Share on Facebook

Main News Page

ਪਹਾੜੀ ਰਾਜਿਆਂ ਵੱਲੋਂ ਔਰੰਗਜ਼ੇਬ ਦੀਆਂ ਫੌਜਾਂ ਨੂੰ ਸੱਦਾ ਦੇ ਕੇ ਆਨੰਦਪੁਰ ਦੇ ਕਿਲੇ ਨੂੰ ਘੇਰਨਾ ਅਕ੍ਰਿਤਘਣਤਾ ਦੀ ਹੱਦ
-: ਭਾਈ ਪੰਥਪ੍ਰੀਤ ਸਿੰਘ

* ਭਾਈ ਗੁਰਬਖ਼ਸ਼ ਸਿੰਘ ਵੱਲੋਂ ਵਿੱਢੇ ਸੰਘਰਸ਼ ਨੂੰ ਪਹਿਲਾਂ ਦੀ ਤਰ੍ਹਾਂ ਵੱਧ ਤੋਂ ਵੱਧ ਸਹਿਯੋਗ ਦਿੱਤੇ ਜਾਣ ਦੀ ਕੀਤੀ ਅਪੀਲ

ਬਠਿੰਡਾ, 23 ਦਸੰਬਰ (ਕਿਰਪਾਲ ਸਿੰਘ): ਪਹਾੜੀ ਰਾਜਿਆਂ ਵੱਲੋਂ ਔਰੰਗਜ਼ੇਬ ਦੀਆਂ ਫੌਜਾਂ ਨੂੰ ਸੱਦਾ ਦੇ ਕੇ ਅਨੰਦਪੁਰ ਦੇ ਕਿਲੇ ਨੂੰ ਘੇਰਨਾ ਅਕ੍ਰਿਤਘਣਤਾ ਦੀ ਹੱਦ ਸੀ। ਇਹ ਸ਼ਬਦ ਬੀਤੇ ਦਿਨ ਇੱਥੇ ਸਾਹਿਬਜ਼ਾਦਾ ਜੁਝਾਰ ਸਿੰਘ ਨਗਰ ਅਤੇ ਮਾਡਲ ਟਾਊਨ ਦੀਆਂ ਸੰਗਤਾਂ ਵੱਲੋਂ ਸਾਂਝੇ ਤੌਰ ’ਤੇ ਹਰ ਸਾਲ ਦੀ ਤਰ੍ਹਾਂ ਚਮਕੌਰ ਦੀ ਗੜ੍ਹੀ ਦੇ ਸ਼ਹੀਦ ਸਮੂਹ ਸਿੱਖਾਂ ਸਮੇਤ ਵੱਡੇ ਸਾਹਿਬਜ਼ਾਦਿਆਂ ਦੇ ਮਨਾਏ ਗਏ ਸ਼ਹੀਦੀ ਦਿਹਾੜੇ ਦੇ ਸਬੰਧ ਵਿੱਚ ਰੱਖੇ ਗਏ ਸਮਾਗਮ ਵਿੱਚ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਨੇ ਕਹੇ।

ਅਨੰਦਪੁਰ ਦੇ ਕਿਲੇ ਨੂੰ ਖਾਲੀ ਕਰਨ, ਸਿਰਸਾ ਨਦੀ ਦੇ ਕੰਢੇ ’ਤੇ ਪ੍ਰਵਾਰ ਦਾ ਵਿਛੋੜਾ ਅਤੇ ਚਮਕੌਰ ਦੀ ਗੜ੍ਹੀ ਵਿੱਚ ਹੋਏ ਦੁਨੀਆਂ ਦੇ ਸਭ ਤੋਂ ਅਸਾਵੇਂ ਤੇ ਲਾਸਾਨੀ ਯੁੱਧ ਦਾ ਸੰਖੇਪ ਵਰਨਣ ਕਰਦਿਆਂ ਭਾਈ ਪੰਥਪ੍ਰੀਤ ਸਿੰਘ ਨੇ ਕਿਹਾ 1699 ਦੀ ਵੈਸਾਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਜਾਤ-ਪਾਤ ਅਤੇ ਊਚ-ਨੀਚ ਦੇ ਕਿਸੇ ਵੀ ਤਰ੍ਹਾਂ ਦੇ ਭਿੰਨ ਭੇਵ ਤੋਂ ਬਿਨਾਂ ਇੱਕੋ ਬਾਟੇ ਵਿੱਚੋਂ ਖੰਡੇ ਦੀ ਪਾਹੁਲ ਛਕਾਏ ਜਾਣ ਦੀ ਘਟਨਾ ਨੇ ਜਾਤ ਅਭਿਮਾਨੀ ਹਿੰਦੂ ਪਹਾੜੀ ਰਾਜਿਆਂ ਦੇ ਜਾਤੀ ਅਭਿਮਾਨ ’ਤੇ ਭਾਰੀ ਚੋਟ ਮਾਰੀ। ਇਸ ਲਈ ਉਹ ਗੁਰੂ ਜੀ ਤੋਂ ਅਨੰਦਪੁਰ ਦਾ ਕਿਲਾ ਖਾਲੀ ਕਰਵਾਉਣ ਦੇ ਬਹਾਨੇ ਲੱਭਣ ਲੱਗੇ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਇਹ ਪਹਾੜੀ ਰਾਜੇ ਉਹੀ ਸਨ ਜਿਨ੍ਹਾਂ ਦੇ ਬਜੁਰਗਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗਵਾਲੀਅਰ ਦੇ ਕਿਲੇ ’ਚੋਂ ਰਿਹਾਅ ਕਰਵਾਇਆ ਸੀ ਅਤੇ ਜਿਨ੍ਹਾਂ ਦੇ ਤਿਲਕ ਜੰਝੂ ਦੀ ਰਾਖੀ, ਧਾਰਮਿਕ ਅਜਾਦੀ ਤੇ ਮਨੁੱਖੀ ਅਧਿਕਾਰਾਂ ਦੀ ਬਹਾਲੀ ਲਈ ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਆਪਣੀ ਸ਼ਹੀਦੀ ਦਿੱਤੀ ਸੀ। ਗੁਰੂ ਘਰ ਦੇ ਸਾਰੇ ਉਪਕਾਰਾਂ ਨੂੰ ਭੁਲਾ ਕੇ ਗੁਰੂ ਗੋਬਿੰਦ ਸਿੰਘ ਜੀ ਤੋਂ ਅਨੰਦਪੁਰ ਦਾ ਕਿਲਾ ਖਾਲੀ ਕਰਵਾਉਣ ਲਈ ਪਹਾੜੀ ਰਾਜਿਆਂ ਵੱਲੋਂ ਔਰੰਗਜ਼ੇਬ ਨੂੰ ਫੌਜਾਂ ਭੇਜਣ ਦੀਆਂ ਲਗਾਤਾਰ ਕੀਤੀਆਂ ਗਈਆਂ ਬੇਨਤੀਆਂ ਅਕ੍ਰਿਤਘਣਤਾ ਦੀ ਹੱਦ ਸੀ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਜਦੋਂ ਪਹਾੜੀ ਰਾਜਿਆਂ ਅਤੇ ਮੁਗਲ ਫੌਜਾਂ ਵੱਲੋਂ ਸਾਂਝੇ ਤੌਰ ’ਤੇ 6 ਮਹੀਨੇ ਤੱਕ ਕਿਲੇ ਨੂੰ ਘੇਰਾ ਪਾਈ ਰੱਖਣ ਦੇ ਬਾਵਯੂਦ ਉਹ ਕਿਸੇ ਇੱਕ ਵੀ ਸਿੱਖ ਦੇ ਹੱਥੋਂ ਹਥਿਆਰ ਸੁਟਾਉਣ ਜਾਂ ਜਿਉਂਦੇ ਜੀ ਗ੍ਰਿਫਤਾਰ ਕਰਨ ਤੋਂ ਅਸਫਲ ਰਹੇ ਤਾਂ ਉਹ ਘਬਰਾ ਗਏ ਕਿ ਦੁਨੀਆਂ ਨੂੰ ਉਹ ਕੀ ਮੂੰਹ ਵਿਖਾਉਣਗੇ ਕਿ ਦੋਵਾਂ ਦੀਆਂ ਸਾਂਝੀਆਂ ਫੌਜਾਂ 6 ਮਹੀਨੇ ਤੋਂ ਭੁੱਖਣ ਭਾਣੇ ਲੜ ਰਹੇ ਕਿਸੇ ਇੱਕ ਸਿੱਖ ਤੋਂ ਈਨ ਨਾ ਮਨਾ ਸਕੇ। ਆਪਣੀ ਹੋ ਰਹੀ ਬਦਨਾਮੀ ਤੋਂ ਬਚਣ ਲਈ ਹਿੰਦੂਆਂ ਨੇ ਗਊ ਦੀਆਂ ਅਤੇ ਮੁਗਲਾਂ ਨੇ ਕੁਰਾਨ ਦੀਆਂ ਸਹੁੰਆਂ ਖਾਂ ਕੇ ਗੁਰੂ ਸਾਹਿਬ ਜੀ ਨੂੰ ਸੁਨੇਹਾ ਭੇਜਿਆ ਕਿ ਜੇ ਉਹ ਕਿਲਾ ਖਾਲੀ ਕਰਕੇ ਚਲੇ ਜਾਣ ਤਾਂ ਉਨ੍ਹਾਂ ਦਾ ਪਿੱਛਾ ਨਹੀਂ ਕੀਤਾ ਜਾਵੇਗਾ ਤੇ ਨਾ ਹੀ ਉਨ੍ਹਾਂ ਉਪਰ ਹਮਲਾ ਕੀਤਾ ਜਾਵੇਗਾ। ਗੁਰੂ ਸਾਹਿਬ ਜੀ ਤਾਂ ਉਨ੍ਹਾਂ ਦੇ ਮਨ ਦੇ ਖੋਟ ਨੂੰ ਪੂਰੀ ਤਰ੍ਹਾਂ ਜਾਣਦੇ ਹੋਣ ਕਰਕੇ ਕਿਲਾ ਛੱਡਣ ਨੂੰ ਤਿਆਰ ਨਹੀਂ ਸਨ ਪਰ ਸਿੰਘਾਂ ਵੱਲੋਂ ਕੀਤੀ ਬੇਨਤੀ ਕਿ ਮਹਾਰਾਜ ਜੀ ਤੁਸੀਂ ਬਿਲਕੁਲ ਠੀਕ ਕਹਿੰਦੇ ਹੋ ਕਿ ਧਰਮ ਤੋਂ ਗਿਰੇ ਇਨ੍ਹਾਂ ਪਹਾੜੀ ਰਾਜਿਆਂ ਤੇ ਮੁਗਲਾਂ ਦਾ ਭੋਰਾਭਰ ਵੀ ਇਤਬਾਰ ਨਹੀਂ ਹੈ ਪਰ ਇੱਧਰ ਸਿੱਖ ਵੀ ਭੁੱਖ ਨਾਲ ਮਰ ਰਹੇ ਹਨ। ਸੋ ਚੰਗਾ ਹੈ ਕਿ ਭੁੱਖ ਨਾਲ ਮਰਨ ਨਾਲੋਂ ਇਨ੍ਹਾਂ ਨਾਲ ਆਹਮੋ ਸਾਹਮਣੇ ਦੋ ਹੱਥ ਕਰਕੇ ਜੂਝਦੇ ਹੋਏ ਸ਼ਹੀਦ ਹੋਈਏ। ਗੁਰੂ ਸਾਹਿਬ ਜੀ ਨੂੰ ਸਿੰਘਾਂ ਦੀ ਇਹ ਰਾਇ ਪਸੰਦ ਆਈ ਤੇ 6 ਤੇ 7 ਪੋਹ ਬਿਕਰਮੀ 1762 ਦੀ ਵਿਕਾਰਲੀ ਰਾਤ ਕਿਲਾ ਖਾਲੀ ਕਰਨਾ ਮੰਨ ਗਏ। ਗੁਰੂ ਸਾਹਿਬ ਜੀ ਪ੍ਰਵਾਰ ਅਤੇ ਭੁੱਖਣਭਾਣੇ ਸਿੱਖਾਂ ਸਮੇਤ ਹਾਲੀ ਸਿਰਸਾ ਨਦੀ ਦੇ ਕੰਢੇ ਹੀ ਪਹੁੰਚੇ ਸਨ ਕਿ ਅਕ੍ਰਿਤ ਘਣਾ ਨੇ ਆ ਘੇਰਾ ਪਾਇਆ। ਉਥੇ ਘਸਮਾਨ ਦਾ ਯੁੱਧ ਹੋਇਆ ਜਿੱਥੇ ਬਹੁਤ ਸਾਰੇ ਸਿੰਘ ਸੂਰਬੀਰਤਾ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਗਏ। ਵੱਡੇ ਸਾਹਿਬਜ਼ਾਦਿਆਂ ਸਮੇਤ 40 ਸਿੰਘ ਨਾਲ ਗੁਰੂ ਗੋਬਿੰਦ ਸਿੰਘ ਜੀ ਚਮਕੌਰ ਵੱਲ ਨੂੰ ਨਿਕਲ ਗਏ।

ਉਧਰ ਗੁਰੂ ਸਾਹਿਬ ਜੀ ਦਾ ਪਿੱਛਾ ਕਰਦੀਆਂ ਆ ਰਹੀਆਂ ਫੌਜਾਂ ਨਾਲ; ਔਰੰਗਜ਼ੇਬ ਵੱਲੋਂ ਲਹੌਰ ਤੋਂ ਭੇਜੀ ਗਈ ਹੋਰ ਫੌਜ, ਸੂਬਾ ਸਰਹਿੰਦ ਦੀਆਂ ਫੌਜਾਂ ਮਿਲ ਗਈਆਂ ਜਿਨ੍ਹਾਂ ਦੀ ਕੁਲ ਗਿਣਤੀ ਜ਼ਫਰਨਾਮੇ ਅਨੁਸਾਰ 10 ਲੱਖ ਬਣ ਗਈ, ਬੜੀ ਤੇਜੀ ਨਾਲ ਗੁਰੂ ਸਾਹਿਬ ਜੀ ਦਾ ਪਿੱਛਾ ਕਰ ਰਹੇ ਸਨ। ਯੁੱਧਨੀਤੀ ਵਜੋਂ ਗੁਰੂ ਸਾਹਿਬ ਜੀ ਨੇ ਬਹੁਤ ਉੱਚੀ ਥਾਂ ਬਣੀ ਕੱਚੀ ਗੜ੍ਹੀ ਜਿਸ ਦੀਆਂ ਬਹੁਤ ਮੋਟੀਆਂ ਮੋਟੀਆਂ ਕੰਧਾਂ ਸਨ ਵਿਖੇ ਮੋਰਚਾ ਬੰਦੀ ਕਰਦਿਆਂ ਚਾਰੇ ਕੰਧਾਂ ’ਤੇ ਮੋਰਚੇ ਬਣਾ ਲਏ ਅਤੇ ਇਸ ਵਿੱਚ ਬਣੀ ਉਚੀ ਫਸੀਲ ’ਤੇ ਬੈਠ ਗਏ ਤਾ ਕਿ ਹੋ ਰਹੇ ਸਾਰੇ ਯੁੱਧ ’ਤੇ ਪੂਰੀ ਨਿਗਰਾਨੀ ਰੱਖੀ ਜਾ ਸਕੇ। 8 ਪੋਹ ਦਾ ਸਾਰਾ ਦਿਨ ਘਸਮਾਨ ਦਾ ਯੁੱਧ ਚਲਦਾ ਰਿਹਾ। ਮਲੇਰ ਕੋਟਲੇ ਦੇ ਨਵਾਬ ਸ਼ੇਰ ਮੁਹੰਮਦ ਦਾ ਭਰਾ ਨਾਹਰ ਖਾਨ ਗੜ੍ਹੀ ਦੇ ਪਿਛਲੇ ਪਾਸਿਓਂ ਪਾਉੜੀ ਰਾਹੀਂ ਚੜ੍ਹਨ ਦੀ ਕੋਸ਼ਿਸ਼ ਵਿੱਚ ਗੁਰੂ ਸਾਹਿਬ ਜੀ ਦੇ ਤਿਆਰ ਨਾਲ ਮਾਰਿਆ ਗਿਆ। ਜਦ ਸਾਰੇ ਤੀਰ ਖਤਮ ਹੋ ਗਏ ਤਾਂ ਸਾਹਿਬਜ਼ਾਦਾ ਅਜੀਤ ਸਿੰਘ ਨੇ ਗੁਰੂ ਸਾਹਿਬ ਜੀ ਤੋਂ ਆਗਿਆ ਮੰਗੀ ਕਿ ਮੈਨੂੰ ਬਾਹਰ ਜਾ ਕੇ ਹੱਥੋ ਹੱਥ ਮੁਕਾਬਲਾ ਕਰਨ ਦੀ ਆਗਿਆ ਦਿੱਤੀ ਜਾਵੇ। ਗੁਰੂ ਸਾਹਿਬ ਜੀ ਸਾਹਿਬਜ਼ਾਦੇ ਦੇ ਮੂੰਹੋਂ ਇਹ ਗੱਲ ਸੁਣ ਕੇ ਬਹੁਤ ਖੁਸ਼ ਹੋਏ ਤੇ ਉਨ੍ਹਾਂ ਆਪਣੇ ਹੱਥੀ ਸ਼ਸ਼ਤਰ ਸਜਾ ਕੇ ਚਾਰ ਹੋਰ ਸਿੰਘਾਂ ਸਮੇਤ ਬਾਬਾ ਅਜੀਤ ਸਿੰਘ ਨੂੰ ਤੋਰਿਆ। ਬਾਬਾ ਅਜੀਤ ਸਿੰਘ ਜੀ ਬਹੁਤ ਹੀ ਬਹਾਦਰੀ ਨਾਲ ਲੜੇ ਅਤੇ ਦੁਸ਼ਮਣ ਦੇ ਆਹੂ ਲਾਹੁੰਦਿਆਂ ਅੰਤ ਸ਼ਹੀਦੀ ਪਾ ਗਏ। ਗੁਰੂ ਸਾਹਿਬ ਜੀ ਨੇ ਵਾਹਿਗੁਰੂ ਜੀ ਦਾ ਸ਼ੁਕਰ ਕਰਦਿਆਂ ਜੈਕਾਰਾ ਛੱਡਿਆ। ਇਸ ਉਪ੍ਰੰਤ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਨੇ ਬੇਨਤੀ ਕੀਤੀ ਕਿ ਵੱਡੇ ਭਰਾ ਦੀਆਂ ਤਰ੍ਹਾਂ ਮੈਨੂੰ ਵੀ ਤੇਗ ਦੇ ਜੌਹਰ ਵਿਖਾਉਣ ਦੀ ਆਗਿਆ ਦਿੱਤੀ ਜਾਵੇ। ਗੁਰੂ ਸਾਹਿਬ ਜੀ ਨੇ ਉਨ੍ਹਾਂ ਨੂੰ ਵੀ ਚਾਰ ਹੋਰ ਸਿੰਘਾਂ ਦੇ ਜਥੇ ਸਮੇਤ ਵੈਰੀਆਂ ਨਾਲ ਦੋ ਹੱਥ ਕਰਨ ਲਈ ਤੋਰਿਆ। ਬਾਬਾ ਜੁਝਾਰ ਸਿੰਘ ਜੀ ਆਪਣੇ ਵੱਡੇ ਵੀਰ ਬਾਬਾ ਅਜੀਤ ਸਿੰਘ ਦੀ ਤਰ੍ਹਾਂ ਬਹੁਤ ਬਹਾਦਰੀ ਨਾਲ ਲੜੇ। ਕਈਆਂ ਨੂੰ ਪਾਰ ਬੁਲਾਉਂਦੇ ਹੋਏ ਅੰਤ ਸ਼ਹੀਦੀ ਪਾ ਗਏ ਤੇ ਉਧਰੋਂ ਦਿਨ ਛਿਪ ਗਿਆ ਤੇ ਯੁੱਧ ਬੰਦ ਹੋ ਗਿਆ। ਰਾਤ ਨੂੰ ਭਾਈ ਦਇਆ ਸਿੰਘ ਦੀ ਅਗਵਾਈ ਵਿੱਚ ਸਿੱਖਾਂ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਅਸੀਂ ਇੱਥੇ ਸ਼ਹੀਦੀਆਂ ਪਾਵਾਂਗੇ ਪਰ ਤੁਸੀਂ ਇੱਥੋਂ ਬਚ ਕੇ ਨਿਕਲ ਜਾਓ, ਕਿਉਂਕਿ ਤੁਸੀਂ ਸਾਡੇ ਵਰਗੇ ਅਨੇਕਾਂ ਹੋਰ ਸਿੰਘ ਪੈਦਾ ਕਰ ਸਕਦੇ ਹੋ।

ਪਹਿਲਾਂ ਤਾਂ ਗੁਰੂ ਸਾਹਿਬ ਜੀ ਨਾ ਮੰਨੇ ਕਿ ਆਪਣੇ ਪਿਆਰੇ ਸਿੱਖ ਸ਼ਹੀਦ ਕਰਵਾ ਕੇ ਮੈਂ ਇੱਥੋਂ ਕਿਸ ਤਰ੍ਹਾਂ ਨਿਕਲ ਸਕਦਾ ਹਾਂ। ਪਰ ਜਦੋਂ ਭਾਈ ਦਇਆ ਸਿੰਘ ਨੇ ਕਿਹਾ ਕਿ ਅਸੀਂ ਪੰਜ ਪਿਆਰਿਆਂ ਦੇ ਰੂਪ ਵਿੱਚ ਗੁਰੂ ਦੇ ਤੌਰ ’ਤੇ ਤੁਹਾਨੂੰ ਹੁਕਮ ਕਰਦੇ ਹਾਂ ਕਿ ਇੱਥੋਂ ਨਿਕਲ ਜਾਓ ਕਿਉਂਕਿ ਤੁਹਾਡੀ ਪੰਥ ਨੂੰ ਹਾਲੀ ਬਹੁਤ ਲੋੜ ਹੈ। ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਗੁਰੂ ਸਾਹਿਬ ਜੀ ਜਾਣ ਲਈ ਤਿਆਰ ਹੋ ਗਏ ਅਤੇ ਘੇਰਾ ਪਾਈ ਬੈਠੀਆਂ ਫੌਜਾਂ ਨੂੰ ਭੁਲੇਖਾ ਦੇਣ ਲਈ ਆਪਣੀ ਕਲਗੀ ਤੇ ਬਸਤਰ ਭਾਈ ਸੰਗਤ ਨੂੰ ਸਜਾ ਦਿੱਤੀ ਅਤੇ ਉਨ੍ਹਾਂ ਦੇ ਬਸਤਰ ਆਪ ਪਹਿਨ ਲਏ ਤੇ ਦੋ ਪਿਆਰੇ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅਤੇ ਇੱਕ ਗੁਰਸਿੱਖ ਭਾਈ ਮਾਨ ਸਿੰਘ ਨੂੰ ਇੱਕ ਸਾਈਡ ਤੋਂ ਜਾਣ ਲਈ ਕਿਹਾ ਤੇ ਦੂਸਰੀ ਸਾਈਡ ਤੋਂ ਤਾੜੀ ਮਾਰਦੇ ਹੋਏ ਨਿਕਲ ਗਏ। ਬਣਾਈ ਗਈ ਸਕੀਮ ਅਨੁਸਾਰ ਤਾੜੀ ਕਿਸੇ ਹੋਰ ਸਾਈਡ ਤੋਂ ਬਜਦੀ ਸੀ ਅਤੇ ‘ਸਿੱਖਾਂ ਦਾ ਗੁਰੂ ਚੱਲਿਆ ਹੈ’ ਦੀ ਅਵਾਜ਼ ਕਿਸੇ ਹੋਰ ਸਾਈਡ ਤੋਂ ਦਿੱਤੀ ਜਾਂਦੀ। ਇਸ ਤਰ੍ਹਾਂ ਫੌਜਾਂ ਨੂੰ ਭੁਲੇਖੇ ਵਿੱਚ ਪਾ ਕੇ ਗੁਰੂ ਸਾਹਿਬ ਜੀ ਤੇ ਤਿੰਨੇ ਸਿੰਘ ਉਥੋਂ ਨਿਕਲ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਜਾ ਇਕੱਠੇ ਹੋਏ। ਉੱਧਰ ਅਗਲੇ ਦਿਨ 9 ਪੋਹ ਨੂੰ ਭਾਈ ਸੰਗਤ ਸਿੰਘ ਜੀ ਸਮੇਤ ਬਚੇ ਬਾਕੀ ਦੇ ਸਾਰੇ ਸਿੰਘ ਸੂਰਮਗਤੀ ਨਾਲ ਟਾਕਰਾ ਕਰਦੇ ਹੋਏ ਸ਼ਹੀਦ ਹੋ ਗਏ। 9 ਅਤੇ 10 ਪੋਹ ਦੀ ਰਾਤ ਨੂੰ ਬੀਬੀ ਸ਼ਰਨ ਕੌਰ ਨੇ ਦੋਵਾਂ ਸਾਹਿਬਜ਼ਾਦਿਆਂ ਅਤੇ ਸ਼ਹੀਦ ਹੋਏ ਸਿੰਘ ਦੀਆਂ ਲਾਸ਼ਾਂ ਭਾਲ ਭਾਲ ਕੇ ਇੱਕ ਹੀ ਚਿਤਾ ਵਿੱਚ ਇਕੱਤਰ ਕਰਕੇ ਸਸਕਾਰ ਕੀਤਾ ਤੇ ਜਦੋਂ ਮੁਗਲ ਫੌਜਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਬੀਬੀ ਸ਼ਰਨ ਕੌਰ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ; ਜਿਨ੍ਹਾਂ ਦਾ ਬੀਬੀ ਜੀ ਨੇ ਡਟ ਕੇ ਮੁਕਾਬਲ ਕੀਤਾ ਤੇ ਸਖਤ ਜਖਮੀ ਹੋ ਗਈ। ਜਖਮੀ ਬੀਬੀ ਸ਼ਰਨ ਕੌਰ ਨੂੰ ਮੁਗਲ ਫੌਜੀਆਂ ਨੇ ਜਿਉਂਦੀ ਨੂੰ ਫੜ ਕੇ ਉਸੇ ਚਿੱਤਾ ਵਿੱਚ ਸੁੱਟ ਦਿੱਤਾ।

ਇਸ ਤਰ੍ਹਾਂ ਬੀਬੀ ਸ਼ਰਨ ਕੌਰ ਆਪਣੇ ਭਰਾਵਾਂ ਨਾਲ ਹੀ ਸ਼ਹੀਦੀ ਪਾ ਗਈ। ਨਾਨਕਸ਼ਾਹੀ ਕੈਲੰਡਰ ਅਨੁਸਾਰ ਅਨੰਦਪੁਰ ਦਾ ਕਿਲਾ ਛੱਡਣ ਵਾਲੀ 6 ਤੇ 7 ਪੋਹ ਦੀ ਵਿਚਕਾਰਲੀ ਰਾਤ 19 ਤੇ 20 ਦਸੰਬਰ ਨੂੰ; ਵੱਡੇ ਸਾਹਿਬਜ਼ਾਦੇ ਸ਼ਹੀਦ ਹੋਣ ਦੀ 8 ਪੋਹ, 21 ਦਸੰਬਰ ਅਤੇ ਭਾਈ ਸੰਗਤ ਸਿੰਘ ਦੀ ਸ਼ਹੀਦੀ 9 ਪੋਹ 22 ਦਸੰਬਰ ਨੂੰ ਬਣਦੀ ਹੈ। ਭਾਈ ਪੰਥਪ੍ਰੀਤ ਸਿੰਘ ਨੇ ਕਿਹਾ ਕਿ ਇਹ ਦੁਨੀਆਂ ਦੀ ਸਭ ਤੋਂ ਵੱਧ ਅਸਾਵੀਂ ਜੰਗ ਹੋਈ ਜਿੱਥੇ 40 ਭੁੱਖਣਭਾਣੇ ਸਿੰਘਾਂ ਨੇ 10 ਲੱਖ ਸ਼ਾਹੀ ਫੌਜਾਂ ਦਾ ਡਟ ਕੇ ਮੁਕਾਬਲਾ ਕੀਤਾ ਪਰ ਕਿਸੇ ਇੱਕ ਵੀ ਸਿੰਘ ਨੂੰ ਈਨ ਨਹੀਂ ਮਨਾ ਸਕੀ ਤੇ ਗੁਰੂ ਸਾਹਿਬ ਜੀ ਇੱਤਨੇ ਸਖਤ ਘੇਰੇ ਵਿੱਚੋਂ ਤਾੜੀ ਮਾਰਦੇ ਹੋਏ ਨਿਕਲ ਗਏ। ਇਸ ਤਰ੍ਹਾਂ ਪਹਾੜੀ ਰਾਜਿਆਂ ਤੇ ਔਰੰਗਜ਼ੇਬ ਦੀਆਂ ਫੌਜਾਂ ਦੀ ਇਖਲਾਖੀ ਤੌਰ ’ਤੇ ਹਾਰ ਤੇ ਗੁਰੂ ਸਾਹਿਬ ਜੀ ਦੀ ਜਿੱਤ ਹੋਈ।

ਭਾਈ ਪੰਥਪ੍ਰੀਤ ਸਿੰਘ ਜੀ ਨੇ ਦੱਸਿਆ ਕਿ ਸਾਡੇ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨ ਵਾਲਿਆਂ ਨੇ ਲਿਖ ਦਿੱਤਾ ਕਿ ਭਾਈ ਮਹਾਂ ਸਿੰਘ ਦੀ ਅਗਵਾਈ ਵਿੱਚ ਮਾਝੇ ਦੇ ਸਿੰਘ ਗੁਰੂ ਸਾਹਿਬ ਜੀ ਨੂੰ ਬੇਦਾਵਾ ਦੇ ਕੇ ਅਨੰਦਪੁਰ ਦੇ ਕਿਲੇ ਵਿੱਚੋਂ ਉਨ੍ਹਾਂ ਦਾ ਸਾਥ ਛੱਡ ਆਏ। ਉਨ੍ਹਾਂ ਕਿਹਾ ਅਸਲ ਵਿੱਚ ਅਨੰਦਪੁਰ ਸਾਹਿਬ ਵਿਖੇ ਕਿਸੇ ਇੱਕ ਵੀ ਸਿੱਖ ਨੇ ਗੁਰੂ ਸਾਹਿਬ ਨੂੰ ਬੇਦਾਵਾ ਨਹੀਂ ਦਿੱਤਾ। ਉਨ੍ਹਾਂ ਕਿਹਾ ਖਿਦਰਾਣੇ ਦੀ ਢਾਬ ਵਿਖੇ ਕੁਝ ਚਾਉਧਰੀਆਂ ਵੱਲੋਂ ਗੁੰਮਰਾਹ ਕੀਤੇ ਮਾਝੇ ਦੇ ਕੁਝ ਸਿੰਘਾਂ ਨੇ ਬੇਦਾਵਾ ਜਰੂਰ ਲਿਖ ਦਿੱਤਾ ਸੀ ਜਿਹੜਾ ਕਿ ਭਾਈ ਮਹਾਂ ਸਿੰਘ ਅਤੇ ਮਾਈ ਭਾਗ ਕੌਰ ਨੂੰ ਪਤਾ ਲੱਗਣ ’ਤੇ ਉਨ੍ਹਾਂ ਨੂੰ ਸਮਝਾ ਕੇ ਵਾਪਸ ਲਿਆਂਦਾ ਤੇ ਜੰਗ ਵਿੱਚ ਸ਼ਹੀਦੀਆਂ ਪਾ ਕੇ ਗੁਰੂ ਸਾਹਿਬ ਜੀ ਤੋਂ ਉਹ ਬੇਦਾਵਾ ਪੜਵਾਇਆ। ਗੁਰੂ ਸਾਹਿਬ ਜੀ ਦੇ ਕਮਰਕਸੇ ਵਿੱਚੋਂ ਉਹ ਬੇਦਾਵਾ ਨਿਕਲਣਾ ਇਹ ਸਬੂਤ ਕਰਦਾ ਹੈ ਕਿ ਇਹ ਬੇਦਾਵਾ ਕੁਝ ਸਮਾਂ ਪਹਿਲਾਂ ਹੀ ਦਿੱਤਾ ਗਿਆ ਸੀ ਨਾ ਕਿ ਅਨੰਦਪੁਰ ਸਾਹਿਬ ਵਿਖੇ।

ਉਧਰ ਸਰਸਾ ਨਦੀ ਦੇ ਕੰਢੇ ’ਤੇ ਹੋਈ ਜੰਗ ਅਤੇ ਰਾਤ ਦੇ ਹਨੇਰੇ ਵਿੱਚ ਮਾਤਾ ਗੁੱਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦੇ ਗੁਰੂ ਜੀ ਨਾਲੋਂ ਵਿੱਛੜ ਕੇ ਮੋਰਿੰਡੇ ਵੱਲ ਚਲੇ ਗਏ ਜਿੱਥੇ ਗੁਰੂ ਸਾਹਿਬ ਜੀ ਦੇ ਰਸੋਈਏ ਗੰਗੂ ਬਾਹਮਣ ਉਨ੍ਹਾਂ ਨੂੰ ਆਪਣੇ ਘਰ ਲੈ ਗਿਆ ਤੇ ਮੁਖਬਰੀ ਕਰਕੇ ਮਰਿੰਡਾ ਥਾਣਾ ਦੇ ਕੌਤਵਾਲ ਕੋਲ ਗ੍ਰਿਫਤਾਰ ਕਰਵਾ ਦਿੱਤਾ ਜਿਸ ਨੇ ਉਨ੍ਹਾਂ ਨੂੰ ਸਰਹਿੰਦ ਦੇ ਸੂਬੇਦਾਰ ਦੇ ਹਾਵਾਲੇ ਕਰ ਦਿੱਤਾ। ਸੂਬਾ ਸਰਹਿੰਦ ਨੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਭੁੱਖੇ ਭਾਣੇ ਰੱਖ ਕੇ ਉਨ੍ਹਾਂ ਨੂ ਦੋ ਦਿਨ ਸਖਤ ਤਸੀਹੇ ਦਿੱਤੇ ਤੇ ਧਰਮੀ ਬਦਲੀ ਕਰਨ ਦੇ ੳਨੇਕਾਂ ਲਾਲਚ ਦਿੱਤੇ ਪਰ ਉਨ੍ਹਾਂ ਵੱਲੋਂ ਕਿਸੇ ਡਰ ਜਾਂ ਲਾਲਚ ਵਿੱਚ ਆਉਣ ਤੋਂ ਸਾਫ ਇਨਕਾਰ ਕੀਤੇ ਜਾਣ ਤੇ ਤੀਸਰੇ ਦਿਨ 13 ਪੋਹ ਸੰਮਤ 1762/ 1705 ਈਸਵੀ ਜਿਹੜੀ ਕਿ ਅੱਜ ਕੱਲ੍ਹ ਨਾਨਕਸ਼ਹੀ ਕੈਲੰਡਰ ਅਨੁਸਰ 26 ਦਸੰਬਰ ਬਣਦੀ ਹੈ; ਨੂੰ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ ਵਿੱਚ ਚਿਣ ਕੇ ਬੇਹੋਸ਼ ਹੋਣ ਪਿੱਛੋਂ ਉਨ੍ਹਾਂ ਦੇ ਸਿਰ ਤਲਵਾਰ ਨਾਲ ਧੜ ਤੋਂ ਵੱਖ ਕਰਕੇ ਸ਼ਹੀਦ ਕਰ ਦਿੱਤਾ ਤੇ ਮਾਤਾ ਗੁੱਜਰ ਕੌਰ ਜੀ ਨੂੰ ਠੰਡੇ ਬੁਰਜ ਤੋਂ ਧੱਕਾ ਦੇ ਕੇ ਡੇਗ ਕੇ ਸ਼ਹੀਦ ਕਰ ਦਿੱਤਾ।

ਭਾਈ ਪੰਥਪ੍ਰੀਤ ਸਿੰਘ ਨੇ ਕਿਹਾ 19 ਪੋਹ ਤੋਂ ਲੈ ਕੇ 26 ਦਸੰਬਰ ਤੱਕ ਦਾ ਹਫਤਾ ਸਿੱਖ ਇਤਿਹਾਸ ਵਿੱਚ ਹੀ ਬਹੁਤ ਭਿਆਨਕ ਸਮਾਂ ਸੀ ਜਿਸ ਵਿੱਚ ਚਾਰੇ ਸਾਹਿਬਜ਼ਾਦਿਆ ਮਾਤਾ ਗੁੱਜਰ ਕੌਰ ਜੀ ਭਾਈ ਸੰਗਤ ਸਿੰਘ ਜੀ ਸਮੇਤ ਸਿੰਘ ਸ਼ਹੀਦੀਆਂ ਪਾ ਕੇ ਪੂਰੇ ਨੰਬਰ ਲੈ ਕੇ ਪਾਸ ਹੋਏ ਪਰ ਅੱਜ ਇਨ੍ਹਾਂ ਸ਼ਹੀਦੀਆਂ ਤੋਂ ਸੇਧ ਲੈਣ ਦੀ ਥਾਂ ਸਿੱਖ ਕੌਮ ਅਤੇ ਇਸ ਦੇ ਆਗੂ ਵੰਨ ਸੁਵੰਨੇ ਲੰਗਰ ਲਾ ਕੇ ਸਿਆਸੀ ਕਾਨਫਰੰਸਾਂ ਵਿੱਚ ਇੱਕ ਦੂਸਰੇ ’ਤੇ ਚਿੱਕੜ ਸੁੱਟ ਕੇ ਆਪਣੇ ਅਵੇਸਲੇਪਨ ਦਾ ਸਬੂਤ ਦੇ ਰਹੇ ਹਨ।

ਅਖੀਰ ’ਤੇ ਉਨ੍ਹਾਂ ਭਾਈ ਗੁਰਬਖ਼ਸ਼ ਸਿੰਘ ਵੱਲੋਂ ਸਜਾਵਾਂ ਪੂਰੀਆਂ ਕਰ ਚੁੱਕੇ ਸਿੰਘ ਦੀ ਰਿਹਾਈ ਲਈ ਰੱਖੀ ਭੁੱਖ ਹੜਤਾਲ ਦੀ ਪੂਰੀ ਜਾਣਕਾਰੀ ਦੇ ਕੇ ਦੱਸਿਆ, ਕਿ ਇਹ ਸਮਾਂ ਮੋਰਚੇ ਦਾ ਸਿਖਰ ਹੈ। ਇਸ ਵਿੱਚੋਂ ਵੱਧ ਤੋਂ ਵੱਧ ਪ੍ਰਪਤੀ ਕਰਨ ਲਈ ਭਾਈ ਗੁਰਬਖ਼ਸ਼ ਸਿੰਘ ਵੱਲੋਂ ਵਿੱਢੇ ਸੰਘਰਸ਼ ਨੂੰ ਪਹਿਲਾਂ ਦੀ ਤਰ੍ਹਾਂ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਣ ਦੀ ਅਪੀਲ ਕੀਤੀ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top