Share on Facebook

Main News Page

ਪੰਥਕ ਸੰਮੇਲਨ ਮੌਕੇ ਹੋਈ ਪੰਥ ਦੀ ਭਾਰੀ ਇਕਤਰਤਾ

- ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਕੀਤਾ ਨੌਜਵਾਨਾਂ ਨੂੰ ਸਿੱਖੀ ਲਈ ਲਾਮਬੰਦ
- ਮਾਰਚਾਂ ਦੀ ਆਮਦ ਵੀ ਵਧੀ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 23 ਦਸੰਬਰ (ਮੇਜਰ ਸਿੰਘ):- ਬੰਦੀ ਸਿੰਘਾਂ ਦੀ ਰਿਹਾਈ ਲਈ ‘ਜਬਰ ਦਾ ਮੁਕਾਬਲਾ, ਸਬਰ ਨਾਲ’ ਕਰਨ ਦਾ ਸੰਕਲਪ ਲੈ ਕੇ ਮੋਰਚੇ ਉਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਠਾਂਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਨਜ਼ਰਬੰਦ ਸਿੰਘਾਂ ਦੀ ਰਿਹਾਈ ਤੱਕ ਮੋਰਚਾ ਜਾਰੀ ਰੱਖਣਗੇ ਅਤੇ ਸਿੰਘਾਂ ਦੇ ਰਿਹਾਅ ਹੋਣ ਤੋਂ ਬਾਅਦ ਅਕਾਲ ਥਖਤ ਸਾਹਿਬ ਜਾ ਕੇ ਅਰਦਾਸ ਕਰਕੇ ਹੀ ਆਪਣੀ ਭੂੱਖ ਹੜਤਾਲ ਖਤਮ ਕਰਨਗੇ। ਨਾਭਾ ਜੇਲ ਤੋਂ ਪੈਰੋਲ ਤੇ ਆਏ ਭਾਈ ਲਾਲ ਸਿੰਘ ਅਕਾਲਗੜ ਨੇ ਵੀ ਆਪਣੀ ਸਾਰਾ ਦਿਨ ਭਾਈ ਖਾਲਸਾ ਦੇ ਨਾਲ ਸੰਗਤ ਵਿਚ ਆਪਣੀ ਹਾਜ਼ਰੀ ਲੁਵਾਈ।

ਭਾਈ ਗੁਰਬਖਸ਼ ਸਿੰਘ ਦੀ ਭੁੱਖ ਹੜਤਾਲ ਅੱਜ 40ਵੇਂ ਦਿਨ ਵਿੱਚ ਪੁੱਜ ਗਈ ਹੈ। ਅੱਜ ਸਵੇਰੇ ਉਹਨਾਂ ਨੂੰ ਸਾਹ ਦੀ ਪ੍ਰੇਸ਼ਾਨੀ ਆਉਣ ਕਰਕੇ ਫੋਰਟਿਸ ਹਸਪਤਾਲ ਵਿਖੇ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਹਨਾਂ ਨੂੰ ਹਸਪਤਾਲ ਵਿੱਚ ਫੌਰੀ ਦਾਖਿਲ ਹੋਣ ਲਈ ਸੁਝਾਅ ਦਿੱਤਾ ਪਰ ਭਾਈ ਖਾਲਸਾ ਨੇ ਇਨਕਾਰ ਕਰ ਦਿੱਤਾ ਅਤੇ ਉਹ ਵਾਪਿਸ ਗੁਰਦੁਆਰਾ ਅੰਬ ਸਾਹਿਬ ਵਿਖੇ ਆਯੋਜਿਤ ਵਿਸ਼ਾਲ ਪੰਥਕ ਇੱਕਠ ਵਿੱਚ ਸ਼ਾਮਿਲ ਹੋਣ ਲਈ ਪਹੁੰਚ ਗਏ। ਅੱਜ ਦੇ ਪੰਥਕ ਸਮਾਗਮ ਵਿੱਚ ਸਾਬਤ-ਸੂਰਤ ਨੌਜਵਾਨਾਂ ਦੀ ਵੱਡੀ-ਗਿਣਤੀ ਸੀ. ਜਿਨਾਂ ਨੇ ਭਾਈ ਖਾਲਸੇ ਦੇ ਹੱਕ ਵਿੱਚ ਨਾਅਰੇਬਾਜੀ ਕੀਤੀ। ਉਧਰ, ਪ੍ਰਸ਼ਾਸਨ ਅਤੇ ਪੁਲਿਸ ਨੇ ਸਥਿਤੀ ਉਤੇ ਨਜ਼ਰ ਰੱਖਣ ਲਈ ਵੱਡੇ ਪੱਧਰ ਉਤੇ ਸਿਵਲ ਕਪੜਿਆਂ ਵਿੱਚ ਪੁਲਿਸ ਅਤੇ ਖੁਫੀਆ ਵਿਭਾਗ ਦੇ ਕਰਮਚਾਰੀ ਸੰਗਤੀ ਰੂਪ ਵਿੱਚ ਤੈਨਾਤ ਕੀਤੇ ਹੋਏ ਸਨ। ਪਿਛਲੇ 40 ਦਿਨਾਂ ਤੋਂ ਚੱਲ ਰਹੇ ਮੋਰਚੇ ਦੇ ਪ੍ਰਬੰਧਕਾਂ ਨੇ ਦਸਿਆ ਕਿ ਕੁਝ ਤਕਨੀਕੀ ਤੇ ਕਾਨੂੰਨੀ ਕਾਰਨਾਂ ਕਰਕੇ ਬੁੜੈਲ ਜੇਲ ਵਿੱਚ ਨਜ਼ਰਬੰਦ ਸ਼ਮਸ਼ੇਰ ਸਿੰਘ, ਲਖਵਿੰਦਰ ਸਿੰਘ ਤੇ ਗੁਰਮੀਤ ਸਿੰਘ ਦੀ ਰਿਹਾਈ ਜੋ ਅੱਜ ਹੋਣ ਦੀ ਸੰਭਾਵਨਾ ਸੀ, ਹੁਣ ਮੰਗਲਵਾਰ ਤੇ ਪੈ ਗਈ ਹੈ।

ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਅਨੂਸਾਰ ਬੁੜੈਲ ਜੇਲ ਦੇ ਆਈ.ਜੀ ਨੇ ਦਸਿਆ ਹੈ ਕਿ ਉਹਨਾਂ ਨੇ ਤਿੰਨਾਂ ਬੰਦੀ ਸਿੰਘਾਂ ਦੀ ਪੈਰੋਲ ਸਬੰਧੀ ਯੂ.ਟੀ ਦੇ ਮੁੱਖ ਪ੍ਰਬੰਧਕ, ਜੋ ਕਿ ਪੰਜਾਬ ਦੇ ਗਵਰਨਰ ਵੀ ਹਨ, ਕੋਲ ਪ੍ਰਵਾਨਗੀ ਲਈ ਫਾਈਲ ਭੇਜੀ ਹੈ। ਪ੍ਰਮੱਖ ਰੂਪ ਵਿੱਚ ਸੰਤ ਸਮਾਜ ਵਲੋਂ ਸੰਤ ਹਰੀ ਸਿੰਘ ਰੰਧਾਵੇਵਾਲੇ, ਬਾਬਾ ਲਖਵੀਰ ਸਿੰਘ ਰਤਵਾੜੇ ਵਾਲੇ, ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ, ਬਾਬਾ ਬਲਜੀਤ ਸਿੰਘ ਦਾਦੂਵਾਲ, ਦਲ ਖਾਲਸਾ ਦੇ ਪ੍ਰਧਾਨ ਹਰਚਨਜੀਤ ਸਿੰਘ ਧਾਮੀ, ਕੰਵਰਪਾਲ ਸਿੰਘ, ਸਿੱਖ ਚਿੰਤਕ ਗੁਰਤੇਜ ਸਿੰਘ, ਸਾਬਕਾ ਡੀ.ਜੀ.ਪੀ ਸ਼ਸ਼ੀ ਕਾਂਤ, ਦਿੱਲੀ ਕਮੇਟੀ ਤੋਂ ਅਵਤਾਰ ਸਿੰਘ ਹਿਤ ਅਤੇ ਪਰਮਜੀਤ ਸਿੰਘ ਕਾਂਗਰਸ ਦੇ ਬੁਲਾਰੇ ਸੁਖਪਾਲ ਸਿੰਘ ਖਹਿਰਾ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਰਣਬੀਰ ਸਿੰਘ, ਕਮਿਕੱਰ ਸਿੰਘ ਮਕੰਦਪੁਰ ਹਾਜ਼ਿਰ ਹੋਏ।

ਸੰਗਤਾਂ ਵਿੱਚ ਭਾਵੁਕ ਹੋਏ ਭਾਈ ਗੁਰਬਖਸ਼ ਸਿੰਘ ਨੇ ਬੋਲਦਿਆਂ ਕਿਹਾ ਕਿ ਮੇਰਾ ਇਹ ਸੰਘਰਸ਼ ਨਿਜੀ ਨਹੀ ਹੈ ਸਗੋਂ ਸਮੁੱਚੀ ਕੌਮ ਦਾ ਹੈ ਅਤੇ ਸਾਰੀਆਂ ਧਿਰਾਂ ਨੂੰ ਇਸ ਵਿੱਚ ਸੱਭ ਮਤਭੇਦ ਭੁਲਾਕੇ ਸਾਂਝੇ ਰੂਪ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ। ਉਹਨਾਂ ਸੰਗਤਾਂ ਅਤੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿੰਘਾਂ ਦੀਆਂ ਰਿਹਾਈਆਂ ਤੋਂ ਬਾਅਦ ਜਿਸ ਦਿਨ ਉਹ ਅਕਾਲ ਤਖਤ ਸਾਹਿਬ ਉਤੇ ਪੰਥਕ ਕਾਫਲੇ ਦੇ ਰੂਪ ਵਿੱਚ ਅਰਦਾਸ ਲਈ ਜਾਣਗੇ, ਉਸ ਦਿਨ ਗੁ. ਅੰਬ ਸਾਹਿਬ ਤੋਂ ਲੈ ਕੇ ਅੰਮ੍ਰਿਤਸਰ ਤੱਕ ਸਾਰੇ ਰਸਤੇ ‘ਤੇ ਕੇਸਰੀ ਝੰਡੇ ਅਤੇ ਸ਼ਹੀਦਾਂ ਦੀਆਂ ਤਸਵੀਰਾਂ ਲਾਈਆਂ ਜਾਣ। ਉਹਨਾਂ ਨੌਜਵਾਨਾਂ ਅੰਦਰ ਫੈਲੇ ਪਤਿਤਪੁਣੇ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਕੇਸ ਕਤਲ ਕਰਨ ਵਾਲੇ ਸਿੱਖੀ ਦਾ ਨੁਕਸਾਨ ਕਰ ਰਹੇ ਹਨ।

ਉਹਨਾਂ ਨੌਜਵਾਨਾਂ ਨੂੰ ਸਾਬਤ-ਸੂਰਤ ਹੋ ਕੇ ਪੰਥ ਦੀ ਸੇਵਾ ਵਿੱਚ ਜੁਟਣ ਦਾ ਸੱਦਾ ਦਿੱਤਾ। ਉਹਨਾਂ ਪਾਖੰਡੀ ਡੇਰੇਦਾਰਾਂ ਦੇ ਉਭਾਰ ਲਈ ਲੋਕਾਂ ਨੂੰ ਕਿਸੇ ਹੱਦ ਤੱਕ ਜ਼ਿਮੇਵਾਰ ਦਸਿਆ। ਭਾਈ ਖਾਲਸਾ ਨੇ ਕਿਹਾ ਕਿ ਉਹ, ਮਾਤਾ ਗੁਜ਼ਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੈ ਮੌਕੇ ਫਤਿਹਗੜ ਸਾਹਿਬ ਦੇ ਮੁੱਖ ਗੁਰਦੁਆਰਾ ਸਾਹਿਬ ਵਿਖੇ 25 ਦਸੰਬਰ ਨੂੰ ਨਤਮਸਤਕ ਹੋਣ ਲਈ ਜਾਣਗੇ। ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਭਾਈ ਖਾਲਸੇ ਦੇ ਅੰਦੋਲਨ ਦਾ ਸਮਰਥਣ ਕੀਤਾ। ਉਹਨਾਂ ਕਿਹਾ ਕਿ ਨਜ਼ਰਬੰਦਾਂ ਨੂੰ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਰਿਹਾਅ ਨਾ ਕਰਨਾ ਉਹਨਾਂ ਦੀ ਮਨੁੱਖੀ ਅਧਿਕਾਰਾਂ ਦੀ ਘੋਰ ਘਾਣ ਹੈ। ਉਹਨਾਂ ਇਹ ਸਪਸ਼ਟ ਕੀਤਾ ਕਿ ਉਹ ਨਿਜੀ ਹੈਸੀਅਤ ਵਿੱਚ ਏਥੇ ਆਏ ਹਨ। ਸਿੱਖ ਯੂਥ ਆਫ ਪੰਜਾਬ ਨਾਮੀ ਜਥੇਬੰਦੀ ਨਾਲ ਸਬੰਧਤਿ ਮੈਂਬਰਾਂ ਨੇ ਭਾਈ ਖਾਲਸੇ ਦੇ ਸੰਘਰਸ਼ ਦੇ ਹੱਕ ਵਿੱਚ ਅੰਗਰੇਜੀ ਅਤੇ ਪੰਜਾਬੀ ਵਿੱਚ ਪੋਸਟਰ ਅਤੇ ਸਟਿਕਰ ਵੰਡੇ। ਅੱਜ ਭਾਈ ਖਾਲਸਾ ਨੂੰ ਮਿਲਣ ਲਈ ਭਗਵੰਤ ਮਾਨ, ਜੇਜੀ ਬੀ, ਗੀਤਾ ਜ਼ੈਲਦਾਰ ਮਿਲਣ ਲਈ ਆਏ।

ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਤਰਲੋਚਨ ਸਿੰਘ (ਅਮਰੀਕਾ), ਸਿੱਖ ਕਥਾਵਾਚਕ ਭਾਈ ਸਰਬਜੀਤ ਸਿੰਘ ਧੂੰਦਾ, ਬਾਬਾ ਗੁਰਮੀਤ ਸਿੰਘ ਹਜ਼ੂਰ ਸਾਹਿਬ, ਐਡਵੋਕੇਟ ਰਾਜਵਿੰਦਰ ਸਿੰਘ ਬੈਂਸ, ਐਡਵੋਕੇਟ ਅਮਰ ਸਿੰਘ ਚਾਹਲ, ਪ੍ਰੋ. ਮਹਿੰਦਰ ਪਾਲ ਸਿੰਘ, ਜਨਰਲ ਕਰਤਾਰ ਸਿੰਘ ਗਿੱਲ, ਸਰਬਜੀਤ ਸਿੰਘ ਘੁਮਾਣ, ਮਨਜੀਤ ਸਿੰਘ ਕਰਤਾਰਪੁਰ, ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰ ਸਿੰਘ ਗੋਗੀ, ਭਾਈ ਜਗਰਾਜ ਸਿੰਘ, ਕਰਨੈਲ ਸਿੰਘ ਪੀਰਮੁਹੰਮਦ, ਰਾਜਿੰਦਰ ਸਿੰਘ ਨੰਗਲ, ਅਵਤਾਰ ਸਿੰਘ, ਭਾਈ ਸੁਖਵਿੰਦਰ ਸਿੰਘ, ਭਾਈ ਗੁਰਪ੍ਰੀਤ ਸਿੰਘ ਰੰਧਾਵਾ, ਨਰਿੰਦਰ ਸਿੰਘ ਸੇਖੋਂ ਗੋਬਿੰਦਗੜ, ਹਰਪਾਲ ਸਿੰਘ ਮਾਂਗਟ ਵੀ ਹਾਜ਼ਿਰ ਸਨ।

ਜਿਕਰਯੋਗ ਹੈ ਕਿ ਮੋਰਚੇ ਵਾਲੇ ਸਥਾਨ ਤੇ ਜਿਥੇ ਭਾਈ ਗੁਰਬਖਸ਼ ਸਿੰਘ ਖਾਲਸਾ ਨੇ 14 ਨਵੰਬਰ ਤੋਂ ਭੁੱਖ ਹੜਤਾਲ ਰਖੀ ਹੋਈ ਹੈ ।ਉੱਥੇ ਸ਼੍ਰੀ ਚੌਪਈ ਸਾਹਿਬ ਦੇ ਪਾਠਾਂ ਦੀ ਲੜੀ ਜ਼ਾਰੀ ਹੈ ਅਤੇ ਇਸ ਦੇ ਨਾਲ ਗੁਰ ਆਸਰਾ ਟ੍ਰਸਟ ਦੀਆਂ ਬੱਚੀਆਂ ਵਲੋਂ ਹਰ ਰੋਜ਼ ਸਵੇਰ ਸ਼ਾਮ ਨਿਤਨੇਮ ਕੀਤਾ ਜਾਂਦਾ ਹੈ। ਇਸ ਮੌਕੇ ਭਾਈ ਦਵਿੰਦਰ ਸਿੰਘ, ਬੀਬੀ ਕੁਲਬੀਰ ਕੌਰ ਧਾਮੀ, ਬੀਬੀ ਕਸ਼ਮੀਰ ਕੌਰ ਅਤੇ ਬੀਬੀ ਨਿਰਪ੍ਰੀਤ ਕੌਰ ਆਦਿ ਸ਼ਾਮਿਲ ਹਨ।


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top