Share on Facebook

Main News Page

ਅਰਵਿੰਦ ਕੇਜਰੀਵਾਲ ਦੀ ਸ਼ਖਸ਼ੀਅਤ ਦੇ ਕਰੋ ਦਰਸ਼ਨ
-: ਗੁਰਨਾਮ ਸਿੰਘ ਅਕੀਦਾ 81460 01100

- ਪੰਜਾਬ ਵਿਚ ਕੀ ਕੇਜਰੀਵਾਲ ਦੀ ਹਵਾ ਚਲ ਸਕੇਗੀ?
- ਸਾਰੇ ਮੁਲਕ ਵਿਚ ਕੇਜਰੀਵਾਲ ਦੀ ਹਵਾ ਨੇ ਹਨੇਰੀ ਲਿਆਂਦੀ ਹੈ
- ਵੱਡੇ-ਵੱਡੇ ਲੀਡਰਾਂ ਦੇ ਮੂੰਹ ਸੁੱਕ ਜਾਂਦੇ ਹਨ ਕੇਜਰੀਵਾਲ ਦੀ ਸਫਲਤਾ ਵੱਲ ਵੇਖਕੇ

ਅਰਵਿੰਦ ਕੇਜਰੀਵਾਲ ਦਾ ਸਮਾਂ ਆ ਹੀ ਗਿਆ, ਸਮਾਂ ਆਪਣੇ ਆਪ ਵਿੱਚ ਕਿੰਨੀ ਵੱਡੀ ਸ਼ਕਤੀ ਹੈ, ਇਸ ਦੀ ਉਦਾਹਰਣ ਦਿੱਲੀ ਵਿੱਚ ਅਰਸ਼ ਤੋਂ ਫਰਸ਼ 'ਤੇ ਡਿੱਗੇ ਚੋਟੀ ਦੇ ਸਿਆਸਤਦਾਨਾਂ ਅਤੇ ਫਰਸ਼ ਤੋਂ ਅਰਸ਼ 'ਤੇ ਪਹੁੰਚੇ ਆਮ ਜਿਹੇ ਆਦਮੀ ਅਰਵਿੰਦ ਕੇਜਰੀਵਾਲ ਹੁਣ ਭਾਰਤ ਦੀ ਰਾਜਧਾਨੀ ਦਿਲੀ ਦੇ ਮੁੱਖ ਮੰਤਰੀ ਬਣ ਹੀ ਗਏ ਹਨ, ਬੇਸ਼ਕ ਇਹ ਆਮ ਜਿਹੀ ਸਕਤੀ ਕਹੀ ਜਾ ਰਹੀ ਸੀ ਪਰ ਆਮ ਆਦਮੀ ਦੀ ਸ਼ਕਤੀ ਦੀ ਆਮ ਸ਼ਕਤੀ ਨੇ ਕਮਾਲ ਕਰ ਦਿਤੀ ਕਿ ਆਮ ਜਿਹਾ ਬੰਦਾ ਭੀੜ ਵਿੱਚ ਗੁੰਮ ਹੋ ਕੇ ਚੱਲਣ ਵਾਲਾ ਬੰਦਾ ਮੁੱਖ ਮੰਤਰੀ ਬਣ ਗਿਆ ਹੈ, ਲੋਕਤੰਤਰ ਦੀ ਇਹ ਕਮਾਲ ਹਾਲੀਆ ਦਿੱਲੀ ਵਿਧਾਨ ਸਭਾ ਚੋਣਾਂ ਜਿੱਤੇ ਵਿਧਾਇਕਾਂ ਦੇ ਰੂਪ ਵਿੱਚ ਵੀ ਵੇਖੀ ਜਾ ਸਕਦੀ ਹੈ। ਆਮ ਕਰਕੇ ਪੈਂਟ ਦੇ ਨਾਲ ਬਾਹਰ ਕੱਢ ਕੇ ਪਾਈ ਅੱਧੀ ਬਾਂਹ ਦੀ ਖੁੱਲ੍ਹੀ ਜਿਹੀ ਕਮੀਜ, ਕਾਲੀਆਂ ਮੁੱਛਾਂ ਵਾਲਾ ਇੱਕ ਦਰਮਿਆਨੇ ਕੱਦ ਦਾ ਸਧਾਰਨ ਜਿਹਾ ਦਿਖਾਈ ਦੇਣ ਵਾਲਾ ਆਦਮੀ। ਜੋ ਕਦੀ ਗੱਡੀ ਦਾ ਇੰਤਜ਼ਾਰ ਕਰਦਾ ਪਲੇਟਫਾਰਮ ਉਪਰ ਜ਼ਮੀਨ 'ਤੇ ਹੀ ਸੁੱਤਾ ਦਿਖਾਈ ਦਿੰਦਾ, ਤਾਂ ਕਦੀ ਆਟੋ ਲਈ ਸੜਕ 'ਤੇ ਇੰਤਜ਼ਾਰ ਕਰਦਾ।

ਇੱਕ ਅਜਿਹੀ ਸਖਸ਼ੀਅਤ, ਜਿਸ ਦੀ ਭੀੜ ਵਿੱਚ ਕੋਈ ਪਹਿਚਾਣ ਨਹੀਂ ਹੈ। ਲੋਕ 45 ਸਾਲ ਦੇ ਇਸ ਆਦਮੀ ਨੂੰ ਅਰਵਿੰਦ ਕੇਜਰੀਵਾਲ ਦੇ ਨਾਮ ਨਾਲ ਤਾਂ ਜਾਣਦੇ ਹੀ ਹਨ, ਪਰ ਹੁਣ ਇਤਿਹਾਸ ਇਹ ਬਣਿਆ ਹੈ ਕਿ ਉਸ ਨੂੰ ਲੋਕ ਦਿਲੀ ਦੇ ਮੁੱਖ ਮੰਤਰੀ ਵਜੋਂ ਵੀ ਜਾਣਨ ਲੱਗ ਗਏ ਹਨ। ਜੋ ਕਦੀ ਇਨਕਮ ਟੈਕਸ ਵਿਭਾਗ ਵਿੱਚ ਨੌਕਰੀ ਕਰਦਾ ਸੀ, ਲੇਕਿੰਨ ਆਮ ਜਿਹੀ ਦਿੱਖ ਵਾਲਾ ਇਹ ਸਖਸ਼ ਕਦੋਂ ਦਿੱਲੀ ਦੀ ਸਭ ਤੋਂ ਤਾਕਤਵਰ ਕੁਰਸੀ ਦਾ ਦਾਅਵੇਦਾਰ ਬਣ ਗਿਆ, ਬਾਕੀ ਪਾਰਟੀਆਂ ਨੂੰ ਪਤਾ ਵੀ ਨਹੀਂ ਲੱਗਿਆ। ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਸੀਵਾਨੀ ਮੰਡੀ ਵਿੱਚ 16 ਅਗਸਤ 1968 ਨੂੰ ਗੋਬਿੰਦ ਰਾਮ ਕੇਜਰੀਵਾਲ ਅਤੇ ਗੀਤਾ ਦੇਵੀ ਦੇ ਘਰ ਜਨਮ ਅਸ਼ਟਮੀ ਵਾਲੇ ਦਿਨ ਅਰਵਿੰਦ ਕੇਜਰੀਵਾਲ ਦਾ ਜਨਮ ਹੋਇਆ ਅਤੇ ਇਸੇ ਲਈ ਘਰਵਾਲੇ ਉਨ੍ਹਾਂ ਨੂੰ ਪਿਆਰ ਨਾਲ ਉਨ੍ਹਾਂ ਨੂੰ ਕਿਸ਼ਨ ਵੀ ਬੁਲਾਉਂਦੇ ਹਨ। ਹਿਸਾਰ ਤੋਂ ਹੀ ਅਰਵਿੰਦ ਨੇ ਆਪਣੀ ਹਾਈ ਸਕੂਲ ਤੱਕ ਦੀ ਪੜ੍ਹਾਈ ਪੂਰੀ ਕੀਤੀ। ਦੇਸ਼ ਦੇ ਮਸ਼ਹੂਰ ਭਾਰਤੀ ਪ੍ਰੋਉਦਯੋਗਿਕੀ ਸੰਸਥਾ ਖੜਗਪੁਰ ਤੋਂ ਮਕੈਨੇਕਲੀ ਇੰਜੀਨੀਰਿੰਗ ਕਰਨ ਦੇ ਬਾਅਦ ਕੇਜਰੀਵਾਲ ਨੇ ਕੁੱਝ ਸਮਾਂ ਟਾਟਾ ਸਟੀਲ ਵਿੱਚ ਨੌਕਰੀ ਕੀਤੀ। ਉਹ ਸਾਲ 1989 ਵਿੱਚ ਟਾਟਾ ਸਟੀਲ ਨਾਲ ਜੁੜੇ ਅਤੇ ਸਾਲ 1992 ਵਿੱਚ ਕੰਪਨੀ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਨੇ ਕੁੱਝ ਸਮਾਂ ਕਲਕੱਤਾ ਦੇ ਰਾਮਕ੍ਰਿਸ਼ਨਨ ਆਸ਼ਰਮ ਅਤੇ ਨਹਿਰੂ ਯੁਵਾ ਕੇਂਦਰ ਵਿੱਚ ਬਿਤਾਇਆ। ਯੂਪੀਐਸਸੀ ਵਿੱਚ ਇੰਟਰਵਿਊ ਦੇਣ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਕਲਕੱਤਾ ਗਏ ਸੀ। ਕਲਕੱਤੇ ਵਿੱਚ ਉਨ੍ਹਾਂ ਦੀ ਮੁਲਾਕਾਤ ਮਦਰ ਟਰੇਸਾ ਨਾਲ ਹੋਈ। ਅਰਵਿੰਦ ਨੇ ਕਾਲੀਘਾਟ 'ਤੇ ਕੰਮ ਕੀਤਾ ਅਤੇ ਸ਼ਾਇਦ ਇਥੋਂ ਹੀ ਉਨ੍ਹਾਂ ਨੂੰ ਦੂਸਰਿਆਂ ਲਈ ਜੀਊਣ ਦਾ ਨਜਰੀਆ ਮਿਲਿਆ।

1995 ਵਿੱਚ ਅਰਵਿੰਦ ਇੰਡੀਅਨ ਰੈਵੇਨਿਊ ਸਰਵਿਸ ਲਈ ਚੁਣੇ ਗਏ ਸੀ। ਟਰੇਨਿੰਗ ਤੋਂ ਬਾਅਦ ਦਿੱਲੀ ਵਿੱਚ ਇਨਕਮ ਟੈਕਸ ਵਿਭਾਗ ਵਿੱਚ ਅਸਿਸਟੈਂਟ ਕਮਿਸ਼ਨਰ ਬਣੇ। ਲੇਕਿਨ ਇਥੇ ਵੀ ਆਪਣੇ ਲਈ ਉਨ੍ਹਾਂ ਨੇ ਆਪ ਨਿਯਮ ਬਣਾਏ। ਉਹ ਨਿਯਮ ਸੀ, ਆਪਣੇ ਮੇਜ ਨੂੰ ਆਪ ਸਾਫ ਕਰਨਾ, ਡਸਟਬਿਨ ਦੀ ਗੰਦਗੀ ਨੂੰ ਆਪ ਚੁੱਕਣਾ, ਕਿਸੀ ਵੀ ਕੰਮ ਲਈ ਚਪੜਾਸੀ ਦੀ ਵਰਤੋਂ ਨਹੀਂ ਕਰਨੀ। ਇਨਕਮ ਟੈਕਸ ਵਿਭਾਗ ਵਿੱਚ ਨੌਕਰੀ ਕਰਦੇ ਹੋਏ ਹੀ ਕੇਜਰੀਵਾਲ ਨੇ ਵਿਭਾਗ ਵਿੱਚ ਭ੍ਰਿਸ਼ਟਾਚਾਰ ਘੱਟ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ। ਆਈਆਰਐਸ ਸੇਵਾ ਦੇ ਸਿੱਖਲਾਈ ਦੇ ਦੌਰਾਨ ਹੀ ਕੇਜਰੀਵਾਲ ਨੇ ਆਪਣੀ ਬੈਚਮੇਟ ਸੁਨੀਤਾ ਨਾਲ ਵਿਆਹ ਕਰਵਾ ਲਿਆ। ਕੇਜਰੀਵਾਲ ਦੇ ਇੱਕ ਪੁੱਤਰ ਅਤੇ ਇੱਕ ਪੁੱਤਰੀ ਹੈ।

ਸਾਲ 2000 ਵਿੱਚ ਕੇਜਰੀਵਾਲ ਨੇ ਪਰਿਵਰਤਨ ਨਾਂ ਦੇ ਇੱਕ ਐਨਜੀਓ ਦੀ ਸ਼ੁਰੂਆਤ ਕੀਤੀ। ਬੈਨਰ ਪੋਸਟਰ ਛਪਵਾਏ। ਜਿਨ੍ਹਾਂ 'ਤੇ ਲਿਖਿਆ ਸੀ ਰਿਸ਼ਵਤ ਨਾ ਦਿਉ, ਕੰਮ ਨਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰੋ। ਪਰਿਵਰਤਨ ਰਾਹੀਂ ਉਨ੍ਹਾਂ ਨੇ ਸਾਰੇ ਦੇਸ਼ ਵਿੱਚ ਸੂਚਨਾ ਦੇ ਅਧਿਕਾਰ ਦੀ ਮੁਹਿੰਮ ਚਲਾਈ। ਬਿੱਲ ਬੇਸ਼ੱਕ ਕੇਂਦਰ ਸਰਕਾਰ ਨੇ ਪਾਸ ਕੀਤਾ ਹੋਵੇ, ਲੇਕਿਨ ਜਨਤਾ ਵਿੱਚ ਜਾ ਕੇ ਉਨ੍ਹਾਂ ਨੂੰ ਜਾਗਰਿਤ ਕਰਨ ਦੀ ਜ਼ਿੰਮੇਵਾਰੀ ਅਰਵਿੰਦ ਅਤੇ ਉਨ੍ਹਾਂ ਦੇ ਪਰਿਵਰਤਨ ਨੇ ਲਈ। ਅਰਵਿੰਦ ਨੂੰ 'ਰਾਈਟ ਟੂ ਇੰਫਰਮੇਸ਼ਨ' 'ਤੇ ਕੰਮ ਕਰਨ ਲਈ ਏਸ਼ੀਆ ਦਾ ਨੋਬਲ ਪੁਰਸਕਾਰ ਕਿਹਾ ਜਾਣ ਵਾਲਾ 'ਮੈਗਸੇਸੇ' ਐਵਾਰਡ ਮਿਲਿਆ। ਪਰਿਵਰਤਨ ਦੀ ਲੜਾਈ ਦਾ ਹੀ ਅਗਲਾ ਕਦਮ ਸੀ ਜਨਲੋਕਪਾਲ।

ਇਹ ਸਿਲਸਿਲਾ ਵੱਧਦਾ ਗਿਆ ਅਤੇ ਕੇਜਰੀਵਾਲ ਨੇ ਫਰਵਰੀ 2006 ਵਿੱਚ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਅਤੇ ਪੂਰੇ ਸਮੇਂ ਲਈ ਸਿਰਫ ਪਰਿਵਰਤਨ ਵਿੱਚ ਹੀ ਕੰਮ ਕਰਨ ਲੱਗਾ। ਇਸ ਦੇ ਬਾਅਦ ਦੇਸ਼ ਵਿੱਚ ਸ਼ੁਰੂ ਹੋਇਆ ਭ੍ਰਿਸ਼ਟਾਚਾਰ ਦੇ ਖਿਲਾਫ ਸਭ ਤੋਂ ਵੱਡਾ ਅੰਦੋਲਨ। ਅੰਦੋਲਨ ਨੂੰ ਜਨ ਸਮਰਥਨ ਤਾਂ ਪੂਰਾ ਮਿਲਿਆ, ਲੇਕਿੰਨ ਜਨਲੋਕਪਾਲ ਬਿੱਲ ਨਹੀਂ ਬਣ ਸਕਿਆ। ਕੇਜਰੀਵਾਲ ਨੇ ਰਾਜਨੀਤੀ ਵਿੱਚ ਆਉਣ ਦਾ ਫੈਸਲਾ ਕੀਤਾ। ਇਥੇ ਹੀ ਬੱਸ ਨਹੀਂ ਅੰਨਾ ਹਜ਼ਾਰੇ ਅਤੇ ਕੇਜਰੀਵਾਲ ਦੇ ਰਸਤੇ ਵੱਖਰੇ ਹੋ ਗਏ। ਲੇਕਿਨ ਕੇਜਰੀਵਾਲ ਅੰਨਾ ਦੇ ਬਿਨਾਂ ਹੀ ਅੱਗੇ ਵੱਧਦੇ ਗਏ। ਕਿਹਾ ਜਾ ਰਿਹਾ ਹੈ ਕਿ ਅੱਨਾ ਹਜਾਰੇ ਦੇ ਪਿੱਛੇ ਦਾ ਦਿਮਾਗ ਵੀ ਕੇਜਰੀਵਾਲ ਦਾ ਹੀ ਸੀ।

26 ਨਵੰਬਰ 2012 ਨੂੰ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਹੋਂਦ ਵਿੱਚ ਆਈ। ਸਿਰਫ ਇੱਕ ਸਾਲ ਪਹਿਲੇ ਪੈਦਾ ਹੋਈ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਕਾਬਜ਼ ਕਾਂਗਰਸ ਅਤੇ ਬੀਜੇਪੀ ਨੂੰ ਸਖਤ ਟੱਕਰ ਦਿੱਤੀ। ਕੇਜਰੀਵਾਲ ਨੇ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਦੇ ਖਿਲਾਫ ਚੋਣ ਲੜਨ ਦਾ ਐਲਾਨ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਰਾਜਨੀਤਕ ਪੰਡਿਤ ਉਨ੍ਹਾਂ ਦੇ ਇਸ ਫੈਸਲੇ ਨੂੰ ਲੈ ਕੇ ਹੈਰਾਨ ਹੋ ਗਏ। ਅਜਿਹੀ ਚਰਚਾ ਹੋਣ ਲੱਗੀ ਕਿ ਕੇਜਰੀਵਾਲ ਨੇ ਆਪਣਾ ਰਾਜਨੀਤਕ ਸਫਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਕਰ ਲਿਆ।

ਲੇਕਿਨ ਦਸੰਬਰ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਉਨ੍ਹਾਂ ਨੇ ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਦੀਕਸ਼ਤ ਨੂੰ ਵੱਡੇ ਫਰਕ ਦੀਆਂ ਵੋਟਾਂ ਨਾਲ ਹਰਾਇਆ ਅਤੇ ਉਨ੍ਹਾਂ ਦੀ ਪਾਰਟੀ ਨੇ 70 ਮੈਂਬਰੀ ਵਿਧਾਨ ਸਭਾ ਵਿੱਚ 28 ਸੀਟਾਂ ਪ੍ਰਾਪਤ ਕੀਤੀਆਂ। ਕੇਜਰੀਵਾਲ ਨੇ 'ਸਵਰਾਜ' ਨਾਂ ਨਾਲ ਇੱਕ ਕਿਤਾਬ ਵੀ ਲਿਖੀ ਹੈ। ਇਹ ਕਿਤਾਬ 2012 ਵਿੱਚ ਪ੍ਰਕਾਸ਼ਿਤ ਹੋਈ।

ਉਨ੍ਹਾਂ ਦੀ ਸਰਕਾਰ ਲੱਗ ਰਹੀਆਂ ਕਿਆਸ-ਅਰਾਈਆਂ ਮੁਤਾਬਕ ਭਾਵੇਂ ਇੱਕ ਮਹੀਨਾ ਚੱਲੇ, ਛੇ ਮਹੀਨੇ, ਸਾਲ ਜਾਂ ਪੰਜ ਸਾਲ ਪੂਰੇ ਕਰੇ, ਕੁੱਝ ਸਧਾਰਨ ਵਿਅਕਤੀਆਂ ਵੱਲੋਂ ਲਿਆਂਦੀ ਗਈ ਇਹ ਸਿਆਸੀ ਤਬਦੀਲੀ ਭਾਰਤੀ ਇਤਿਹਾਸ ਵਿੱਚ ਇੱਕ ਨਵੇਂ ਇਨਕਲਾਬ ਵਜੋਂ ਦਰਜ ਕੀਤੀ ਜਾਵੇਗੀ।

ਅਰਵਿੰਦ ਕੇਜਰੀਵਾਲ ਰਾਜਨੀਤੀ ਨੂੰ ਨਵੀਂ ਦਿਸ਼ਾ ਦੇ ਰਹੇ ਹਨ । ਉਸਦੇ ਤੇਵਰਾਂ ਤੋਂ ਉਹ ਲੋਕ ਬੇਚੈਨ ਹਨ ਜੋ ਹਾਲੀ ਤੱਕ ਵਿਰੋਧ ਦੇ 'ਅਰਾਮਦੇਹ' ਅਤੇ 'ਇੱਜ਼ਤਦਾਰ' ਨਿਯਮ ਬਣਾਈ ਬੈਠੇ ਸਨ । ਅਜਿਹੇ ਨਿਯਮ ਜੋ ਤਹਿ ਕਰਦੇ ਸਨ ਕਿ ਤੁਸੀ ਵਿਰੋਧੀਆਂ ਦੀ ਘਪਲਿਆਂ ਦੀ ਖਿਚਾਈ ਤਾਂ ਜਰੂਰ ਕਰੋ ਪਰ ਖੁੱਲ੍ਹ ਕੇ ਬੁਰੇ ਨੂੰ ਬੁਰਾ ਨਾ ਕਹੋ। ਹਰ ਕੋਈ ਇਹ ਮੰਨ ਕੇ ਚੱਲ ਰਿਹਾ ਹੈ ਕਿ ਚਾਹੋ ਜੋ ਹੋ ਜਾਵੇ, ਅਸਲੀ ਗੰਦਗੀ ਕਦੇ ਬਾਹਰ ਨਹੀਂ ਆਵੇਗੀ । ਨੇਤਾ ਹੋਵੇ, ਬਿਊਰੋਕ੍ਰੇਟ ਹੋਵੇ ਜਾਂ ਫਿਰ ਉਦਯੋਗਪਤੀ ਹਰ ਕੋਈ ਇਹਨਾਂ ਅਣਲਿਖੇ ਨਿਯਮਾਂ ਦਾ ਖੁਸ਼ੀ ਖੁਸ਼ੀ ਜਾਂ ਅਣਮੰਨੇ ਮਨ ਨਾਲ ਪਾਲਣ ਕਰਦਾ ਹੈ। ਪਰ ਅਰਵਿੰਦ ਕੇਜਰੀਵਾਲ ਇਸ ਸਭ ਕੁਝ ਨੂੰ ਬਦਲ ਰਹੇ ਹਨ । ਹੈਰਾਨੀ ਦੀ ਗੱਲ ਨਹੀਂ ਕਿ ਹਰ ਕੱਦ ਅਤੇ ਹਰ ਵਿਚਾਰਧਾਰਾ ਦੇ ਨੇਤਾ ਇਸਤੋਂ ਘਬਰਾਏ ਹੋਏ ਹਨ । ਰਾਜਨੀਤੀ ਵਿੱਚ ਅਰਵਿੰਦ ਦੀ ਐਂਟਰੀ ਤੋਂ ਅਜਿਹਾ ਲੱਗ ਰਿਹਾ ਸੀ ਜਿਵੇ ਕਿਸੇ ਨੇ ਕਬੂਤਰਾਂ ਦੇ ਵਿਚਾਲੇ ਬਿੱਲੀ ਛੱਡ ਦਿੱਤੀ ਹੋਵੇ।

ਮੈਂ ਸਾਬਕਾ ਚੀਫ ਜਸਟਿਸ ਆਫ ਇੰਡੀਆ ਐਸ ਐਚ ਕਪਾੜੀਆ ਦੀ ਜੱਜਾਂ ਨੂੰ ਕੁਝ ਸਾਲ ਪਹਿਲਾਂ ਦਿੱਤੀ ਗਈ ਸਲਾਹ ਯਾਦ ਕਰਵਾਉਦਾ ਹਾਂ। ਉਹਨਾਂ ਦਾ ਕਹਿਣਾ ਸੀ ਕਿ ਜੱਜਾਂ ਨੂੰ ਜ਼ਿਆਦਾ ਸਮਾਜਿਕ ਹੋਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਜੇ ਉਹ ਅਜਿਹਾ ਕਰਨਗੇ ਤਾਂ ਲੋਕਾਂ ਨਾਲ ਨਜ਼ਦੀਕੀ ਵੱਧਣ ਨਾਲ ਉਹਨਾਂ ਦੇ ਫੈਸਲਿਆਂ ਉਪਰ ਇਸਦਾ ਅਸਰ ਪੈ ਸਕਦਾ ਹੈ। ਮਾਨਯੋਗ ਜੱਜ ਸਾਹਿਬ ਜਾਣਦੇ ਹਨ ਕਿ ਸਿਸਟਮ ਕਿਵੇਂ ਕੰਮ ਕਰਦਾ ਹੈ। ਉਹਨਾਂ ਨੇ ਬੜੀ ਇਮਾਨਦਾਰੀ ਨਾਲ ਆਪਣੀ ਬਿਰਾਦਰੀ ਦੀ ਬੇਚੈਨੀ ਨੂੰ ਜ਼ਾਹਿਰ ਕੀਤਾ । ਪਰ ਇਹ ਅਜਿਹਾ ਕਰਦਾ ਕੋਈ ਨਹੀ । ਜੱਜ ਹੀ ਕਿਉਂ, ਅਸੀਂ ਪੱਤਰਕਾਰ ਵੀ ਇਸ ਦਾਇਰੇ ਵਿੱਚ ਆਉਂਦੇ ਹਾਂ। ਇਹ ਕਿਸੇ ਤੋਂ ਲੁਕਿਆ ਹੋਇਆ ਨਹੀਂ ਕਿ ਕਈ ਪੱਤਰਕਾਰ ਕਿਵੇਂ ਆਕੜ ਕੇ ਡੀਂਗਾਂ ਮਾਰਦੇ ਹੋਏ ਮਿਲ ਜਾਂਦੇ ਹਨ ਕਿ ਕਿਵੇ 'ਸਰਬਸ਼ਕਤੀਮਾਨ' ਲੋਕ ਉਹਨਾਂ ਨੂੰ ਸ਼ਰਾਬ-ਸਬਾਬ ਪੇਸ਼ ਕਰਕੇ ਸਪੈਸ਼ਲ ਟਰੀਟਮੈਂਟ ਦਿੰਦੇ ਹਨ। ਅਕਸਰ ਇਸਦਾ ਅਸਰ ਇਹ ਹੁੰਦਾ ਕਿ ਉਹ ਇਸ ਗੁਮਾਨ ਵਿੱਚ ਰਹਿੰਦੇ ਹਨ ਕਿ ਦੁਨੀਆਂ ਉਹਨਾਂ ਚਾਰਾਂ ਦੇ ਆਲੇ ਦੁਆਲੇ ਹੀ ਘੁੰਮਦੀ ਹੈ ਜਾਂ ਉਹਨਾਂ ਵਿੱਚ ਦੁਨੀਆਂ ਨੂੰ ਬਦਲਣ ਦੀ ਤਾਕਤ ਹੈ। ਹਾਲਾਂਕਿ ਸੱਚਾਈ ਇਸਤੋਂ ਅਲੱਗ ਹੁੰਦੀ ਹੈ । ਦਰਅਸਲ ਚਾਪਲੂਸ ਲੋਕ ਆਪਣੇ ਕੁਝ ਸਵਾਰਥਾਂ ਦੀ ਵਜਾਹ ਨਾਲ ਉਹਨਾਂ ਨੂੰ ਅਜਿਹਾ ਅਹਿਸਾਸ ਕਰਵਾਉਂਦੇ ਰਹਿੰਦੇ ਹਨ । ਇਹ ਸਵਾਰਥਾਂ ਵੱਲ ਹੀ ਜਸਟਿਸ ਕਪਾਡੀਆ ਨੇ ਇਸ਼ਾਰਾ ਕੀਤਾ ਸੀ ।

ਕੇਜਰੀਵਾਲ ਜੋ ਕੁਝ ਵੀ ਕਰ ਰਹੇ ਹਨ, ਇਸ ਨੂੰ ਇਹਨਾਂ ਸੰਦਰਭਾਂ ਵਿੱਚ ਦੇਖਣ ਦੀ ਹੀ ਜਰੂਰਤ ਹੈ। ਉਹਨਾਂ ਨੇ ਬਿਨਾ ਲਾਗ ਲਪੇਟ ਗੱਲ ਕਰਨ ਦੀ ਆਪਣੀ ਤਾਕਤ ਬਣਾਈ ਹੈ। ਇਸਦਾ ਸਭ ਤੋਂ ਚੰਗਾ ਉਦਾਹਰਨ ਪਿਛਲੇ ਦਿਨਾਂ ਦਾ ਹੈ, ਜਦ ਬੀਜੇਪੀ ਦਿੱਲੀ ਵਿੱਚ ਬਿਜਲੀ ਬਿੱਲ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੀ ਸੀ । ਇਸ ਦੌਰਾਨ ਇਸ ਮੁੱਦੇ ਨੂੰ ਲੈ ਕੇ ਕੇਜਰੀਵਾਲ ਅਤੇ ਉਸਦੇ ਸਮਰਥਕ ਵੀ ਉੱਥੇ ਪਹੁੰਚ ਗਏ ਅਤੇ ਬੀਜੇਪੀ ਨੇ ਉਸਨੂੰ ਮੰਚ ਪ੍ਰਦਾਨ ਕਰ ਦਿੱਤਾ । ਬੀਜੇਪੀ ਅਜਿਹਾ ਕਰਕੇ ਪੁਲੀਟੀਕਲ ਮਾਈਲੇਜ ਲੈਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਦੁਆ ਸਲਾਮ ਮਗਰੋਂ ਕੇਜਰੀਵਾਲ ਨੇ ਸਿੱਧਾ ਬੀਜੇਪੀ ਤੇ ਹੀ ਸਵਾਲ ਦਾਗ ਦਿੱਤੇ ਕਿ ਆਖਿਰ ਮੁੱਦਿਆਂ ਦੀ ਜਾਣਕਾਰੀ ਹੁੰਦੇ ਹੋਏ ਵੀ ਉਹ ਹੁਣ ਤੱਕ ਚੁੱਪ ਕਿਉਂ ਸੀ ? ਅਰਵਿੰਦ ਨੇ ਸਿੱਧੇ ਸਿੱਧੇ ਦੋਸ਼ ਲਾਇਆ ਕਿ ਬੀਜੇਪੀ ਇਸ ਉਪਰ ਰਾਜਨੀਤੀ ਕਰ ਰਹੀ ਹੈ ਅਤੇ ਚੋਣਾਂ ਆਉਣ ਦਾ ਇੰਤਜ਼ਾਰ ਕਰ ਰਹੀ ਹੈ। ਉਸਨੂੰ ਆਮ ਲੋਕਾਂ ਦੇ ਦਰਦ ਨਾਲ ਕੋਈ ਮਤਲਬ ਨਹੀਂ ।

ਅਰਵਿੰਦ ਦਾ ਕਦਮ ਅਸਭਿਅਕ ਕਿਹਾ ਜਾ ਸਕਦਾ ਸੀ ਕਿ ਉਸਨੇ ਮੇਜਬਾਨ ਦੇ ਪ੍ਰਤੀ ਇੱਜ਼ਤ ਨਹੀਂ ਦਿਖਾਈ । ਪਰ ਅਜਿਹੀ ਧਾਰਨਾਵਾਂ ਅਤੇ ਅਖੌਤੀ ਸਮਾਜਿਕ ਕਦਰਾਂ ਕੀਮਤਾਂ ਨੂੰ ਅਕਸਰ ਲੋਕਾਂ ਨੂੰ ਬੇਵਕੂਫ ਬਣਾਉਣ ਲਈ ਵਰਤਿਆਂ ਜਾਂਦਾ ਹੈ। ਅਰਵਿੰਦ ਨੇ ਕੌੜਾ ਸੱਚ ਮੂੰਹ ਤੇ ਸੁਣਾ ਦਿੱਤਾ ਜਦਕਿ ਅਜਿਹੇ ਮੌਕੇ ਬਾਕੀ ਲੋਕ ਸੰਕੋਚ ਕਰਦੇ ਹਨ ।

ਅਰਵਿੰਦ ਦਾ ਇਹੀ ਅੰਦਾਜ਼ ਆਰਮਦਾਇਕ ਸਥਿਤੀ ਵਿੱਚ ਮੋਜੂਦਾ ਲੋਕਾਂ ਲਈ ਸੰਕਟ ਦਾ ਸਬੱਬ ਬਣਿ ਗਿਆ। ਇੱਕ ਦੂਸਰੇ ਦੀ ਦੁੱਖਦੀ ਰੱਗ ਨਾ ਛੇੜਣ ਦੀ ਰਵਾਇਤ ਦੇ ਉਲਟ ਅਰਵਿੰਦ ਵਿੱਚ ਪਹਿਲਾਂ ਬਣੇ ਹੋਏ ਢਾਂਚੇ ਨੂੰ ਤੋੜਨ ਦੀ ਹਿੰਮਤ ਹੈ। ਜਿਵੇਂ ਜਿਵੇਂ ਉਹ ਰਾਜਨੇਤਾ ਦੇ ਰੂਪ ਵਿੱਚ ਸਾਹਮਣੇ ਆਏ, ਅਜਿਹੇ ਸਥਿਤੀ ਵਿੱਚ ਉਸ ਕੋਲੋਂ ਅਜਿਹੇ ਹਮਲਾਵਰ ਰੁੱਖ ਦੀ ਉਮੀਦ ਕੀਤੀ ਜਾ ਸਕਦੀ ਹੈ।

ਸਮਾਜਿਕ ਕਾਰਕੁੰਨਾਂ ਵਿੱਚ ਜ਼ਿਆਦਾਤਾਰ ਸੇਵਾਮੁਕਤ ਨੌਕਰਸ਼ਾਹ, ਪੁਲੀਸ ਅਫਸਰ, ਸਫਲ ਬਿਜਨਸਮੈਨ ਜਾਂ ਵਕੀਲ ਆਦਿ ਹਨ । ਇਹਨਾਂ ਵਿੱਚੋਂ ਜ਼ਿਆਦਾਤਰ ਲੋਕ ਆਪਣੇ ਕਰੀਅਰ ਦੌਰਾਨ ਆਰਾਮ ਦੀ ਨੌਕਰੀ ਕਰਦੇ ਹਨ , ਵਧੀਆ ਸੈਲਰੀ- ਭੱਤਾ ਅਤੇ ਚੰਗੀ ਚੰਗੀ ਥਾਂ ਪੋਸਟਿੰਗ ਦਾ ਆਨੰਦ ਮਾਣਦੇ ਹਨ ਅਤੇ ਕਈ ਤਾਂ ਆਪਣੇ ਫਾਇਦੇ ਦੇ ਲਈ ਸਿਸਟਮ ਦਾ ਦੁਰਉਪਯੋਗ ਵੀ ਕਰਦੇ ਹਨ। ਕੇਜਰੀਵਾਲ ਨੇ ਇਹਨਾਂ ਸੁਖ ਸੁਵਿਧਾਵਾਂ ਨੂੰ ਤਿਆਗ ਦਿੱਤਾ ਸੀ । ਉਸਨੇ ਆਈ ਆਈ ਟੀ ਤੋਂ ਇੰਜਨੀਅਰਿੰਗ ਦੀ ਡਿਗਰੀ ਹਾਸਲ ਕੀਤੀ ਅਤੇ ਯੂਪੀਐਸਸੀ ਦੀ ਪ੍ਰੀਖਿਆ ਪਾਸ ਕਰਕੇ ਆਈਏਐਸ ਅਧਿਕਾਰੀ ਬਣੇ । ਜੇ ਉਹ ਸਿਸਟਮ ਦੇ ਨਾਲ ਐਡਜਸਟ ਹੋ ਗਏ ਹੁੰਦੇ ਤਾਂ ਅੱਜ ਉਹ ਸੀਨੀਅਰ ਅਧਿਕਾਰੀ ਹੁੰਦੇ ਅਤੇ ਮੋਟੀ ਤਨਖਾਹ ਦੇ ਨਾਲ ਨਾਲ ਉਸ ਤਾਕਤ ਦਾ ਲਾਹਾ ਲੈਂਦੇ ਜੋ ਦੇਸ਼ ਦੇ ਚੋਟੀ ਦੇ ਨੌਕਰਸ਼ਾਹ ਲੈਂਦੇ ਹਨ । ਕਹਿਣ ਦੀ ਜਰੂਰਤ ਨਹੀਂ ਕਿ ਟੇਬਲ ਦੇ ਹੇਠਾਂ ਦੀ ਪੈਸਾ ਬਣਾਉਣ ਦੇ ਮੌਕੇ ਵੀ ਉਸਦੇ ਕੋਲ ਸਨ ।

ਪਰ ਉਸਨੇ ਇਹਨਾ ਸਾਰੀਆਂ ਸੁਖ ਸਹੂਲਤਾਂ ਨੂੰ ਠੋਕਰ ਮਾਰੀ । ਜੋ ਲੋਕ ਉਸ ਉਪਰ ਨਿਸ਼ਾਨਾ ਲਾਉਣ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ । ਉਹ ਨੂੰ ਇਹ ਸਮਝਾਉਣ ਦੀ ਜਰੂਰਤ ਨਹੀਂ ਪੂਰੀ ਸਰਕਾਰੀ ਮਸ਼ੀਨਰੀ ਦੇ ਇਸਤੇਮਾਲ ਦੇ ਬਾਵਜੂਦ ਉਸ ਉਪਰ ਕਲੰਕ ਲਾਉਣ ਅਤੇ ਫਸਾਉਣ ਦੀ ਅਸਫਲ ਕੋਸ਼ਿਸ਼ ਕੀਤੀ ਜਾ ਰਹੀ ਹੈ ਸਭ ਦੇ ਸਭ ਸਟੰਟ ਫੇਲ ਹੋ ਗਏ ਹੁਣ ਉਹ ਨੌਕਰੀ ਦੇਣ ਦੇ ਸਮਰੱਥ ਹੋ ਗਏ ਹਨ ਉਨ੍ਹਾਂ ਲੋਕਾਂ ਨੂੰ ਜਾਗਰੂਕ ਕੀਤਾ ਤੇ ਲੋਕ ਜ਼ਿਆਦਾ ਜਾਗਰੂਕ ਹੋ ਗਏ ਹਨ ਅਤੇ ਕਿਸੇ ਵੀ ਚੀਜ ਨੂੰ ਦਬਣ ਨਹੀਂ ਦੇਣਗੇ। ਇਸਦਾ ਮਤਲਬ ਇਹ ਵੀ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਫੂਕ ਫੂਕ ਪੈਰ ਰੱਖਣ ਦੀ ਜਰੂਰਤ ਹੈ। ਇੱਕ ਗਲਤ ਕਦਮ ਨਾਲ ਸਭ ਕੁਝ ਭਟਕ ਜਾਵੇਗਾ। ਹਾਲੇ ਤਾਂ ਉਸ ਵਰਗਾ ਕੋਈ ਨਹੀਂ ਇਸ ਵਰਗੇ ਲੋਕ ਅੱਗੇ ਆਉਣਗੇ।

ਕੇਜਰੀਵਾਲ ਦੀ ਲਹਿਰ ਸਾਰੇ ਦੇਸ਼ ਵਿਚ ਹੈ ਜੋ ਲੋਕ ਪਹਿਲਾਂ ਰਾਜਨੀਤੀ ਤੋਂ ਡਰਦੇ ਸਨ ਲੋਕ ਵੀ ਰਾਜਨੀਤੀ ਵਿਚ ਆਉਣ ਲਈ ਤਤਪਰ ਹਨ, ਇਸ ਨੂੰ ਪੰਜਾਬ ਦੇ ਸਦੰਰਭ ਵਿਚ ਵੀ ਦੇਖਿਆ ਜਾਣ ਲੱਗ ਪਿਆ ਹੈ, ਜੋ ਕੰਮ ਪੰਜਾਬ ਵਿਚ ਦੂਜੀ ਵੱਡੀ ਪਾਰਟੀ ਕਾਂਗਰਸ ਨਹੀਂ ਕਰ ਸਕੀ, ਉਹ ਕੰਮ ਆਮ ਆਦਮੀ ਪਾਰਟੀ ਵਲੋਂ ਜਲੰਧਰ ਵਿਚ ਭੁੱਖ ਹੜਤਾਲ ਰੱਖ ਕੇ ਪ੍ਰੋਪਰਟੀ ਟੈਕਸ ਵਿਰੁੱਧ ਅਵਾਜ ਬੁਲੰਦ ਕੀਤੀ ਹੈ, ਕਿਉਂਕਿ ਇਹ ਲੋਕ ਦੋਵੇਂ ਰਲ ਮਿਲ ਕੇ ਖਾਂਦੇ ਹਨ, ਸੁਖਬੀਰ ਬਾਦਲ ਨੂੰ ਡਰ ਲੱਗ ਗਿਆ ਹੈ ਤਾਂ ਹੀ ਤਾਂ ਉਸ ਨੇ ਬਿਆਨ ਦਿਤਾ ਹੈ ਕਿ ਸਾਡੇ ਬਾਦਲ ਸਾਹਬ ਤਾਂ ਪਹਿਲਾਂ ਹੀ ਕੇਜਰੀਵਾਲ ਵਰਗਾ ਰੋਲ ਨਿਭਾ ਰਹੇ ਹਨ, ਪਰ ਲੋਕ ਜਾਣਦੇ ਹਨ ਕਿ ਅਕਾਲੀ ਦਲ ਕਿਹੋ ਜਿਹੇ ਕੇਜਰੀਵਾਲ ਦਾ ਰੋਲ ਨਿਭਾ ਰਹੇ ਹਨ, ਇਸੇ ਤਰ੍ਹਾਂ ਅਕਾਲੀ ਆਗੂ ਇਹ ਦਿਲੀ ਵਿਚ ਆਮ ਕਹਿੰਦੇ ਸਨ ਕਿ ਕੇਜਰੀਵਾਲ ਦਾ ਤਾਂ ਪੰਜਾਬ ਦੇ ਮਨਪ੍ਰੀਤ ਬਾਦਲ ਵਰਗਾ ਹਾਲ ਹੋਵੇਗਾ, ਪਰ ਹੁਣ ਕੇਜਰੀਵਾਲ ਨੇ ਸਾਰੀ ਦੁਨੀਆਂ ਵਿਚ ਇਕ ਨਵੀਂ ਪਿਰਤ ਪਾਈ ਹੈ ਅਤੇ ਇਹ ਸਪਸ਼ਟ ਕਰ ਦਿਤਾ ਹੈ ਕਿ ਹੁਣ ਆਮ ਆਦਮੀ ਵੀ ਰਾਜ ਕਰ ਸਕਦਾ ਹੈ, ਰੁਪਏ ਦੀ ਰਾਜਨੀਤੀ ਨੂੰ ਖਤਮ ਕੀਤਾ ਜਾ ਸਕਦਾ ਹੈ, ਮਨਪ੍ਰੀਤ ਬਾਦਲ ਨੂੰ ਸਿਆਸੀ ਸਮਝ ਵਾਲਾ ਨਹੀਂ ਕਿਹਾ ਜਾ ਸਕਦਾ, ਉਸ ਨੇ ਕਾਮਰੇਡਾਂ ਨਾਲ ਸਮਝੌਤਾ ਕਰਕੇ ਪਹਿਲਾਂ ਤਾਂ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਨਾਲ ਜੋੜ ਲਿਆ ਜਿਨ੍ਹਾਂ ਦੀਆਂ ਨੀਤੀਆਂ ਸਾਰੇ ਮੁਲਕ ਵਿਚ ਫੇਲ ਹੋਈਆਂ ਹਨ। ਫੇਰ ਉਸ ਨੇ ਸੁਰਜੀਤ ਸਿੰਘ ਬਰਨਾਲਾ ਨਾਲ ਜੋੜ ਲਿਆ ਜਿਸ ਦੀ ਹਵਾ ਲੰਘ ਚੁੱਕੀ ਹੈ, ਪੰਜਾਬੀਆਂ ਵਿਚ ਇਹ ਸਾਫ ਨਜ਼ਰ ਆਇਆ ਕਿ ਮਨਪ੍ਰੀਤ ਰਾਜ ਕਰਨ ਦੇ ਮਨਸੇ ਨਾਲ ਕੁਝ ਵੀ ਕਰਨ ਨੂੰ ਤਿਆਰ ਹੈ, ਉਸ ਨੇ ਚੰਗੇ ਜਗਬੀਰ ਬਰਾੜ ਵਰਗੇ ਨੇਤਾ ਪਾਰਟੀ ਤੋਂ ਬਾਹਰ ਕਰ ਦਿਤੇ।

ਜਨਤਾ ਸੋਚਣ ਲਈ ਮਜਬੂਰ ਹੋ ਗਈ ਹੈ, ਕਿ ਹੁਣ ਕੇਜਰੀਵਾਲ ਦੀ ਹਵਾ ਨੇ ਸਾਰੇ ਮੁਲਕ ਵਿਚ ਚਲ ਗਈ ਹੈ, ਹੁਣ ਰਾਜ ਕਰਾਂਗੇ 25 ਸਾਲ ਦਾ ਨਾਹਰਾ ਵੀ ਖਤਮ ਹੋ ਹੀ ਜਾਵੇਗਾ। ਅਸਲ ਵਿਚ ਜੇਕਰ ਪੰਜਾਬ ਵਿਚ ਪਿੰਡਾਂ ਵਿਚ ਵਸਦਾ ਜੱਟ ਕੌਮ ਦਾ ਵਿਆਕਤੀ ਆਪਣਾ ਆਪ ਪਦਾਰਥਵਾਦ ਤੋਂ ਬਾਹਰ ਕੱਢ ਕੇ ਪੰਜਾਬ ਦੇ ਪੱਖ ਵਿਚ ਅਵਾਜ ਬੁਲੰਦ ਕਰ ਲਵੇ ਤਾਂ ਸਾਇਦ ਪੰਜਾਬ ਦੀ ਹਾਲਤ ਬਦਲ ਸਕਦੀ ਹੈ। ਦੂਜਾ ਜੇਕਰ ਦਲਿਤ ਆਪਣੀਆਂ ਅਸਥਾਈ ਲੋੜਾਂ ਨੂੰ ਭੁੱਲ ਕੇ ਸਥਾਈ ਲੋੜਾਂ ਦੀ ਗੱਲ ਕਰਨ ਲੱਗ ਜਾਵੇ ਤਾਂ ਕੇਜਰੀਵਾਲ ਪੰਜਾਬ ਵਿਚ ਵੀ ਤਹਿਲਕਾ ਮਚਾ ਦੇਵੇਗਾ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top