ਵੀ ਇਨ੍ਹਾਂ ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ ਯਤਨਸ਼ੀਲ ਹੋਣ ਦੇ ਆਦੇਸ਼ ਦਿੱਤੇ ਗਏ ਸਨ । ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਅੱਜ ਪੈਰੋਲ ਦੇ ਜਾਰੀ ਕੀਤੇ ਗਏ ਹੁਕਮਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਸ:ਗੁਰਮੀਤ ਸਿੰਘ ਰਿਹਾਈ ਤੋਂ ਤੁਰੰਤ ਬਾਅਦ ਸਿੱਧੇ ਪਟਿਆਲਾ ਜਾਣਗੇ ਅਤੇ ਪਟਿਆਲੇ ਤੋਂ ਬਾਹਰ ਜਾਣ ਲਈ ਉਨ੍ਹਾਂ ਨੂੰ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਦੀ ਲਿਖਤੀ ਇਜਾਜ਼ਤ ਲੈਣੀ ਪਏਗੀ । ਪੰਜਾਬ ਪੁਲਿਸ ਨੂੰ ਵੀ ਉਨ੍ਹਾਂ ਦੀਆਂ ਸਰਗਰਮੀਆਂ 'ਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ ਅਤੇ ਸਪੱਸ਼ਟ ਕੀਤਾ ਗਿਆ ਹੈ ਕਿ ਉਹ ਅੱਤਵਾਦੀ ਜਾਂ ਗੈਰ ਕਾਨੂੰਨੀ ਕਾਰਵਾਈਆਂ ਵਿਚ ਹਿੱਸਾ ਨਹੀਂ ਲੈਣਗੇ ਉਨ੍ਹਾਂ ਨੂੰ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਨੂੰ ਇਕ-ਇਕ ਲੱਖ ਰੁਪਏ ਦੇ 2 ਗਰੰਟੀ ਬਾਊਾਡ ਵੀ ਦੇਣੇ ਪੈਣਗੇ ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top